ਹਿੰਦੀ ਮਿੰਨੀ ਕਹਾਣੀ
ਦੂਹਰੀ ਮਾਨਸਿਕਤਾ
"""""""""""""""""""""""
"ਆਹ ਲਓ ਪਾਪਾ, ਆਪਣਾ ਮੋਬਾਈਲ" ਕਹਿ ਕੇ ਬੇਟੀ ਨੇ ਪਾਪਾ ਦੇ ਹੱਥ ਵਿਚ ਮੋਬਾਈਲ ਫੜਾ ਦਿੱਤਾ। ਉਹਦੇ ਚਿਹਰੇ ਦੀ ਉਦਾਸੀ ਨੂੰ ਵੇਖ ਕੇ ਪਿਤਾ ਨੇ ਪੁੱਛਿਆ, "ਸਭ ਠੀਕ ਤਾਂ ਹੈ ਨਾ!"
"ਜੀ ਪਾਪਾ, ਬਸ ਤੁਹਾਥੋਂ ਇੱਕ ਗੱਲ ਪੁੱਛਣੀ ਸੀ..."
"ਹਾਂ ਹਾਂ, ਬੋਲੋ ਬੇਟਾ।"
"ਜੀ, ਪਰ ਤੁਸੀਂ ਮੇਰੇ ਨਾਲ ਗੁੱਸੇ ਤਾਂ ਨਹੀਂ ਹੋਵੋਗੇ?"
"ਬਿਲਕੁਲ ਨਹੀਂ ਬੇਟਾ, ਦੱਸੋ ਕੀ ਗੱਲ ਹੈ?"
"ਪਾਪਾ ਮਿਊਰੀ ਆਂਟੀ ਦੀ ਡ੍ਰੈਸਿੰਗ ਸੈਂਸ ਤੁਹਾਨੂੰ ਪਸੰਦ ਹੈ...?"
ਇਸ ਅਣਚਾਹੇ ਪ੍ਰਸ਼ਨ ਦੀ ਤਾਂ ਪਿਤਾ ਨੇ ਕਲਪਨਾ ਵੀ ਨਹੀਂ ਸੀ ਕੀਤੀ। ਕੁਝ ਝਿਜਕਦਿਆਂ ਉਨ੍ਹਾਂ ਨੇ ਪੁੱਛਿਆ, "ਕੀ ਗੱਲ ਹੈ ਬੇਟਾ...!"
"ਬਸ ਕੁਝ ਨਹੀਂ, ਤੁਹਾਨੂੰ ਪੁੱਛਣਾ ਚਾਹੁੰਦੀ ਸਾਂ..."
"ਬੇਟੇ, ਮਿਊਰੀ ਬੜੀ ਮਾਡਰਨ ਨਾਰੀ ਹੈ, ਵੱਡੇ ਸ਼ਹਿਰ ਵਿੱਚ ਪਲੀ ਤੇ ਵੱਡੀ ਹੋਈ ਹੈ, ਕਾਨਵੈਂਟ ਐਜੂਕੇਟਿਡ ਹੈ, ਆਰਥਿਕ ਤੌਰ ਤੇ ਬਹੁਤ ਸਟਰੌਂਗ ਤੇ ਸੁਤੰਤਰ ਹੈ, ਉਹਦਾ ਆਪਣਾ ਇਕ ਸਟਾਈਲ ਹੈ, ਸਟੇਟਸ ਹੈ..."
"ਸੌਰੀ ਪਾਪਾ, ਪਰ ਤੁਸੀਂ ਮੇਰੇ ਸੁਆਲ ਦਾ ਜੁਆਬ ਨਹੀਂ ਦਿੱਤਾ..."
"ਬੇਟੇ, ਦੱਸਿਆ ਤਾਂ ਹੈ ਕਿ ਉਸ ਦਾ ਸਟਾਈਲ, ਉਹਦਾ ਪਹਿਰਾਵਾ, ਉਹਦੇ ਸੁਭਾਅ ਦੇ ਅਨੁਕੂਲ ਹੈ..."
"ਕੀ ਮੈਂ ਤੇ ਮੰਮਾ ਉਸ ਤਰ੍ਹਾਂ ਦੇ ਕੱਪੜੇ ਪਹਿਨੀਏ, ਤਾਂ ਤੁਹਾਨੂੰ ਚੰਗਾ ਲੱਗੇਗਾ..."
ਸੁਣ ਕੇ ਪਿਤਾ ਘਬਰਾ ਗਏ, ਫਿਰ ਖ਼ੁਦ ਨੂੰ ਸਹਿਜ ਕਰਦੇ ਹੋਏ ਬੋਲੇ, "ਆਪਾਂ ਵੱਖਰੇ ਹਾਂ, ਆਪਣਾ ਰਹਿਣ-ਸਹਿਣ ਵੱਖਰਾ ਹੈ, ਮਿਊਰੀ ਨਾਲ ਕਿਉਂ ਤੁਲਨਾ ਕਰ ਰਹੀ ਹੈਂ?"
"ਪਾਪਾ, ਮੈਂ ਤਾਂ ਸਿਰਫ਼ ਤੁਹਾਥੋਂ ਜਾਣਨਾ ਚਾਹੁੰਦੀ ਹਾਂ..."
"ਸ਼ਾਇਦ ਨਹੀਂ, ਮੈਨੂੰ ਬਿਲਕੁਲ ਚੰਗਾ ਨਹੀਂ ਲੱਗੇਗਾ... ਤੇਰਾ ਜਾਂ ਤੇਰੀ ਮੰਮੀ ਦਾ ਮਿਊਰੀ ਵਰਗਾ ਪਹਿਰਾਵਾ..."
"ਠੀਕ ਹੈ ਪਾਪਾ, ਬਸ ਇਕ ਰਿਕੁਐਸਟ ਕਰਨੀ ਹੈ... ਜੇ ਤੁਸੀਂ ਆਪਣੀ ਪਤਨੀ ਅਤੇ ਬੇਟੀ ਨੂੰ ਉਸ ਤਰ੍ਹਾਂ ਦੇ ਕੱਪੜਿਆਂ ਵਿਚ ਨਹੀਂ ਵੇਖ ਸਕਦੇ, ਤਾਂ ਪਲੀਜ਼, ਮਿਊਰੀ ਆਂਟੀ ਨੂੰ ਸੋਸ਼ਲ ਮੀਡੀਆ ਵਿੱਚ ਪਬਲੀਕਲੀ 'ਵੈਰੀ ਬਿਊਟੀਫੁਲ', 'ਸਟਨਿੰਗ', 'ਚਾਰਮਿੰਗ', 'ਗਾਰਜੀਅਨਸ', 'ਔਸਮ' ਵਰਗੇ ਕੁਮੈਂਟਸ ਕਰਨਾ ਬੰਦ ਕਰ ਦਿਓ..."
ਪੰਦਰਾਂ ਸਾਲਾ ਬੇਟੀ ਦੇ ਮੂੰਹੋਂ ਨਿਕਲੇ ਸ਼ਬਦਾਂ ਦੇ ਵਾਰ ਨਾਲ ਪਿਤਾ ਸਹਿਮ ਜਿਹੇ ਗਏ ਅਤੇ ਚਿਹਰੇ ਤੇ ਘਬਰਾਹਟ ਨਾਲ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ।
* ਮੂਲ : ਸਪਨਾ ਸ਼ਿਵਾਲੇ ਸੋਲੰਕੀ
* ਅਨੁ : ਪ੍ਰੋ. ਨਵ ਸੰਗੀਤ ਸਿੰਘ