Tuesday, September 21, 2021
24 Punjabi News World
Mobile No: + 31 6 39 55 2600
Email id: hssandhu8@gmail.com

Article

ਨਾਰੀ ਗ਼ਜ਼ਲ ਦਾ ਪ੍ਰਮੁੱਖ ਹਸਤਾਖਰ :

September 02, 2021 12:22 AM
  ਨਾਰੀ ਗ਼ਜ਼ਲ ਦਾ ਪ੍ਰਮੁੱਖ ਹਸਤਾਖਰ : 
                  ਡਾ. ਗੁਰਚਰਨ ਕੌਰ ਕੋਚਰ
                  """"""""""""""""""""""""""""""""
                                  ~  ਪ੍ਰੋ. ਨਵ ਸੰਗੀਤ  ਸਿੰਘ 
 
     ਡਾ. ਗੁਰਚਰਨ ਕੌਰ ਕੋਚਰ ਨੂੰ ਲਿਖਣ ਦੀ ਪ੍ਰੇਰਨਾ ਆਪਣੇ ਮਰਹੂਮ ਪਿਤਾ ਸ. ਸਰਦਾਰ ਸਿੰਘ ਤੋਂ ਪ੍ਰਾਪਤ ਹੋਈ, ਜੋ ਆਪਣੇ ਸਮੇਂ ਦੇ ਪ੍ਰਸਿੱਧ ਸ਼ਾਇਰ (ਉਰਦੂ ਤੇ ਪੰਜਾਬੀ) ਸਨ। ਫਿਰ ਉਸਨੇ ਰਾਜ ਦੁਲਾਰ ਦੀ ਪ੍ਰੇਰਨਾ ਨਾਲ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ; ਸਿੱਖਿਆ ਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਉਹਦੇ ਲੇਖ ਪ੍ਰਕਾਸ਼ਿਤ ਹੋਣੇ ਸ਼ੁਰੂ ਹੋਏ; ਗ਼ਜ਼ਲ ਲਿਖਣ ਲਈ ਸਰਦਾਰ ਪੰਛੀ, ਐੱਸ. ਤਰਸੇਮ, ਸੁਲੱਖਣ ਸਰਹੱਦੀ, ਅਮਰਜੀਤ ਸਿੰਘ ਸੰਧੂ, ਗੁਰਦਿਆਲ ਰੌਸ਼ਨ, ਰਾਜਿੰਦਰ ਪਰਦੇਸੀ, ਰਾਜਿੰਦਰ ਬਿਮਲ ਆਦਿ ਨੇ ਉਸ ਨੂੰ ਉਤਸ਼ਾਹਿਤ ਕੀਤਾ। ਇਵੇਂ ਹੀ ਉਸ ਦੀਆਂ ਗ਼ਜ਼ਲਾਂ ਤੇ ਗੀਤਾਂ ਨੂੰ ਵੱਖ-ਵੱਖ ਗਾਇਕਾਂ ਨੇ ਆਪਣੀ ਆਵਾਜ਼ ਪ੍ਰਦਾਨ ਕੀਤੀ ਹੈ । 
     ਡਾ. ਕੋਚਰ ਦੀਆਂ ਹੁਣ ਤਕ 13 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 5 ਗ਼ਜ਼ਲ ਸੰਗ੍ਰਹਿ (ਅਹਿਸਾਸ ਦੀ ਖੁਸ਼ਬੂ-2003; ਅਹਿਸਾਸ ਦਾ ਸਫ਼ਰ-
2005; ਅਹਿਸਾਸ ਦੀਆਂ ਰਿਸ਼ਮਾਂ-2008; ਹਰਫ਼ਾਂ ਦੀ ਮਹਿਕ-2015 ਅਤੇ ਗ਼ਜ਼ਲ ਅਸ਼ਰਫੀਆਂ-2020), ਇੱਕ ਸੰਪਾਦਿਤ ਕਾਵਿ-ਸੰਗ੍ਰਹਿ (ਧੀਰਜ, ਸਹਿਜ ਤੇ ਸ਼ਕਤੀ-2006), ਦੋ ਨਿਬੰਧ ਸੰਗ੍ਰਹਿ (ਦੀਵਿਆਂ ਦੀ ਕਤਾਰ-2007; ਜਗਦੇ ਚਿਰਾਗ-2010), ਦੋ ਅਨੁਵਾਦਿਤ ਪੁਸਤਕਾਂ (ਸਾਡੀ ਸਿਹਤ- ਸੰਸਕਾਰੀ ਅਤੇ ਸਿਹਤਮੰਦ ਪਰਿਵਾਰ-2014; ਇੱਕ ਦ੍ਰਿਸ਼ਟੀਕੋਣ ਇਹ ਵੀ-2016), ਵੱਖ-ਵੱਖ ਸੂਬਿਆਂ ਦੀਆਂ ਸੰਪਾਦਤ ਲੋਰੀਆਂ (ਲੋਕ ਸਾਹਿਤ ਵਿੱਚ ਲੋਰੀ-2015), ਸੰਪਾਦਿਤ ਗ਼ਜ਼ਲ ਸੰਗ੍ਰਹਿ (ਚੋਣਵੀਂ ਪੰਜਾਬੀ ਨਾਰੀ ਗ਼ਜ਼ਲ-
2018), ਅਨੁਵਾਦਿਤ ਕਾਵਿ ਸੰਗ੍ਰਹਿ (ਅਵਧੇਸ਼ ਸਿੰਘ ਦੀਆਂ ਚੋਣਵੀਆਂ ਹਿੰਦੀ ਕਵਿਤਾਵਾਂ- ਮੇਰੇ ਅਹਿਸਾਸ-
2020) ਸ਼ਾਮਲ ਹਨ। ਇਸ ਸੂਚੀ ਤੋਂ ਪਤਾ ਲੱਗਦਾ ਹੈ ਕਿ ਉਹਨੇ ਕਾਵਿ ਨੂੰ ਆਪਣੇ ਪਸੰਦੀਦਾ ਮਾਧਿਅਮ ਵਜੋਂ ਚੁਣਿਆ ਹੈ ਤੇ ਇਸ ਵਿੱਚੋਂ ਵੀ ਗ਼ਜ਼ਲ ਦੀ ਸਿਨਫ਼ ਪ੍ਰਮੁੱਖ ਹੈ। 'ਗ਼ਜ਼ਲ ਅਸ਼ਰਫੀਆਂ' (ਚੇਤਨਾ ਪ੍ਰਕਾਸ਼ਨ ਲੁਧਿਆਣਾ, ਮੁੱਲ 595/-) ਉਸ ਦੀਆਂ ਪਹਿਲਾਂ ਲਿਖੀਆਂ ਗਈਆਂ ਚਾਰ ਗ਼ਜ਼ਲ-ਪੁਸਤਕਾਂ ਦਾ ਹੀ ਸੰਗ੍ਰਹਿ ਹੈ।
    ਵਿਚਾਰ-ਅਧੀਨ ਗ਼ਜ਼ਲ ਸੰਗ੍ਰਹਿ 'ਗ਼ਜ਼ਲ ਅਸ਼ਰਫ਼ੀਆਂ' ਦੇ ਪਹਿਲੇ 88 ਪੰਨਿਆਂ 'ਤੇ ਡਾ. ਕੋਚਰ ਦੀਆਂ ਗ਼ਜ਼ਲਾਂ ਬਾਰੇ ਕ੍ਰਮਵਾਰ ਸੁਰਜੀਤ ਪਾਤਰ, ਅਜਾਇਬ ਚਿੱਤਰਕਾਰ, ਸਰਦਾਰ ਪੰਛੀ, ਕੁਲਵੰਤ ਜਗਰਾਉਂ, ਦੀਪਕ ਜੈਤੋਈ, ਬਲਬੀਰ ਸਿੰਘ ਸੈਣੀ, ਅਮਰਜੀਤ ਸੰਧੂ, ਮਿੱਤਰ ਨਕੋਦਰੀ, ਇੰਦਰਜੀਤ ਹਸਨਪੁਰੀ ਦੇ ਪ੍ਰਸੰਸਾਤਮਕ ਵਿਚਾਰ ਕਲਮਬੱਧ ਹਨ। ਜਿਸ ਵਿੱਚ ਇਨ੍ਹਾਂ ਸ਼ਖ਼ਸੀਅਤਾਂ ਨੇ ਡਾ. ਕੋਚਰ ਨੂੰ ਸਿਆਣਪ ਤੇ ਅਹਿਸਾਸ ਵਿੱਚ ਰੰਗੀ ਸ਼ਾਇਰੀ; ਅਹਿਸਾਸ ਦੀ ਖੁਸ਼ਬੂ ਦਾ ਕਮਾਲ; ਰੰਗਾਂ ਦੀ ਆਬਸ਼ਾਰ; ਸੱਜਰੀ ਸੂਹੀ ਸਵੇਰ ਵਰਗੀ ਸ਼ਾਇਰੀ; ਸੁਰੀਲੀ ਸਿਨਫ਼ ਦਾ ਸਫਰ; ਰੌਸ਼ਨੀ ਵੰਡਦੀ ਕਹਿਕਸ਼ਾਂ; ਧਰਤੀ ਤੋਂ ਅੰਬਰ ਤਕ ਦੀ ਉਡਾਨ; ਜਜ਼ਬਾਤਾਂ ਦੀ ਨਿਰੰਤਰ ਵਗਦੀ ਪਹਾੜੀ ਕੂਲ੍ਹ; ਮੁਹੱਬਤ ਦੀ ਸ਼ਾਇਰਾ ਆਦਿ ਲਕਬਾਂ ਨਾਲ ਵਡਿਆਇਆ ਹੈ। 
    'ਗ਼ਜ਼ਲ ਅਸ਼ਰਫੀਆਂ' ਵਿੱਚ ਕੁੱਲ 264 ਗ਼ਜ਼ਲਾਂ (ਅਹਿਸਾਸ ਦੀ ਖੁਸ਼ਬੂ-67 ਗ਼ਜ਼ਲਾਂ, ਪੰਨੇ 89-157; ਅਹਿਸਾਸ ਦਾ ਸਫਰ-49 ਗ਼ਜ਼ਲਾਂ, ਪੰਨੇ 158-222; ਅਹਿਸਾਸ ਦੀਆਂ ਰਿਸ਼ਮਾਂ-70 ਗ਼ਜ਼ਲਾਂ, ਪੰਨੇ 223-307; ਹਰਫ਼ਾਂ ਦੀ ਮਹਿਕ- 78 ਗ਼ਜ਼ਲਾਂ, ਪੰਨੇ 308-395) ਸ਼ਾਮਲ ਹਨ। ਅੰਤਿਕਾ ਵਿਚ ਕੋਚਰ ਦੀਆਂ ਗ਼ਜ਼ਲਾਂ ਬਾਰੇ ਕੁਝ ਹੋਰ ਲੇਖਕਾਂ/ ਵਿਦਵਾਨਾਂ/ ਕਵੀਆਂ/ ਆਲੋਚਕਾਂ (ਜਸਵੰਤ ਸਿੰਘ ਕੰਵਲ, ਪ੍ਰੋ. ਗੁਰਭਜਨ ਗਿੱਲ, ਡਾ. ਐੱਸ. ਤਰਸੇਮ, ਗੁਲਜ਼ਾਰ ਸਿੰਘ ਸੰਧੂ, ਪ੍ਰੋ. ਹਰਭਜਨ ਸਿੰਘ ਭਾਟੀਆ, ਡਾ. ਸੁਰਿੰਦਰ ਸਿੰਘ ਕੋਮਲ, ਪ੍ਰੋ. ਜਸਪਾਲ ਘਈ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਅਰਵਿੰਦਰ ਕੌਰ ਕਾਕੜਾ, ਮਹਿੰਦਰ ਸਿੰਘ ਘੱਗ, ਕੈਲੀਫੋਰਨੀਆ) ਨੇ ਵੀ ਉਸ ਦੀ ਕਾਵਿ-ਪਕਿਆਈ 'ਤੇ ਮੋਹਰ ਲਾਈ ਹੈ। ਅਖੀਰ ਤੇ ਡਾ. ਕੋਚਰ ਦੇ ਜੀਵਨ-ਵੇਰਵੇ ਦੇ ਨਾਲ-ਨਾਲ ਕੁਝ ਤਸਵੀਰਾਂ ਰਾਹੀਂ ਇਸ ਪੁਸਤਕ ਨੂੰ ਸ਼ਿੰਗਾਰਿਆ ਗਿਆ ਹੈ। ਇਸ ਤਰ੍ਹਾਂ ਇਹ ਪੁਸਤਕ ਡਾ. ਕੋਚਰ ਦੇ ਹੁਣ ਤੱਕ ਦੇ ਗ਼ਜ਼ਲ-ਕਾਵਿ ਦਾ ਸੰਪੂਰਨ ਗੁਲਦਸਤਾ ਕਹੀ ਜਾ ਸਕਦੀ ਹੈ।
     ਡਾ. ਕੋਚਰ ਦੂਰਦਰਸ਼ਨ ਅਤੇ ਰੇਡੀਓ 'ਤੇ 8 ਪ੍ਰੋਗਰਾਮ ਪ੍ਰਸਤੁਤ ਕਰ ਚੁੱਕੀ ਹੈ; ਉਸ ਦੇ ਜੀਵਨ, ਸ਼ਖ਼ਸੀਅਤ ਅਤੇ ਸਾਹਿਤਕ ਖੇਤਰ ਦੀ ਪ੍ਰਾਪਤੀ ਲਈ ਉਸ 'ਤੇ ਦੂਰਦਰਸ਼ਨ ਜਲੰਧਰ, ਪੰਜਾਬੀ ਰੇਡੀਓ, ਟੀਵੀ ਲੰਡਨ, ਅਕਾਲ ਟੀਵੀ ਲੰਡਨ ਵੱਲੋਂ ਦਸਤਾਵੇਜ਼ੀ ਫ਼ਿਲਮਾਂ ਬਣ ਚੁੱਕੀਆਂ ਹਨ। ਇਤਿਹਾਸ, ਰਾਜਨੀਤੀ ਸ਼ਾਸਤਰ, ਅੰਗਰੇਜ਼ੀ ਵਿੱਚ ਐਮ ਏ, ਬੀ ਐੱਡ, ਐੱਲਐੱਲਬੀ, ਉਰਦੂ ਆਮੋਜ਼ ਦੀ ਵਿੱਦਿਆ ਹਾਸਲ ਕਰ ਚੁੱਕੀ ਡਾ. ਕੋਚਰ ਦੇ ਹੋਰ ਕਾਰਜਾਂ ਵਿੱਚ ਪੁਸਤਕ ਰੀਵਿਊ, ਖੋਜ- ਪੱਤਰਾਂ ਤੋਂ ਇਲਾਵਾ ਸਾਂਝੇ ਕਾਵਿ-ਸੰਕਲਨਾਂ, ਸਕੂਲ ਦੇ ਸਿਲੇਬਸ ਵਿੱਚ ਸ਼ਾਮਲ ਰਚਨਾਵਾਂ ਉਸਦੀਆਂ ਪ੍ਰਾਪਤੀਆਂ ਦਾ ਸ਼ਿੰਗਾਰ ਹਨ। 
      ਪੰਜਾਬੀ ਨਾਰੀ ਗ਼ਜ਼ਲ ਦੀ ਇਤਿਹਾਸਕਾਰੀ ਵਿੱਚ ਜਿਨ੍ਹਾਂ ਨਾਰੀ ਗ਼ਜ਼ਲਕਾਰਾਂ (ਅਮਰਜੀਤ ਕੌਰ ਅਮਰ,
ਕੁਲਜੀਤ ਗ਼ਜ਼ਲ, ਕੁਲਵਿੰਦਰ ਕੰਵਲ ਆਦਿ) ਨੇ ਅਹਿਮ ਯੋਗਦਾਨ ਪਾਇਆ ਹੈ, ਉਨ੍ਹਾਂ ਵਿਚੋਂ ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਵਧੇਰੇ ਗੌਲਣਯੋਗ ਹੈ।
      ਕੋਚਰ ਦੀ ਗ਼ਜ਼ਲ ਸਿਰਜਣਾ ਦਾ ਮੁੱਖ ਪ੍ਰੇਰਣਾ-ਸਰੋਤ ਯੁੱਗ-ਚੇਤਨਾ ਦਾ ਬੋਧ ਹੈ। ਉਸਦੀਆਂ ਗ਼ਜ਼ਲਾਂ ਵਿੱਚ ਜੀਵਨ, ਸਾਹਿਤ, ਸਮਾਜ, ਸੱਭਿਆਚਾਰ, ਪਰਵਾਸ ਆਦਿ ਕੋਈ ਵੀ ਵਿਸ਼ਾ ਅਜਿਹਾ ਨਹੀਂ ਜੋ ਅਣਛੋਹਿਆ ਰਿਹਾ ਹੋਵੇ, ਤਾਂ ਵੀ ਇਨ੍ਹਾਂ ਵਿੱਚ ਅਮਨ-ਚੈਨ, ਪਿਆਰ-ਮੁਹੱਬਤ, ਵਿਛੋੜਾ-ਵਸਲ, ਲੋਕਾਈ ਦਾ ਦਰਦ, ਪਦਾਰਥਵਾਦ, ਨਿੱਜਵਾਦ, ਨਿੱਜੀਕਰਨ, ਬਾਜ਼ਾਰੀਕਰਨ, ਵਪਾਰੀਕਰਨ, ਵਿਸ਼ਵੀਕਰਨ, ਨੈਤਿਕ ਕਦਰਾਂ ਕੀਮਤਾਂ ਦਾ ਪਤਨ, ਰਿਸ਼ਤਿਆਂ ਦੀ ਟੁੱਟ-ਭੱਜ, ਭ੍ਰਿਸ਼ਟ ਨਿਜ਼ਾਮ, ਬੇਰੁਜ਼ਗਾਰੀ, ਨਸ਼ਿਆਂ ਦਾ ਵਧਦਾ ਰੁਝਾਨ, ਔਰਤ ਦੀ ਸਥਿਤੀ, ਵਧਦੀ ਮਹਿੰਗਾਈ, ਵਧਦਾ ਪ੍ਰਦੂਸ਼ਣ, ਮਾਦਾ ਭਰੂਣ ਹੱਤਿਆ, ਆਦਿ ਨੂੰ ਤਰਜੀਹੀ ਤੌਰ ਤੇ ਪ੍ਰਸਤੁਤ ਕੀਤਾ ਗਿਆ ਹੈ।
     ਕੋਚਰ ਨੇ ਨਾਰੀ ਹੋਣ ਦੇ ਨਾਂ ਤੇ ਨਾਰੀ-ਸੰਵੇਦਨਾ ਨੂੰ ਬੜੀ ਸੂਖਮਤਾ ਨਾਲ ਬਿਆਨ ਕੀਤਾ ਹੈ:
* ਟਹਿਣੀ ਨਾਲੋਂ ਟੁੱਟ ਚਲੀਆਂ ਨੇ 
ਕਲੀਆਂ ਇਹ ਗੁਲਜ਼ਾਰ ਦੀਆਂ।
ਡੋਲੀ ਦੇ ਵਿੱਚ ਬੈਠਣ ਲੱਗੀਆਂ 
ਕੁੜੀਆਂ ਭੁੱਬਾਂ ਮਾਰਦੀਆਂ।                (ਪੰਨਾ 93)
* ਦੁਖਾਂ ਦੇ ਵਿੱਚ ਜੰਮੀ, ਖੇਡੀ, ਦਰਦ ਹੰਢਾਏ ਕੋਚਰ ਨੇ
ਤਾਂਈਓਂ ਤਾਂ ਹੋ ਗਈ ਹੈ ਉਸਨੂੰ ਪੀੜਾਂ ਦੀ ਪਹਿਚਾਨ ਬਹੁਤ।
                                               (ਪੰਨਾ 159)
* ਘੂੰਗਰੂਆਂ ਨੂੰ ਕੀ ਪਤਾ, ਇਹ ਜਾਣਦੀ ਬਸ ਭੁੱਖ ਹੀ 
ਕਿੰਨੀਆਂ ਮਜਬੂਰੀਆਂ ਨੇ ਉਹਨਾਂ ਦੀ ਛਣਕਾਰ ਵਿੱਚ।   
                                               (ਪੰਨਾ 291)   
    ਸਮਕਾਲੀ ਪੂੰਜੀਵਾਦੀ ਯੁੱਗ ਵਿੱਚ ਔਰਤ ਦੀ ਸਥਿਤੀ ਵਧੇਰੇ ਤਰਸਯੋਗ ਹੋਈ ਹੈ। ਜੇਕਰ ਔਰਤ ਕਿਸੇ ਗਰੀਬ ਤਬਕੇ ਨਾਲ ਸੰਬੰਧਿਤ ਹੋਵੇ ਤਾਂ ਸਥਿਤੀ ਉਸ ਤੋਂ ਵੀ ਵਧੇਰੇ ਤ੍ਰਾਸਦਿਕ ਹੋ ਜਾਂਦੀ ਹੈ। ਫਿਰ ਔਰਤ ਸਿਰਫ ਪੇਟ ਭਰਨ ਲਈ ਨੁਮਾਇਸ਼ ਵਜੋਂ ਭੂਮਿਕਾ ਨਿਭਾਉਂਦੀ ਹੈ:
* ਸ਼ਾਮ ਤੋਂ ਲੈ ਸੁਬੱਹ ਤੀਕਰ ਸ਼ੋਹਦਿਆਂ ਦੀ ਭੀੜ ਵਿੱਚ,
ਖੁਦ ਨਹੀਂ ਨੱਚੀ ਉਹ ਪੈਸੇ ਨੇ ਨਚਾਈ ਜ਼ਿੰਦਗੀ।
                                             (ਪੰਨਾ 138)
* ਭੁੱਖ-ਨੰਗ ਦੇ ਜਾਲ 'ਚ ਫਾਥੀ 
ਮਾਂ ਦੀ ਵੀ ਮਜਬੂਰੀ ਵੇਖੋ,
ਬੱਚਿਆਂ ਦਾ ਢਿੱਡ ਭਰਨ ਦੀ ਖ਼ਾਤਿਰ 
ਅਪਣੀ ਪੱਤ ਰੁਲਾਈ ਜਾਏ।            (ਪੰਨਾ 207)
 
     ਉਹ ਖੁਦ ਵੀ ਆਪਣੇ ਫਰਜ਼ ਨੂੰ ਪਛਾਣਦੀ ਨਜ਼ਰ ਆਉਂਦੀ ਹੈ:
ਮੈਂ ਨਾਰੀ ਹਾਂ ਤੇ ਨਾਰੀ ਹੋਣ ਦੀ ਮੈਂ ਲਾਜ ਰੱਖੀ ਹੈ,
ਕਿਸੇ ਦੀ ਭੈਣ, ਮਾਂ, ਪਤਨੀ ਤੇ ਚਾਹੇ ਧੀ ਰਹੀ ਹਾਂ ਮੈਂ।
                                            (ਪੰਨਾ 242)
     ਗਰੀਬੀ ਅਮੀਰੀ ਵਿੱਚ ਵਧ ਰਹੇ ਨਿਰੰਤਰ ਪਾੜੇ ਨੂੰ ਸ਼ਾਇਰਾ ਨੇ ਖ਼ੂਬਸੂਰਤ ਢੰਗ ਨਾਲ ਪੇਸ਼ ਕੀਤਾ ਹੈ:
* ਲੁੱਟ ਰਿਹਾ ਨਿਰਧਨ ਨੂੰ ਹੈ ਧਨਵਾਨ ਤੇਰੇ ਸ਼ਹਿਰ ਦਾ। 
ਕਿਸ ਤਰ੍ਹਾਂ ਦਾ ਬਣ ਗਿਆ ਇਨਸਾਨ ਤੇਰੇ ਸ਼ਹਿਰ ਦਾ।
                                                 (ਪੰਨਾ 122)
* ਕਿਸੇ ਕੋਲ ਰੋਟੀ, ਕਿਸੇ ਕੋਲ ਭੁੱਖਾਂ,
ਕਿਵੇਂ ਆਖਾਂ? ਇਹ ਵੰਡ ਕਾਣੀ ਨਹੀਂ ਹੈ।  (ਪੰਨਾ 103)
     ਸ਼ਾਇਰਾ ਗ਼ਜ਼ਲ-ਕਾਵਿ ਵਿਧਾ ਪ੍ਰਤੀ ਸਮਰਪਿਤ ਭਾਵ ਨਾਲ ਉਸਦੇ ਹਰੇਕ ਤੱਤ ਨੂੰ ਬੜੀ ਸ਼ਿੱਦਤ ਨਾਲ ਚਿਤਰਦੀ ਹੈ। ਉਹ ਸਿਰਫ ਕਾਫੀਆ ਪੈਮਾਈ ਨੂੰ ਹੀ ਗ਼ਜ਼ਲ ਮੰਨਣ ਦੇ ਖਿਲਾਫ ਹੈ।ਉਹ ਅਰੂਜ਼ ਦੇ ਸਥਾਪਤ ਨੇਮਾਂ ਨੂੰ ਤੋੜਦੀ ਨਜ਼ਰ ਆਉਂਦੀ ਹੈ, ਪਰੰਤੂ ਉਹ ਗ਼ਜ਼ਲ ਦੇ ਇਸ ਬੰਧਨ ਨੂੰ ਮੂਲੋਂ ਨਕਾਰਦੀ ਵੀ ਨਹੀਂ। ਜਿਸ ਕਾਰਨ ਉਸਦੀ ਗ਼ਜ਼ਲ ਵਿਚ ਵਿਭਿੰਨ ਸਰੋਕਾਰਾਂ ਦੇ ਸਮਵਿੱਥ ਗ਼ਜ਼ਲ-ਕਾਵਿ-ਰੂਪ ਦਾ ਗਿਆਨ ਵੀ ਸੰਗਮ ਬਣ ਕੇ ਸੰਚਾਰਿਤ ਹੁੰਦਾ ਹੈ।
      ਸ਼ਾਇਰਾ ਹਮੇਸ਼ਾ ਸਿਰਜਣਾ ਵਿੱਚ ਲੀਨ ਰਹਿੰਦੀ ਹੈ, ਜਿਸ ਕਾਰਨ ਉਹ ਕਲਮ ਚਲਾਉਣ ਨੂੰ ਹੀ ਆਪਣਾ ਧਰਮ ਮੰਨਦੀ ਹੈ:
* ਨਾ ਬੁੱਤ ਪੂਜਾ,ਨਾ ਤੀਰਥ ਯਾਤਰਾ,ਨਾ ਦਾਨ ਪੁੰਨ ਕੋਈ,
ਮੈਨੂੰ ਤਾਂ ਕਲਮ ਨੇ ਦੱਸਿਆ ਕਿ ਅਸਲੀ ਬੰਦਗੀ ਕੀ ਹੈ।
                                               (ਪੰਨਾ 306)
*  ਗ਼ਜ਼ਲ ਦੇ ਅਰਸ਼ ਨੂੰ ਛੂਹੇਗੀ ਇੱਕ ਦਿਨ ਕਲਮ ਕੋਚਰ ਦੀ ਭਰੋਸਾ ਓਸ ਨੂੰ ਪੂਰਾ ਹੈ ਆਪਣੀ ਹਰ ਉਡਾਨ ਉਤੇ।
                                              (ਪੰਨਾ 168)
* ਲਿਖੇ ਨੇ ਗੀਤ ਵੀ ਇਸ ਨੇ ਅਤੇ ਕਵਿਤਾਵਾਂ ਵੀ, ਐਪਰ ਗ਼ਜ਼ਲ ਲਿਖ ਕੇ ਕਲਮ ਮੈਨੂੰ ਬੜਾ ਮਸ਼ਹੂਰ ਕਰਦੀ ਹੈ।
                                              (ਪੰਨਾ 118)    
     ਪਰੰਤੂ ਉਹ ਸਿਰਫ ਹੋਰਾਂ ਵਾਂਗ ਕਲਮ ਚਲਾਉਣਾ ਨਹੀਂ ਚਾਹੁੰਦੀ, ਸਗੋਂ ਆਪਣੇ ਭਾਵ-ਸੰਚਾਰ ਰਾਹੀਂ ਆਪਣੇ ਅਸਤਿੱਤਵ ਲਈ ਵੀ ਸੰਘਰਸ਼ਸ਼ੀਲ ਹੈ:
* ਮੇਰੀ ਕਾਨੀ ਦਾ ਰੰਗ ਤੇ ਰੂਪ ਕਈਆਂ ਵਰਗਾ ਹੋਊ,ਪਰ,
ਮੇਰੀ ਕੋਸ਼ਿਸ਼ ਹੈ ਇਸ ਨੂੰ ਵੱਖਰੀ ਪਹਿਚਾਨ ਮਿਲ ਜਾਏ।
                                                  (ਪੰਨਾ 272)
* ਹੱਕ ਬਰਾਬਰ ਮੰਗ ਰਹੀ ਅੱਜ ਨਾਰ ਵੀ
ਨਾਰ ਵਿੱਚ ਏਨਾ ਕੁ ਜੇਰਾ ਆ ਗਿਆ।      (ਪੰਨਾ 208)  
* ਮੈਂ ਔਰਤ ਹਾਂ ਤੇ ਲੜਨਾ ਹੈ ਮਾਂ ਅਪਣੇ ਹੱਕ ਦੀ ਖਾਤਿਰ 
ਮੇਰੀ ਆਵਾਜ਼ ਨੂੰ ਤੂੰ ਆਪਣੀ ਲਲਕਾਰ ਦੇ ਜਾਵੀਂ। 
                                                  (ਪੰਨਾ 169)  
    ਸ਼ਾਇਰਾ ਆਧੁਨਿਕ ਮਨੁੱਖੀ ਜੀਵਨ ਨਾਲ ਸੰਬੰਧਿਤ ਸਾਮੱਗਰੀ ਨੂੰ ਆਧੁਨਿਕ ਸੰਵੇਦਨਾ ਦੇ ਸੁਹਜ ਅਧੀਨ ਚਿਤਰਿਤ ਕਰਦੀ ਹੈ:
* ਜੁਦਾਈ ਦੇ ਪਲਾਂ ਵਿਚ ਵੀ, ਰਹੇਗਾ ਦਿਲ ਤਸੱਲੀ ਵਿਚ,
ਤੁਸੀਂ ਬਸ ਫੋਨ, ਚਿੱਠੀ ਰਾਹੀਂ ਥੋੜ੍ਹਾ ਰਾਬਤਾ ਰੱਖਣਾ।
                                                (ਪੰਨਾ 305)
* ਜਦੋਂ ਉਹ ਫੋਨ ਕਰਦਾ ਹੈ ਤਾਂ ਮੈਨੂੰ ਇਸ ਤਰ੍ਹਾਂ ਲੱਗਦੈ,
ਜਿਵੇਂ ਬੋਲਾਂ ਦੇ ਰਾਹੀਂ ਮਹਿਕ ਉਸ ਦੀ ਆ ਗਈ ਹੁੰਦੀ।
                                                (ਪੰਨਾ 298)
       ਪੰਜਾਬੀ ਸਮਾਜ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਨੌਜਵਾਨ ਦੀ ਮਾਰਮਿਕ ਸਥਿਤੀ ਨੂੰ ਉਹ ਲਫ਼ਜ਼ਾਂ ਵਿਚ ਢਾਲਦੀ ਕਹਿੰਦੀ ਹੈ:
* ਜਿਵੇਂ ਘੁਣ ਖਾਂਦਾ ਹੈ ਲਕੜੀ ਦੇ ਤਾਈਂ ਉਸ ਤਰ੍ਹਾਂ ਅੱਜਕਲ੍ਹ 
ਨਸ਼ਾ ਚੜ੍ਹਦੀ ਜਵਾਨੀ ਖਾ ਰਿਹੈ, ਤੌਬਾ ਮੇਰੀ ਤੌਬਾ।
                                               (ਪੰਨਾ 285)
* ਨਸ਼ੇ ਦੀ ਪੂਰਤੀ ਖਾਤਿਰ ਉਹ ਘਰ ਦਾ ਹੀ ਹਰਿਕ ਭਾਂਡਾ 
ਜਦੋਂ ਵੀ ਹੋਈ ਉਸਦੀ ਜੇਬ ਖਾਲੀ ਵੇਚ ਦੇਵੇਗਾ।
                                               (ਪੰਨਾ 283)  
     ਸ਼ਾਇਰਾ ਨੇ ਕਾਵਿ-ਵਿਧਾ ਨਾਲ ਸੰਬੰਧਿਤ ਤੱਤਾਂ ਨੂੰ ਸੁਯੋਗ ਵਰਤਿਆ ਹੈ। ਉਸਨੇ ਢੁਕਵੇਂ ਕਾਫੀਏ ਵਰਤ ਕੇ ਆਪਣੇ ਭਾਵ- ਬੋਧ ਨੂੰ ਵਧੇਰੇ ਤੀਖਣਤਾ ਪ੍ਰਦਾਨ ਕੀਤੀ ਹੈ। ਉਸ ਦੁਆਰਾ ਵਰਤੀ ਗਈ ਰਦੀਫ਼ ਲੰਬੀ ਹੋਣ ਕਾਰਨ ਗ਼ਜ਼ਲ ਵਧੇਰੇ ਪ੍ਰਗੀਤਕ ਹੋਈ ਹੈ:
* ਸ਼ੀਸ਼ੇ ਦਾ ਘਰ ਬਣਾ ਨਹੀਂ ਪੱਥਰਾਂ ਦੇ ਸ਼ਹਿਰ ਵਿੱਚ।
ਫੁੱਲਾਂ ਦੇ ਬੂਟੇ ਲਾ ਨਹੀਂ ਪੱਥਰਾਂ ਦੇ ਸ਼ਹਿਰ ਵਿੱਚ।
                                              (ਪੰਨਾ 174)
* ਤੇਰੀ ਮੁਸਕਾਨ ਦਾ ਜੇਕਰ ਸਹਾਰਾ ਮਿਲ ਗਿਆ ਹੁੰਦਾ।
ਤਾਂ ਬੇੜੀ ਨੂੰ ਭੰਵਰ ਵਿਚ ਹੀ ਕਿਨਾਰਾ ਮਿਲ ਗਿਆ ਹੁੰਦਾ।
                                              (ਪੰਨਾ 161)
     ਉਸਨੇ ਗ਼ਜ਼ਲ ਨੂੰ ਵਧੇਰੇ ਸੁਹਜਮਈ ਬਣਾਉਣ ਲਈ ਵਿਭਿੰਨ ਪ੍ਰਕਾਰ ਦੇ ਅਲੰਕਾਰਾਂ, ਰੂਪਕਾਂ ਦੀ ਵਰਤੋਂ ਕੀਤੀ ਹੈ:
* ਪੱਥਰ ਤਰਾਸ਼ ਦੀ ਨਜ਼ਰ ਜਿਧਰ ਜਿਧਰ ਗਈ।
ਰਾਹਾਂ ਦੇ ਪੱਥਰਾਂ ਦੀ ਵੀ ਕਿਸਮਤ ਸੰਵਰ ਗਈ।
                                             (ਪੰਨਾ 121)
* ਬੜੇ ਕੋਮਲ ਸੀ ਜਦ ਤਕ ਡਾਲ ਉਤੇ ਸੀ ਹਰੇ ਪੱਤੇ।
ਹਨੇਰੀ ਨਾਲ ਟੁੱਟ ਕੇ ਡਿੱਗੇ, ਹੋਏ ਅਧ-ਮਰੇ ਪੱਤੇ।
                                             (ਪੰਨਾ 135)
      ਗ਼ਜ਼ਲ ਕਾਵਿ-ਰੂਪ ਲਈ ਛੰਦ ਬਹਿਰ ਦੀ ਪਾਬੰਦੀ ਹੀ ਅਸਲ ਵਿਚ ਕਿਸੇ ਮਾਨਵ ਨੂੰ ਕਲਾਕਾਰ ਬਣਾਉਦੀ ਹੈ।ਇਸ ਕਸਵੱਟੀ ਉਤੇ ਕੋਚਰ ਨੇ ਆਪਣੇ ਭਾਵਾਂ ਨੂੰ ਅਰੂਜ਼ ਦੀਆਂ ਬਹਿਰਾਂ ਵਿੱਚ ਅਭਿਵਿਅਕਤ ਕੀਤਾ ਹੈ। ਇਉਂ ਡਾ. ਕੋਚਰ ਰਚਿਤ ਸੰਪੂਰਨ ਗ਼ਜ਼ਲ-ਸੰਗ੍ਰਹਿ 'ਗ਼ਜ਼ਲ ਅਸ਼ਰਫ਼ੀਆਂ' ਵਿੱਚ ਸ਼ਾਮਲ ਗ਼ਜ਼ਲਾਂ ਉੱਤਮ ਗ਼ਜ਼ਲਕਾਰੀ ਦੀ ਗਵਾਹੀ ਭਰਦੀਆਂ ਹਨ।
       ਸੁੱਕੇ ਬਿਰਖਾਂ ਨੂੰ ਹੰਝੂਆਂ ਨਾਲ ਸਿੰਜਦੀ, ਮਜ਼੍ਹਬਾਂ ਦੇ ਝਗੜਿਆਂ ਤੋਂ ਉੱਚੀ ਉੱਠ ਕੇ ਪਿਆਰ ਦੀ ਸਾਂਝ ਪਾਉਂਦੀ, ਪਹਾੜਾਂ ਨਾਲ ਟਕਰਾਉਂਦੀ, ਲਾਰੇ ਲੱਪੇ ਲਾਉਣ ਵਾਲੀ ਸਰਕਾਰ ਤੇ ਵਿਅੰਗ ਕਰਦੀ ਡਾ. ਕੋਚਰ ਨਿਰੰਤਰ ਗ਼ਜ਼ਲ ਲਿਖਣ ਵਿੱਚ ਮਸ਼ਰੂਫ ਹੈ। ਉਸ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿਚ ਬਹੁਤ ਸਾਰੇ ਵੱਕਾਰੀ ਇਨਾਮ-ਸਨਮਾਨ ਤੇ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਰਾਜ ਪੁਰਸਕਾਰ, ਕੌਮੀ ਪੁਰਸਕਾਰ, ਲਾਈਫ਼ਟਾਈਮ ਐਜੂਕੇਸ਼ਨ ਐਚੀਵਮੈਂਟ ਅਵਾਰਡ, ਪਦਮਸ਼੍ਰੀ ਬੀਬੀ ਹਰਪ੍ਰਕਾਸ਼ ਕੌਰ ਯਾਦਗਾਰੀ ਅਵਾਰਡ, ਸਿਕਸ਼ਾ ਭੂਸ਼ਣ ਨੈਸ਼ਨਲ ਐਵਾਰਡ (ਸਾਰੇ ਸਿੱਖਿਆ ਦੇ ਖੇਤਰ ਲਈ); ਵਿਰਸੇ ਦੇ ਵਾਰਿਸ, ਅੱਖਰਾਂ ਦੀ ਰੋਸ਼ਨੀ, ਚੌਮੁਖੀਆ ਦੀਪ, ਡਾ. ਸਾਧੂ ਸਿੰਘ ਹਮਦਰਦ ਯਾਦਗਾਰੀ ਅਵਾਰਡ, ਦੇਸ਼ ਸੇਵਾ ਰਤਨ ਅਵਾਰਡ, ਡਾ. ਰਣਧੀਰ ਸਿੰਘ ਚੰਦ ਯਾਦਗਾਰੀ ਅਵਾਰਡ, ਸਮਰੱਥ ਗ਼ਜ਼ਲਗੋ ਅਵਾਰਡ, ਦ ਗ੍ਰੇਟੈਸਟ ਵੁਮਨ ਰਾਈਟਰ ਅਵਾਰਡ, ਵਿਰਸਾ ਪੰਜਾਬ ਦਾ ਪੁਰਸਕਾਰ, ਧੀ ਪੰਜਾਬ ਦੀ ਪੁਰਸਕਾਰ, ਬਾਵਾ ਬਲਵੰਤ ਯਾਦਗਾਰੀ ਪੁਰਸਕਾਰ, ਡਾ. ਗੁਰਚਰਨ ਸਿੰਘ ਸਾਕੀ ਯਾਦਗਾਰੀ ਪੁਰਸਕਾਰ, ਸਾਹਿਤ ਸ਼੍ਰੋਮਣੀ ਰਾਸ਼ਟਰੀ ਪੁਰਸਕਾਰ, ਇੰਡੋ-ਨੇਪਾਲ ਸਮਰਸਤਾ ਅਵਾਰਡ, ਅੰਮ੍ਰਿਤਾ ਪ੍ਰੀਤਮ ਯਾਦਗਾਰੀ ਨੈਸ਼ਨਲ ਅਵਾਰਡ, ਡਾ. ਹਰਭਜਨ ਸਿੰਘ ਕੋਮਲ ਯਾਦਗਾਰੀ ਅਵਾਰਡ, ਇੱਕੀਵੀਂ ਸ਼ਤਾਬਦੀ ਸਾਹਿਤ ਰਤਨ ਪੁਰਸਕਾਰ, ਕਵੀ ਸ਼੍ਰੋਮਣੀ ਪੁਰਸਕਾਰ- ਬਿਕਰਮਸ਼ਿਲਾ ਯੂਨੀਵਰਸਿਟੀ ਭਾਗਲਪੁਰ, ਮਹਿਲਾ ਲੇਖਕ ਸ਼ਕਤੀ ਸ਼੍ਰੋਮਣੀ ਅਵਾਰਡ, ਕੈਨੇਡਾ ਸਰਕਾਰ ਵੱਲੋਂ ਸਰਟੀਫਿਕੇਟ ਆਫ ਐਪਰੀਸੀਏਸ਼ਨ (ਸਾਰੇ ਸਾਹਿਤ ਦੇ ਖੇਤਰ ਲਈ) ਸਮੇਤ ਕਰੀਬ ਅੱਧਾ ਸੈਂਕੜਾ ਪੁਰਸਕਾਰ ਸ਼ਾਮਲ ਹਨ।
     407+16 ਪੰਨਿਆਂ ਦੀ ਇਸ ਵੱਡਆਕਾਰੀ ਪੁਸਤਕ ('ਗ਼ਜ਼ਲ ਅਸ਼ਰਫੀਆਂ') ਨੂੰ ਡਾ. ਗੁਰਚਰਨ ਕੌਰ ਕੋਚਰ ਦੇ ਜੀਵਨ ਤੇ ਗ਼ਜ਼ਲ-ਕਾਵਿ ਨੂੰ ਸਮਝਣ-ਸਮਝਾਉਣ ਲਈ ਇੱਕ ਸੰਦਰਭ ਗ੍ਰੰਥ ਵਜੋਂ ਵੀ ਵੇਖਿਆ ਜਾ ਸਕਦਾ ਹੈ। ਗ੍ਰਹਿਸਥ, ਅਧਿਆਪਨ ਅਤੇ ਸਿਰਜਣਾ ਵਿਚ ਢੁਕਵਾਂ ਤਾਲਮੇਲ ਬਿਠਾਉਣ ਵਾਲੀ ਡਾ. ਕੋਚਰ ਨੂੰ ਮੈਂ ਉਸਦੇ ਖੂਬਸੂਰਤ ਮੁਸਤਕਬਿਲ ਲਈ ਸ਼ੁਭ ਇੱਛਾਵਾਂ ਦਿੰਦਾ ਹਾਂ!
                          *********

Have something to say? Post your comment