Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Article

ਮੇਰੀ ਮੰਚ ਪ੍ਰਤਿਭਾ

September 06, 2021 12:34 AM
                       ਮੇਰੀ ਮੰਚ ਪ੍ਰਤਿਭਾ
                       """""""""""""""""""""
                                   ~ ਪ੍ਰੋ. ਨਵ ਸੰਗੀਤ ਸਿੰਘ 
 
     ਮੰਚ ਜਾਂ ਸਟੇਜ ਅਜਿਹੀ ਥਾਂ ਹੈ, ਜਿੱਥੇ ਖੜ੍ਹ ਕੇ ਬੁਲਾਰਾ ਸਾਰੇ ਦਰਸ਼ਕਾਂ ਨੂੰ ਵੇਖ ਸਕਦਾ ਹੈ ਤੇ ਸਾਰੇ ਦਰਸ਼ਕ ਉਹਨੂੰ ਵੇਖ ਸਕਦੇ ਹਨ। ਮੰਚ ਤੇ ਖੜ੍ਹੇ ਵਿਅਕਤੀ ਵਿਚ ਜਿੰਨਾ ਵਧੇਰੇ ਸਵੈ- ਵਿਸ਼ਵਾਸ, ਸ਼ਬਦਾਵਲੀ ਅਤੇ ਸਮਰੱਥਾ ਹੋਵੇਗੀ, ਉਨਾਂ ਹੀ ਉਹ ਸਰੋਤਿਆਂ/ ਦਰਸ਼ਕਾਂ ਨੂੰ ਪ੍ਰਭਾਵਿਤ ਕਰ ਸਕੇਗਾ। ਮੰਚ ਤੇ ਖਡ਼੍ਹੇ ਸਾਰੇ ਵਿਅਕਤੀਆਂ ਵਿੱਚ ਇਹ ਗੁਣ ਨਹੀਂ ਹੁੰਦਾ। ਅਧਿਆਪਕ, ਨੇਤਾ ਅਤੇ ਭਾਸ਼ਣਕਾਰ ਵਿਚ ਮੰਚ ਦੀਆਂ ਖ਼ੂਬੀਆਂ ਹੋਣੀਆਂ ਬਹੁਤ ਜ਼ਰੂਰੀ ਹਨ। 
     ਮੈਨੂੰ ਵਿਰਸੇ 'ਚੋਂ ਮੰਚ-ਪ੍ਰਸਤੁਤੀ ਦੀਆਂ ਖ਼ੂਬੀਆਂ ਪ੍ਰਾਪਤ ਹੋਈਆਂ ਹਨ। ਮੇਰੇ ਪਿਤਾ ਗਿਆਨੀ ਕਰਤਾਰ ਸਿੰਘ (1921-2013) ਮਾਤ-ਭਾਸ਼ਾ ਪੰਜਾਬੀ ਦੇ ਅਧਿਆਪਕ ਸਨ। ਉਨ੍ਹਾਂ ਨੇ ਵਧੇਰੇ ਸਮਾਂ ਕੋਟਕਪੂਰਾ, ਬਰਗਾੜੀ ਅਤੇ ਗੋਨਿਆਨਾ ਮੰਡੀ (ਫ਼ਰੀਦਕੋਟ/ ਬਠਿੰਡਾ ਜ਼ਿਲਿਆਂ) ਵਿੱਚ ਸੇਵਾ ਨਿਭਾਈ। ਉਨ੍ਹਾਂ ਦੇ ਅਧਿਆਪਨ ਦਾ ਢੰਗ ਸਾਰੇ ਅਧਿਆਪਕਾਂ ਨਾਲੋਂ ਵੱਖਰਾ ਸੀ। ਜਿੱਥੇ ਆਮ ਅਧਿਆਪਕ 'ਤੂੰ ਪੜ੍ਹ' ਵਾਲੀ ਵਿਧੀ ਅਪਣਾਉਂਦੇ ਸਨ ਤੇ ਅੱਜਕੱਲ੍ਹ ਵੀ ਅਪਣਾ ਰਹੇ ਹਨ, ਉੱਥੇ ਮੇਰੇ ਪਿਤਾ ਜੀ ਖ਼ੁਦ ਪੜ੍ਹਦੇ ਸਨ ਤੇ ਅਜਿਹੇ ਭਾਵਪੂਰਤ ਢੰਗ ਨਾਲ ਪੜ੍ਹਦੇ ਸਨ ਕਿ ਬਹੁਤੀਆਂ ਗੱਲਾਂ ਵਿਦਿਆਰਥੀਆਂ ਨੂੰ ਬਿਨਾਂ ਸਮਝਾਇਆਂ ਹੀ ਪਤਾ ਲੱਗ ਜਾਂਦੀਆਂ ਸਨ। ਉਨ੍ਹਾਂ ਦਾ ਕਵਿਤਾ ਪੜ੍ਹਨ ਦਾ ਢੰਗ ਤਾਂ ਬਹੁਤ ਆਕਰਸ਼ਕ ਹੁੰਦਾ ਸੀ ਅਤੇ ਵਧੇਰੇ ਕਵਿਤਾਵਾਂ ਉਨ੍ਹਾਂ ਨੂੰ ਜ਼ਬਾਨੀ ਚੇਤੇ ਸਨ। ਕਈ ਵਾਰ ਉਹ ਸਾਰੀ ਦੀ ਸਾਰੀ ਕਵਿਤਾ ਜ਼ੁਬਾਨੀ ਬੋਲ ਕੇ ਸੁਣਾ ਦਿੰਦੇ ਸਨ। 
     ਪਿਤਾ ਜੀ ਦਾ ਇਹ ਗੁਣ ਮੇਰੇ ਵਿੱਚ ਸਹਿਜ-ਸੁਭਾਅ ਹੀ ਆ ਗਿਆ। ਕਿਉਂਕਿ ਮੈਂ ਸਕੂਲ ਦੀ ਪਹਿਲੀਆਂ ਦੋ-ਤਿੰਨ ਜਮਾਤਾਂ ਆਪਣੇ ਪਿਤਾ ਜੀ ਦੀਆਂ ਕਲਾਸਾਂ ਵਿਚ ਜਾ-ਜਾ ਕੇ ਹੀ ਪੜ੍ਹੀਆਂ। ਉਹ ਭਾਵੇਂ ਵੱਡੀਆਂ ਜਮਾਤਾਂ (ਅੱਠਵੀਂ, ਨੌਵੀਂ, ਦਸਵੀਂ) ਨੂੰ ਹੀ ਪੜ੍ਹਾਉਂਦੇ ਸਨ ਤੇ ਮੈਂ ਅਕਸਰ ਉਨ੍ਹਾਂ ਨਾਲ ਹੀ ਰਹਿੰਦਾ ਸਾਂ। ਉਨ੍ਹਾਂ ਨੇ ਕਦੇ ਵੀ ਜਮਾਤ ਨੂੰ ਕੁਰਸੀ ਉੱਤੇ ਬੈਠ ਕੇ ਨਹੀਂ ਸੀ ਪੜ੍ਹਾਇਆ, ਹਮੇਸ਼ਾ ਖੜ੍ਹ ਕੇ ਹਾਵਾਂ-ਭਾਵਾਂ, ਇਸ਼ਾਰਿਆਂ, ਮੁਦ੍ਰਾਵਾਂ ਨਾਲ ਪੜ੍ਹਾਉਂਦੇ ਰਹੇ। ਜਿੱਥੇ ਗਣਿਤ ਵਾਲ਼ੇ ਅਧਿਆਪਕ ਵੀ ਬਲੈਕ-ਬੋਰਡ ਦੀ ਵਰਤੋਂ ਨਹੀਂ ਸਨ ਕਰਦੇ, ਉੱਥੇ ਪਿਤਾ ਜੀ ਪੰਜਾਬੀ ਪੜ੍ਹਾਉਂਦੇ ਸਮੇਂ ਵੱਧ ਤੋਂ ਵੱਧ ਬਲੈਕ-ਬੋਰਡ ਦੀ ਵਰਤੋਂ ਕਰਦੇ ਸਨ। ਉਨ੍ਹਾਂ ਨੂੰ ਪੜ੍ਹਾਉਂਦਿਆਂ ਵੇਖ ਕੇ ਮੇਰੇ ਮਨ ਵਿੱਚ ਵੀ ਉਤਸ਼ਾਹ ਜਾਗਦਾ ਤੇ ਕਦੇ-ਕਦੇ ਨੌਵੀਂ/ ਦਸਵੀਂ ਦੀ ਵੱਡੀ ਜਮਾਤ ਵਿੱਚ ਮੇਰੇ ਪਿਤਾ ਮੈਨੂੰ ਕਵਿਤਾ ਪੜ੍ਹਨ ਲਈ ਕਹਿ ਦਿੰਦੇ ਸਨ, ਜਿਸ ਨਾਲ ਹੌਲੀ-ਹੌਲੀ ਮੇਰਾ ਹੌਸਲਾ ਵਧਦਾ ਗਿਆ। 
     ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਕੂਲ ਦੇ ਸਾਲਾਨਾ ਸਮਾਗਮਾਂ ਵਿੱਚ ਮੈਂ ਅਕਸਰ ਕਾਵਿ-ਉਚਾਰਣ/ ਭਾਸ਼ਨ ਅਤੇ ਨਾਟਕ ਦੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਕਰਦਾ ਸਾਂ। ਚੌਥੀ/ ਪੰਜਵੀਂ ਦੀ ਗੱਲ ਹੈ, 1966-67 ਦੀ, ਸਾਨੂੰ ਹਰਚਰਨ ਭੈਣ ਜੀ (ਉਸ ਸਮੇਂ ਅਧਿਆਪਕਾ ਨੂੰ 'ਭੈਣ ਜੀ' ਹੀ ਕਿਹਾ ਜਾਂਦਾ ਸੀ, ਮੈਡਮ ਨਹੀਂ) ਪੰਜਾਬੀ ਪੜ੍ਹਾਉਂਦੇ ਸਨ। ਸਾਡੇ ਸਿਲੇਬਸ ਵਿੱਚ ਇਕ ਕਵਿਤਾ ਲੱਗੀ ਸੀ- 'ਹੇ ਪਿਆਰੀ ਭਾਰਤ ਮਾਂ, ਅਸੀਂ ਤੈਨੂੰ ਸੀਸ ਝਕਾਉਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ...।' ਸਾਲਾਨਾ- ਸਮਾਗਮ ਲਈ ਸਾਨੂੰ ਭੈਣ ਜੀ ਨੇ ਇਹ ਕਵਿਤਾ ਅਭਿਨੈ ਅਤੇ ਵੇਸ਼-ਭੂਸ਼ਾ ਵਿੱਚ ਪ੍ਰਸਤੁਤ ਕਰਨ ਲਈ ਤਿਆਰ ਕਰਵਾਈ। ਹੋਰਨਾਂ ਸਹਿਪਾਠੀਆਂ ਬਾਰੇ ਮੈਨੂੰ ਯਾਦ ਨਹੀਂ, ਕਿ ਕੌਣ ਕੀ-ਕੀ ਬਣਿਆ, ਪਰ ਮੈਨੂੰ ਯਾਦ ਹੈ ਕਿ ਮੈਨੂੰ 'ਭਾਰਤ ਮਾਤਾ' ਬਣਨ ਦਾ ਰੋਲ ਮਿਲਿਆ ਸੀ ਤੇ ਅਧਿਆਪਕਾ ਨੇ ਮੇਰੇ ਵਾਲ ਖਿਲਾਰ ਕੇ ਸਿਰ ਉੱਤੇ ਗੱਤੇ ਦਾ ਬਣਿਆ ਮੁਕਟ ਬੰਨ੍ਹ ਦਿੱਤਾ, ਸਾੜੀ ਪਹਿਨਾ ਕੇ ਮੈਨੂੰ ਭਾਰਤ ਮਾਂ ਦੇ ਰੂਪ ਵਿੱਚ ਪੇਸ਼ ਕੀਤਾ। ਦਰਸ਼ਕਾਂ/ ਅਧਿਆਪਕਾਂ ਉਤੇ ਇਹਦਾ ਕੀ ਪ੍ਰਭਾਵ ਪਿਆ,ਮੈਨੂੰ ਪਤਾ ਨਹੀਂ। ਪਰ ਇੰਨਾ ਜ਼ਰੂਰ ਯਾਦ ਹੈ ਕਿ ਮੇਰੇ ਪਿਤਾ ਜੀ, ਜੋ ਉਸ ਸਮਾਗਮ ਵਿੱਚ ਦਰਸ਼ਕ ਵਜੋਂ ਬੈਠੇ ਸਨ, ਨੂੰ ਵੀ ਮੇਰੀ ਪਛਾਣ ਨਹੀਂ ਸੀ ਆਈ ਅਤੇ ਜਦੋਂ ਸਾਡੀ ਟੀਮ ਨੂੰ ਇਨਾਮ ਮਿਲਿਆ ਸੀ, ਮੇਰਾ ਨਾਂ ਬੋਲਿਆ ਗਿਆ ਤਾਂ ਹੀ ਉਨ੍ਹਾਂ ਨੂੰ ਮੇਰੇ ਬਾਰੇ ਪਤਾ ਲੱਗਿਆ ਸੀ। ਖ਼ੈਰ...
     ਮੇਰੇ ਪਿਤਾ ਨੇ ਮੈਨੂੰ ਚੌਥੀ/ ਪੰਜਵੀਂ ਤੋਂ ਹੀ ਗੁਰਦੁਆਰਿਆਂ ਦੀਆਂ ਧਾਰਮਿਕ ਸਟੇਜਾਂ ਉੱਤੇ ਭਾਸ਼ਣਕਾਰ ਵਜੋਂ ਸਾਹਮਣੇ ਲਿਆਉਣ ਵਿਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਨੇ ਮੈਨੂੰ ਜ਼ੋਰ ਦੇ ਕੇ ਸਮਝਾਇਆ ਕਿ ਕਿਸੇ ਕਥਨ ਨੂੰ ਕਿਵੇਂ ਬੋਲਣਾ ਹੈ ਤੇ ਮੈਂ ਮੁਕਤਸਰ, ਦਮਦਮਾ ਸਾਹਿਬ ਆਦਿਕ ਵੱਡੇ ਧਾਰਮਿਕ ਇਕੱਠਾਂ ਵਿੱਚ ਹਜ਼ਾਰਾਂ ਸਰੋਤਿਆਂ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ-ਕਹਾਣੀ ਬੜੀ ਸਫਲਤਾ ਨਾਲ ਦੱਸਣ ਵਿੱਚ ਕਾਮਯਾਬ ਹੋਇਆ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਨਕਦ- ਇਨਾਮ ਪ੍ਰਾਪਤ ਕੀਤਾ।
      ਇਸੇ ਤਰ੍ਹਾਂ ਸਕੂਲ ਦੀਆਂ ਜਮਾਤਾਂ ਵਿਚ ਮੈਂ ਪਿੱਛੋਂ ਲਗਭਗ ਹਰ ਸਾਲ ਕਵਿਤਾ ਤੇ ਭਾਸ਼ਣ ਮੁਕਾਬਲੇ ਵਿੱਚ ਹਿੱਸਾ ਲੈਂਦਾ ਰਿਹਾ ਤੇ ਉਦੋਂ ਦੇ ਬਹੁਤ ਸਾਰੇ ਸਰਟੀਫਿਕੇਟ ਅਜੇ ਤੱਕ ਮੇਰੇ ਕੋਲ ਸੰਭਾਲੇ ਹੋਏ ਹਨ। ਨੌਵੀਂ, ਦਸਵੀਂ ਤੱਕ ਹੁੰਦਿਆਂ ਸਾਡੇ ਮੁੱਖ ਅਧਿਆਪਕ ਸ੍ਰੀ ਪਿਆਰੇ ਲਾਲ ਗੋਇਲ ਸਨ, ਜੋ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਦੇ ਸਨ। ਸ੍ਰੀ ਗੋਇਲ ਜੈਤੋ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਇੱਕ ਭਰਾ ਪ੍ਰੇਮ ਭੂਸ਼ਨ ਗੋਇਲ ਭਾਸ਼ਾ ਵਿਭਾਗ ਵਿੱਚ ਉੱਚੇ ਅਹੁਦੇ ਤੋਂ ਸੇਵਾਮੁਕਤ ਹੋਇਆ ਅਤੇ ਇੱਕ ਜੰਗ ਬਹਾਦਰ ਗੋਇਲ ਅੱਜਕੱਲ੍ਹ ਚੰਡੀਗੜ੍ਹ ਰਹਿੰਦਾ ਹੈ, ਜਿਸਨੇ 'ਸੰਸਾਰ ਪ੍ਰਸਿੱਧ ਨਾਵਲ' ਨਾਂ ਦੀਆਂ ਕਿਤਾਬਾਂ ਕਈ ਜਿਲਦਾਂ ਵਿੱਚ ਲਿਖ ਕੇ ਪੰਜਾਬੀ ਸਾਹਿਤ ਇੱਕ ਨਵੀਂ ਵਾਰਤਕ ਸ਼ੈਲੀ ਦਾ ਮੁੱਢ ਬੰਨ੍ਹਿਆ ਹੈ। ਪਿਆਰੇ ਲਾਲ ਗੋਇਲ ਦਾ ਕਈ ਵਰ੍ਹੇ ਪਹਿਲਾਂ ਦੇਹਾਂਤ ਹੋ ਚੁੱਕਾ ਹੈ।
      ਮੈਟ੍ਰਿਕ ਤੋਂ ਬਾਅਦ ਦੀ ਸਾਰੀ ਪੜ੍ਹਾਈ ਮੈਂ ਪ੍ਰਾਈਵੇਟ ਤੌਰ ਤੇ ਕੀਤੀ ਅਤੇ ਸਾਰੀਆਂ ਜਮਾਤਾਂ ਪਹਿਲੇ ਦਰਜੇ ਵਿੱਚ ਪਾਸ ਕੀਤੀਆਂ। ਐਮ ਏ (ਪੰਜਾਬੀ) 'ਚੋਂ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਦੌਰਾਨ ਮੇਰੀ ਮੰਚ-ਪ੍ਰਤਿਭਾ ਨੂੰ ਕੋਈ ਹੁਲਾਰਾ ਨਾ ਮਿਲ ਸਕਿਆ ਤੇ ਮੈਂ ਆਪਣਾ ਝੁਕਾਅ ਲੇਖਨ ਵੱਲ ਕਰ ਲਿਆ, ਜੋ ਕਿ ਆਪੇ ਨੂੰ ਪ੍ਰਗਟਾਉਣ ਦਾ ਇੱਕ ਹੋਰ ਉੱਤਮ ਜ਼ਰੀਆ ਹੈ। 1979-80 ਦੌਰਾਨ ਮੈਂ ਅਖ਼ਬਾਰਾਂ, ਮੈਗਜ਼ੀਨਾਂ ਲਈ ਲਿਖਣਾ ਸ਼ੁਰੂ ਕਰ ਦਿੱਤਾ, ਜੋ ਅੱਜ ਤੱਕ ਬਾਦਸਤੂਰ ਜਾਰੀ ਹੈ। 
      ਸੰਨ 1977 ਵਿੱਚ ਮੈਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੈਲੀਗ੍ਰਾਫਿਸਟ ਦੀ ਨੌਕਰੀ ਮਿਲ ਗਈ। ਉੱਥੇ ਗੈਰ-ਅਧਿਆਪਨ ਕਰਮਚਾਰੀ ਹਰ ਸਾਲ ਆਪਣੇ ਪ੍ਰੋਗਰਾਮ ਕਰਦੇ ਸਨ- ਖੇਡਾਂ, ਸੱਭਿਆਚਾਰਕ-ਗਤੀਵਿਧੀਆਂ ਦੇ। ਮੇਰਾ ਖੇਡਾਂ ਵਿੱਚ ਕੋਈ ਸ਼ੌਕ ਨਹੀਂ ਸੀ, ਇਸ ਲਈ ਮੈਂ ਸੱਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਲੈਣ ਲੱਗ ਪਿਆ। ਉਦੋਂ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਅਮਰੀਕ ਸਿੰਘ ਸਨ ਜੋ ਬੜੇ ਸਖ਼ਤ ਅਨੁਸ਼ਾਸਨ ਵਾਲੇ ਸਨ। ਮੈਂ ਉਨ੍ਹਾਂ ਦੇ ਚਿਹਰੇ 'ਤੇ ਕਦੇ ਹਾਸਾ ਨਹੀਂ ਸੀ ਵੇਖਿਆ। ਉਨ੍ਹਾਂ ਹੀ ਦਿਨਾਂ ਵਿਚ ਦਸੰਬਰ ਜਾਂ ਜਨਵਰੀ ਦੇ ਮਹੀਨੇ ਗ਼ੈਰ-ਅਧਿਆਪਨ ਕਰਮਚਾਰੀਆਂ ਦਾ ਸੱਭਿਆਚਾਰਕ ਸਮਾਗਮ ਹੋਇਆ। ਕਰਮਚਾਰੀ ਹੀ ਸਾਰਾ ਸਮਾਗਮ ਆਯੋਜਿਤ ਕਰ ਰਹੇ ਸਨ। ਦਰਸ਼ਕਾਂ ਵਿਚ ਰਜਿਸਟਰਾਰ, ਉਪ ਰਜਿਸਟਰਾਰ, ਸੁਪਰਡੈਂਟ, ਸਾਰੇ ਕਰਮਚਾਰੀ ਅਤੇ ਵੀ ਸੀ ਡਾ. ਅਮਰੀਕ ਸਿੰਘ ਮੌਜੂਦ ਸਨ। ਮੈਂ ਕਾਵਿ-ਉਚਾਰਣ ਵਿੱਚ ਆਪਣਾ ਨਾਂ ਲਿਖਵਾਇਆ ਸੀ ਤੇ ਮੈਂ ਉਦੋਂ ਸੁਰਜੀਤ ਪਾਤਰ ਦੀ ਕਵਿਤਾ 'ਹੁਣ ਘਰਾਂ ਨੂੰ ਪਰਤਣਾ...' ਪੜ੍ਹੀ ਸੀ, ਆਪਣੇ ਕਾਵਿਕ ਅੰਦਾਜ਼ ਵਿਚ। ਇੱਥੇ ਹੀ ਯੂਨੀਵਰਸਿਟੀ ਦੇ ਕਰਮਚਾਰੀ ਸੰਘ ਦੇ ਪ੍ਰਧਾਨ ਕਾਮਰੇਡ ਕੌਰ ਸਿੰਘ ਸੇਖੋਂ ਨੇ ਸੰਤ ਰਾਮ ਉਦਾਸੀ ਦੀ ਕਵਿਤਾ ਪੜ੍ਹੀ ਸੀ। ਮੈਨੂੰ ਲੱਗਦਾ ਸੀ ਕਿ ਮੁਕਾਬਲੇ ਵਿੱਚ ਸੇਖੋਂ ਜੇਤੂ ਰਹੇਗਾ, ਕਿਉਂਕਿ ਉਹ ਯੂਨੀਅਨ ਦਾ ਪ੍ਰਧਾਨ ਜੋ ਸੀ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਵਿਜੈਤਾ ਵਜੋਂ ਮੇਰਾ ਨਾਂ ਘੋਸ਼ਿਤ ਹੋਇਆ ਤੇ ਸੇਖੋਂ ਦੂਜੇ ਨੰਬਰ ਤੇ ਆਇਆ। ਵਾਈਸ-ਚਾਂਸਲਰ ਨੇ ਖੁਦ ਮੈਨੂੰ ਨਟਰਾਜ ਦੀ ਮੂਰਤੀ ਵਾਲਾ ਇਕ ਸਨਮਾਨ ਚਿੰਨ੍ਹ ਭੇਟ ਕੀਤਾ ਸੀ, ਜੋ ਅਜੇ ਤੱਕ ਮੇਰੇ ਕੋਲ ਸਾਂਭਿਆ ਹੋਇਆ ਹੈ। 
      ਕਾਲਜ-ਅਧਿਆਪਕ ਬਣਨ ਪਿੱਛੋਂ ਇਹ ਮੇਰੀ ਹੀ ਡਿਊਟੀ ਲੱਗ ਗਈ ਕਿ ਕੋਈ ਵੀ ਛੋਟਾ-ਵੱਡਾ ਸਮਾਗਮ ਹੋਵੇ, ਮੰਚ- ਸੰਚਾਲਨ ਦੀ ਜ਼ਿੰਮੇਵਾਰੀ ਸਦਾ ਮੇਰੇ ਕੋਲ ਹੀ ਰਹੀ। 2005 ਵਿੱਚ ਕਾਲਜ ਦੇ ਸਾਲਾਨਾ ਸਮਾਗਮ ਸਮੇਂ ਏਡੀਸੀ ਕੇ ਪੀ ਐਸ ਮਾਹੀ ਮੁੱਖ ਮਹਿਮਾਨ ਵਜੋਂ ਆਇਆ, ਤਾਂ ਉਹ ਮੇਰੀ ਮੰਚ-ਕਲਾ ਤੋਂ ਪ੍ਰਭਾਵਿਤ ਹੋ ਕੇ ਪ੍ਰਿੰਸੀਪਲ ਨੂੰ ਪੁੱਛਣ ਲੱਗਿਆ ਕਿ ਇਹ ਪ੍ਰੋਫੈਸ਼ਨਲ ਸੰਚਾਲਕ ਤੁਸੀਂ ਕਿੱਥੋਂ ਲੈ ਕੇ ਆਏ ਹੋ? ਉਹਦੇ ਦੱਸਣ ਤੇ ਕਿ ਇਹ ਤਾਂ ਸਾਡੇ ਹੀ ਕਾਲਜ ਦਾ ਇੱਕ ਅਧਿਆਪਕ ਹੈ, ਮਾਹੀ ਨੂੰ ਹੈਰਾਨੀ-ਭਰੀ ਖੁਸ਼ੀ ਹੋਈ ਤੇ ਉਸ ਨੇ ਮੈਨੂੰ ਕੋਲ ਸੱਦ ਕੇ ਕਿਹਾ ਕਿ ਅਸੀਂ ਤੁਹਾਨੂੰ ਆਪਣੇ ਸਮਾਗਮਾਂ ਵਿੱਚ ਮੰਚ- ਸੰਚਾਲਨ ਲਈ ਬੁਲਾਇਆ ਕਰਾਂਗੇ। ਇਸ ਤੋਂ ਪਹਿਲਾਂ 2003 ਵਿੱਚ ਪ੍ਰਿੰ. ਬੀਪੀ ਸਿੰਘ ਦੇ ਕਾਰਜਕਾਲ ਸਮੇਂ ਵਾਈਸ-ਚਾਂਸਲਰ ਸਵਰਨ ਸਿੰਘ ਬੋਪਾਰਾਏ ਕਾਲਜ ਆਏ ਤੇ ਉਨ੍ਹਾਂ ਨੇ ਪੇਂਡੂ ਲੋਕਾਂ ਨੂੰ ਸਿੱਖਿਆ ਸੰਬੰਧੀ ਜਾਗਰੂਕ ਕਰਨ ਲਈ ਸਾਡੇ ਕਾਲਜ ਨੂੰ ਚੁਣਿਆ। ਉਦੋਂ ਵੀਸੀ ਦੇ ਨਾਲ ਰਜਿਸਟਰਾਰ ਪਰਮਬਖਸ਼ੀਸ਼ ਸਿੰਘ ਵੀ ਸਨ। ਅਜੇ ਵੀਸੀ ਨੇ ਬੋਲਣਾ ਹੀ ਸੀ ਕਿ ਮੈਨੂੰ ਮੰਚ- ਸੰਚਾਲਨ ਲਈ ਕਹਿ ਦਿੱਤਾ ਗਿਆ। ਮੈਂ ਕਰੀਬ ਡੇਢ ਘੰਟਾ ਬਿਨਾਂ ਮਾਈਕ ਤੋਂ ਸਿੱਖਿਆ ਸਬੰਧੀ ਭਾਸ਼ਨ ਨਾਲ ਪੇਂਡੂ ਸਰੋਤਿਆਂ ਨੂੰ ਬੰਨ੍ਹੀ ਰੱਖਿਆ। ਬੋਪਾਰਾਏ ਨੇ ਬੀਪੀ ਸਿੰਘ ਨੂੰ ਪੁੱਛਿਆ ਕਿ ਇਹ ਸਟੇਜ ਸੈਕਟਰੀ ਕੌਣ ਹੈ? ਪ੍ਰਿੰਸੀਪਲ ਨੇ ਦੱਸਿਆ ਕਿ ਇਹ ਸਾਡੇ ਹੀ ਕਾਲਜ ਦਾ ਅਧਿਆਪਕ ਹੈ, ਤਾਂ ਬੋਪਾਰਾਏ ਨੇ ਵਿਸ਼ੇਸ਼ ਤੌਰ ਤੇ ਮੈਨੂੰ ਸ਼ਾਬਾਸ਼ ਅਤੇ ਮੁਬਾਰਕਬਾਦ ਦਿੱਤੀ ਸੀ। ਉਸ ਸਮਾਗਮ ਵਿਚ ਅਸੀਂ ਸਿਰਫ ਦੋ ਹੀ ਬੁਲਾਰੇ ਸਾਂ- ਮੈਂ ਮੰਚ ਸੰਚਾਲਕ ਵਜੋਂ, ਤੇ ਵੀਸੀ ਮੁੱਖ-ਵਕਤਾ ਵਜੋਂ।  
     ਮੈਨੂੰ ਖੁਸ਼ੀ ਹੈ ਕਿ ਨਿਰੰਤਰ ਪੜ੍ਹਦੇ-ਲਿਖਦੇ ਰਹਿਣ ਕਰਕੇ ਮੇਰਾ ਮੰਚ ਤੇ ਸਵੈ-ਵਿਸ਼ਵਾਸ ਹੋਰ ਵੀ ਬੁਲੰਦ ਹੁੰਦਾ ਚਲਾ ਗਿਆ। ਜਿੱਥੇ ਪਹਿਲਾਂ-ਪਹਿਲ ਮੰਚ-ਸੰਚਾਲਨ ਲਈ ਮੈਂ ਕੁਝ ਵਰ੍ਹੇ ਵਿਸ਼ੇਸ਼ ਤਿਆਰੀ ਕਰਦਾ ਰਿਹਾ, ਉੱਥੇ ਪਿੱਛੋਂ ਮੈਂ ਬਿਨਾਂ ਤਿਆਰੀ ਤੋਂ ਵੀ ਮੰਚ-ਸੰਚਾਲਨ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਭਿੰਨ ਸਿੱਖਿਆ/ ਸਮਾਜਿਕ ਸੰਸਥਾਵਾਂ ਵੱਲੋਂ ਬੁਲਾਰੇ ਵਜੋਂ ਬੁਲਾਉਣ ਤੇ ਹੁਣ ਮੈਂ ਕੋਈ ਵਿਸ਼ੇਸ਼ ਤਿਆਰੀ ਕਰਕੇ ਨਹੀਂ ਜਾਂਦਾ, ਸਗੋਂ ਆਪਣੇ ਅੰਦਰ ਸਮਾਏ ਪ੍ਰਾਕਿਰਤਕ ਗੁਣਾਂ ਨੂੰ ਦਰਸ਼ਕਾਂ/ ਸਰੋਤਿਆਂ ਸਾਹਵੇਂ ਪ੍ਰਦਰਸ਼ਿਤ ਕਰਕੇ ਉਨ੍ਹਾਂ ਨੂੰ ਪ੍ਰਭਾਵਿਤ ਤੇ ਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਹਾਂ।

Have something to say? Post your comment

More From Article

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਦੇ ਫਲਸਫੇ ਨੂੰ ਸਮਝੀਏ ,ਵੀਚਾਰੀਏ ਕਿ ਇਹ ਸ਼ਹਾਦਤਾਂ ਕੀ ਸਬਕ ਦਿੰਦੀਆਂ ਤੇ ਸਾਡੇ ਤੋਂ ਕੀ ਮੰਗ ਕਰਦੀਆਂ ? :- ਗੁਰਚਰਨ ਸਿੰਘ ਗੁਰਾਇਆ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਸਮਾਜਵਾਦੀ ਪ੍ਰਬੰਧ ਹੀ ਬੁਢੇਪੇ ਦਾ ਜ਼ਾਮਨ ! -ਰਾਜਿੰਦਰ ਕੌਰ ਚੋਹਕਾ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਪੱਤਰਕਾਰੀ ਦੇ ਬਾਬਾ ਬੋਹੜ ਅਵਤਾਰ ਸਿੰਘ ਗ਼ੈਰਤ ਨੂੰ ਸ਼ਰਧਾਂਜਲੀਆਂ

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਐਨੀ ਹਾਓ ਮਿੱਟੀ ਪਾਓ’

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਹਿਮਾਚਲ ਪ੍ਰਦੇਸ਼ ਦੇ ਸੀ.ਐਮ ਵੱਲੋਂ ਬਾਲੀਵੁੱਡ ਸਾਂਗ ‘ਹਮ ਨਾ ਹਾਰੇਗੇਂ’ ਲੋਕ-ਅਰਪਣ ਕਰਨ ਦੀ ਰਸਮ ਅਦਾ , ‘ਧਮਾਕਾ ਰਿਕਾਰਡਜ਼’ ਵੱਲੋਂ ਵੱਖ ਵੱਖ ਪਲੇਟਫ਼ਾਰਮਜ਼ ਤੇ ਕੀਤਾ ਗਿਆ ਜਾਰੀ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਪੰਜਾਬੀ ਫਿਲਮ ਤੇ ਟੀਵੀ ਐਕਟਰਜ਼ ਐਸੋਸੀਏਸ਼ਨ ‘ਪਫਟਾ’ ਵਲੋਂ ਸਥਾਪਨਾ ਦਿਵਸ ਆਯੋਜਿਤ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ  ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

             ਬਾਬੇ ਦੀ ਨਸੀਹਤ

ਬਾਬੇ ਦੀ ਨਸੀਹਤ