ਪਦਾਰਥਵਾਦ (Materialism) ਇੱਕ ਅਜਿਹੀ ਵਿਚਾਰਧਾਰਾ ਹੈ ਜੋ ਇਹ ਮੰਨਦੀ ਹੈ ਕਿ ਸਾਰਾ ਸੰਸਾਰ ਅਤੇ ਜੀਵਨ ਦਾ ਹਰ ਪੱਖ ਕੇਵਲ ਭੌਤਿਕ ਪਦਾਰਥਾਂ ‘ਤੇ ਆਧਾਰਤ ਹੈ। ਇਹ ਵਿਚਾਰ ਧਾਰਾ ਮਨੁੱਖ ਦੇ ਲਾਲਚ,ਖਾਰ, ਅੰਦਰੂਨੀ ਸਾੜ ਦੇ ਤੱਥਾਂ ਅਤੇ ਪਦਾਰਥਵਾਦ ਦੇ ਮੋਹ ਮਾਇਆ ਦੇ ਤਰਕ ਦੀ ਆਧਾਰਤਾ ‘ਤੇ ਟਿਕੀ ਹੋਈ ਹੈ। ਪਰ ਅਜਿਹੇ ਵਿਚਾਰਧਾਰਾ ਵਿੱਚ ਅਕਸਰ ਇੱਕ ਗੰਭੀਰ ਸਮਾਜਕ ਅਤੇ ਮਨੋਵਿਗਿਆਨਕ ਪ੍ਰਸ਼ਨ ਉਭਰਦਾ ਹੈ –“ਅਸੀਂ ਅੱਗੇ ਵੱਧਣ ਲਈ ਇੱਕ ਦੂਸਰੇ ਦੀਆਂ ਜੜ੍ਹਾਂ ਕਿਉਂ ਵੱਡਦੇ ਹਾਂ?”।
੧. ਪਦਾਰਥਵਾਦੀ ਸੋਚ ਦਾ ਅਧਾਰ
ਪਦਾਰਥਵਾਦ ਅਨੁਸਾਰ ਮਨੁੱਖ ਨੂੰ ਦੁਨੀਆਂ ਵਿੱਚ ਸਰੀਰਕ ਖੁੱਸ਼ੀ ਅਤੇ ਆਤਮਿਕ ਸ਼ਾਂਤੀ ਸਿਰਫ ਭੌਤਿਕ ਪਦਾਰਥ ਦੀ ਪ੍ਰਾਪਤੀ ਨਾਲ ਹੀ ਮਿਲ ਸਕਦੀ ਹੈ। ਮਨ, ਚਿੰਤਨ, ਸੰਵੇਦਨਾਵਾਂ ਅਤੇ ਅਹੰਕਾਰ ਵੀ ਆਖਿਰ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪਦਾਰਥਕ ਸਰੂਪ ਵਿੱਚ ਹੀ ਵੇਖੇ ਜਾਂਦੇ ਹਨ। ਇਹ ਦ੍ਰਿਸ਼ਟੀਕੋਣ ਸਮਾਜ ਅਤੇ ਜੀਵਨ ਨੂੰ ਇਕ ਨਕਰਾਤਮਕ ਢੰਗ ਨਾਲ ਦੇਖਣ ਲਈ ਪ੍ਰੇਰਿਤ ਕਰਦਾ ਹੈ। ਇਸ ਕਾਰਨ ਕਈ ਵਾਰੀ ਲੋਕ ਇਕ ਦੂਸਰੇ ਦੇ ਗੁਣਾਂ, ਚੜ੍ਹਾਈ,ਪ੍ਰਗਟਾਵੇ ਜਾਂ ਅਹੰਕਾਰ ਤੋਂ ਖਾਰ ਖਾਂਦੇ ਹਨ ਅਤੇ ਚੜ੍ਹਦੀ ਕਲਾਂ ਵਾਲੇ ਵਿਅਕਤੀ ਦੀਆਂ ਜੜ੍ਹਾਂ ਵੱਡਣ ਦੀ ਕੋਸ਼ਿਸ਼ ਕਰਦੇ ਹਨ। ਇਹ ਉਹ ਇਸ ਲਾਲਚ ਵੱਸ ਕਰਦੇ ਹਨ ਤਾਂ ਕਿ ਉਹ ਆਪਣੇ ਤੋਂ ਸਰਵੋਤਮ ਦੀਆਂ ਕਮਜ਼ੋਰੀਆਂ ਜਾਂ ਮਨੋਵਿਗਿਆਨਕ ਤਰੁੱਟੀਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਉਸ ਤੋਂ ਅੱਗੇ ਵੱਧਣ ਲਈ ਨਕਰਾਤਮਕ ਕਾਰਜ ਉਲੀਕੇ ਹਨ।
੨. ਜ਼ਰੂਰਤ
ਪਦਾਰਥਵਾਦ ਵਿੱਚ “ਵਿਕਾਸ” ਅਤੇ “ ਪੈਸੇ, ਰੰਗ ਰੂਪ, ਅਹੁਦੇ ਦੇ ਪ੍ਰਗਟਾਵੇ” ਨੂੰ ਤਰੱਕੀ ਦਾ ਮੂਲ ਮੰਨਿਆ ਜਾਂਦਾ ਹੈ। ਇਸ ਲਈ ਅਸੀਂ ਜਦੋਂ ਕਿਸੇ ਨੂੰ ਸਮਝਣ ਜਾਂ ਨਿੰਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਉਸ ਦੀਆਂ ਜੜ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਦ੍ਰਿਸ਼ਟੀਕੋਣ ਨਕਰਾਤਮਕ ਤਰਕ ਅਤੇ ਤੱਥ ਦੀ ਆਧਾਰਤਾ ਤੋਂ ਆਉਂਦਾ ਹੈ। ਉਦਾਹਰਨ ਲਈ ਕਿਸੇ ਵਿਅਕਤੀ ਦੀ ਚੜ੍ਹਦੀ ਕਲਾ ਦੇ ਪਿੱਛੇ ਉਸਦੇ ਬਚਪਨ ਦੇ ਅਨੁਭਵ ਜਾਂ ਪਿਛੋਕੜ ਦੇ ਸਬਕ ਆਉਂਦੇ ਹਨ ਅਤੇ ਖਾਰ ਖਾਣ ਵਾਲਾ ਬਸ ਹਾਨੀ ਪਹੁੰਚਾਉਣ ਲਈ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਵਿਅਕਤੀ ਦੀ ਚੜ੍ਹਤ ਵਾਲੀ ਪਤੰਗ ਦੀ ਡੋਰ ਕੱਟੀ ਜਾਵੇ।
੩. ਮਨੋਵਿਗਿਆਨਕ ਦ੍ਰਿਸ਼ਟੀਕੋਣ
ਪਦਾਰਥਵਾਦ ਦਾ ਮਨੋਵਿਗਿਆਨਕ ਪਹਿਲੂ ਇਹ ਮੰਨਦਾ ਹੈ ਕਿ ਅੰਦਰੂਨੀ ਸਾੜ ਅਤੇ ਨਫ਼ਰਤਾਂ ਵਾਲੇ ਮਨੁੱਖੀ ਵਰਤਾਰੇ ਅਤੇ ਚਿੰਤਨ ਤੰਤਰ ਵੀ ਮਸ਼ੀਨੀ ਤਰੀਕੇ ਨਾਲ ਕਾਰਜ ਕਰਦੇ ਹਨ। ਇਸ ਦ੍ਰਿਸ਼ਟੀਕੋਣ ਅਨੁਸਾਰ ਅਸੀਂ ਆਪਣੇ ਤੋਂ ਅੱਗੇ ਵੱਧਣ ਵਾਲਿਆਂ ਦੀਆਂ ਜੜ੍ਹਾਂ ਇਸਲਈ ਵੱਡਦੇ ਹਾਂ ਤਾਂ ਜੋ ਮਨੁੱਖੀ ਵਿਹਾਰ ਦੀ ਖਾਰ ਖਾਣ ਦੀ ਆਦਤ ਦਾ ਵਿਗਿਆਨਕ ਤੌਰ ‘ਤੇ ਸਮਝੌਤਾ ਕੀਤਾ ਜਾ ਸਕੇ।ਇਸ ਤਰੁੱਟੀ ਨੂੰ ਚਿੰਤਨ ਕਰਕੇ ਵਿਅਕਤੀ ਦੇ ਕੰਮਾਂ ਦਾ ਪਿੱਛੋਕੜ ਜਾਂ ਮੂਲ ਕਾਰਨ ਖੋਜ ਕੇ ਉਸਦੇ ਵਿਉਹਾਰ ਨੂੰ ਸੁਧਾਰਿਆ ਜਾ ਸਕੇ।
੪. ਸਮਾਜਿਕ ਪ੍ਰਭਾਵ
ਪਦਾਰਥਵਾਦੀ ਸਮਾਜਿਕ ਸੰਰਚਨਾ ਵਿੱਚ ਵਿਅਕਤੀ ਦੀ ਪਛਾਣ ਉਸਦੇ ਸਮਾਜਿਕ ਸਥਾਨ, ਆਰਥਿਕ ਹਾਲਤ ਅਤੇ ਤਕਨੀਕੀ ਉਪਲੱਬਧੀਆਂ ਉੱਤੇ ਨਿਰਭਰ ਹੁੰਦੀ ਹੈ। ਅਸੀਂ ਇਕ ਦੂਸਰੇ ਦੀਆਂ ਜੜ੍ਹਾਂ ਵੱਡਦੇ ਹਾਂ ਤਾਂ ਜੋ ਸਮਾਜਿਕ ਤੌਰ ‘ਤੇ ਆਪਣੇ ਲਈ ਇੱਕ ਪੱਕੀ ਸਥਿਤੀ ਬਣਾਈ ਜਾ ਸਕੇ। ਇਹ ਪ੍ਰਵਿਰਤੀ ਜ਼ਿਆਦਾਤਰ ਪੈਸਾ, ਸ਼ਕਤੀ, ਰੂਪ ਆਦਿ ਨਾਲ ਸੰਬੰਧਤ ਹੋ ਜਾਂਦੀ ਹੈ। ਅਕਸਰ ਵਿਅਕਤੀਆਂ ਦੀਆਂ ਜੜ੍ਹਾਂ ਵੱਡਕੇ ਕੇ ਉਹਨਾਂ ਦੀ ਮਿਆਰੀ ਪਛਾਣ ਅਤੇ ਦਰਜਾ ਤੈਅ ਕੀਤਾ ਜਾਂਦਾ ਹੈ।
੫. ਆਲੋਚਨਾਤਮਕ ਸੰਕੇਤ
ਜਦੋਂ ਅਸੀਂ ਦੂਸਰੇ ਦੀਆਂ ਜੜ੍ਹਾਂ ਵੱਡਦੇ ਹਾਂ ਤਾਂ ਇਹ ਵੀ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਸਿਰਫ ਭੌਤਿਕ ਪਦਾਰਥਾਂ ਦੀ ਲਾਲਸਾ ਜਾਂ ਇੱਛਾ ਹਮੇਸ਼ਾ ਲਾਭਦਾਇਕ ਹੋ ਸਕਦੀ ਹੈ? ਅਕਸਰ ਅਹਿਸਾਸ, ਸੰਵੇਦਨਾਤਮਕ ਅਨੁਭਵ ਅਤੇ ਆਤਮਿਕ ਤੱਤਾਂ ਨੂੰ ਵਿਸ਼ਲੇਸ਼ਣ ਦੇ ਅੰਦਰ ਲਿਆਉਣਾ ਔਖਾ ਹੁੰਦਾ ਹੈ। ਇਸ ਲਈ ਪਦਾਰਥਵਾਦ ਇਕ ਪਾਸੇ ਵੱਡਾ ਨਕਰਾਤਮਕ ਰੂਪ ਲੈਂਦਾ ਹੈ, ਪਰ ਦੂਜੇ ਪਾਸੇ ਮਨੁੱਖਤਾ ਦੀਆਂ ਅਨਮੋਲ ਗੁਣਾਂ ਨੂੰ ਗ਼ੈਰ-ਭੌਤਿਕ ਤੌਰ ‘ਤੇ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ।
ਪਦਾਰਥਵਾਦ ਦੀ ਸੰਕਲਪਨਾ ਅੰਦਰੋਂ ਬਹੁਤ ਗੈਰ ਤਰਕਸ਼ੀਲ ਅਤੇ ਮਨੁੱਖੀ ਵਿਕਾਰਾਂ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀ ਹੈ। ਪਰ ਇਸ ਵਿੱਚ ਇੱਕ ਅਹੰਕਾਰਿਕ ਸੰਕਲਪਨਾ ਵੀ ਨਜ਼ਰ ਆਉਂਦੀ ਹੈ ਕਿ ਹਰ ਚੀਜ਼ ਦੀ ਜੜ੍ਹ ਤਕ ਪਹੁੰਚ ਕੇ ਉਹ ਕਮਜ਼ੋਰੀ ਨੂੰ ਸਮਝਿਆ ਜਾ ਸਕੇ ਸੋ ਚੜ੍ਹਤ ਵੱਲ ਕਦਮ ਵੱਧਾ ਰਹੇ ਵਿਅਕਤੀ ਦੀ ਯਾਤਰਾ ਨੂੰ ਰੋਕ ਜਾਂ ਪ੍ਰਭਾਵਿਤ ਕਰ ਸਕੇ। ਅਸੀਂ ਇਕ ਦੂਸਰੇ ਦੀਆਂ ਜੜ੍ਹਾਂ ਵੱਡਣ ਦੀ ਕੋਸ਼ਿਸ਼ ਇਸ ਲਏ ਕਰਦੇ ਹਾਂ ਤਾਂ ਜੋ ਉਸ ਵਿਅਕਤੀ ਨਾਲੋਂ ਆਪਣਾ ਸਮਾਜ ਦੀ ਸਮਝ ਅਨੁਸਾਰ ਵੱਡਾਪਣ ਸਾਬਿਤ ਹੋ ਸਕੇ ਪਰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਵਿਅਕਤੀ ਦੀ ਗੁੰਝਲਦਾਰਤਾ, ਆਤਮਿਕਤਾ ਅਤੇ ਅਹਿਸਾਸ ਦੀ ਭੂਮਿਕਾ ਵੀ ਬੇਮਿਸਾਲ ਹੁੰਦੀ ਹੈ ਅਤੇ ਇਹ ਹੀ ਉਸ ਦੀ ਚੜ੍ਹਦੀ ਕਲਾ ਦਾ ਮੂਲ ਸਰੋਤ ਹੁੰਦੀ ਹੈ। ਪਦਾਰਥਵਾਦੀ ਢੰਗ ਨਾਲ ਜਦੋਂ ਵੀ ਅਸੀਂ ਇਹ ਨਕਰਾਤਮਕ ਕੋਸ਼ਿਸ਼ ਕਰੀਏ ਤਾਂ ਸਾਨੂੰ ਆਪਣੇ ਕਿਰਦਾਰ,ਆਤਮ-ਪ੍ਰਤੀਬਿੰਬ ਅਤੇ ਸਵੈ-ਸਮਝ ਦੀ ਅਧਿਆਤਮਕ ਸ਼ੀਸ਼ੇ ਵਿੱਚ ਝਾਤ ਮਾਰ ਲੈਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।