Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਜ਼ਿੰਦਗੀ ਦੇ ਬਹੁਪਰਤੀ ਇਮਤਿਹਾਨਾਂ ਦੀ ਕਹਾਣੀ: '....ਤੇ ਪ੍ਰੀਖਿਆ ਚਲਦੀ ਰਹੀ '

September 02, 2021 12:43 AM

ਜ਼ਿੰਦਗੀ ਦੇ ਬਹੁਪਰਤੀ ਇਮਤਿਹਾਨਾਂ ਦੀ ਕਹਾਣੀ:  '....ਤੇ ਪ੍ਰੀਖਿਆ ਚਲਦੀ ਰਹੀ '

 
ਰਵਿੰਦਰ ਸਿੰਘ ਸੋਢੀ
 
ਡਾ. ਅਵਤਾਰ ਸਿੰਘ ਸੰਘਾ ਆਸਟਰੇਲੀਆ(ਸਿਡਨੀ) ਵਿਚ ਰਹਿਣ ਵਾਲਾ ਪਰਵਾਸੀ ਲੇਖਕ ਹੈ। ਨਵੇਂ ਦਿਸਹੱਦਿਆਂ ਦੀਆਂ ਪਰਤਾਂ ਫਰੋਲਣ ਤੋਂ ਪਹਿਲਾਂ, ਉਹ ਪੰਜਾਬ ਦੇ ਕਾਲਜਾਂ ਵਿਚ ਪੌਣੀ ਸਦੀ ਦੇ ਲਗਭਗ, ਵਿਦਿਆਰਥੀਆਂ ਦੀ ਅੰਗਰੇਜੀ ਸੁਧਾਰਨ ਅਤੇ ਸਿਖਾਉਣ ਦੇ ਨਾਲ-ਨਾਲ, ਆਪ ਮਿਹਨਤ ਕਰਦਾ ਹੋਇਆ ਅੰਗਰੇਜੀ ਸਾਹਿਤ ਦਾ ਡਾਕਟਰ ਬਣ ਗਿਆ, ਭਾਵ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕਰ ਲਈ। ਉਸ ਵਿਚ ਲਿਖਣ ਪ੍ਰਤੀ ਰੁਚੀ ਮੁੱਢ ਤੋਂ  ਹੀ ਸੀ। ਉਸ ਨੇ ਅੰਗਰੇਜੀ ਵਿਚ ਕਈ ਕਹਾਣੀਆਂ ਲਿਖੀਆਂ। ਵਿਸ਼ੇ ਦੇ ਪੱਖੋਂ ਉਸ ਦੀਆਂ ਕਹਾਣੀਆਂ ਵਿਚ ਨਿਵੇਕਲਾਪਣ ਸੀ, ਕਹਾਣੀ ਲਿਖਣ ਦੀ ਕਲਾ ਤੋਂ ਜਾਣੂ ਸੀ ਅਤੇ ਸਭ ਤੋਂ ਵੱਧ, ਅੰਗਰੇਜੀ ਭਾਸ਼ਾ ਤੇ ਉਸਦੀ ਪਕੜ ਸੀ, ਇਸੇ ਲਈ ਅੰਗਰੇਜੀ ਟ੍ਰਿਬਿਊਨ ਵਿਚ ਉਸ ਦੀਆਂ ਕਹਾਣੀਆਂ 1983 ਤੋਂ ਹੀ ਪ੍ਰਕਾਸ਼ਿਤ ਹੋ ਰਹੀਆਂ ਹਨ। ਅੰਗਰੇਜੀ ਟ੍ਰਿਬਿਊਨ ਵਿਚ ਛਪਣਾ ਕਿਸੇ ਵੀ ਲੇਖਕ ਦੀ ਸਥਾਪਤੀ ਦੀ ਨਿਸ਼ਾਨੀ ਹੈ। ਬਾਅਦ ਵਿਚ ਇਹਨਾਂ ਕਹਾਣੀਆਂ ਨੂੰ ਉਸ ਨੇ ਪੁਸਤਕ ਦਾ ਰੂਪ ਵੀ ਦਿੱਤਾ। ਸਨ 2000 ਵਿਚ ਉਹ ਆਸਟਰੇਲੀਆ ਪਹੁੰਚ ਗਿਆ। ਆਪਣੀ ਰੋਜੀ-ਰੋਟੀ ਦੀ ਘਾਲਣਾ ਦੇ ਨਾਲ-ਨਾਲ ਹੀ ਉਸਦੀ ਕਲਮ ਵੀ ਮੁਸ਼ਕਤ ਕਰਦੀ ਰਹੀ। ਸਭ ਤੋਂ ਪਹਿਲਾਂ ਉਸ ਨੇ ਪੰਜਾਬੀ ਅਖਬਾਰਾਂ ਲਈ ਕਾਲਮ ਲਿਖਣੇ ਸ਼ੁਰੂ ਕੀਤੇ। ਉਸ ਨੇ ਆਪਣਾ ਕਾਲਮ ' ਸਿਡਨੀ ਦੀਆਂ ਰੇਲ ਗੱਡੀਆਂ ' ਲਗਾਤਾਰ 14 ਸਾਲ ਲਿਖਿਆ। 2009 ਵਿਚ ਉਸ ਨੇ ਇਸ ਕਾਲਮ ਦੀਆਂ ਕੁਝ ਲੇਖਾਂ ਨੁਮਾ ਕਹਾਣੀਆਂ ਅਤੇ ਕਹਾਣੀ ਨੁਮਾ ਲੇਖਾਂ ਨੂੰ ਇਸੇ ਨਾਂ ਅਧੀਨ ਪੁਸਤਕ ਰੂਪ ਦਿੱਤਾ। 2014 ਵਿਚ ਉਸ ਨੇ ਆਪਣਾ ਮਹੀਨਾਵਾਰ ਮੈਗਜ਼ੀਨ/ਅਖਬਾਰ ' ਦਾ ਪੰਜਾਬ ਹੈਰਲਡ ' ਸ਼ੁਰੂ ਕਰ ਲਿਆ। ਇਸ ਦੇ ਨਾਲ ਹੀ  ਉਹ ਆਪਣੀ ਸਾਹਿਤਕ ਭੁੱਖ ਮਿਟਾਉਣ ਲਈ ਲਿਖਦਾ ਵੀ ਰਿਹਾ। ਉਸ ਦਾ ਨਾਵਲ '....... ਤੇ ਪ੍ਰੀਖਿਆ ਚਲਦੀ ਰਹੀ ' 2021ਵਿਚ ਪ੍ਰਕਾਸ਼ਿਤ ਹੋਇਆ। 
ਨਾਵਲ ਦੇ ਮੁੱਖ ਬੰਧ ਵਿਚ ਲੇਖਕ ਨੇ ਲਿਖਿਆ ਹੈ ਕਿ ਇਹ ਨਾਵਲ 1932 ਤੋਂ ਲੈ ਕੇ 1990 ਤੱਕ ਸਿੱਖਾਂ ਦੀ ਉੱਤਰੀ ਭਾਰਤ ਵਿਚ ਤ੍ਰਾਸਦੀ ਨੂੰ ਬਿਆਨ ਕਰਦਾ ਹੈ। ਨਾਵਲ ਪੜ੍ਹਨ ਉਪਰੰਤ ਇਹ ਪਤਾ ਲੱਗਦਾ ਹੈ ਕਿ ਨਾਵਲਕਾਰ ਨੇ ਕਈ ਥਾਵਾਂ ਤੇ ਕੁਝ ਪਾਤਰਾਂ ਕੋਲੋਂ ਇਸ ਸਮੇਂ ਦੀਆਂ ਕਈ ਮਹੱਤਵਪੂਰਨ ਘਟਨਾਵਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਹੈ। ਪਰ ਡਾ.ਸੰਘਾ ਨੇ ਇਕ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਹੈ ਕਿ ਅਜਿਹੀ ਜਾਣਕਾਰੀ ਨਿਰੋਲ ਇਤਿਹਾਸਕ ਪਰਿਪੇਖ ਵਿਚ ਪੇਸ਼ ਨਾ ਕੀਤੀ ਜਾਵੇ, ਜਿਸ ਨਾਲ ਪਾਠਕਾਂ ਨੂੰ ਇਹ ਮਹਿਸੂਸ ਹੋਵੇ ਕਿ ਨਾਵਲ ਦੀ ਪਲੇਟ ਵਿਚ ਇਤਿਹਾਸ ਪਰੋਸਿਆ ਜਾ ਰਿਹਾ ਹੈ। ਕੁਝ ਘਟਨਾਵਾਂ ਦੇ ਇਤਿਹਾਸਕ ਹਵਾਲੇ ਤਾਂ ਸਾਹਿਤ ਵਿਚ ਖਪਤ ਹੋ ਜਾਂਦੇ ਹਨ ਅਤੇ ਸਾਹਿਤ ਨੂੰ ਨਵੀਂ ਦਿਸ਼ਾ ਵੀ ਪ੍ਰਦਾਨ ਕਰਦੇ ਹਨ, ਪਰ ਇਤਿਹਾਸਕ ਘਟਨਾਕ੍ਰਮ ਨੂੰ ਇਤਿਹਾਸਕ ਨਜ਼ਰੀਏ ਨਾਲ ਹੀ ਪੇਸ਼ ਕਰਨਾ ਸਾਹਿਤ ਦੇ ਪਾਠਕਾਂ ਨੂੰ ਗਵਾਰਾ ਨਹੀਂ ਹੁੰਦਾ। ਲੇਖਕ ਨੇ ਬੜੀ ਸਿਆਣਪ ਨਾਲ ਨਾਵਲ ਦੇ ਮੁੱਖ ਪਾਤਰ ਪਤਵੰਤ ਸਿੰਘ ਨੂੰ ਸਿੱਖ ਇਤਿਹਾਸ ਦੇ ਵਿਸ਼ੇ ਦੇ ਮਾਹਿਰ ਵਜੋਂ ਪੇਸ਼ ਕੀਤਾ ਹੈ ਅਤੇ ਉਸ ਵੱਲੋਂ ਆਪਣੇ ਥੀਸਿਸ ਵਿਚੋਂ ਹਵਾਲੇ ਦੇਣੇ ਜਾਂ ਗੱਲਾਂ-ਬਾਤਾਂ ਰਾਹੀਂ ਅਜਿਹੀ ਜਾਣਕਾਰੀ ਦੇਣੀ ਓਪਰੀ ਨਹੀਂ ਜਾਪਦੀ। ਇਸ ਢੰਗ ਦੀ ਵਰਤੋਂ ਕਰਕੇ ਲੇਖਕ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਲਏ। ਇਕ ਥਾਂ ਪਤਵੰਤ ਸਿੰਘ, ਪ੍ਰਿੰਸੀਪਲ ਦੀ ਗੱਲ ਦਾ ਉੱਤਰ ਦਿੰਦੇ ਹੋਏ ਕਹਿੰਦਾ ਹੈ, " ਆਧੁਨਿਕ ਪੰਜਾਬ ਦੀ ਦਰਦ ਕਹਾਣੀ ਅਸਲ ਵਿਚ 1932 ਤੋਂ ਸ਼ੁਰੂ ਹੁੰਦੀ ਹੈ।" ਇਸ ਤੋਂ ਬਾਅਦ ਸਾਰੇ ਇਤਿਹਾਸਕ ਤੱਥ ਹਨ, ਪਰ ਇਹ ਨਿਰੋਲ ਲੈਕਚਰ ਨਹੀਂ ਬਲਕਿ ਦੋ ਪੜਿਆਂ-ਲਿਖਿਆਂ ਦੀ ਆਪਸੀ ਬੌਧਿਕ ਪੱਧਰ ਦੀ ਚਰਚਾ ਲੱਗਦੀ ਹੈ। ਜਦੋਂ ਨਾਵਲ ਦੇ ਦੋ ਹੋਰ ਪਾਤਰ ਉਜਾਗਰ ਮੱਲ ਅਤੇ ਪ੍ਰਸ਼ੋਤਮ, ਗੁਰਬਾਣੀ ਦੇ ਸੰਦਰਭ ਵਿਚ ਨਸ਼ਿਆਂ ਅਤੇ ਮੀਟ ਸੰਬੰਧੀ ਗੱਲ ਕਰਦੇ ਹਨ ਤਾਂ ਉਜਾਗਰ ਇਹਨਾਂ ਪੱਖਾਂ ਤੇ ਸਹੀ ਜਾਣਕਾਰੀ ਲੈਣ ਲਈ ਡਾ. ਪਤਵੰਤ ਸਿੰਘ ਨੂੰ ਫੋਨ ਕਰਦਾ ਹੈ। ਇਥੇ ਇਕ ਵਾਰ ਫੇਰ ਲੇਖਕ ਸਿਆਣਪ ਤੋਂ ਕੰਮ ਲੈ ਕੇ ਪਤਵੰਤ ਸਿੰਘ ਰਾਹੀਂ ਪਾਠਕਾਂ ਦੇ ਸਨਮੁੱਖ ਗੁਰਬਾਣੀ ਦਾ ਪੱਖ ਸਹਿਜ ਨਾਲ ਹੀ ਪੇਸ਼ ਕਰ ਜਾਂਦਾ ਹੈ ਜੋ ਪਾਠਕਾਂ ਨੂੰ ਬੋਝਲ ਨਹੀਂ ਲੱਗਦਾ ਅਤੇ ਉਹਨਾਂ ਦੇ ਗਿਆਨ ਵਿਚ ਵਾਧਾ ਵੀ ਹੋ ਜਾਂਦਾ ਹੈ।
ਇਸੇ ਤਰਾਂ ਹੀ ਲੇਖਕ ਨੇ ਪੰਜਾਬ ਦੇ ਕਾਲੇ ਦੌਰ, ਜਿਸ ਨੂੰ ਅੱਤਵਾਦ/ਖਾੜਕੂਵਾਦ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ ਸੰਬੰਧੀ ਕਾਫੀ ਕੁਝ ਲਿਖਿਆ ਹੈ, ਪਰ ਇਸ ਨੂੰ ਵੀ ਇਕ ਲਹਿਰ ਦੇ ਤੌਰ ਤੇ ਚਰਚਾ ਦਾ ਵਿਸ਼ਾ ਨਹੀਂ ਬਣਾਇਆ ਅਤੇ ਨਾ ਹੀ ਵਿਸਥਾਰ ਵਿਚ ਇਸਦੇ ਹੱਕ ਜਾਂ ਵਿਰੋਧ ਵਿਚ ਕੋਈ ਨਤੀਜਾ ਕੱਢਿਆ ਹੈ, ਨਾ ਹੀ ਉਸ ਲਹਿਰ ਦੇ ਇਤਿਹਾਸਕ ਪੱਖ ਸੰਬੰਧੀ ਆਪਣੇ ਵੱਲੋਂ ਲਿਖਿਆ ਹੈ, ਪਰ ਕਿਸੇ ਪ੍ਰਸਿੱਧ ਪੰਜਾਬੀ ਨਾਵਲਕਾਰ ਦਾ ਹਵਾਲਾ ਦੇ ਕੇ ਇਹ ਜਰੂਰ ਲਿਖ ਦਿੱਤਾ ਹੈ ਕਿ ' ਲਹਿਰਾਂ ਵਿਚ ਘਟੀਆਂ ਬੰਦੇ ਸ਼ਾਮਲ ਹੋਣ ਨਾਲ ਲਹਿਰਾਂ ਨੂੰ ਨੁਕਸਾਨ ਹੁੰਦਾ ਹੈ '।ਕਾਂਤਾ ਵਰਗੀ ਹਿੰਦੂ ਪਰਿਵਾਰ ਦੀ ਲੜਕੀ ਤੋਂ ਇਸ ਲਹਿਰ ਦੇ ਵਿਰੁੱਧ ਕੁਹਾ ਦਿੱਤਾ ਅਤੇ ਕੁਝ ਸਿੱਖ ਪਾਤਰਾਂ ਵੱਲੋਂ ਇਸ ਦੇ ਹੱਕ ਵਿਚ। ਪਰ ਲੇਖਕ ਦੀ ਇਸ ਗੱਲੋਂ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਸ ਨੇ ਅੱਤਵਾਦ ਜਾਂ ਖਾੜਕੂਵਾਦ ਦੀ ਆੜ ਵਿਚ ਗੈਰ-ਸਮਾਜਕ ਅਨਸਰਾਂ ਵੱਲੋਂ ਕੀਤੇ ਕਈ ਕਾਰਿਆਂ ਨੂੰ ਨੰਗਾ ਕਰ ਦਿੱਤਾ ਹੈ। ਮਸਲਨ ਸਕੂਲਾਂ, ਕਾਲਜਾਂ ਦੇ ਇਮਤਿਹਾਨਾਂ ਸਮੇਂ ਨਕਲ ਦੇ ਰੁਝਾਨ ਨੂੰ ਵੀ ਖਾੜਕੂਆਂ ਦੇ ਸਿਰ ਮੜ੍ਹ ਦੇਣ ਦਾ ਕੋਝਾ ਯਤਨ, ਨਲਾਇਕ ਵਿਦਿਆਰਥੀਆਂ ਵੱਲੋਂ ਇਹ ਸੋਚਣਾ ਕਿ ਇਸ ਤਰਾਂ ਦੇ ਮਾਹੌਲ ਵਿਚ ਉਹ ਬੀ.ਏ, ਐਮ. ਏ ਕਰ ਜਾਣ ਗੇ, ਕਾਲਜ ਦੇ ਹੀ ਇਕ ਵਿਦਿਆਰਥੀ ਵੱਲੋਂ ਪ੍ਰਿੰਸੀਪਲ ਦੇ ਦਫਤਰ ਵਿਚੋਂ ਪਰਚੇ ਚੋਰੀ ਕਰਨੇ, ਪੜਿਆਂ-ਲਿਖਿਆਂ ਵੱਲੋਂ ਵੀ ਇਕ-ਦੂਜੇ ਵਿਰੁੱਧ ਬੇਨਾਮੀ ਚਿੱਠੀਆਂ ਲਿਖਵਾਉਣੀਆਂ, ਪੁਲਸ ਦੀਆਂ ਆਮ ਲੋਕਾਂ ਤੇ ਜਿਆਦਤੀਆਂ ਕਰਕੇ ਪੈਸੇ ਬਟੋਰਨੇ, ਝੂਠੇ ਪੁਲਸ ਮੁਕਾਬਲੇ ਆਦਿ ਦਾ ਥਾਂ ਪੁਰ ਥਾਂ ਜਿਕਰ ਕੀਤਾ ਹੈ। ਉਜਾਗਰ ਮੱਲ ਹੀ ਪ੍ਰਸ਼ੋਤਮ ਨੂੰ ਕਹਿੰਦਾ ਹੈ ਕਿ ਉਹ ਪਤਵੰਤ ਸਿੰਘ ਵਿਰੁੱਧ ਸ਼ਿਕਾਇਤ ਕਰ ਦੇਵੇ। ਅਸਲ ਵਿਚ ਉਜਾਗਰ ਜਦੋਂ ਆਪ ਪ੍ਰੀਖਿਆ ਕੇਂਦਰ ਦਾ ਨਿਗਰਾਨ ਸੀ, ਉਸ ਨੇ ਡਰਦੇ ਹੋਏ ਸਖਤੀ ਨਹੀਂ ਵਰਤੀ। ਯੂਨੀਵਰਸਿਟੀ ਵੱਲੋਂ ਆਇਆ ਅਮਲਾ ਵੀ ਮਾਹੌਲ ਨੂੰ ਭਾਂਪਦੇ ਹੋਏ ਕਾਗਜ਼ਾਂ ਤੇ ਦਸਤਖਤ ਕਰਕੇ ਚਲਿਆ ਗਿਆ, ਪਰ ਜਦੋਂ ਜੇਲ੍ਹ ਵਿਚ ਬੰਦ ਖਾੜਕੂ, ਪੁਲਸ ਦੀ ਦੇਖ-ਰੇਖ ਹੇਠ ਇਮਤਿਹਾਨ ਦੇਣ ਆਇਆ ਤਾਂ ਉਹ ਸੈਂਟਰ ਦੇ ਅਸਲੀ ਮਾਹੌਲ ਨੂੰ ਦੇਖ ਕੇ ਦੰਗ ਰਹਿ ਗਿਆ। ਉਹ ਇਸ ਸੰਬੰਧੀ ਜਾਂਦਾ ਹੋਇਆ ਉਜਾਗਰ ਮੱਲ ਨੂੰ ਚੇਤਾਵਨੀ ਵੀ ਦੇ ਗਿਆ। ਇਸ ਛੋਟੀ ਜਿਹੀ ਘਟਨਾ ਰਾਹੀਂ ਹੀ ਨਾਵਲਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਇਸ ਲਹਿਰ ਦਾ ਇਕ ਮਕਸਦ ਸੀ ਜੋ ਗੁਆਚ ਚੁੱਕਿਆ ਹੈ। ਇਸ ਘਟਨਾ ਤੋਂ ਡਰਦਾ ਉਜਾਗਰ ਹਸਪਤਾਲ ਦਾਖਲ ਹੋ ਗਿਆ ਅਤੇ ਬਿਮਾਰੀ ਦਾ ਬਹਾਨਾ ਲਾ ਕੇ ਇਮਤਿਹਾਨਾਂ ਦੀ ਡਿਊਟੀ ਤੋਂ ਬਚ ਗਿਆ। ਅਜਿਹੇ ਡਰਪੋਕ ਜ਼ਿੰਦਗੀ ਵਿਚ ਆਮ ਹੀ ਮਿਲ ਜਾਂਦੇ ਹਨ। 
ਜਦੋਂ ਪਤਵੰਤ ਸਿੰਘ ਨੇ ਆ ਕੇ ਸੈਂਟਰ ਵਿਚ ਸਖਤੀ ਕਰਕੇ ਨਕਲ ਨੂੰ ਠੱਲ੍ਹ ਪਾਈ ਤਾਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਸੇਕ ਲੱਗਿਆ। ਇਸ ਦੀ ਉਦਾਹਰਨ ਪ੍ਰੀਖਿਆ ਕੇਂਦਰ ਦੇ ਬਾਹਰ ਖੜੇ ਦੋ ਆਦਮੀਆਂ ਦੀ ਆਪਸੀ ਗੱਲਬਾਤ ਤੋਂ ਪਤਾ ਲੱਗਦਾ ਹੇ। ਹੈਰਾਨੀ ਦੀ ਗਲ ਇਹ ਹੈ ਕਿ ਉਹਨਾਂ ਵਿਚੋਂ ਇਕ ਪੂਰੇ ਸਰੂਪ ਦਾ ਧਾਰਨੀ ਸੀ। ਇਥੇ ਲੇਖਕ ਨੇ ਆਪਣੇ ਵੱਲੋਂ ਕੁਝ ਵੀ ਨਾ ਕਹਿ ਕੇ ਤਕੜਾ ਵਿਅੰਗ ਕੱਸਿਆ ਹੈ। ਸਮੁੱਚੇ ਨਾਵਲ ਵਿਚ ਇਕ ਨਹੀਂ, ਕਈ ਥਾਵਾਂ ਤੇ ਨਾਵਲਕਾਰ ਸੰਘਾ ਨੇ ਬੜੀਆਂ ਯਥਾਰਥਕ ਘਟਨਾਵਾਂ, ਪਾਤਰਾਂ ਦੇ ਵਾਰਤਾਲਾਪ ਕਥਾਨਕ ਅਨੁਸਾਰ ਵਰਤੇ ਹਨ। ਇਸ ਦੀ ਇਕੋ ਉਦਾਹਰਨ ਦੇਵਾਂ ਗਾ--ਜਦੋਂ ਕਾਂਤਾ ਅਤੇ ਉਸਦੀ ਮਾਂ ਘਰ ਬੈਠੀਆਂ ਘਰੇਲੂ ਗੱਲਾਂ ਕਰਦੀਆਂ ਹਨ।
ਪਤਵੰਤ ਸਿੰਘ, ਉਜਾਗਰ ਮੱਲ, ਪ੍ਰਸ਼ੋਤਮ ਆਦਿ ਦੇ ਪਾਤਰ ਤਾਂ ਆਪਣੀ ਪਹਿਚਾਣ ਬਣਾਉਂਦੇ ਹੀ ਹਨ। ਪਤਵੰਤ ਸਿੰਘ ਰਾਹੀਂ ਸਿੱਖ ਇਤਿਹਾਸ ਸੰਬੰਧੀ ਵਧੀਆ ਜਾਣਕਾਰੀ ਦਿੱਤੀ ਗਈ ਹੈ। ਕਾਂਤਾ ਦਾ ਕਿਰਦਾਰ ਭਾਵੇਂ ਬਹੁਤਾ ਮਹੱਤਵਪੂਰਨ ਨਹੀਂ ਵੀ ਪਰ ਫੇਰ ਵੀ ਉਹ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਰਹਿੰਦੀ ਹੈ। ਉਸ ਦੀਆਂ ਗੱਲਾਂ ਵਿਚੋਂ ਭਾਵੇਂ ਨਸਲੀ ਵਿਤਕਰੇ ਦੀ ਬੋਅ ਆਉਂਦੀ ਹੈ, ਪਰ ਆਪਣੇ ਪਰਿਵਾਰਕ ਪਿਛੋਕੜ ਕਾਰਨ ਅਤੇ ਸਮੇਂ ਦੇ ਹਾਲਾਤ ਅਨੁਸਾਰ ਉਸਦੀ ਸੋਚ ਨੂੰ ਗਲਤ ਨਹੀਂ ਕਿਹਾ ਜਾ ਸਕਦਾ। ਨਾਵਲ ਦੇ ਅੰਤ ਵਿਚ ਨਾਵਲਕਾਰ ਨੇ ਉਸ ਨੂੰ ਬੜੇ ਕਲਾਮਈ ਢੰਗ ਨਾਲ ਚਿਤਰਿਆ ਹੈ ਅਤੇ ਉਸ ਦੀ ਗਲਬਾਤ ਤੋਂ ਉਸਦਾ ਪਾਤਰ ਹੋਰ ਉੱਘੜਦਾ ਹੈ। ਪ੍ਰਸ਼ੋਤਮ ਵੀ ਜੁਗਾੜੀ ਪਾਤਰ ਹੈ। ਇਮਤਿਹਾਨਾਂ ਦੌਰਾਨ ਵਿਦਿਆਰਥੀਆਂ ਤੋਂ ਦਾਰੂ ਬਟੋਰਨੀ ਭਾਵੇਂ ਕਿਸੇ ਪੱਖੋਂ ਵੀ ਠੀਕ ਨਹੀਂ, ਪਰ ਅਜਿਹੇ ਪਾਤਰ ਸਾਨੂੰ ਆਪਣੇ ਚੁਗਿਰਦੇ ਆਮ ਹੀ ਮਿਲਦੇ ਹਨ। ਪਤਵੰਤ ਸਿੰਘ ਵਰਗੇ ਸਖਤ ਬੰਦੇ ਦੇ ਪ੍ਰਬੰਧ ਹੇਠ ਵੀ ਉਹ ਆਪਣਾ ਸ਼ਿਕਾਰ ਲੱਭਣ ਵਿਚ ਸਫਲ ਹੋ ਜਾਂਦਾ ਹੈ।
ਡਾ. ਅਵਤਾਰ ਸਿੰਘ ਦੀ ਭਾਸ਼ਾ ਤੇ ਪਕੜ ਵੀ ਸਲਾਹੁਣਯੋਗ ਹੈ। ਉਸ ਨੇ ਕੁਝ ਕਹਾਵਤਾਂ ਬਹੁਤ ਹੀ ਵਧੀਆ ਵਰਤੀਆਂ ਹਨ---ਕੁੱਕੜ ਭਾਵੇਂ ਰੰਗ ਬਿਰੰਗੇ ਸਨ ਪਰ ਬਾਗਾਂ ਸਭ ਦੀਆਂ ਇਕੋ ਜਿਹੀਆਂ ਸਨ; ਜੇ ਫੱਟਾ ਸਾਹ ਦੇ ਰਿਹਾ ਹੈ ਤਾਂ ਹੀ ਬਾਜੀਗਰ ਛਾਲ ਮਾਰ ਰਿਹਾ ਹੈ ਆਦਿ।
ਅੰਤ ਵਿਚ ਨਾਵਲ ਦੇ ਇਕ ਹੋਰ ਪੱਖ ਸੰਬੰਧੀ ਗੱਲ ਕਰਨੀ ਚਾਹੁੰਦਾ ਹਾਂ, ਉਹ ਹੈ ਇਸ ਦਾ ਸਿਰਲੇਖ। ਸ਼ਬਦ  'ਇਮਤਿਹਾਨ' ਨੂੰ ਇਕ ਸੰਕੇਤ ਦੇ ਤੌਰ ਤੇ ਲੈਣਾ ਚਾਹੀਦਾ ਹੈ। ਇਹ ਕੇਵਲ ਵਿਦਿਆਰਥੀਆਂ ਦੇ ਇਮਤਿਹਾਨ ਲਈ ਹੀ ਨਹੀਂ ਵਰਤਿਆ ਗਿਆ। ਸਿਆਣੇ ਸਾਡੀ 'ਜ਼ਿੰਦਗੀ ਨੂੰ ਹੀ ਇਮਤਿਹਾਨ' ਮੰਨਦੇ ਹਨ। ਇਹ ਗੱਲ ਹੈ ਵੀ ਠੀਕ।  ਇਨਸਾਨ ਦੀ ਜ਼ਿੰਦਗੀ ਦਾ ਹਰ ਪੜਾਅ ਹੀ ਇਮਤਿਹਾਨ ਤੋਂ ਘੱਟ ਨਹੀਂ ਹੁੰਦਾ, ਇਹਨਾਂ ਵੱਖ-ਵੱਖ ਇਮਤਿਹਾਨਾਂ ਵਿਚ ਸਾਡੀ ਕਾਰਗੁਜ਼ਰੀ ਵੀ ਵੱਖ-ਵੱਖ ਹੀ ਰਹਿੰਦੀ ਹੈ। ਨਾਵਲ ਦੇ ਮੁੱਖ ਬੰਧ ਵਿਚ ਨਾਵਲਕਾਰ ਨੇ ਇਸ ਵੱਲ ਇਸ਼ਾਰਾ ਵੀ ਕੀਤਾ ਹੈ। ਵਿਦਿਆਰਥੀਆਂ ਦੇ ਨਾਲ-ਨਾਲ ਨਿਗਰਾਨ ਅਮਲੇ ਦੀ ਮਾਨਸਕਤਾ ਦਾ ਵੀ ਇਮਤਿਹਾਨ ਹੈ, ਉਜਾਗਰ ਮੱਲ ਵਰਗੇ ਦੀ ਕਮਜ਼ੋਰੀ ਦਾ ਇਮਤਿਹਾਨ, ਪ੍ਰਸ਼ੋਤਮ ਦੀ ਸ਼ਰਾਬ ਦੀ ਲਾਲਸਾ ਦਾ ਇਮਤਿਹਾਨ, ਡਾ. ਪਤਵੰਤ ਸਿੰਘ ਦਾ ਮੁਸ਼ਕਿਲ ਹਾਲਾਤ ਨਾਲ ਸਾਹਮਣਾ ਕਰਨ ਦਾ ਇਮਤਿਹਾਨ, ਕਾਂਤਾ ਅਤੇ ਉਸ ਵਰਗੇ ਕੁਝ ਹੋਰ ਪਾਤਰਾਂ ਦੀ ਆਪਣੀ ਇਕ ਪਾਸੜ ਸੋਚ ਦਾ ਇਮਤਿਹਾਨ, ਕਾਂਤਾ ਦਾ ਆਪਣੇ ਪਰਿਵਾਰ ਪ੍ਰਤੀ ਜਿਮੇਵਾਰੀਆਂ ਦੇ ਨਾਲ-ਨਾਲ ਆਪਣੀ ਵਿਅਕਤੀਗਤ ਜ਼ਿੰਦਗੀ ਵਿਚ ਸਫਲ ਹੋਣ ਦਾ ਇਮਤਿਹਾਨ, ਪ੍ਰਸ਼ੋਤਮ ਵੱਲੋਂ ਕਾਂਤਾ ਨੂੰ ਜੀਵਨ ਸਾਥਣ ਬਣਾਉਣ ਵਿਚ ਸਫਲ ਹੋਣ ਦਾ ਇਮਤਿਹਾਨ ਆਦਿ। ਇਸੇ ਲਈ ਮੈਂ ਪ੍ਰਸਤੁਤ ਨਾਵਲ ਨੂੰ 'ਜ਼ਿੰਦਗੀ ਦੇ ਬਹੁਪਰਤੀ ਇਮਤਿਹਾਨਾਂ ਦੀ ਕਹਾਣੀ' ਕਿਹਾ ਹੈ। ਇਸ ਨੂੰ ਅਵਤਾਰ ਸਿੰਘ ਸੰਘਾ ਦੇ ਬਤੌਰ ਨਾਵਲਕਾਰ ਹੋਣ ਦਾ ਇਮਤਿਹਾਨ ਵੀ ਕਿਹਾ ਜਾ ਸਕਦਾ ਹੈ। ਨਾਵਲ ਪੜ੍ਹਨ ਉਪਰੰਤ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਨਾਵਲਕਾਰ ਇਸ ਇਮਤਿਹਾਨ ਵਿਚ 'ਡਿਸਟਿੰਗਸ਼ਨ' ਨਾਲ ਸਫਲ ਹੋਇਆ ਹੈ, ਪਰ ਇਸਦਾ ਪ੍ਰਮਾਣ ਪੱਤਰ ਉਸ ਨੂੰ ਉਦੋਂ ਹੀ ਦਿੱਤਾ ਜਾਵੇ ਗਾ ਜਦੋਂ ਉਹ ਆਪਣੇ ਨਵੇਂ ਨਾਵਲ ਨਾਲ ਪਾਠਕਾਂ ਅਤੇ ਆਲੋਚਕਾਂ ਦੇ ਸਾਹਮਣੇ ਨਵਾਂ ਇਮਤਿਹਾਨ ਦੇਣ ਆਵੇ ਗਾ।
 
ਰਵਿੰਦਰ ਸਿੰਘ ਸੋਢੀ

Have something to say? Post your comment