ਮਨਮੋਹਨ ਸਿੰਘ ਦਾਊਂ ਸਥਾਪਤ ਪ੍ਰਤੀਬੱਧ, ਸੰਵੇਦਨਸ਼ੀਲ ਤੇ ਵਿਸਮਾਦੀ ਸ਼ਾਇਰ ਹੈ, ਜਿਹੜਾ ਲਗਪਗ ਪਿਛਲੇ 55 ਸਾਲਾਂ ਤੋਂ ਆਪਣੀ ਮਾਂ ਬੋਲੀ ਦੀ ਸਾਹਿਤਕ ਮਹਿਕ ਨੂੰ ਆਪਣੀ ਸ਼ਾਇਰੀ ਰਾਹੀਂ ਸਮਾਜਿਕ-ਤਾਣੇ ਬਾਣੇ ਵਿੱਚ ਫ਼ੈਲਾਉਣ ਦਾ ਯਤਨ ਕਰ ਰਿਹਾ ਹੈ। ਉਸਦੇ ਇਸੇ ਯਤਨ ਦਾ ਨਤੀਜਾ ਹੈ ਕਿ ਉਹ ਹੁਣ ਤੱਕ ਆਪਣੀ ਮਾਂ-ਬੋਲੀ ਨੂੰ ਪ੍ਰਫ਼ੁਲਤ ਕਰਨ ਲਈ 13 ਕਾਵਿ-ਸੰਗ੍ਰਹਿ ਉਸਦੀ ਝੋਲੀ ਵਿੱਚ ਪਾ ਚੁੱਕਾ ਹੈ। ਚਰਚਾ ਅਧੀਨ ਉਸਦਾ ਕਾਵਿ-ਸੰਗ੍ਰਹਿ ‘ਸ਼ਾਇਰੀ ਦਾ ਸਰਵਰ’ ਇੱਕ ਵਿਲੱਖਣ ਕਿਸਮ ਦਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ-ਸੰਗ੍ਰਹਿ ਵਿੱਚ 29 ਕਵਿਤਾਵਾਂ ਹਨ। ਜ਼ਿੰਦਗੀ ਪ੍ਰਮਾਤਮਾ ਵੱਲੋਂ ਇੱਕ ਵਾਰ ਦਿੱਤਾ ਗਿਆ ਤੋਹਫ਼ਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦਾ ਸਾਰੰਸ਼, ਇਸ ਇੱਕ ਵਾਰ ਮਿਲੇ ਤੋਹਫ਼ੇ ਦਾ ਇਨਸਾਨ ਨੂੰ ਸਹੀ ਇਸਤੇਮਾਲ ਕਰਨ ਦੀ ਤਾਕੀਦ ਕਰਦਾ ਹੈ। ਮਨਮੋਹਨ ਸਿੰਘ ਦਾਊਂ ਦੀਆਂ ਕਵਿਤਾਵਾਂ ਸਿੰਬਾਲਿਕ, ਵਿਸਮਾਦੀ ਤੇ ਸੰਕੇਤਕ ਹਨ, ਇਨ੍ਹਾਂ ਦੇ ਭਾਵ ਅਰਥ ਸਮਝਣ ਲਈ ਸੁਚੇਤ ਦਿਮਾਗ਼ ਤੋਂ ਕੰਮ ਲੈਣਾ ਪੈਂਦਾ ਹੈ। ਅਸਿਧੇ ਢੰਗ ਨਾਲ ਸ਼ਾਇਰ ਸਮਾਜਿਕ ਸਰੋਕਾਰਾਂ ਦੀ ਵਕਾਲਤ ਕਰਦਾ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵੀ ਬਹੁਤ ਹੀ ਸੰਵੇਦਨਸ਼ੀਲ ਅਦਿਖ ਸੰਦੇਸ਼ ਦਿੰਦੀਆਂ ਹਨ, ਜਿਨ੍ਹਾਂ ਬਾਰੇ ਮਨੁੱਖਤਾ ਨੂੰ ਜਾਨਣ ਦੀ ਲੋੜ ਹੈ। ਇੱਕ ਕਿਸਮ ਨਾਲ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਢੰਗ ਦਸਦੀਆਂ ਹਨ। ਇਹ ਕਵਿਤਾਵਾਂ, ਇੱਕ ਦੂਜੀ ਕਵਿਤਾ ਦੀਆਂ ਪੂਰਕ ਹਨ, ਭਾਵ ਇਹ ਕਾਵਿ-ਸੰਗ੍ਰਹਿ ਇੱਕ ਲੰਬੀ ਕਵਿਤਾ ਦੀ ਤਰ੍ਹਾਂ ਹੈ, ਜਿਸ ਵਿੱਚ ਇਨ੍ਹਾਂ ਕਵਿਤਾਵਾਂ ਦੀ ਇੱਕ ਦੂਜੀ ਕਵਿਤਾ ਨਾਲ ਲੜੀ ਜੁੜਦੀ ਹੈ। ਮੁਖੱ ਤੌਰ ‘ਤੇ ਇਨਸਾਨੀ ਜੀਵਨ ਦੀ ਸੁਯੋਗ ਵਰਤੋਂ ਦੇ ਨੁਕਤੇ ਦੱਸੇ ਗਏ ਹਨ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਗੁਰਮਤਿ ਦੇ ਸਿਧਾਂਤ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ‘ਤੇ ਅਧਾਰਤ ਹਨ। ਭਾਵ ਪਵਣੁ ਗੁਰੂ ਹੈ, ਜੋ ਇਨਸਾਨ ਨੂੰ ਜੀਵਨ ਦਿੰਦੀ ਹੈ, ਜੀਵਾਂ ਦੀ ਆਤਮਾ ਹੈ। ਪਾਣੀ ਪਿਤਾ ਹੈ, ਪਿਉ ਹੈ ਅਤੇ ਧਰਤੀ ਮਾਂ ਹੈ, ਜਿਸ ਤੋਂ ਇਨਸਾਨ ਦੀ ਉਤਪਤੀ ਹੁੰਦੀ ਹੈ। ਇਸ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਗੁਰਮਤਿ ਦੇ ਇਸੇ ਸਿਧਾਂਤ ਦੇ ਆਲੇ ਦੁਆਲੇ ਘੁੰਮਦੀਆਂ ਹਨ। ਗੁਰਬਾਣੀ ਜੋ ਮਨੁੱਖ ਨੂੰ ਪ੍ਰੇਰਨਾ ਦਿੰਦੀ ਹੈ, ਉਹ ਸਾਰੀ ਇਨ੍ਹਾਂ ਕਵਿਤਾਵਾਂ ਰਾਹੀਂ ਸ਼ਾਇਰ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਸਮਾਜ ਵਿੱਚ ਜੋ ਕੁਰੀਤੀਆਂ ਹਨ, ਉਨ੍ਹਾਂ ‘ਤੇ ਕਾਬੂ ਪਾਉਣ ਲਈ ਇਨ੍ਹਾਂ ਕਵਿਤਾਵਾਂ ਵਿੱਚ ਸਿੱਖਿਆ ਦਿੱਤੀ ਗਈ ਹੈ। ਇਹ ਕਵਿਤਾਵਾਂ ਇਨਸਾਨੀਅਤ ਨੂੰ ਕੁਦਰਤ ਵੱਲੋਂ ਦਿੱਤੀਆਂ ਗਈਆਂ ਸੁਗਾਤਾਂ ਦਾ ਮੁੱਲ ਪਾਉਣ ਲਈ ਪ੍ਰੇਰਦੀਆਂ ਹਨ, ਕਿਉਂਕਿ ਵਰਤਮਾਨ ਆਧੁਨਿਕਤਾ ਦੇ ਸਮੇਂ ਦੀ ਲਪੇਟ ਵਿੱਚ ਆਈ ਲੋਕਾਈ, ਉਨ੍ਹਾਂ ਨਿਆਮਤਾਂ ਤੋਂ ਮੂੰਹ ਮੋੜ ਰਹੀ ਹੈ। ਲੋਕਾਈ ਨੂੰ ਅਹਿਸਾਸ ਕਰਵਾਉਣ ਲਈ ਸ਼ਾਇਰ ਇਨ੍ਹਾਂ ਕਵਿਤਾਵਾਂ ਰਾਹੀਂ ਦਰਸਾ ਰਿਹਾ ਹੈ ਕਿ ਕੁਦਰਤ ਇਹ ਨਿਆਮਤਾਂ ਨੂੰ ਇਨਸਾਨੀਅਤ ਦੇ ਹਵਾਲੇ ਕਰਕੇ ਸੰਤੁਸ਼ਟ ਹੈ, ਪ੍ਰੰਤੂ ਲੋਕਾਈ ਇਨ੍ਹਾਂ ਦੀ ਅਹਿਮੀਅਤ ਨੂੰ ਅਣਡਿਠ ਕਰਦੀ ਹੋਈ, ਇਨ੍ਹਾਂ ਨਾਲ ਖਿਲਵਾੜ ਕਰ ਰਹੀ ਹੈ, ਇਨ੍ਹਾਂ ਅਨੁਸਾਰ ਵਿਚਰ ਨਹੀਂ ਰਹੀ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਮਿੱਟੀ’ ਵਿੱਚ ਸ਼ਾਇਰ ਮਿੱਟੀ ਵੱਲੋਂ ਆਪਣੇ ਆਪਨੂੰ ਲੋਕਾਈ ਅੱਗੇ ਸਮਰਪਣ ਕਰਕੇ ਇਹ ਦਰਸਾਇਆ ਗਿਆ ਹੈ ਕਿ ਮਿੱਟੀ ਹੀ ਇਨਸਾਨ ਨੂੰ ਅਨੇਕ ਰੂਪਾਂ ਵਿੱਚ ਜੀਵਨ ਦੇ ਰਹੀ ਹੈ। ਅਸਿਧੇ ਢੰਗ ਨਾਲ ਸ਼ਾਇਰ ਨੇ ਮਿੱਟੀ ਦੇ ਯੋਗਦਾਨ ਬਾਰੇ ਤਿੱਖੇ ਤੀਰ ਇਨਸਾਨੀਅਤ ਨੂੰ ਜਗਾਉਣ ਲਈ ਮਾਰੇ ਹਨ। ਕਵਿਤਾ ਦਾ ਇੱਕ-ਇੱਕ ਸ਼ਬਦ ਅਰਥ ਭਰਪੂਰ ਹੈ। ਜੇ ਮਿੱਟੀ ਨਾ ਹੋਵੇ ਤਾਂ ਇਨਸਾਨ ਨੂੰ ਜਿਹੜੀਆਂ ਨਿਆਮਤਾਂ ਮਿਲ ਰਹੀਆਂ ਹਨ, ਉਨ੍ਹਾਂ ਤੋਂ ਵਾਂਝੇ ਹੋ ਕੇ ਜੀਣਾ ਦੁੱਭਰ ਹੋ ਜਾਵੇਗਾ। ਇਸ ਲਈ ਲੋਕਾਈ ਨੂੰ ਮਿੱਟੀ ਦੇ ਮੁੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਤੇ ਇਸਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ‘ਹਵਾ’ ਸਿਰਲੇਖ ਵਾਲੀ ਕਵਿਤਾ ਵਿੱਚ ਕੁਦਰਤ ਵੱਲੋਂ ਦਿੱਤੀ ਗਈ, ਹਵਾ ਦੀ ਨਿਆਮਤ ਅਤਿਅੰਤ ਕੀਮਤੀ ਹੈ, ਇਸਦੀ ਕੀਮਤ ਤੇ ਅਹਿਮੀਅਤ ਨੂੰ ਸਮਝਕੇ ਜੀਵਨ ਵਿੱਚ ਵਿਚਰਨਾ ਚਾਹੀਦਾ ਹੈ। ਹਵਾ ਜ਼ਿੰਦਗੀ ਹੈ, ਇਸਨੂੰ ਪਲੀਤ ਨਾ ਕੀਤਾ ਜਾਵੇ। ਇਹ ਭਾਵੇਂ ਵਿਖਾਈ ਨਹੀਂ ਦਿੰਦੀ, ਪ੍ਰੰਤੂ ਇਹ ਜੀਵਨ ਦੀ ਹੋਂਦ ਦੀ ਪ੍ਰਤੀਕ ਹੈ। ਇਸਤੋਂ ਬਿਨਾ ਕਿਸੇ ਵੀ ਜੀਵ ਅਤੇ ਬਨਸਪਤੀ ਦੀ ਉਤਪਤੀ ਸੰਭਵ ਹੀ ਨਹੀਂ। ਇਹ ਜ਼ਿੰਦਗੀ ਦਾ ਸਾਹ-ਰਗ ਹੈ। ‘ਪਾਣੀ’ ਸਿਰਲੇਖ ਵਾਲੀ ਕਵਿਤਾ ਇਹ ਦਰਸਾਉਂਦੀ ਹੈ ਕਿ ਭਾਵੇਂ ਇਸਦਾ ਕੋਈ ਰੰਗ, ਰੂਪ ਤੇ ਆਕਾਰ ਨਹੀਂ ਪ੍ਰੰਤੂ ਜ਼ਿੰਦਗੀ ਨੂੰ ਰੰਗੀਨ, ਸੁਹਾਵਣੀ ਅਤੇ ਮਹਿਕ ਵਾਲੀ ਬਣਾਉਣ ਵਿੱਚ ਇਸਦਾ ਯੋਗਦਾਨ ਅਣਡਿਠ ਨਹੀਂ ਕੀਤਾ ਜਾ ਸਕਦਾ। ਇਨਸਾਨ ਨੂੰ ਪਾਣੀ ਦੀ ਤਰ੍ਹਾਂ ਨਿਮਰ, ਸਾਊ ਤੇ ਸਹਿਣਸ਼ੀਲ ਬਣਨਾ ਚਾਹੀਦਾ ਹੈ। ਇਹ ਸਰੀਰਕ ਤੇ ਮਾਨਸਿਕ ਪਿਆਸ ਬੁਝਾਉਂਦਾ ਹੈ। ਇਨਸਾਨ ਨੂੰ ਵੀ ਇਸੇ ਤਰ੍ਹਾਂ ਮਨੁੱਖਤਾ ਦੀ ਭਲਾਈ ਲਈ ਨਿਮਰ ਤੇ ਸ਼ਹਿਨਸ਼ੀਲ ਬਣਕੇ ਵਿਚਰਨਾ ਚਾਹੀਦਾ ਹੈ। ‘ਮਾਂ’ ਸਿਰਜਣਾ ਦਾ ਪ੍ਰਤੀਕ ਹੈ, ਰੱਬ ਵਰਗੀ ਹੁੰਦੀ ਹੈ, ਸਜੀਵ ਜ਼ਿੰਦਗੀ ਦਾ ਸਰੂਪ ਹੁੰਦੀ ਹੈ, ਜਿਹੜੀ ਆਪਣੇ ਖ਼ੂਨ ਨਾਲ ਸਿਰਜਣਾ ਕਰਕੇ ਸਾਧਨਾ ਨਾਲ ਨਿਸ਼ਕਾਮ ਸੇਵਾ ਕਰਦੀ ਹੈ। ਮਨ ਦੀ ਸਾਫ਼-ਪਾਕਿ-ਪਵਿਤਰ, ਸੁੱਚੀ-ਸੁੱਚੀ ਸੁਹਿਰਦ ਤੇ ਸਮਾਜ ਦੇ ਨਕਸ ਸਿਰਜਦੀ ਹੈ। ਘਰ ਮਾਂ ਦੀ ਵਿਦਵਤਾ ਨਾਲ ਹੀ ਬਣਦਾ ਹੈ। ਅਪਣੱਤ ਤੇ ਪੱਤ ਦੀ ਨਿੱਘ ਭਰੀ ਗੋਦ ਦੀ ਨੇਕੀ ਦਾ ਬੱਚਾ ਮੁੱਲ ਨਹੀਂ ਮੋੜ ਸਕਦਾ। ਤਿਆਗ਼ ਦੀ ਮੂਰਤ ਹੁੰਦੀ ਹੈ। ਇਸੇ ਤਰ੍ਹਾਂ ‘ਚੀਕ’ ਕਵਿਤਾ ਵੀ ਮਾਂ ਦੀ ਮਮਤਾ ਦੀ ਸਿਰਜਣਾਤਮਿਕ ਦੇਣ ਦੀ ਪ੍ਰੀਨਿਧਤਾ ਕਰਦੀ ਹੈ। ਕਵਿਤਾ ਰਾਹੀਂ ਸ਼ਾਇਰ ਨੇ ਇਨਸਾਨ ਨੂੰ ਆਪਣੀ ਜਨਮਦਾਤੀ ਦਾ ਅਹਿਸਾਨਮੰਦ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ‘ਆਲਾ’ ਸਿਰਲੇਖ ਵਾਲੀ ਕਵਿਤਾ ਮਾਂ ਨੂੰ ਜੀਵਨ ਦਾ ਦੀਵਾ ਕਹਿੰਦੀ ਹੈ, ਜਿਹੜੀ ਰੌਸ਼ਨੀ ਦੀਆਂ ਕਿਰਨਾ ਨਾਲ ਸਮਾਜ ਨੂੰ ਖ਼ੁਸ਼ਹਾਲ ਤੇ ਪ੍ਰਫ਼ੁੱਤ ਕਰਦੀ ਹੈ। ਵਿਰਾਸਤ ਨਾਲੋਂ ਟੁੱਟਣਾ ਮਾਂ ਦਾ ਅਹਿਸਾਨ ਭੁਲ ਜਾਣ ਦੇ ਬਰਾਬਰ ਹੈ। ‘ਖ਼ੁਸ਼ੀ’ ਕਵਿਤਾ ਵੀ ਮਾਂ ਤੇ ਪਤਨੀ ਬੱਚੇ ਦੀ ਸਫ਼ਲ ਉਡਾਰੀ ਮਾਰਨ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦੀਆਂ ਹਨ। ‘ਖਾਮੋਸ਼ੀ’ ਕਵਿਤਾ ਜ਼ਿੰਦਗੀ ਦੇ ਅਨੇਕਾਂ ਰੰਗਾਂ ਦੀ ਸਤਰੰਗੀ ਪੀਂਘ ਪੇਸ਼ ਕਰਦੀ ਹੈ। ਇਸ ਕਵਿਤਾ ਵਿੱਚ ਲੜਕੀਆਂ ਦੀ ਜ਼ਿੰਦਗੀ ਦੀ ਤ੍ਰਾਸਦੀਆਂ ਦੀਆਂ ਪਰਤਾਂ ਖੋਲ੍ਹੀਆਂ ਗਈਆਂ ਹਨ, ਕਿਉਂਕਿ ਇਸਤਰੀਆਂ ਨੂੰ ਅਨੇਕ ਕਿਸਮ ਦੇ ਤਸੀਹਿਆਂ ਤੇ ਜ਼ਿਆਦਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਪਿਆਰ’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਪਿਆਰ ਨੂੰ ਸਮੁੱਚੇ ਇਨਸਾਨੀ ਜੀਵਨ ਦੀ ਸਫ਼ਲਤਾ ਦਾ ਆਧਾਰ ਮੰਨਦਾ ਹੈ। ਸੱਚਾ-ਸੁੱਚਾ ਪਿਆਰ ਦੋ ਆਤਮਾਵਾਂ ਦੀਆਂ ਰੂਹਾਂ ਦਾ ਸੁਮੇਲ ਹੁੰਦਾ ਹੈ। ਇਹ ਭਿੰਨ-ਭੇਦ, ਜ਼ਾਤ-ਪਾਤ, ਰੰਗ-ਰੂਪ, ਸ਼ਕਲ-ਸੂਰਤ, ਬ੍ਰਿਹਾ-ਵਸਲ, ਦਿੱਖ-ਅਦਿਖ ਦਾ ਅੰਤਰ ਮਿਟਾ ਦਿੰਦਾ ਹੈ। ਸੰਤੁਸ਼ਟੀ ਦਾ ਸਮਰਪਣ ਹੁੰਦਾ ਹੈ। ਦੋਸਤੀ, ਚੁੱਪ, ਹੋਂਦ, ਇਕੱਲ ਤੇ ਨੀਂਦਰ ਜ਼ਿੰਦਗੀ ਵੱਖ-ਵੱਖ ਰੰਗਾਂ ਦੇ ਅੰਤਰ ਦਾ ਦ੍ਰਿਸ਼ਟਾਂਤਿਕ ਪ੍ਰਮਾਣ ਹਨ। ਦੋਸਤੀ ਖ਼ੁਦਗਰਜੀਆਂ, ਤਲਖ਼ੀਆਂ, ਸੰਕਟ ਨੂੰ ਦੂਰ ਕਰਨ ਦਾ ਸਾਧਨ ਬਣਦੀ ਹੈ। ਇਹ ਕਵਿਤਾਵਾਂ ਧਰਮ, ਜ਼ਾਤ, ਫ਼ਿਰਕਿਆਂ ਆਦਿ ਦੇ ਅੰਤਰ ਖ਼ਤਮ ਕਰਕੇ ਸਦਭਾਵਨਾ ਪੈਦਾ ਕਰਨ ਦਾ ਪ੍ਰਮਾਣ ਬਣਦੀਆਂ ਹਨ। ਸ਼ਾਇਰ ਨੇ ‘ਸੰਗੀਤ’, ‘ਚਿੱਤਰਕਲਾ’ ਅਤੇ ਸ਼ਾਇਰੀ ਕਵਿਤਾਵਾਂ ਵਿੱਚ ਦਰਸਾਇਆ ਹੈ ਕਿ ਇਹ ਮਾਨਸਿਕ ਭਾਵਨਾਵਾਂ ਦੀ ਖ਼ੁਰਾਕ ਹਨ, ਇਹ ਜ਼ਿੰਦਗੀ ਵਿੱਚ ਰੂਹਾਨੀਅਤ ਅਤੇ ਵਿਸਮਾਦ ਪੈਦਾ ਕਰਕੇ ਉਸਨੂੰ ਬਸਰ ਕਰਨ ਲਈ ਰਸਦਾਇਕ ਬਣਾਉਂਦੀਆਂ ਹਨ। ‘ਬਿਰਖ਼’ ਅਤੇ ‘ਬੋਲ’ ਕਵਿਤਾਵਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਰੋਜ਼ਾਨਾ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਅਨੇਕਾਂ ਨਿਆਮਤਾਂ ਦਿੰਦੇ ਹਨ, ਅਣਗਿਣਤ ਤਸੀਹੇ ਵੀ ਚੁੱਪ-ਚਾਪ ਬਰਦਾਸ਼ਤ ਕਰਦੇ ਹਨ। ਇਨਸਾਨ ਨੂੰ ਬਿਰਖ਼ਾਂ ਤੋਂ ਕੁਝ ਤਾਂ ਸਿੱਖਿਆ ਲੈਣੀ ਚਾਹੀਦੀ ਹੈ। ਇਨਸਾਨ ਨੂੰ ਬੋਲ ਭੜਾਸ ਨਹੀਂ ਸਗੋਂ ਨਾਪ ਤੋਲ ਕੇ ਬੋਲਣ ਦੀ ਵੀ ਤਾਕੀਦ ਕਰਦੇ ਹਨ। ‘ਮਨੁੱਖ’ ਕਵਿਤਾ ਬਹੁਤ ਹੀ ਸੰਵੇਦਨਸ਼ੀਲ ਹੈ, ਮਨੁੱਖ ਨੂੰ ਕੁੱਤੇ, ਬਾਰਸ਼, ਪੰਛੀਆਂ, ਮਿੱਟੀ, ਫੁੱਲਾਂ, ਹਵਾ, ਰੁੱਖਾਂ ਅਤੇ ਪਹਾੜਾਂ ਤੋਂ ਸਬਕ ਲੈਣ ਦੀ ਪ੍ਰੇਰਨਾ ਕਰਦੀ ਹੈ। ‘ਸੁਪਨਾ’ ਕਵਿਤਾ ਵਿੱਚ ਜ਼ਿੰਦਗੀ ਵਿੱਚ ਅਧੂਰੀਆਂ ਇਛਾਵਾਂ ਨੂੰ ਪੂਰਤੀ ਲਈ ਸ੍ਰੋਤ ਹੁੰਦਾ ਹੈ, ਪ੍ਰੰਤੂ ਇਸ ਕਵਿਤਾ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਲਾਰੇ ਟਾਲ ਮਟੋਲ ਕਰਨ ਦਾ ਸਾਧਨ ਬਣਦੇ ਹਨ। ‘ਰਾਹ’ ਜ਼ਿੰਦਗੀ ਦੇ ਦੁੱਖਾਂ ਅਤੇ ਸੁੱਖਾਂ ਦੀ ਦਾਸਤਾਂ ਹੈ, ਨਿਸ਼ਾਨੇ ਦੀ ਪ੍ਰਾਪਤੀ ਦਾ ਸਾਧਨ ਵੀ ਹੈ ਅਤੇ ਮਿਹਨਤਾਂ ਨਾਲ ਰਾਹ ਬਣਾਏ ਜਾ ਸਕਦੇ ਹਨ। ‘ਕੁੰਜੀ’ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੀ ਤਕਨੀਕ ਹੈ। ‘ਰੀਣ’ ਬਹੁਤ ਹੀ ਭਾਵਨਾਤਮਿਕ ਕਵਿਤਾ ਹੈ, ਜਿਸ ਵਿੱਚ ਦਰਸਾਇਆ ਹੈ ਕਿ ਮਿਹਨਤ ਦੀ ਕੋਠਾਲੀ ਵਿੱਚ ਲੰਘਿਆ ਇਨਸਾਨ ਖ਼ਰਾ ਸੋਨਾ ਬਣ ਸਕਦਾ ਹੈ। ਮਨਮੋਹਨ ਸਿੰਘ ਦਾਊਂ ਦਾ ਇਹ ਕਾਵਿ ਸੰਗ੍ਰਹਿ ਉਸਦੇ ਵਿਅਤਿਤਵ ਦਾ ਸ਼ੀਸ਼ਾ ਹੈ।
88 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਤਰਲੋਚਨ ਪਬਲਿਸ਼ਰਜ਼ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਮਨਮੋਹਨ ਸਿੰਘ ਦਾਊਂ : 9815123900
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com