Monday, July 07, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੀ ਮਿੰਨੀ ਕਹਾਣੀ - ਐਸਿਡ

October 09, 2021 11:30 PM
ਹਿੰਦੀ ਮਿੰਨੀ ਕਹਾਣੀ 
 
     
                             ਐਸਿਡ 
   
 
ਉਹ ਐਸਿਡ ਦੀ ਬੋਤਲ ਲੈ ਕੇ ਚੁਰਸਤੇ 'ਤੇ ਪਾਨ ਦੀ ਦੁਕਾਨ ਕੋਲ ਖੜ੍ਹਾ ਹੋ ਗਿਆ।
ਕਾਲਜ ਤੋਂ ਆਵੇਗੀ ਤਾਂ ਇੱਥੋਂ ਹੀ ਲੰਘੇਗੀ। ਸੁੱਟ ਦੇਵਾਂਗਾ ਚਿਹਰੇ 'ਤੇ। ਵੱਡੀ ਆਪਣੇ ਆਪ ਨੂੰ ਬੜੀ ਸੋਹਣੀ ਸਮਝਦੀ ਹੈ। 
ਕਿੰਨੀ ਵਾਰੀ ਪ੍ਰੇਮ-ਪੱਤਰ ਭੇਜੇ, ਅੱਗੇ-ਪਿੱਛੇ ਘੁੰਮਿਆ। ਪਰ ਕੋਈ ਜਵਾਬ ਨਹੀਂ। ਆਕੜ ਕੇ, ਬਿਨਾਂ ਵੇਖਿਆਂ ਲੰਘ ਜਾਂਦੀ ਹੈ। ਅੱਜ ਦੱਸਦਾ ਹਾਂ ਇਹਨੂੰ। ਜ਼ਿੰਦਗੀ ਬਰਬਾਦ ਕਰਕੇ ਰੱਖ ਦਿਆਂਗਾ। 
ਇਸੇ ਸੋਚ ਨਾਲ ਉਹ ਇੱਕ ਭਰੀ ਹੋਈ ਐਸਿਡ ਦੀ ਬੋਤਲ ਲੈ ਕੇ ਤਿਆਰ ਸੀ। 
ਕੁਝ ਹੀ ਚਿਰ ਵਿੱਚ ਉਹ ਆਉਂਦੀ ਦਿਸੀ। ਬੋਤਲ ਤੇ ਉਹਦੀਆਂ ਉਂਗਲਾਂ ਕਸ ਗਈਆਂ। ਉਹਨੇ ਉਤੇਜਨਾ ਵਿੱਚ ਮੂੰਹ ਦਬਾ ਕੇ ਦੰਦ ਪੀਹ ਲਏ। 
ਪਰ ਇਹ ਕੀ? 
ਉਹਦੇ ਨਾਲ ਆਪਣੀ ਛੋਟੀ ਭੈਣ ਨੂੰ ਉਂਗਲੀ ਫੜ ਕੇ ਆਉਂਦੇ ਵੇਖਿਆ। ਉਹ ਅੱਗੇ ਵਧਣ ਤੋਂ ਰੁਕ ਗਿਆ। 
ਧਿਆਨ ਨਾਲ ਵੇਖਿਆ। ਦੋਵੇਂ ਲਹੂ-ਲੁਹਾਨ ਸਨ। ਭੈਣ ਦੀ ਸਕੂਲ-ਡਰੈੱਸ ਥਾਂ-ਥਾਂ ਤੋਂ ਪਾਟੀ ਹੋਈ ਸੀ। ਹੱਥ-ਪੈਰ ਛਿੱਲੇ ਹੋਏ ਸਨ। ਖੂਨ ਵਗ ਰਿਹਾ ਸੀ ਅਤੇ ਉਹ.. 
ਉਹ ਤਾਂ... ਉਹਦੀ ਕਮੀਜ਼ ਦੀ ਇੱਕ ਬਾਂਹ ਹੀ ਗਾਇਬ ਸੀ। ਚਿਹਰੇ 'ਤੇ ਥਾਂ-ਥਾਂ ਚੋਟਾਂ ਦੇ ਨਿਸ਼ਾਨ ਸਨ। ਅੱਖਾਂ ਦੇ ਉੱਤੇ ਕਾਲਾ ਘੇਰਾ ਸੀ। ਅੱਖ ਸੁੱਜ ਕੇ ਕੁੱਪਾ ਹੋ ਗਈ ਸੀ। 
ਫਿਰ ਵੀ ਉਹਨੇ ਛੋਟੀ ਦਾ ਹੱਥ ਕਸ ਕੇ ਫੜਿਆ ਹੋਇਆ ਸੀ। ਮੋਢੇ 'ਤੇ ਛੋਟੀ ਦਾ ਸਕੂਲ ਬੈਗ ਟੰਗਿਆ ਹੋਇਆ ਸੀ। 
ਕੋਲ ਆਉਂਦਿਆਂ ਹੀ ਭਰਾ ਨੂੰ ਵੇਖ ਕੇ ਛੋਟੀ ਦੌਡ਼ ਕੇ ਭਰਾ ਨਾਲ ਚਿੰਬੜ ਗਈ ਅਤੇ ਫੁੱਟ-ਫੁੱਟ ਕੇ ਰੋਣ ਲੱਗੀ। 
ਰੋਂਦਿਆਂ- ਰੋਂਦਿਆਂ ਉਹਨੇ ਦੱਸਿਆ- ਅੱਜ ਦੀਦੀ ਕਰਕੇ ਮੈਂ ਬਚ ਗਈ। ਦੋ ਆਦਮੀ ਜ਼ਬਰਦਸਤੀ ਮੈਨੂੰ ਇੱਕ ਗੱਡੀ ਵਿੱਚ ਬਿਠਾ ਰਹੇ ਸਨ। ਦੀਦੀ ਨੇ ਉਨ੍ਹਾਂ ਨੂੰ ਵੇਖ ਲਿਆ ਅਤੇ ਦੌੜ ਕੇ ਮੈਨੂੰ ਕੱਸ ਕੇ ਫੜ ਲਿਆ। 
ਬਹੁਤ ਖਿੱਚ-ਧੂਹ, ਮਾਰ-ਕੁੱਟ ਹੋਈ। ਪਰ ਦੀਦੀ ਨੇ ਮੈਨੂੰ ਨਹੀਂ ਛੱਡਿਆ। 
ਲੋਕੀਂ ਇਕੱਠੇ ਹੁੰਦੇ ਵੇਖ ਕੇ ਉਹ ਦੀਦੀ ਦੇ ਚਿਹਰੇ ਤੇ ਚਾਕੂ ਮਾਰ ਕੇ ਚਲੇ ਗਏ। 
ਹੈਰਾਨ ਜਿਹਾ ਖੜ੍ਹਾ ਉਹ ਉਹਦੇ ਖੂਨ ਨਾਲ ਭਰੇ ਚਿਹਰੇ ਨੂੰ ਵੇਖਦਾ ਰਹਿ ਗਿਆ। 
ਉਦੋਂ ਤਕ ਉਹ ਉਹਨੂੰ ਸਕੂਲ ਬੈਗ ਦੇ ਕੇ ਜਾ ਚੁੱਕੀ ਸੀ। 
ਅਚਾਨਕ ਉਹਦੇ ਹੱਥੋਂ ਐਸਿਡ ਦੀ ਬੋਤਲ ਛੁੱਟ ਕੇ ਚਕਨਾਚੂਰ ਹੋ ਗਈ ਅਤੇ ਸਾਰਾ ਐਸਿਡ ਨਾਲ ਦੀ ਇੱਕ ਗੰਦੀ ਨਾਲੀ ਵਿੱਚ ਵਹਿ ਗਿਆ। 
ਨਾਲ ਹੀ ਵਗਣ ਲੱਗੇ ਉਹਦੀਆਂ ਅੱਖਾਂ ਵਿੱਚੋਂ ਪਛਤਾਵੇ ਦੇ ਹੰਝੂ।
 
                               """""""""
                   * ਮੂਲ : ਸੁਸ਼ਮਾ ਵਿਆਸ 'ਰਾਜਨਿਧੀ' 
                   * ਅਨੁ : ਪ੍ਰੋ. ਨਵ ਸੰਗੀਤ ਸਿੰਘ 

Have something to say? Post your comment