Sunday, July 13, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਅਮਰ ਸੂਫ਼ੀ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ

September 02, 2021 11:59 PM

ਅਮਰ ਸੂਫ਼ੀ ਦੀ ਪੁਸਤਕ ‘ਰਾਜ ਕਰੇਂਦੇ ਰਾਜਿਆ’ ਕਿਸਾਨੀ ਸਰੋਕਾਰਾਂ ਦੀ ਪ੍ਰਤੀਕ

ਅਮਰ ਸੂਫ਼ੀ ਨੇ ਦੋਹਿਆਂ ਦੀ ਪੁਸਤਕ ਰਾਜ ਕਰੇਂਦੇ ਰਾਜਿਆ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕਰ ਰਹੇ ਯੋਧਿਆਂ, ਕਿਰਤੀ ਅਤੇ
ਕਿਸਾਨ ਸ਼ਹੀਦਾਂ ਨੂੰ ਸਮਰਪਤ ਕੀਤੀ ਹੈ। ਉਨ੍ਹਾਂ ਦੀ 127 ਪੰਨਿਆਂ ਅਤੇ 150 ਰੁਪਏ ਕੀਮਤ ਵਾਲੀ ਇਸ ਪੁਸਤਕ ਵਿੱਚ 97 ਪੰਨਿਆਂ ਵਿੱਚ
ਕਿਸਾਨੀ ਸਰੋਕਾਰਾਂ ਨਾਲ ਸੰਬੰਧਤ ਦੋਹੇ ਹਨ। ਕਿਸਾਨ ਅੰਦੋਲਨ ਚਰਮ ਸੀਮਾ ਤੇ ਪਹੁੰਚ ਚੁਕਿਆ ਹੈ। ਦੇਸ਼ ਦਾ ਹਰ ਨਾਗਰਿਕ ਇਸ ਅੰਦੋਲਨ ਨਾਲ
ਮਾਨਸਿਕ ਤੌਰ ਤੇ ਜੁੜ ਗਿਆ ਹੈ। ਹਰ ਵਰਗ ਇਸ ਅੰਦੋਲਨ ਵਿੱਚ ਆਪੋ ਆਪਣਾ ਯੋਗਦਾਨ ਆਪਣੀ ਦਿਲਚਸਪੀ ਅਤੇ ਅਕੀਦੇ ਅਨੁਸਾਰ ਪਾ
ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸ਼ਬਦਾਂ ਦੀ ਚੋਟ ਤਲਵਾਰ ਦੀ ਚੋਟ ਨਾਲੋਂ ਗਹਿਰੀ ਅਤੇ ਗੰਭੀਰ ਹੁੰਦੀ ਹੈ। ਇਸ ਕਰਕੇ ਅੱਠ ਮਹੀਨਿਆਂ ਦੇ
ਇਸ ਅੰਦੋਲਨ ਦੌਰਾਨ ਦਰਜਨਾ ਪੁਸਤਕਾਂ ਸ਼ਾਇਰਾਂ ਨੇ ਕੇਂਦਰ ਸਰਕਾਰ ਦੀ ਬਦਨੀਤੀ ਅਤੇ ਕਿਸਾਨੀ ਅੰਦੋਲਨ ਨੂੰ ਤੇਜ਼ ਕਰਨ ਲਈ ਪ੍ਰਕਾਸ਼ਤ
ਕਰਵਾਈਆਂ ਹਨ। ਇਨ੍ਹਾਂ ਪੁਸਤਕਾਂ ਵਿੱਚੋਂ ਬਹੁਤੀਆਂ ਕਵਿਤਾ ਦੀਆਂ ਪੁਸਤਕਾਂ ਹਨ। ਪੰਜਾਬੀ ਦੇ ਅਖਬਾਰਾਂ ਵਿੱਚ ਵੀ ਬਹੁਤ ਸਾਰੇ ਲੇਖਕਾਂ ਨੇ
ਅੰਦੋਲਨ ਦੇ ਹੱਕ ਵਿੱਚ ਲੇਖ ਲਿਖੇ ਹਨ। ਸਥਾਨਕ ਮੀਡੀਆ ਨੇ ਗੋਦੀ ਮੀਡੀਆ ਦੇ ਗ਼ਲਤ ਪ੍ਰਚਾਰ ਨੂੰ ਰੋਕਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਅਮਰ ਸੂਫ਼ੀ ਨੇ ਕਿਸਾਨ ਦਾ ਸਪੁੱਤਰ ਹੋਣ ਕਰਕੇ ਆਪਣੇ ਦੋਹਿਆਂ ਨਾਲ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਖਾਸ ਤੌਰ ਤੇ ਤਿੰਨ ਕਾਲੇ
ਕਾਨੂੰਨਾਂ ਦਾ ਪਰਦਾ ਫਾਸ਼ ਕੀਤਾ ਹੈ। ਉਨ੍ਹਾਂ ਬਹੁਤ ਹੀ ਸਰਲ ਪੰਜਾਬੀ ਭਾਸ਼ਾ ਵਿੱਚ ਕਿਸਾਨੀ ਦੇ ਸਮਝ ਵਿੱਚ ਆਉਣ ਵਾਲੇ ਦੋਹੇ ਲਿਖੇ ਹਨ, ਜਿਹੜੇ
ਸਿੱਧਾ ਲੋਕ ਮਨਾਂ ‘ਤੇ ਅਸਰ ਕਰਦੇ ਹਨ। ਅਮਰ ਸੂਫ਼ੀ ਹਰ ਦੋਹੇ ਦੇ ਪਹਿਲੇ ਮਿਸਰੇ ਵਿੱਚ ਰਾਜ ਕਰੇਂਦੇ ਰਾਜਿਆ ਲਿਖਦੇ ਹਨ, ਜਿਸਦਾ ਦਾ ਭਾਵ
ਕੇਂਦਰ ਸਰਕਾਰ ਦੀ ਖੇਤੀ ਕਾਨੂੰਨਾ ਨੂੰ ਲਾਗੂ ਕਰਨ ਵਿੱਚ ਮੰਦ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ। ਕੁਝ ਦੋਹਿਆਂ ਵਿੱਚ ਸ਼ਾਇਰ ਲਿਖਦਾ ਹੈ ਕਿ ਖੇਤ
ਕਿਸਾਨ ਦੀ ਜ਼ਿੰਦ ਜਾਨ ਹੁੰਦੇ ਹਨ। ਖੇਤਾਂ ਵਲ ਝਾਕਣ ਵਾਲੇ ਨਾਲ ਕਿਸਾਨ ਅਤੇ ਮਜ਼ਦੂਰ ਹਰ ਪ੍ਰਕਾਰ ਦਾ ਲੋਹਾ ਲੈਣ ਲਈ ਤਿਆਰ ਹੁੰਦੇ ਹਨ-
ਰਾਜ ਕਰੇਂਦੇ ਰਾਜਿਆ, ਇਹ ਗੱਲ ਚੇਤੇ ਰੱਖ।
ਖੇਤਾਂ ਵੱਲ ਜੋ ਝਾਕਿਆ, ਕੱਢ ਦੇਵਾਂਗੇ ਅੱਖ।
ਰਾਜ ਕਰੇਂਦੇ ਰਾਜਿਆ, ਲੋਕੀਂ ਪੁੱਛਣ ਯਾਰ।
ਦੱਸ ਤਿਰੇ ਕੀ ਲਗਦੇ, ਜੋ ਸਰਮਾਏਦਾਰ।
ਰਾਜ ਕਰੇਂਦੇ ਰਾਜਿਆ, ਡਿੱਗੇ ਕੂੜ ਧੜੰ੍ਹਮ।
ਦੱਸ ਛਪੰਜਾ ਇੰਚ ਦੀ, ਛਾਤੀ ਕਿਹੜੇ ਕੰਮ।
ਰਾਜ ਕਰੇਂਦੇ ਰਾਜਿਆ, ਕੁੱਕੜ ਦੀ ਸੁਣ ਬਾਂਗ।
ਝਾਕੇ ਖੇਤਾਂ ਵੱਲ ਜੋ, ਗਿੱਟੇ ਦੇਣੇ ਛਾਂਗ।
ਦੇਸ਼ ਦੇ ਨਾਗਰਿਕ ਮਹਿਸੂਸ ਕਰਦੇ ਹਨ ਕਿ ਕੇਂਦਰ ਸਰਕਾਰ ਹੰਕਾਰ ਵਿੱਚ ਆ ਕੇ ਆਪਣੀ ਪਰਜਾ ਦੇ ਹਿਤਾਂ ਨੂੰ ਅੱਖੋਂ ਪ੍ਰੋਖੇ ਕਰ ਰਹੀ ਹੈ।
ਅਮਰ ਸੂਫ਼ੀ ਆਪਣੇ ਦੋਹਿਆਂ ਵਿੱਚ ਲਿਖਦੇ ਹਨ ਕਿ ਹੰਕਾਰ ਕਰਨ ਵਾਲਾ ਇਨਸਾਨ ਇਕ ਨਾ ਇਕ ਦਿਨ ਮੂੰਹ ਦੇ ਭਾਰ ਡਿਗਦਾ ਹੈ।
ਰਾਜ ਕਰੇਂਦੇ ਰਾਜਿਆ, ਨਾ ਕਰ ਤੂੰ ਹੰਕਾਰ।
ਪੈਂਦੀ ਹੈ ਹੰਕਾਰ ਨੂੰ, ਕੁਦਰਤ ਵੱਲੋਂ ਮਾਰ।
ਰਾਜ ਕਰੇਂਦੇ ਰਾਜਿਆ, ਸਭ ਦੀ ਇਕ ਪੁਕਾਰ।
ਆਓ ਰਲ ਮਿਲ ਤੋੜੀਏ, ਜ਼ਾਲਮ ਦਾ ਹੰਕਾਰ।
ਸ਼ਾਇਰ ਆਪਣੇ ਦੋਹਿਆਂ ਵਿੱਚ ਲਿਖਦੇ ਹਨ ਕਿ ਕੇਂਦਰ ਸਰਕਾਰ ਧਰਮ , ਫਿਰਕਿਆਂ ਅਤੇ ਜ਼ਾਤ ਪਾਤ ਦੇ ਨਾਵਾਂ ਤੇ ਨਫ਼ਰਤ ਫੈਲਾ ਕੇ ਲੋਕਾਂ
ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਧ ਦੇ ਭੇਖ ਵਿੱਚ ਅਪਰਾਧਿਕ ਕੰਮ ਕੀਤੇ ਜਾ ਰਹੇ ਹਨ। ਜਿਸ ਤੋਂ ਕੇਂਦਰ ਸਰਕਾਰ ਦੀ
ਬਦਨੀਤੀ ਦਾ ਪਰਦਾ ਫਾਸ਼ ਹੁੰਦਾ ਹੈ-

ਰਾਜ ਕਰੇਂਦੇ ਰਾਜਿਆ, ਆਖਾਂ ਸਿੱਧੀ ਗੱਲ।
ਤੇਰੇ ਧਰਮੀ ਸੇਵਕਾਂ, ਪਾ ਦਿੱਤਾ ਤਰਥੱਲ।
ਰਾਜ ਕਰੇਂਦੇ ਰਾਜਿਆ, ਸਮਝ ਜਰਾ ਇਹ ਬਾਤ।
ਮੱਠ ਬਣਾ ਕੇ ਵੰਡ ਨਾ, ਨਫ਼ਰਤ ਵਾਲੀ ਦਾਤ।
ਰਾਜ ਕਰੇਂਦੇ ਰਾਜਿਆ, ਤੂੰ ਹੋ ਨਾ ਬਦਨੀਤ।
ਭਾਈਚਾਰਾ ਤੋੜਦੈਂ, ਖ਼ਲਕਤ ਹੈ ਭੈ ਭੀਤ।
ਰਾਜ ਕਰੇਂਦੇ ਰਾਜਿਆ, ਸ਼ੁੱਧ ਨਾ ਹੋਵੇ ਕਾਜ਼।
ਤੀਲੀ ਬਾਂਦਰ ਹੱਥ ਤੇ, ਮੂਰਖ ਹੱਥੀਂ ਰਾਜ।
ਰਾਜ ਕਰੇਂਦੇ ਰਾਜਿਆ, ਬਾਹਰੋਂ ਦਿਸਦੇ ਸਾਧ।
ਸੁਣ ਕੇ ਕੰਬੇ ਆਦਮੀ, ਕਰਦੇ ਜੋ ਅਪਰਾਧ।
ਰਾਜ ਕਰੇਂਦੇ ਰਾਜਿਆ, ਤੇਰੇ ਰਾਜ ‘ਚ ਸਾਧ।
ਬਦਮਾਸ਼ਾਂ ਤੋਂ ਵੱਧ ਹੁਣ, ਕਰਦੇ ਨੇ ਅਪਰਾਧ।
ਲੋਕ ਰਾਜ ਵਿੱਚ ਪਰਜਾ ਆਪਣੇ ਹੱਕਾਂ ਦੀ ਪੂਰਤੀ ਲਈ ਜਦੋਜਹਿਦ ਕਰ ਸਕਦੀ ਹੈ ਪ੍ਰੰਤੂ ਜਿਹੜੇ ਲੋਕ ਆਪਣੀ ਆਵਾਜ਼ ਬੁਲੰਦ ਕਰਦੇ
ਹਨ, ਕੇਂਦਰ ਸਰਕਾਰ ਉਨ੍ਹਾਂ ਦੀ ਆਵਾਜ਼ ਬੰਦ ਕਰਨ ਲਈ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਰਹੀ ਹੈ-
ਰਾਜ ਕਰੇਂਦੇ ਰਾਜਿਆ, ਲੋਕੀ ਮੰਗਣ ਹੱਕ।
ਹੱਕ ਜੋ ਮੰਗਣ ਆਪਣਾ, ਜੇਲ੍ਹੀਂ ਦੇਵੇਂ ਧੱਕ।
ਰਾਜ ਕਰੇਂਦੇ ਰਾਜਿਆ, ਕੁਝ ਤਾਂ ਮੂੰਹੋਂ ਬੋਲ।
ਤੂੰ ਕਿਰਤੀ-ਕਿਰਸਾਨ ਨਾ, ਪੈਰਾਂ ਹੇਠ ਮਧੋਲ।
ਅਮਰ ਸੂਫ਼ੀ ਨੇ ਇਕ ਸਾਹਿਤਕਾਰ ਦੀ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਅਤੇ ਤੇਜ਼
ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਆਪਣੇ ਆਪ ਨੂੰ ਵੱਡੇ ਸਾਹਿਤਕਾਰ ਸਮਝਣ ਵਾਲੇ ਵਿਦਵਾਨਾ ਨੂੰ ਬੇਨਤੀ ਹੈ ਕਿ ਕਿਸਾਨ ਅੰਦੋਲਨ
ਨੂੰ ਅੱਖੋਂ ਪ੍ਰੋਖੇ ਨਹੀਂ ਕਰਨਾ ਚਾਹੀਦਾ। ਸਗੋਂ ਗੋਦੀ ਮੀਡੀਆ ਨੂੰ ਕਾਟ ਕਰਨ ਲਈ ਆਪਣਾ ਯੋਗਦਾਨ ਪਾ ਕੇ ਆਮ ਜਨਤਾ ਨੂੰ ਜਾਗਰੂਕ ਕਰਨਾ
ਚਾਹੀਦਾ ਹੈ। ਅਮਰ ਸੂਫ਼ੀ ਨੇ ਪੰਜਾਬ ਸਰਕਾਰ ਨੂੰ ਉਸ ਦੀਆਂ ਗ਼ਲਤੀਆਂ ਕਰਕੇ ਦੋਹਿਆਂ ਰਾਹੀਂ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਅਖ਼ੀਰ ਵਿੱਚ
ਕਿਹਾ ਜਾ ਸਕਦਾ ਹੈ ਕਿ ਅਮਰ ਸੂਫ਼ੀ ਦੇ ਦੋਹੇ ਕੇਂਦਰ ਸਰਕਾਰ ਦੀ ਬਦਨੀਤੀ ਦਾ ਪਰਦਾ ਫਾਸ਼ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਣਗੇ।
ਅਮਰ ਸੂਫੀ ਨਾਲ ਸੰਪਰਕ 9855543660 ਇਸ ਨੰਬਰ ਤੇ ਕੀਤਾ ਜਾ ਸਕਦਾ ਹੈ।

 

ਉਜਾਗਰ ਸਿੰਘ

Have something to say? Post your comment

More From Article

100 ਕਿਤਾਬਾਂ ਦੇ ਬਰਾਬਰ ਹੈ ਕਿਤਾਬ

100 ਕਿਤਾਬਾਂ ਦੇ ਬਰਾਬਰ ਹੈ ਕਿਤਾਬ "ਸੰਘਰਸ਼ ਦਾ ਦੌਰ"- ਸੁਰਜੀਤ ਸਿੰਘ ਜਰਮਨੀ (ਡਾ.)

ਰਾਏ ਬਹਾਦਰ ਸਰ ਗੰਗਾ ਰਾਮ*

ਰਾਏ ਬਹਾਦਰ ਸਰ ਗੰਗਾ ਰਾਮ*

               ਪੰਜਾਬੀ ਨਾਲ ਜੁੜਿਆ ਬਾਵਾ

ਪੰਜਾਬੀ ਨਾਲ ਜੁੜਿਆ ਬਾਵਾ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ ---  ਰਣਜੀਤ ਸਿੰਘ ਦਮਦਮੀ ਟਕਸਾਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ --- ਰਣਜੀਤ ਸਿੰਘ ਦਮਦਮੀ ਟਕਸਾਲ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼?   —  ਗੁਰਚਰਨਜੀਤ ਸਿੰਘ `ਲਾਂਬਾ`

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ