Friday, April 19, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬ ਕਾਂਗਰਸ 'ਚ ਰੱਦੋਬਦਲ: ਸੋਚਿਆ ਸਮਝਿਆ ਰਾਜਸੀ ਪੈਂਤੜਾ - ਰਵਿੰਦਰ ਸਿੰਘ ਸੋਢੀ

September 20, 2021 11:37 PM

ਪੰਜਾਬ ਕਾਂਗਰਸ 'ਚ ਰੱਦੋਬਦਲ: ਸੋਚਿਆ ਸਮਝਿਆ ਰਾਜਸੀ ਪੈਂਤੜਾ

 
ਪੰਜਾਬ ਵਿਚ ਤਰੋਤਾਜਾ ਰਾਜਸੀ ਬਦਲਾਵ ਦਾ ਜੋ ਝੱਖੜ ਝੁਲਿਆ ਹੈ, ਉਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਉੱਡ ਕੇ ਚਰਨਜੀਤ ਸਿੰਘ ਚੰਨੀ ਕੋਲ ਪਹੁੰਚ ਗਈ ਅਤੇ ਨਾਲ ਹੀ ਦੋ ਮੰਤਰੀਆਂ ਨੂੰ ਡਿਪਟੀ ਚੀਫ ਮਨਿਸਟਰ ਦੀਆਂ ਫੀਤੀਆਂ ਲੱਗ ਗਈਆਂ। ਇਹ ਅਸਲ ਵਿਚ ਕਾਂਗਰਸ ਹਾਈਕਮਾਨ ਦਾ ਸੋਚੀ ਸਮਝੀ ਚਾਲ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾ ਲਈ ਤਿੰਨ ਮਹੀਨਿਆਂ ਦਾ ਹੀ ਸਮਾਂ ਹੈ। ਕਾਂਗਰਸ ਹਾਈ ਕਮਾਨ ਨੂੰ ਇਹ ਭਲੀਭਾਂਤ ਪਤਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਚੋਣ ਵਾਅਦਿਆਂ ਦੇ ਗੋਹਲੇ ਵਿਚੋਂ ਪੂਣੀ ਵੀ ਨਹੀਂ ਕੱਤੀ। ਕੀ ਮੁਲਾਜ਼ਮ ਅਤੇ ਕੀ ਵਪਾਰੀ ਸਾਰੇ ਹੀ ਸਰਕਾਰ ਦੀਆਂ ਨਾਕਾਮੀਆਂ ਦਾ ਰੋਣਾ ਰੋ ਰਹੇ ਹਨ। ਸਰਕਾਰ ਦਾ ਖਜਾਨਾ ਗਰੀਬ ਦੇ ਆਟੇ ਵਾਲੇ ਪੀਪੇ ਦੀ ਤਰਾਂ ਖੜਕ ਰਿਹਾ ਹੈ, ਪਰ ਸਰਕਾਰ ਦੇ ਆਪਣੇ ਖਰਚੇ ਤੇ ਕੋਈ ਲਗਾਮ ਨਹੀਂ ਕੱਸੀ ਗਈ। ਪਟਿਆਲਾ ਦੇ ਮੋਤੀ ਮਹਿਲ ਨੂੰ ਜਿਹੜੇ ਵੀ ਘੇਰਾ ਪਾਉਣ ਜਾਂਦੇ ਹਨ, ਉਹਨਾਂ ਨੂੰ ਪੁਲਸ ਵਾਲਿਆਂ ਦੀਆਂ ਡਾਂਗਾ ਦਾ ਸੁਆਦ ਚੱਖਣਾ ਪੈਂਦਾ ਹੈ। ਇਸ ਵਿਚ ਪੁਲਸ ਕਰਮਚਾਰੀਆਂ ਦਾ ਦੋਸ਼ ਨਹੀਂ, ਉਪਰੋਂ ਹੁਕਮ ਹੀ ਇਸ ਤਰਾਂ ਦੇ ਹਨ। ਕੈਪਟਨ ਵੱਲੋਂ ਗੁਟਕਾ ਸਾਹਿਬ ਦੀ ਸੌਂਹ ਖਾਧੀ ਗਈ ਸੀ ਕਿ ਸੂਬੇ ਵਿਚੋਂ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਗਾ। ਪਰ ਇਹ ਸਚਾਈ ਸਭ ਨੂੰ ਹੀ ਪਤਾ ਹੈ ਕਿ ਨਸ਼ਿਆਂ ਦਾ ਕਾਰੋਬਾਰ ਜੇ ਵਧਿਆ ਨਹੀਂ ਤਾਂ ਘਟਿਆ ਵੀ ਨਹੀਂ। ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ, ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਮਕਾਇਆ ਗਿਆ। ਬਹਿਬਲ ਕਲਾਂ ਕਾਂਡ ਕਿਸੇ ਤਾਣ-ਪੱਤਨ ਨਹੀਂ ਲੱਗਿਆ। ਰੇਤ ਮਾਫੀਆ ਆਪਣਾ ਕੰਮ ਬੇਖੌਫ ਕਰਦਾ ਰਿਹਾ। ਮੰਤਰੀਆਂ ਦੇ ਕਈ ਘੁਟਾਲਿਆਂ ਦਾ ਸੱਚਾ-ਝੁੱਠਾ ਚਰਚਾ ਚਲਦਾ ਰਿਹਾ। ਇਹਨਾਂ ਰੌਲੇ-ਗੌਲਿਆਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਦਾ ਆਪਸੀ ਪੇਚਾ ਪੈ ਗਿਆ, ਜੋ ਕਾਫੀ ਦੇਰ ਚਲਿਆ ਜਾਂ ਚਲਾਇਆ ਗਿਆ। ਕੈਪਟਨ ਦੀ ਮਹਿਲਾ ਦੋਸਤ ਨੂੰ ਲੈ ਕੇ ਵੀ ਚਰਚਾ ਹੁੰਦੀ ਰਹੀ। ਕਾਂਗਰਸ ਹਾਈਕਮਾਨ ਵੱਲੋਂ ਰਲ ਕੇ ਚੱਲਣ ਦੀਆਂ ਨਸੀਅਤਾਂ ਤਾਂ ਦਿੱਤੀਆਂ ਜਾਂਦੀਆਂ ਰਹੀਆਂ, ਪਰ ਠੋਸ ਕਦਮ ਨਾ ਉਠਾਇਆ ਗਿਆ। ਨਵਜੋਤ ਸਿੱਧੂ ਵੱਲੋਂ ਕਦੇ ਆਮ ਆਦਮੀ ਪਾਰਟੀ ਅਤੇ ਕਦੇ ਬੀ ਜੇ ਪੀ ਵਿਚ ਮੁੜ ਜਾਣ ਦੀਆਂ ਅਫਵਾਹਾਂ ਵੀ ਉੱਡਦੀਆਂ ਰਹੀਆਂ। ਸਿੱਧੂ ਨੂੰ ਠੰਡਾ ਕਰਨ ਲਈ ਉਸ ਨੂੰ ਡਿਪਟੀ ਚੀਫ ਮਨਿਸਟਰ ਜਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀਆਂ ਗੱਲਾਂ ਵੀ ਉੱਡਦੀਆਂ ਰਹੀਆਂ, ਪਰ ਕੈਪਟਨ ਨੇ ਕਿਸੇ ਪੱਖੋਂ ਵੀ ਸਿੱਧੂ ਨੂੰ ਨੇੜੇ ਨਾ ਲੱਗਣ ਦਿੱਤਾ। ਇਕ ਦੋ ਵਾਰ ਉਹਨਾਂ ਦੀਆਂ ਜਫੀਆਂ ਵੀ ਪਵਾਈਆਂ ਗਈਆਂ। ਪਰ ਜਦੋਂ ਦੋਵੇਂ ਆਪਣੀ ਅੜੀ ਤੇ ਅੜੇ ਰਹੇ ਤਾਂ ਦਿਖਾਵੇ ਦੇ ਗਲੇ ਮਿਲਣ ਨੇ ਕਈ ਕਰਨਾ ਸੀ? ਅਖੀਰ ਕਾਂਗਰਸ ਹਾਈਕਮਾਨ ਨੇ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਹੀ ਦਿੱਤਾ ਅਤੇ ਨਾਲ ਹੀ ਮੁੱਖ ਮੰਤਰੀ ਨੂੰ ਰਹਿੰਦੇ ਸਮੇਂ ਵਿਚ ਚੋਣ ਵਾਦੇ ਪੂਰੇ ਕਰਨ ਦੀ ਹਦਾਇਤ ਵੀ ਕਰ ਦਿੱਤੀ। ਜੇ ਕੋਈ ਕਾਂਗਰਸ ਹਾਈਕਮਾਨ ਨੂੰ ਇਹ ਪੁੱਛੇ ਕਿ ਸਾਢੇ ਚਾਰ ਸਾਲ ਉਹ ਸੁੱਤੀ ਕਿਉਂ ਰਹੀਂ? ਕੀ ਇਹੋ ਹਦਾਇਤ ਸਰਕਾਰ ਬਣਨ ਤੋਂ ਸਾਲ ਕੁ ਬਾਅਦ ਨਹੀਂ ਕੀਤੀ ਜਾ ਸਕਦੀ ਸੀ? ਸਿੱਧੂ ਨੂੰ ਪ੍ਰਧਾਨ ਬਣਾਉਣ ਤੋਂ ਬਾਅਦ ਵੀ ਦੋਹਾਂ ਦੀ ਖਿਚੋਤਾਣ ਜਾਰੀ ਰਹੀ। 
ਮੌਜੂਦਾ ਕਿਸਾਨ ਅੰਦੋਲਨ ਨੇ ਵੀ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੀਆਂ ਗਤੀਵਿਧੀਆਂ ਨੂੰ ਬਰੇਕਾਂ ਲਾ ਦਿੱਤੀਆਂ। ਇਸ ਦੀ ਬਹੁਤੀ ਮਾਰ ਸਰਕਾਰ ਨੂੰ ਝੱਲਣੀ ਪਈ। ਪੰਜਾਬ ਦੀ ਸਰਕਾਰ ਨੇ ਕਿਸਾਨਾਂ ਦਾ ਪੱਖ ਤਾਂ ਪੂਰਿਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਕਿਸਾਨ ਅੰਦੋਲਨ ਦੇ ਮੁਢਲੇ ਦਿਨਾਂ ਵਿਚ ਇਹ ਵੀ ਪੇਸ਼ਕਸ਼ ਕਰ ਦਿੱਤੀ ਕਿ ਉਹ ਅੰਦੋਲਨ ਦੀ ਅਗਵਾਈ ਕਰਨ ਨੂੰ ਤਿਆਰ ਹੈ, ਪਰ ਕਿਸਾਨ ਜਥੇਬੰਦੀਆਂ ਨੇ ਕਿਸੇ ਵੀ ਰਾਜਸੀ ਪਾਰਟੀ ਜਾਂ ਨੇਤਾ ਨੂੰ ਘਾਹ ਨਹੀਂ ਪਾਇਆ। ਕੇਂਦਰ ਸਰਕਾਰ ਨੇ ਪੰਜਾਬ ਦੀ ਸਰਕਾਰ ਨੂੰ ਕਿਸਾਨ ਹਮਾਇਤੀ ਹੋਣ ਕਰਕੇ ਕਈ ਗੱਲਾਂ ਤੋਂ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਸੂਬੇ ਦੀ ਸਰਕਾਰ ਨੂੰ ਬਣਦੀ ਸਹਾਇਤਾ ਵਿਚ ਦੇਰੀ ਕੀਤੀ। ਦੂਜੇ ਕਰੋਨਾ ਮਹਾਂਮਾਰੀ ਦੌਰਾਨ ਵੀ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਮ ਲੋਕਾਂ ਦਾ ਸਰਕਾਰ ਤੋਂ ਹੋਰ ਵੀ  ਮੋਹ ਭੰਗ ਹੋ ਗਿਆ। 
ਇਹਨਾਂ ਸਾਰੀਆਂ ਗੱਲਾਂ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਵਾਰੇ ਬਹੁਤੇ ਸ਼ਕ ਦੀ ਗੁੰਜਾਇਸ਼ ਨਾ ਰਹੀ। ਦਿੱਲੀ ਵਿਚ ਬੈਠੇ ਕਾਂਗਰਸੀ ਆਕਾ ਇਹ ਭਲੀਭਾਂਤ ਮਹਿਸੂਸ ਕਰਨ ਲੱਗ ਪਏ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਪਾਰਟੀ ਦੀ ਹਾਲਾਤ ਸ਼ਰਾਬੀ ਦੇ ਕਦਮਾਂ ਵਾਂਗ ਲੜਖੜਾਉਂਣੀ ਹੀ ਹੈ। ਦੂਜੇ ਪਾਸੇ ਅਕਾਲੀ ਦਲ ਦੀ ਦਸ ਸਾਲ ਦੀ ਬਦ ਇੰਤਜ਼ਾਮੀ ਨੂੰ ਜਨਤਾ ਅਜੇ ਭੁੱਲੀ ਨਹੀਂ ਸੀ। ਆਮ ਆਦਮੀ ਪਾਰਟੀ ਭਾਵੇਂ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਈ ਸੀ, ਪਰ ਇਸ ਪਾਰਟੀ ਦੇ ਵੱਡੇ ਨੇਤਾਵਾਂ ਦੀ ਆਪਸੀ ਖਾਨਾਜੰਗੀ ਕਾਰਨ ਇਸ ਨੇ ਵੀ ਆਪਣੀ ਪਕੜ ਗੁਆ ਲਈ। ਪੰਜਾਬ ਦਾ ਰਾਜਸੀ ਮਾਹੌਲ ਪੇਚੀਦਾ ਹੋ ਗਿਆ। ਅਜਿਹੇ ਰੌਲੇ ਗੌਲੇ ਦਰਮਿਆਨ ਅਕਾਲੀ ਦੱਲ ਨੇ ਅਜਿਹਾ ਰਾਜਸੀ ਦਾਅ ਖੇਡਿਆ ਕਿ ਦੂਜੀਆਂ ਪਾਰਟੀਆਂ ਆਪਣੀ ਅਗਲੀ ਰਣਨੀਤੀ ਸੋਚਣ ਲਈ ਮਜਬੂਰ ਹੋ ਗਈਆਂ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਸਮਝੌਤਾ ਕਰ ਲਿਆ। ਵੈਸੇ ਤਾਂ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿਚ ਬਹੁਤਾ ਅਧਾਰ ਨਹੀਂ ਪਰ ਸੂਬੇ ਵਿਚ ਦਲਿਤ ਵੋਟਰਾਂ ਦੀ ਗਿਣਤੀ ਕਾਫੀ ਜਿਆਦਾ ਹੈ, ਜਿਸ ਦਾ ਫਾਇਦਾ ਬਹੁਜਨ ਸਮਾਜ ਪਾਰਟੀ ਨੂੰ ਮਿਲ ਸਕਦਾ ਹੈ। ਇਸ ਲਈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀਆਂ ਇਕ ਦੂਜੇ ਦੇ ਨੇੜੇ ਆਈਆਂ ਤਾਂ ਜੋ ਇਕ ਪਾਰਟੀ ਪੰਜਾਬ ਵਿਚ ਆਪਣਾ ਅਧਾਰ ਬਣਾ ਲਵੇ ਅਤੇ ਦੂਜੀ ਉਹਨਾਂ ਦੀ ਵਿਸਾਖੀ ਦੇ ਸਹਾਰੇ ਹਕੂਮਤ ਦੀ ਕੁਰਸੀ ਤੱਕ ਪਹੁੰਚ ਜਾਵੇ। ਕਦੇ ਦਲਿਤ ਵੋਟ ਦੇ ਆਸਰੇ ਕਾਂਗਰਸ ਆਪਣੇ ਸੁਪਨੇ ਸਾਕਾਰ ਕਰਦੀ ਰਹੀ ਸੀ। ਪਰ ਹੌਲੀ ਹੌਲੀ ਉਹਨਾਂ ਦੀ ਪਕੜ ਢਿੱਲੀ ਪੈਂਦੀ ਗਈ। 
ਕਾਂਗਰਸ ਨੂੰ ਇਕ ਤਾਂ ਆਪਣੀ ਪਾਰਟੀ ਦੀ ਸੂਬਾਈ ਸਰਕਾਰ ਦੀ ਨਾਕਾਮੀ ਦਾ ਪਤਾ ਸੀ, ਦੂਜਾ ਪਾਰਟੀ ਦੇ ਅੰਦਰੂਨੀ ਕਾਟੋ ਕਲੇਸ਼ ਦੀ ਵੀ ਖਬਰ ਸੀ ਅਤੇ ਤੀਜਾ ਅਕਾਲੀ ਪਾਰਟੀ ਦੀ ਰਣਨੀਤੀ ਨੇ ਵੀ ਉਹਨਾਂ ਦੀ ਨੀਂਦ ਉਡਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੀਆ ਚੋਣਾ ਲਈ ਇਕ ਵਾਰ ਫੇਰ ਚੋਣ ਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੇ ਨੇੜੇ ਲਾਇਆ। ਉਸ ਨੂੰ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ। ਇਹ ਵੀ ਕਨਸੋਆਂ ਮਿਲੀਆਂ ਕਿ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਵੇਲੇ ਵੀ ਇਸ ਚੋਣ ਮਾਹਰ ਦੀ ਸਲਾਹ ਲਈ ਗਈ ਸੀ ਅਤੇ ਉਸ ਨੇ ਕੈਪਟਨ ਨੂੰ ਮਨਾਉਣ ਵਿਚ ਵੀ ਸਹਾਇਤਾ ਕੀਤੀ ਸੀ। ਬਾਅਦ ਵਿਚ ਉਸ ਨੇ ਮੁੱਖ ਮੰਤਰੀ ਦੇ ਸਲਾਹਕਾਰ ਬਣਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਕਾਂਗਰਸ ਦੇ ਇਕ ਵੱਡੇ ਨੇਤਾ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਇਸ ਚੋਣ ਨੀਤੀਕਾਰ ਨੂੰ ਪਾਰਟੀ ਵਿਚ ਸ਼ਾਮਿਲ ਕਰ ਲੈਣਾ ਚਾਹੀਦਾ ਹੈ।
ਜੇ ਪੰਜਾਬ ਦੇ ਵਰਤਮਾਨ ਹਾਲਾਤ ਤੇ ਗੌਰ ਕੀਤਾ ਜਾਵੇ ਤਾਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਅਜਿਹੇ ਬਦਲਾ ਦੀ ਰੂਪ ਰੇਖਾ ਮੌਜੂਦਾ ਕਾਂਗਰਸ ਹਾਈਕਮਾਨ ਦੇ ਵਸ ਦੀ ਗੱਲ ਨਹੀਂ। ਕੈਪਟਨ ਅਮਰਿੰਦਰ ਸਿੰਘ ਵਰਗਾ ਪੁਰਾਣਾ ਅਤੇ ਅੱਖੜ ਰਾਜਸੀ ਨੇਤਾ ਜਲਦੀ ਜਲਦੀ ਕਿਸੇ ਜੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ। ਉਹ ਆਪਣੀਆਂ ਸ਼ਰਤਾਂ ਤੇ ਹੀ ਕੰਮ ਕਰਦਾ ਹੈ। ਮੌਜੂਦਾ ਪਾਰਟੀ ਹਾਈਕਮਾਨ ਏਨੀ ਤਾਕਤਵਰ ਨਹੀਂ ਕਿ ਉਹ ਉਸ ਦੇ ਸਾਹਮਣੇ ਮਨ ਮਰਜੀ ਕਰ ਸਕੇ। ਨਵਜੋਤ ਸਿੱਧੂ ਨੂੰ ਵੀ ਸੂਬਾ ਪਾਰਟੀ ਪ੍ਰਧਾਨ ਬਣਾਉਣ ਲਈ ਉਹ ਜਲਦਬਾਜੀ ਨਹੀਂ ਸੀ ਕਰ ਸਕੀ। ਕਿਸੇ ਨਿਜੀ ਕਾਰਨ ਕਰਕੇ ਮੁੱਖ ਮੰਤਰੀ ਅਤੇ ਪਾਰਟੀ ਦਾ ਅਕਸ ਜੋ ਧੁੰਦਲਾ ਹੋ ਰਿਹਾ ਸੀ, ਉਸ ਤੇ ਵੀ ਪਾਰਟੀ ਹਾਈਕਮਾਨ ਨੇ ਚੁੱਪੀ ਹੀ ਸਾਧ ਰੱਖੀ। ਇਸ ਲਈ ਇਹ ਤਾਂ ਹੋ ਨਹੀਂ ਸਕਦਾ ਕਿ ਪਾਰਟੀ ਹਾਈਕਮਾਨ ਅਜਿਹਾ ਦਲੇਰਾਨਾ ਫੈਸਲਾ ਆਪਣੇ ਤੌਰ ਤੇ ਲੈ ਸਕੇ। ਇਸ ਪਿੱਛੇ ਜਰੂਰ ਹੀ ਕੋਈ ਹੋਰ ਦਿਮਾਗ ਅਤੇ ਰਣਨੀਤੀ ਕੰਮ ਕਰ ਰਹੀ ਹੋਵੇਗੀ। ਕੈਪਟਨ ਨੂੰ ਇਹ ਤਸਵੀਰ ਕੋਈ ਖਾਸ ਬੰਦਾ ਹੀ ਦਿਖਾ ਸਕਦਾ ਸੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਹਾਰ ਦੀ ਜਿਮੇਵਾਰੀ ਤੋਂ ਬਚਣ ਲਈ ਉਹ ਲਾਂਭੇ ਹੋ ਜਾਵੇ। ਨਵਾਂ ਮੁੱਖ ਮੰਤਰੀ ਕੋਈ ਵੀ ਹੋਵੇ, ਉਹ ਤਿੰਨ ਮਹੀਨੇ ਵਿਚ ਕੋਈ ਜਾਦੂ ਦੀ ਛੜੀ ਨਹੀਂ ਘੁਮਾ ਸਕਦਾ। ਇਸ ਲਈ ਸੰਭਾਵੀ ਹਾਰ ਦੀ ਜਿਮੇਵਾਰੀ ਉਸ ਤੇ ਹੀ ਆਵੇ ਗੀ। ਕੈਪਟਨ ਦੀ ਇੱਜਤ ਬਚੀ ਰਹੇ ਗੀ। ਇਹ ਗੱਲ ਕੈਪਟਨ ਸਾਹਿਬ ਨੂੰ ਵੀ ਜਰੂਰ ਜਚੀ ਹੋਵੇ ਗੀ। ਦੂਜਾ ਉਹਨਾਂ ਵਰਗਾ ਖਿਡਿਆ ਹੋਇਆ ਸਿਆਸਤਦਾਨ ਇਹ ਤਾਂ ਸਮਝ ਹੀ ਗਿਆ ਹੋਵੇ ਗਾ ਕਿ ਨਵਜੋਤ ਸਿੱਧੂ ਨੇ ਟਿੰਡ ਵਿਚ ਕਾਨਾ ਪਾ ਕੇ ਹੀ ਰੱਖਣਾ ਹੈ। ਹਾਈਕਮਾਨ ਵੀ ਸਿੱਧੂ ਦੇ ਹੱਕ ਦੀ ਗੱਲ ਜਿਆਦਾ ਕਰਦੀ ਹੈ, ਇਸ ਲ਼ਈ ਚੰਗਾ ਹੈ ਕਿ ਇਕ ਪਾਸਾ ਕੀਤਾ ਜਾਵੇ। ਜਿੰਨੀ ਨਾਤੀ ਉਨਾਂ ਹੀ ਪੁੰਨ। ਪਰ ਉਹਨਾਂ ਨੇ ਇਹ ਸ਼ਰਤ ਜਰੂਰ ਰੱਖੀ ਹੋਵੇ ਗੀ ਕਿ  ਉਹਨਾਂ ਦੀਆਂ ਬੇੜੀਆਂ 'ਚ ਵੱਟੇ ਪਾਉਣ ਵਾਲੇ ਸਿੱਧੂ, ਮੁੱਖ ਮੰਤਰੀ ਨਾ ਬਣ ਜਾਵੇ। ਪਾਰਟੀ ਹਾਈਕਮਾਨ ਵੀ ਸਿੱਧੂ ਵਾਰੇ ਚੰਗੀ ਤਰਾਂ ਜਾਣਦਾ ਹੈ ਕਿ ਉਹ ਵੀ ਆਪਣੀ ਮਰਜੀ ਕਰਨ ਵਾਲਾ ਹੀ ਹੈ।ਜਿਸ ਗੱਲ ਤੇ ਅੜ ਜਾਵੇ ਉਸ ਤੋਂ ਪਿੱਛੇ ਨਹੀਂ ਹਟਦਾ। ਇਸ ਸਾਰੀ ਪ੍ਰਕਿਰਿਆ ਦੌਰਾਨ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਿਹਾ ਸ਼ਾਤਰ ਦਿਮਾਗ ਇਕ ਤੀਰ ਨਾਲ ਕਈ ਨਿਸ਼ਾਨੇ ਲਾਉਣਾ ਚਾਹੁੰਦਾ ਸੀ। ਅਕਾਲੀ -ਬਹੁਜਨ ਸਮਾਜ ਪਾਰਟੀ ਨੂੰ ਚੁਣੌਤੀ ਦੇਣ ਵਾਲੀ ਨੀਤੀ ਤਿਆਰ ਕਰਨੀ, ਪੰਜਾਬ ਦੇ ਹਿੰਦੂ ਵੋਟਰ ਦਾ ਭਰੋਸਾ ਜਿੱਤਣਾ ਅਤੇ ਜੱਟ ਭਾਈਚਾਰੇ ਤੇ ਵੀ ਡੋਰੇ ਪਾਉਣੇ। ਇਹਨਾਂ ਅਹਿਮ ਨੁਕਤਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਦਾ ਤਾਜ ਪਹਿਨਇਆ,  ਭਾਵੇਂ ਉਹ ਬਹੁਤਾ ਕੱਦਾਵਰ ਨੇਤਾ ਨਹੀਂ ਹੈ। ਬ੍ਰਹਮ ਮਹਿੰਦਰਾ ਨੂੰ ਡਿਪਟੀ ਮੁੱਖ ਮੰਤਰੀ ਬਣਾ ਕੇ ਹਿੰਦੂ ਤਬਕੇ ਨੂੰ ਖੁਸ਼ ਕਰ ਲਿਆ ਅਤੇ ਕੈਪਟਨ ਵਿਰੋਧੀ ਖੇਮੇ ਵਿਚੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਉੱਪਰ ਮੁੱਖ ਮੰਤਰੀ ਬਣਾ ਕੇ ਚੁੱਪ ਕਰਵਾ ਦਿੱਤਾ। ਇਸ ਨਾਲ ਜੱਟ ਭਾਈਚਾਰੇ ਨੂੰ ਇਹ ਦਰਸਾ ਦਿੱਤਾ ਕਿ ਪਾਰਟੀ ਦਾ ਸੂਬਾ ਪ੍ਰਧਾਨ ਅਤੇ ਇਕ ਡਿਪਟੀ ਮੁੱਖ ਮੰਤਰੀ ਵਰਗੇ ਦੋ ਅਸਾਨ ਸਥਾਨ ਉਹਨਾਂ ਵਿਚੋਂ ਭਰੇ ਗਏ ਹਨ।
ਪਰ ਕੀ ਇਹ ਰਣਨੀਤੀ ਕਾਰਗਰ ਹੋਵੇ ਗੀ, ਇਹ ਇਕ ਵੱਡਾ ਸੁਆਲ ਹੈ? ਜੇ ਚੋਣਾ ਸਮੇਂ ਤੇ ਹੀ ਹੁੰਦੀਆਂ ਹਨ ਤਾਂ ਚੋਣ ਜਾਬਤਾ ਲੱਗਣ ਵਿਚ ਬਹੁਤਾ ਸਮਾਂ ਨਹੀਂ ਰਹਿ ਗਿਆ। ਨਵੇਂ ਮੁੱਖ ਮੰਤਰੀ ਕੋਲ ਸਮਾਂ ਘੱਟ ਹੈ, ਚੁਣੌਤੀਆਂ ਜਿਆਦਾ ਹਨ। ਅਕਾਲੀਆਂ ਨੇ ਆਪਣੇ ਜਰਨੈਲਾਂ ਦੇ ਨਾਂ ਵੀ ਨਸ਼ਰ ਕਰ ਦਿਤੇ ਹਨ, ਪਰ ਕਾਂਗਰਸ ਆਪਣੇ ਅੰਦਰੂਨੀ ਝਗੜਿਆਂ ਵਿਚ ਹੀ ਉਲਝੀ ਹੋਈ ਹੈ, ਆਮ ਆਦਮੀ ਪਾਰਟੀ ਵਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੀ ਖਪ ਰਹੇ ਹਨ। ਹਾਲਾਤ ਗੁੰਝਲਦਾਰ ਹਨ। ਅਸਮਾਨ ਤੇ ਛਾਏ ਬੱਦਲ ਕਿਸ ਰੁਖ ਦੀ ਹਵਾ ਨਾਲ ਉਡ ਕੇ ਕਿਧਰ ਝੜੀ ਲਾਉਣ ਗਏ ਤੇ ਕਿਧਰ ਸੋਕੇ ਵਰਗੇ ਹਾਲਾਤ ਪੈਦਾ ਕਰਨ ਗੇ, ਇਹ ਵੋਟਰਾਂ ਦੇ ਹੱਥ ਹੈ ਅਤੇ ਇਸ ਵਾਰ ਵੋਟਰ ਕਿਸਾਨਾਂ ਵੱਲ ਵੀ ਸਵੱਲੀ ਨਜ਼ਰ ਰੱਖ ਰਹੇ ਹਨ, ਇਹ ਵੀ ਸਭ ਨੂੰ ਪਤਾ ਹੀ ਹੈ।
 
ਰਵਿੰਦਰ ਸਿੰਘ ਸੋਢੀ
001-604-369-2371

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ