Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਕਿਸਾਨੀ ਅੰਦੋਲਨ ਨੂੰ ਖਤਰਨਾਕ ਪਾਸੇ ਵੱਲ ਮੋੜਨ ਦੇ ਮਨਸੂਬਿਆਂ ਨੂੰ ਸਮਝਣ ਦੀ ਲੋੜ

October 09, 2021 11:36 PM

ਕਿਸਾਨੀ ਅੰਦੋਲਨ ਨੂੰ ਖਤਰਨਾਕ ਪਾਸੇ ਵੱਲ ਮੋੜਨ ਦੇ ਮਨਸੂਬਿਆਂ ਨੂੰ ਸਮਝਣ ਦੀ ਲੋੜ

ਤਿੰਨ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਫੇਲ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਨੀਤੀ ਬੜੇ ਖਤਰਨਾਕ ਮੋੜ ਵੱਲ ਵਧ ਰਹੀ ਹੈ।ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲ੍ਹੇ ਚ ਬੀਤੇ ਦਿਨੀ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਭਾਜਪਾ ਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਅਸ਼ੀਸ਼ ਮਿਸ਼ਰਾ ਵੱਲੋਂ ਅੰਨੇ ਵਾਹ ਗੱਡੀਆਂ ਚੜ੍ਹਾ ਕੇ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਮਾਰ ਦੇਣ ਅਤੇ ਕੁੱਝ ਕਿਸਾਨਾਂ ਨੂੰ ਗੰਭੀਰ ਜਖਮੀ ਕਰਨ ਵਾਲੀ ਘਟਨਾ ਤੋ ਬਾਅਦ,ਇੱਕ ਹੋਰ ਅਜਿਹੀ ਘਟਨਾ ਸਾਹਮਣੇ ਆਉਣ ਦੇ ਸਮਾਚਾਰ ਮਿਲ ਰਹੇ ਹਨ। ਸ਼ੋਸ਼ਲ ਮੀਡੀਏ ਤੇ ਜਨਤਕ ਹੋ ਰਹੀਆਂ ਵੀਡੀਓ ਅਨੁਸਾਰ ਹਰਿਆਣਾ ਦੇ ਅੰਬਾਲਾ ਜਿਲੇ ਦੇ ਨਾਲ ਲੱਗਦੇ ਨਰੈਣਗੜ ਵਿੱਚ ਜਿੱਥੇ ਕਿਸਾਨਾਂ ਵੱਲੋਂ ਭਾਜਪਾ ਸਾਂਸਦ ਨਾਇਬ ਸ਼ੈਣੀ ਦਾ ਵਿਰੋਧ ਕੀਤਾ ਜਾ ਰਿਹਾ ਸੀ,ਉੱਥੇ ਵੀ ਭਾਜਪਾਈਆਂ ਵੱਲੋਂ ਕਿਸਾਨਾਂ ਤੇ ਇਨੋਵਾ ਗੱਡੀ ਚਾੜ ਦੇਣ ਦੇ ਯਤਨ ਹੋਏ ਹਨ,ਜਿੱਥੇ ਇੱਕ ਕਿਸਾਨ ਦੇ ਕੁਚਲੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ।ਇਹ ਘਟਨਾ ਭਾਵੇਂ ਅਚਾਨਕ ਹੀ ਵਾਪਰੀ ਹੋਵੇ,ਪਰ ਜਿਸਤਰਾਂ ਦੇ ਹਾਲਾਤ ਬਣ ਰਹੇ ਹਨ,ਉਹ ਭਵਿੱਖ ਚ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਨ ਦੇ ਸੰਕੇਤ ਜਰੂਰ ਦਿੰਦੇ ਹਨ।ਇਹ ਭਾਰਤੀ ਜਨਤਾ ਪਾਰਟੀ ਦਾ ਆਖਰੀ ਦਾਅ ਅਤੇ ਕਾਰਗਰ ਹਥਿਆਰ ਹੈ,ਜਿਸ ਨੂੰ ਵਰਤ ਕੇ ਭਾਜਪਾ ਦੇਸ਼ ਅੰਦਰ ਇੱਕ ਵਾਰ ਫਿਰ ਫਿਰਕੂ ਨਫਰਤ ਦੇ  ਭਾਂਬੜ ਬਾਲ਼ ਕੇ ਸੱਤਾ ਦੀ ਲਗਾਤਾਰਤਾ ਨੂੰ ਅਪਣੇ ਨਾਮ ਰੱਖਣਾ ਚਾਹੁੰਦੀ  ਹੈ।ਭਾਰਤੀ ਜਨਤਾ ਪਾਰਟੀ ਦੇਸ਼ ਦੀ ਇੱਕੋ ਇੱਕ ਅਜਿਹੀ ਕੱਟੜਵਾਦੀ ਸਿਆਸੀ ਪਾਰਟੀ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਹੈ,ਜਿਹੜੀ ਦੇਸ਼ ਦੀਆਂ ਘੱਟ ਗਿਣਤੀਆਂ ਖਿਲਾਫ ਨਫਰਤ ਫੈਲਾ ਕੇ ਦੇਸ਼ ਅੰਦਰ ਅਰਾਜਕਤਾ ਵਾਲਾ ਮਹੌਲ ਸਿਰਜਣ ਲਈ ਇਸ ਕਰਕੇ ਯਤਨਸ਼ੀਲ ਹੈ,ਕਿਉਂਕਿ ਭਾਜਪਾ ਦੀ ਰਾਜਨੀਤੀ ਟਿਕੀ ਹੀ ਨਸਲੀ ਭੇਦ ਭਾਵ ਦੇ ਸਿਰ ਤੇ ਹੈ। ਪ੍ਰੰਤੂ ਕਿਸਾਨੀ ਅੰਦੋਲਨ ਦੀ ਸਿੱਧੀ ਲੜਾਈ ਕੇਂਦਰ ਦੀ ਮੋਦੀ ਸਰਕਾਰ ਨਾਲ ਚੱਲ ਰਹੀ ਹੈ,ਜਿਸ ਕਰਕੇ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਵਿੱਚ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।ਇਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਦੇਸ਼ ਭਰ ਦੇ ਕਿਸਾਨਾਂ ਮਜਦੂਰਾਂ ਨੂੰ ਭਾਜਪਾ ਦੇ ਵਿਰੋਧ ਦਾ ਸੱਦਾ ਦਿੱਤਾ ਹੋਇਆ ਹੈ,ਜਿਸ ਕਰਕੇ ਕਿਸਾਨਾਂ  ਅਤੇ ਭਾਜਪਾ ਦਰਮਿਆਨ ਵਧ ਰਿਹਾ ਤਣਾਅ ਟਕਰਾਅ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਭਾਜਪਾ ਕਿਸੇ ਵੀ ਕੀਮਤ ਤੇ ਕਿਸਾਨਾਂ ਦੀਆਂ ਜਾਇਜ ਮੰਗਾਂ ਮੰਨਣਾ ਨਹੀ ਚਾਹੁੰਦੀ ਅਤੇ ਇਹ ਵੀ ਨਹੀ ਚਾਹੁੰਦੀ,ਕਿ ਕਿਸਾਨਾਂ ਦਾ ਦਬਾਅ ਦਿਨੋ ਦਿਨ ਭਾਜਪਾ ਤੇ ਵਧਦਾ ਜਾਵੇ,ਜਿਸ ਕਰਕੇ ਭਾਜਪਾ ਨੂੰ ਲੋਕਾਂ ਵਿੱਚ ਜਾਣ ਤੇ ਮੁਸ਼ਕਲਾਂ  ਖੜੀਆਂ ਹੋਣ।ਭਾਜਪਾ ਸਰਕਾਰ ਇਹ ਵੀ ਚੰਗੀ ਤਰਾਂ ਸਮਝਦੀ ਹੈ ਕਿ ਕਿਸਾਨੀ ਅੰਦੋਲਨ ਦੀ ਤਾਕਤ ਪੰਜਾਬ, ਹਰਿਆਣਾ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਸਿੱਖ ਕਿਸਾਨ ਹਨ,ਜਿੰਨਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਅੰਦੋਲਨ ਨੂੰ ਫੈਸਲਾਕੁਨ ਮੋੜ ਤੇ ਲੈ ਕੇ ਆ ਗਈ ਹੈ,ਇਸ ਲਈ ਕੇਂਦਰ ਅਤੇ ਭਾਜਪਾਈ ਸੂਬਾ ਸਰਕਾਰਾਂ ਸਿੱਖ ਕਿਸਾਨਾਂ ਨੂੰ ਨਿਸਾਨੇ ਤੇ ਲੈਣ ਦੇ ਰਾਹ ਚੱਲ ਪਈਆਂ ਹਨ।ਭਾਜਪਾ ਇੱਕ ਤੀਰ ਨਾਲ ਦੋ ਨਿਸਾਨੇ ਫੁੰਡਣ ਦੀ ਤਾਕ ਵਿੱਚ ਹੈ।ਉਹ ਚਾਹੁੰਦੀ ਹੈ ਕਿ ਸਿੱਖ ਕਿਸਾਨਾਂ ਦੇ ਖਿਲਾਫ ਮਹੌਲ ਸਿਰਜਣ ਨਾਲ ਜਿੱਥੇ ਅੰਦੋਲਨ ਕਮਜੋਰ ਹੋਵੇਗਾ,ਓਥੇ ਹਿੰਦੂ ਸਿੱਖ ਵਿਵਾਦ ਭਾਰਤੀ ਜਨਤਾ ਪਾਰਟੀ ਲਈ ਲਾਭਕਾਰੀ ਵੀ ਹੋਣਗੇ। ਉੱਧਰ ਦੂਜੇ ਪਾਸੇ ਭਾਵੇਂ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਦ ਕਹਿਣਾ ਹੈ ਕਿ ਲਖੀਮਪੁਰ ਦੀ ਘਟਨਾ ਨਾਲ ਨਜਿੱਠਣ ਲਈ ਸੰਯੁਕਤ ਕਿਸਾਨ ਮੋਰਚਾ ਉੱਥੋ ਦੇ ਕਿਸਾਨਾਂ ਅਤੇ ਪੀੜਤ ਪਰਿਵਾਰਾਂ ਦੀ ਸਲਾਹ ਨਾਲ ਹੀ ਅੱਗੇ ਵਧ ਰਿਹਾ ਹੈ,ਪਰ ਇਸ ਦੇ ਬਾਵਜੂਦ ਵੀ ਇਹ ਸਵਾਲ ਉੱਠਣੇ ਲਾਜਮੀ ਹਨ ਕਿ ਆਖਰ ਕਿਸਾਨ ਆਗੂਆਂ ਦੀ ਅਜਿਹੀ ਕੀ ਮਜਬੂਰੀ ਹੈ,ਜਿਸ ਕਰਕੇ ਮੋਰਚੇ ਦੇ ਆਗੂਆਂ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵਾਲੀ ਘਟਨਾ ਤੇ ਅਪਣੀਆਂ ਜੁਬਾਨਾਂ ਬੰਦ ਕਰ ਲਈਆਂ ਹਨ।ਨਿੱਕੀ ਨਿੱਕੀ ਗੱਲ ਤੇ ਲਾਇਵ ਹੋਕੇ ਵੀਡੀਓ ਪਾਉਣ ਵਾਲੇ ਕਿਸਾਨ ਆਗੂਆਂ ਦੀ  ਕੋਈ ਵੀਡੀਓ ਸਾਹਮਣੇ ਨਹੀ ਆਈ,ਜਿਸ ਵਿੱਚ ਭਾਜਪਾਈ ਦੰਗਾਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੋਵੇ।ਲਖੀਮਪੁਰ ਵਾਲੀ ਘਟਨਾ ਤੋ ਬਾਅਦ ਕੋਈ ਵੀ ਨਵਾਂ ਪਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਵੱਲੋਂ ਨਹੀ ਦਿੱਤਾ ਗਿਆ ਅਤੇ ਨਾ ਹੀ ਮੋਰਚੇ ਦੇ ਕਿਸੇ ਵੱਡੇ ਨੇਤਾ ਦਾ ਬਿਆਨ ਹੀ ਜਨਤਕ ਹੋਇਆ ਹੈ।ਭਾਵੇਂ ਕਿਸਾਨ ਮੋਰਚੇ ਦੇ ਵੱਡੇ ਆਗੂ ਰਿਕੇਸ਼ ਟਿਕੈਤ ਨੇ ਦੋਸ਼ੀਆਂ ਦੀ ਗਿਰਫਤਾਰੀ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਲਈ ਸਰਕਾਰ ਨੂੰ ਮਿਰਤਕ ਕਿਸਾਨਾਂ ਦੇ ਭੋਗ ਤੱਕ ਦਾ ਸਮਾ ਦਿੱਤਾ ਹੋਇਆ ਹੈ,ਅਤੇ ਭਾਜਪਾ ਵੱਲੋਂ ਉੱਤਰ ਪਰਦੇਸ਼ ਦੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ਅਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੀ ਟੀ ਸ਼ਰਟ ਤੇ ਸਵਾਲ ਚੁੱਕਣ ਵਾਲਿਆਂ ਨੂੰ ਵੀ ਟਿਕੈਤ ਨੇ ਲੰਮੇ ਹੱਥੀ ਲਿਆ ਸੀ,ਜਿਸ ਨਾਲ ਸਿੱਖ ਕਿਸਾਨਾਂ ਪ੍ਰਤੀ ਨਫਰਤ ਪੈਦਾ ਕਰਨ ਦੀ ਸਾਜਿਸ਼ ਨੂੰ ਇੱਕ ਵਾਰ ਵਿਰਾਮ ਲੱਗਿਆ ਹੈ,ਪਰ ਇਸ ਦੇ ਬਾਵਜੂਦ ਸਰਕਾਰ ਨਾਲ ਜਲਦਵਾਜੀ ਵਿੱਚ ਕੀਤਾ ਗਿਆ ਸਮਝੌਤਾ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਚ ਆਉਂਦਾ ਹੈ।ਲਖੀਮਪੁਰ ਦੇ ਜਖਮੀ ਹੋਏ ਕਿਸਾਨ ਆਗੂ ਖੁਦ ਹੀ ਇਸ ਸਮਝੌਤੇ ਨੂੰ ਇਸ ਕਰਕੇ ਕਿਸਾਨ ਵਿਰੋਧੀ ਦੱਸ ਰਹੇ ਹਨ,ਕਿਉਂਕਿ ਜਿਸਤਰਾਂ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਅਣਪਛਾਤੇ ਕਿਸਾਨਾਂ ਤੇ ਪਰਚੇ ਦਰਜ ਕੀਤੇ ਗਏ ਹਨ,ਉਹ ਕਿਤੇ ਨਾ ਕਿਤੇ ਇਨਸਾਫ ਮਿਲਣ ਦੀ ਸੰਭਾਵਨਾ ਨੂੰ ਰੱਦ ਕਰਨ ਵਾਲੇ ਹਨ।ਇੱਥੇ ਇਹ ਵੀ ਦੱਸਣਾ ਜਰੂਰੀ ਬਣਦਾ ਹੈ ਕਿ ਇਹ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਦੇ ਉਹ ਕਿਸਾਨ ਸਨ,ਜਿੰਨਾਂ ਨੇ 26 ਜਨਵਰੀ ਦੀ ਘਟਨਾ ਤੋ ਬਾਅਦ ਭਾਜਪਾ ਦੇ ਇੱਕ ਵਿਧਾਇਕ ਦੀ ਅਗਵਾਈ ਵਿੱਚ ਰਿਕੇਸ਼ ਟਿਕੈਤ ਦੀ ਸਟੇਜ ਤੇ ਕੀਤੇ ਜਾਣ ਵਾਲੇ ਹਮਲੇ ਨੂੰ ਨਾਕਾਮ ਕੀਤਾ ਸੀ ਅਤੇ ਉਹਨਾਂ ਨੂੰ ਗਿਰਫਤਾਰ ਹੋਣ ਤੋ ਰੋਕਣ ਵਿੱਚ ਵੱਡੀ ਅਤੇ ਅਹਿਮ ਭੂਮਿਕਾ ਅਦਾ ਕੀਤੀ ਸੀ।ਦੱਸਿਆ ਜਾ ਰਿਹਾ ਹੈ ਕਿ ਜਦੋ ਹਾਲਾਤ ਅਜਿਹੇ ਬਣੇ ਕਿ ਰਿਕੇਸ਼ ਟਿਕੈਤ ਦਾ ਸਾਰੇ ਕਿਸਾਨ ਸਾਥੀ ਉਹਨਾਂ ਨੂੰ ਛੱਡ ਕੇ ਭੱਜ ਗਏ ਸਨ,ਤਾਂ ਇਹ ਤਰਾਈ ਖੇਤਰ ਦੇ ਸਿੱਖ ਕਿਸਾਨ ਹੀ ਸਨ ,ਜਿੰਨਾਂ ਨੇ ਢਾਲ ਬਣਕੇ ਟਿਕੈਤ ਦੀ ਰੱਖਿਆ ਕੀਤੀ ਸੀ,ਪ੍ਰੰਤੂ ਹੁਣ ਜਦੋ ਉਹਨਾਂ ਸਿੱਖ ਕਿਸਾਨਾਂ ਤੇ ਬਿਪਤਾ ਪੈ ਗਈ,ਤਾਂ ਟਿਕੈਤ ਵਰਗੇ ਵੱਡੇ ਆਗੂ ਵੀ ਸਮਝੌਤਾਵਾਦੀ ਬਣਦੇ ਦਿਖਾਈ ਦਿੱਤੇ ਹਨ,ਜਿਸ ਦਾ ਤਰਾਈ ਖੇਤਰ ਦੇ ਜਖਮੀ ਕਿਸਾਨ ਦੱਬਵੀਂ ਸੁਰ ਵਿੱਚ ਰੋਸ਼ ਪ੍ਰਗਟਾਉਂਦੇ ਦਿਖਾਈ ਦਿੱਤੇ ਹਨ।ਪਿਛਲੇ ਦਿਨੀ ਜਦੋ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਅਪਣੇ ਕਾਰਕੁਨਾਂ ਨੂੰ ਕਿਸਾਨਾਂ ਦੇ ਗਲ ਪੈਣ ਲਈ ਉਕਸਾਏ ਜਾਣ ਦੀ ਵੀਡੀਓ ਜਨਤਕ ਹੋਈ ਸੀ,ਤਾਂ ਵੀ ਸੰਯੁਕਤ ਕਿਸਾਨ ਮੋਰਚੇ ਦੇ ਕਿਸੇ ਵੱਡੇ ਆਗੂ ਦਾ ਕੋਈ ਪ੍ਰਤੀਕਰਮ ਨਹੀ ਸੁਣਿਆ ਗਿਆ,ਜਦੋਕਿ ਹਰਿਆਣੇ ਦੇ ਕਿਸਾਨ ਨੇਤਾ ਗੁਰਨਾਮ ਸਿੰਘ ਚੰਡੂਨੀ ਨੇ ਸਖਤ ਪ੍ਰਤੀਕਰਮ ਪਰਗਟ ਕਰਦਿਆਂ,ਹਰਿਆਣੇ ਦੇ ਮੁੱਖ ਮੰਤਰੀ ਨੂੰ ਲਲਕਾਰਨ ਦੀ ਵੀਡੀਓ ਜਰੂਰ ਜਨਤਕ ਕੀਤੀ ਸੀ। ਸ਼ੋਸ਼ਲ ਮੀਡੀਏ ਤੇ ਹੋ ਰਹੇ ਪਰਚਾਰ ਤੋ ਬਾਅਦ ਮਨੋਹਰ ਲਾਲ ਖੱਟਰ ਨੇ ਅਪਣਾ ਬਿਆਨ ਵਾਪਸ ਜਰੂਰ ਲੈ ਲਿਆ ਹੈ,ਪਰ ਇੱਥੇ ਵੀ ਸਵਾਲ ਉੱਠਦਾ ਹੈ ਕਿ ਕੀ ਬਿਆਨ ਵਾਪਸ ਲੈਣ ਨਾਲ ਸੋਚ ਬਦਲ ਜਾਵੇਗੀ ? ਇਹ ਸੰਭਵ ਨਹੀ ਹੈ।ਲਖੀਮਪੁਰ ਦੇ ਕਾਤਲੀ ਵਰਤਾਰੇ ਤੋ ਬਾਅਦ ਜਿਸਤਰਾਂ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਨਾਕਾਬੰਦੀ ਕਰਕੇ ਸੂਬੇ ਦੇ ਰਾਸਤੇ ਜਾਮ ਕਰ ਦਿੱਤੇ ਹਨ,ਉਸ ਤੋ ਸਮਝਣਾ ਕੋਈ ਮੁਸ਼ਕਲ ਨਹੀ ਕਿ ਹਾਕਮਾਂ ਦੀ ਮਣਸਾ ਅਜੇ ਵੀ ਬੇਹੱਦ ਮਾੜੀ ਹੈ।ਉਪਰੋਕਤ ਵਰਤਾਰੇ ਤੋ ਜਿੱਥੇ ਭਾਜਪਾ ਦੀ ਬੇਹੱਦ ਖੋਟੀ ਨੀਅਤ ਅਤੇ ਫਾਸੀਵਾਦੀ ਚਿਹਰਾ ਉੱਭਰ ਕੇ ਸਾਹਮਣੇ ਆ ਰਿਹਾ ਹੈ,ਓਥੇ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਦੀ ਕਾਰਗੁਜਾਰੀ ਤੇ ਵੀ  ਸਵਾਲੀਆ ਨਿਸਾਨ ਲੱਗਦੇ ਹਨ। ਇਹ ਸਵਾਲ ਵੀ ਹਰ ਇੱਕ ਸੂਝਵਾਨ ਵਿਅਕਤੀ ਦੀ ਜੁਬਾਨ ਤੇ ਹੈ ਕਿ ਜਦੋ ਲਖੀਮਪੁਰ ਵਾਲੀ ਘਟਨਾ ਤੇ ਕਿਸਾਨ ਆਗੂਆਂ ਦਾ ਕੋਈ ਪ੍ਰਤੀਕਰਮ ਦੇਖਣ ਸੁਨਣ ਨੂੰ ਨਹੀ ਮਿਲਦਾ,ਫਿਰ ਹਰਿਆਣੇ ਵਾਲੀ ਘਟਨਾ ਤੇ ਕਿਸਾਨ ਜਥੇਬੰਦੀਆਂ ਦਾ ਵੱਡਾ ਐਕਸਨ ਕੀ ਹੋ ਸਕਦਾ ਹੈ ? ਕਿਉਂਕਿ ਇਹ ਤਾਂ ਉੱਤਰ ਪ੍ਰਦੇਸ਼ ਵਾਲੀ ਘਟਨਾ ਦੇ ਮੁਕਾਬਲੇ ਬਹੁਤ ਛੋਟੀ ਘਟਨਾ ਹੈ। ਲਖੀਮਪੁਰ ਚ ਵਾਪਰੇ ਗੁੰਡਾਗਰਦੀ ਦੇ ਨੰਗੇ ਨਾਚ ਵਿੱਚ ਇੱਕ ਪੱਤਰਕਾਰ ਦੀ ਵੀ ਜਾਨ ਚਲੀ ਗਈ ਹੈ।ਖਬਰਾਂ ਮੁਤਾਬਿਕ, ਗੱਡੀਆਂ ਨਾਲ ਜਖਮੀ ਹੋਏ ਪੱਤਰਕਾਰ ਨੂੰ ਵੀ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ,ਪਰ ਕਿੰਨੇ ਦੁਖ ਦੀ ਗੱਲ ਹੈ ਕਿ ਕਿਸਾਨੀ ਅੰਦੋਲਨ ਵਿੱਚ ਅਪਣੀ ਜਾਨ ਦੀ ਪਰਵਾਹ ਕੀਤਿਆਂ ਬਗੈਰ  ਪੱਤਰਕਾਰ ਕਿਸਾਨੀ ਸੰਘਰਸ਼ ਦੀ ਕਵਰੇਜ ਕਰਕੇ ਸੱਚ ਦੁਨੀਆਂ ਸਾਹਮਣੇ ਰਣਖ ਰਹੇ ਹਨ,ਪਰ ਸੰਯੂਕਤ ਕਿਸਾਨ ਮੋਰਚੇ ਨੇ ਲਖੀਮਪੁਰ ਚ ਸ਼ਹੀਦ ਹੋ ਜਾਣ ਵਾਲੇ ਪੱਤਰਕਾਰ ਦੇ ਹੱਕ ਵਿੱਚ ਇੱਕ ਸਬਦ ਤੱਕ ਬੋਲਣਾ ਵੀ ਯੋਗ ਨਹੀ ਸਮਝਿਆ।ਸੋ ਉਪਰੋਕਤ ਦੇ ਮੱਦੇਨਜ਼ਰ ਕੁੱਝ ਇੱਕ ਨੂੰ ਨੇਤਾਵਾਂ ਨੂੰ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਸਾਰੇ ਖਾਸ ਕਰਕੇ ਖੱਬੇ ਪੱਖੀ ਕਿਸਾਨ ਨੇਤਾ ਭਾਜਪਾ ਦੀ ਫਿਰਕੂ ਅੱਗ ਨੂੰ ਬਾਲਣ ਦੇਣ ਵਿੱਚ ਅਪਣਾ ਸਹਿਯੋਗ ਦੇ ਰਹੇ ਪਰਤੀਤ ਹੁੰਦੇ ਹਨ। ਭਾਜਪਾ ਦੀ ਫਿਰਕੂ ਅੱਗ ਦਾ ਸੇਕ ਸਮੁੱਚੇ ਦੇਸ਼ ਵਾਸੀਆਂ ਨੂੰ ਝੱਲਣਾ ਪਵੇਗਾ,ਪਰ ਘੱਟ ਗਿਣਤੀਆਂ ਦੇ ਲੂਹੇ ਜਾਣ ਦੇ ਜਿਆਦਾ ਸੰਕੇਤ ਦਿਖਾਈ ਦਿੰਦੇ ਹਨ।
>> ਬਘੇਲ ਸਿੰਘ ਧਾਲੀਵਾਲ

Have something to say? Post your comment