Thursday, October 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਲੋਕਾਂ ਦਾ ਮਹਿੰਗਾਈ ਨੇ ਤੋੜਿਆ ਲੱਕ ਸਭ ਤੋਂ ਜਿਆਦਾ

September 18, 2021 11:17 PM

ਲੋਕਾਂ ਦਾ ਮਹਿੰਗਾਈ ਨੇ ਤੋੜਿਆ ਲੱਕ   ਸਭ ਤੋਂ ਜਿਆਦਾ               

                 ਹਰ ਰੋਜ਼ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਲੱਕ ਤੋੜਿਆ ਹੋਇਆ ਹੈ।ਰਾਜ ਕਰਦੀ ਪਾਰਟੀ ਦੇ ਬੁਲਾਰੇ ਅੰਕੜਿਆਂ,ਸੈਂਸਕਸ ਅਤੇ ਹੋਰ ਬਹੁਤ ਕੁੱਝ ਸਮਝਾਉਂਦੇ ਹਨ।ਲੋਕਾਂ ਨੂੰ ਸ਼ੇਅਰ ਮਾਰਕੀਟ ਦਾ ਉਪਰ ਜਾਣ ਜਾਂ ਹੇਠਾਂ ਡਿੱਗਣ ਨਾਲ ਕੋਈ ਸਰੋਕਾਰ ਨਹੀਂ ਹੈ।ਉਨ੍ਹਾਂ ਨੂੰ ਬਾਜ਼ਾਰ ਵਿੱਚ ਵੱਧ ਰਹੀ ਮਹਿੰਗਾਈ ਅਤੇ ਘਰ ਦਾ ਹਿੱਸਾ ਹਿਸਾਬ ਕਿਤਾਬ ਵਿਖਾਈ ਦਿੰਦਾ ਹੈ।ਇਸ ਵਕਤ ਸਰਕਾਰਾਂ ਨੇ ਲੋਕਾਂ ਬਾਰੇ ਸੋਚਣਾ ਬਿਲਕੁੱਲ ਛੱਡਿਆ ਹੋਇਆ ਹੈ। ਵੋਟਾਂ ਲੈਣ ਲਈ ਲੋਕਾਂ ਨੂੰ ਮੁਫ਼ਤ ਦੇ ਦਾਲ ਆਟੇ ਤੇ ਲਗਾ ਦਿੱਤਾ ਹੈ।ਵੋਟਾਂ ਖਰੀਦਣ ਲਈ ਪੈਸੇ ਬਣਾਉਣ ਵਿੱਚ ਸਿਆਸਤਦਾਨਾਂ ਦੀ ਵਧੇਰੇ ਦਿਲਚਸਪੀ ਹੈ।ਸਿਆਣੇ ਕਹਿੰਦੇ ਨੇ,"ਜੁੱਤੀ ਲੱਗਣ ਦੀ ਤਕਲੀਫ਼ ਉਸਨੂੰ ਪਤਾ ਹੁੰਦੀ ਹੈ ਜਿਸਨੂੰ ਜੁੱਤੀ ਲੱਗੀ ਹੋਵੇ।"ਸਿਆਸਤਦਾਨਾਂ ਅਤੇ ਬਾਬੂਸ਼ਾਹੀ ਨੂੰ ਕੀ ਪਤਾ ਜਦੋਂ ਸਬਜ਼ੀਆਂ ਦੀ ਕੀਮਤ ਵੱਧਦੀ ਹੈ ਤਾਂ ਉਸਦਾ ਅਸਰ ਕੀ ਪੈਂਦਾ ਹੈ।ਜਦੋਂ ਕਮਾਈ ਵਧੇ ਨਾ ਜਾਂ ਘਟੇ ਅਤੇ ਘਰ ਵਿੱਚ ਵਰਤਣ ਵਾਲੇ ਸਮਾਨ ਦੀਆਂ ਕੀਮਤਾਂ ਕੌੜੀ ਵੇਲ ਵਾਂਗ ਵਧੀ ਜਾਣ ਤਾਂ ਘਰ ਦਾ ਮਾਹੌਲ ਹੀ ਖ਼ਰਾਬ ਹੋਣ ਲੱਗਦਾ ਹੈ।ਜਿਵੇਂ ਦੀਆਂ ਬੇਤੁਕੀਆਂ ਗੱਲਾਂ ਬੁਲਾਰੇ ਕਰਦੇ ਹਨ,ਅਫ਼ਸੋਸ ਹੁੰਦਾ ਹੈ ਕਿ ਅਸੀਂ ਇੰਨਾਂ ਨੂੰ ਵੋਟਾਂ ਪਾਈਆਂ ਹਨ। ਠੀਕਰਾ ਕਰੋਨਾ ਦੇ ਸਿਰ ਮੰਨਦੇ ਹਨ।                                  ਕਰੋਨਾ ਮਾਹਾਂਮਾਰੀ ਨੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਲੀਹੋਂ ਲਾਹ ਦਿੱਤੀ। ਅਸਲ ਵਿੱਚ ਨੋਟਬੰਦੀ ਤੋਂ ਬਾਅਦ ਕੁੱਝ ਵੀ ਪੂਰੀ ਤਰ੍ਹਾਂ ਪੈਰਾਂ ਸਿਰ ਹੋਇਆ ਹੀ ਨਹੀਂ।ਕਰੋਨਾ ਵੇਲੇ ਸਿਆਸਤਦਾਨਾਂ ਨੇ ਆਪਣੇ ਖਰਚੇ ਤਾਂ ਘਟਾਏ ਨਹੀਂ।ਸਿਆਣੇ ਘਰਦੇ ਮੋਢੀ ਦੀ ਪਹਿਚਾਣ ਹੁੰਦੀ ਹੈ ਕਿ ਉਹ ਸਾਰਿਆਂ ਤੋਂ ਪਹਿਲਾਂ ਆਪਣੇ ਖਰਚਿਆਂ ਤੇ ਕਾਬੂ ਪਾਉਂਦਾ ਹੈ।ਮਾਹਾਂਮਾਰੀ ਵੇਲੇ ਨਵੇਂ ਸੰਸਦ ਦੀ ਇਮਾਰਤ ਬਣਾਉਣ ਵਾਲੀ ਨੀਤੀ ਸਮਝ ਨਹੀਂ ਆਈ।"ਕੋਈ ਮਰੇ ਕੋਈ ਜੀਵੇ,ਸੁਥਰਾ ਘੋਲ ਪਤਾਸ਼ੇ ਪੀਵੇ",ਜਿਸਨੂੰ ਲੋਕਾਂ ਦੀ ਕੋਈ ਚਿੰਤਾ ਤੇ ਫਿਕਰ ਨਹੀਂ ਹੋਏਗੀ ਉਹ ਹੀ ਅਜਿਹਾ ਕੰਮ ਕਰੇਗਾ। ਦੂਸਰੇ ਦੇਸ਼ਾਂ ਵਿੱਚ ਲੋਕਾਂ ਨੂੰ ਸਰਕਾਰ ਵਲੋਂ ਸਹਾਇਤਾ ਦਿੱਤੀ ਗਈ ਹੈ।ਪਰ ਸਾਡੀ ਸਰਕਾਰ ਨੇ ਡੀ ਏ ਦੀਆਂ  ਕਿਸ਼ਤਾਂ ਤੇ ਰੋਕ ਲਗਾ ਦਿੱਤੀ। 

ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦਾ ਵੱਧਣਾ ਮਤਲਬ ਲੋਕਾਂ ਨੂੰ ਮਹਿੰਗਾਈ ਦੀ ਭੱਠੀ ਵਿੱਚ ਝੁਕਣਾ ਹੈ।ਅੱਜ ਆਮ ਲੋਕਾਂ ਨੂੰ ਸਬਜ਼ੀਆਂ ਖਰੀਦਣ ਤੋਂ ਪਹਿਲਾਂ ਸੋਚਣਾ ਪੈ ਰਿਹਾ ਹੈ।ਦੁੱਧ,ਦਹੀਂ ,ਪਨੀਰ ਅਤੇ ਬਰੈਡ ਦੀਆਂ ਕੀਮਤਾਂ ਉਦੋਂ ਹੀ ਸਮਝ ਆਉਂਦੀਆਂ ਹਨ, ਜਦੋਂ ਪਹਿਲੇ ਨਾਲੋਂ ਵਧੀ ਕੀਮਤ ਦੁਕਾਨਦਾਰ ਮੰਗਦਾ ਹੈ।ਗੈਸ ਦੇ ਸਲੈਂਡਰ ਦੀਆਂ ਕੀਮਤਾਂ ਹੀ ਪੈਰ ਨਹੀਂ ਲੱਗਣ ਦੇ ਰਹੀਆਂ।ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਸਿਆਸਤਦਾਨ ਰਹਿ ਰਹੇ ਹਨ ਅਤੇ ਚੈਨਲਾਂ ਤੇ ਬੋਲਦੇ ਹਨ।ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ,ਤਨਖਾਹਾਂ ਘੱਟ ਗਈਆਂ,ਲੋਕਾਂ ਦਾ ਜਿਊਣਾ ਪਹਿਲਾਂ ਹੀ ਔਖਾ ਹੈ ਅਤੇ ਵੱਧ ਰਹੀ ਮਹਿੰਗਾਈ ਨੇ ਹੋਰ ਔਖਾ ਕਰ ਦਿੱਤਾ ਹੈ।ਜਦੋਂ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਅਸਮਾਨੀਂ ਚੜ੍ਹ ਜਾਣ ਤਾਂ ਲੋਕਾਂ ਵਿੱਚ ਗੁੱਸਾ ਵੀ ਵੱਧਦਾ ਹੈ।ਹਰ ਰੋਜ਼ ਖਾਣ ਨੂੰ ਤਾਂ ਚਾਹੀਦਾ ਹੀ ਹੈ।ਹੋਰ ਚੀਜ਼ਾਂ ਤੋਂ ਬਗੈਰ ਗੁਜ਼ਾਰਾ ਹੋ ਸਕਦਾ ਹੈ, ਪਰ ਰੋਟੀ ਬਗ਼ੈਰ ਗੁਜ਼ਾਰਾ ਨਹੀਂ ਹੋ ਸਕਦਾ।ਹਕੀਕਤ ਇਹ ਹੈ ਕਿ ਦਾਲ ਰੋਟੀ ਖਾਣੀ ਵੀ ਔਖੀ ਹੋ ਗਈ ਹੈ।ਸਰਸੋਂ ਦੇ ਤੇਲ ਦੀਆਂ ਕੀਮਤਾਂ ਪਿੱਛਲੇ ਕੁੱਝ ਮਹੀਨਿਆਂ ਵਿੱਚ ਹੀ ਬੇਹੱਦ ਵੱਧ ਗਈਆਂ।ਇਕ ਲੀਟਰ ਦੀ ਬੋਤਲ 180 ਰੁਪਏ ਦੀ ਹੋ ਗਈ।ਰਿਫਾਇੰਡ ਤੇਲ ਵੀ ਪਹੁੰਚ ਤੋਂ ਬਾਹਰ ਹਨ।
 ਮੈਂ ਇਕ ਪਾਰਟੀ ਦੇ ਬੁਲਾਰੇ ਦੀ ਗੱਲ ਜ਼ਰੂਰ ਕਰਾਂਗੀ।ਉਸਦਾ ਕਹਿਣਾ ਸੀ ਕਿ ਜੋ ਕੀਮਤ ਪੰਜ ਸਾਲ ਪਹਿਲਾਂ ਹੋਏਗੀ,ਉਹ ਨਹੀਂ ਹੋ ਸਕਦੀ।ਬਿਲਕੁੱਲ ਠੀਕ ਹੈ।ਪਰ ਤਨਖਾਹਾਂ ਵੀ ਤਾਂ ਪੰਜ ਸਾਲ ਪਹਿਲਾਂ ਵਾਲੀਆਂ ਨਹੀਂ ਰਹਿਣੀਆਂ ਚਾਹੀਦੀਆਂ।ਇਸ ਵਕਤ ਤਾਂ ਤਨਖਾਹਾਂ ਕਈਆਂ ਦੀਆਂ ਅੱਧੀਆਂ ਰਹਿ ਗਈਆਂ,ਕਈਆਂ ਦੀਆਂ ਨੌਕਰੀਆਂ ਚਲੀਆਂ ਗਈਆਂ,ਮਹਿੰਗਾਈ ਭੱਤੇ ਤੇ ਰੋਕ ਲਗਾ ਦਿੱਤੀ ਅਤੇ ਮਹਿੰਗਾਈ ਦੇ ਗਲੇ ਵਿੱਚੋਂ ਰੱਸਾ ਖੋਲ੍ਹ ਦਿੱਤਾ।ਉਹ ਜਿਵੇਂ ਮਰਜ਼ੀ ਉਛਲੇ,ਜਿੰਨੀ ਮਰਜ਼ੀ ਤੇਜ਼ੀ ਨਾਲ ਦੌੜੇ ਭੱਜੇ,ਉਸਨੂੰ ਕੋਈ ਰੋਕੇਗਾ ਨਹੀਂ। ਸਰਕਾਰ ਨੂੰ ਪੈਸੇ ਚਾਹੀਦੇ ਹਨ,ਬੜਾ ਅਜੀਬ ਬਿਆਨ ਹੈ।ਲੋਕਾਂ ਕੋਲੋਂ ਹੀ ਸਰਕਾਰ ਇਕੱਠਾ ਕਰੇਗੀ।ਇੰਨਾਂ ਨੂੰ ਕੌਣ ਸਮਝਾਵੇ ਕਿ ਲੋਕਾਂ ਨੂੰ ਦੇਣਾ ਵੀ ਸਿਖ ਲਵੋ।ਅਸਲ ਵਿੱਚ ਸਿਆਸਤਦਾਨਾਂ ਨੂੰ ਅਤੇ ਬਾਬੂਸ਼ਾਹੀ ਨੂੰ ਇੰਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੀ ਨਹੀਂ ਪੈਂਦਾ।ਬਥੇਰੇ ਪੈਸੇ ਨੇ,ਆਪਣੇ ਭੱਤੇ ਤਾਂ ਬੰਦ ਕਰਨੇ ਨਹੀਂ।
ਮਿਡਲ ਕਲਾਸ ਨੂੰ ਕੀ ਮਦਦ ਦਿੱਤੀ?ਸਰਕਾਰੀ ਖਜ਼ਾਨੇ ਭਰਨ ਵਿੱਚ ਸਾਰਿਆਂ ਤੋਂ ਵੱਧ ਮਿਡਲ ਕਲਾਸ ਦਾ ਯੋਗਦਾਨ ਹੈ।ਇੰਨਾ ਦਾ ਤਾਂ ਖੂਨ ਚੰਗੀ ਤਰ੍ਹਾਂ ਨਿਚੋੜਿਆ ਹੋਇਆ ਹੈ।ਇੰਨਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਨਾ ਇਹ ਕਿਸੇ ਕੋਲੋਂ ਮੰਗ ਸਕਦੇ ਹਨ ਅਤੇ ਨਾ ਇੰਨਾਂ ਕੋਲ ਬਹੁਤ ਜ਼ਿਆਦਾ ਹੁੰਦਾ ਹੈ।ਇੰਨਾਂ ਨੂੰ ਇਜ਼ੱਤ ਦਾ ਵੀ ਵਧੇਰੇ ਫਿਕਰ ਰਹਿੰਦਾ ਹੈ।ਮਿਡਲ ਕਲਾਸ ਅਤੇ ਨੌਕਰੀਆਂ,ਪੈਨਸ਼ਨਾਂ ਵਾਲਿਆਂ ਦੇ ਟੈਕਸ ਤਾਂ ਕੱਟਕੇ,ਖਾਤਿਆਂ ਵਿੱਚ ਪੈਂਦੀ ਹੈ।
 ਇਸ ਵਕਤ ਮਹਿੰਗਾਈ ਨੇ ਲੋਕਾਂ ਦੀਆਂ ਚੀਕਾਂ ਕੱਢੀਆਂ ਹੋਈਆਂ ਹਨ।ਲੋਕ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਹਨ।ਸਿਆਸਤਦਾਨ ਆਪਣੇ ਖਰਚੇ ਤਾਂ ਘੱਟ ਕਰਦੇ ਹੀ ਨਹੀਂ।ਸਰਕਾਰਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਦੇ ਹਿੱਤਾਂ ਲਈ ਕੰਮ ਕਰਨ।ਇਸ ਵੇਲੇ ਜਿਵੇਂ ਦਾਲ ਰੋਟੀ ਵੀ ਥਾਲੀ ਚੋਂ ਗਾਇਬ ਹੋ ਰਹੀ ਹੈ,ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ।ਪੇਟ ਦੀ ਭੁੱਖ ਕਿਸੇ ਨੂੰ ਵੀ,ਕੋਈ ਵੀ ਰਸਤਾ ਚੁਣਨ ਲਈ ਮਜਬੂਰ ਕਰ ਦਿੰਦੀ ਹੈ।ਉਹ ਰਸਤਾ ਕਿਸੇ ਗਲਤ ਪਾਸੇ ਵੀ ਜਾ ਰਿਹਾ ਹੋ ਸਕਦਾ ਹੈ।ਲੋਕਾਂ ਨੂੰ ਅੰਕੜਿਆਂ ਦੀ ਭਾਸ਼ਾ ਸਮਝਣ ਵਿੱਚ ਕੋਈ ਦਿਲਚਸਪੀ ਨਹੀਂ ਹੈ।ਉਨ੍ਹਾਂ ਨੂੰ ਪੇਟ ਭਰ ਰੋਟੀ ਚਾਹੀਦੀ ਹੈ।ਉਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸੇ ਵੀ ਚਾਹੀਦੇ ਹਨ।ਗੈਸ ਸਲੈਂਡਰ ਭਰਵਾਉਣ ਲਈ ਜੇਕਰ ਪੈਸੇ ਨਹੀਂ ਤਾਂ ਗੈਸ ਦਾ ਕੋਈ ਫਾਇਦਾ ਨਹੀਂ।ਲੋਕ ਇਸ ਵੇਲੇ ਮਹਿੰਗਾਈ ਨੇ ਬੁਰੀ ਤਰ੍ਹਾਂ ਨਪੀੜੇ ਹੋਏ ਹਨ।ਆਮ ਲੋਕਾਂ ਦੀ ਹਾਲਤ ਦਿਨੋਂ ਦਿਨ ਮਹਿੰਗਾਈ ਕਰਕੇ ਤਰਸਯੋਗ ਹੋ ਰਹੀ ਹੈ।
ਪ੍ਰਭਜੋਤ ਕੌਰ ਢਿੱਲੋਂ

Have something to say? Post your comment