ਗੁਰਬਾਣੀ ਗੁਰੂ ਦਾ ਜੀਵਾਤਮਾ ਨਾਲ ਨਿੱਘਾ ਤੇ ਪ੍ਰੇਮ ਭਰਿਆ ਸੰਵਾਦ ਹੈ। ਉਹ ਜੀਵਾਤਮਾ ਜੋ ਪਰਮਾਤਮਾ ਤੋਂ ਵਿਛੜੀ ਹੋਈ ਹੈ ਤੇ ਬਿਰਹਾ ਦਾ ਸੰਤਾਪ ਸਹਿ ਰਹੀ ਹੈ। ਗੁਰਬਾਣੀ ਇਸ ਸੰਤਾਪ ਨੂੰ ਗਹਿਰਾ ਕਰਦੀ ਹੈ ਤੇ ਵਿਹਵਲ ਕਰਦੀ ਹੈ ਕਿਉਂਕਿ ਗੁਰੂ ਨੂੰ ਜੀਵਾਤਮਾ ਦੀ ਚਿੰਤਾ ਹੈ। ਜੀਵਾਤਮਾ ਨਹੀਂ ਜਾਣਦੀ ਪਰ ਗੁਰੂ ਜਾਣਦਾ ਹੈ ਕਿ ਜੀਵਾਤਮਾ ਕੋਲ ਸਮਾਂ ਸੀਮਤ ਹੈ। ਇੱਕ ਇੱਕ ਪਲ ਜੋ ਉਸ ਕੋਲ ਹੈ ਪਰਮਾਤਮਾ ਦਾ ਪ੍ਰੇਮ ਪ੍ਰਾਪਤ ਕਰਨ ਵਿੱਚ ਹੀ ਲੱਗੇ। ਉਸ ਨੂੰ ਇੱਕ ਅਵਸਰ ਮਿਲਿਆ ਹੈ ਮਨੁੱਖ ਜੋਨਿ ਦੇ ਰੂਪ ਵਿੱਚ ਤੇ ਇੱਕ ਰਾਤ ਮਿਲੀ ਹੈ ਜੀਵਨ ਆਯੂ ਦੇ ਰੂਪ ਵਿੱਚ। ਇਹ ਅਵਸਰ , ਇਹ ਰਾਤ ਜੇ ਮਾਇਆ ਵਿੱਚ ਭ੍ਰਮਦਿਆਂ ਬਤੀਤ ਹੋ ਗਈ ਤਾਂ ਪ੍ਰੇਮ ਪੰਥ ਦੀ ਬਾਟ ਲੰਮੀ ਹੋ ਜਾਵੇਗੀ ਤੇ ਮੁੱਕਣ ‘ਚ ਨਹੀਂ ਆਵੇਗੀ।ਮਾਇਆ ਤੇ ਸੰਸਾਰ ਦੇ ਰੰਗਾਂ , ਰਸਾਂ ਵਿੱਚ ਸੁੱਖ ਨਹੀਂ ਹੈ। ਗੁਰਬਾਣੀ ਪਹਿਲੀ ਪ੍ਰੇਰਨਾਂ ਆਪਣਾ ਆਪ ਪਛਾਨਣ ਦੀ ਦਿੰਦੀ ਹੈ “ ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ।। “। ਮਨੁੱਖ ਨੂੰ ਆਪਣੀ ਹੋਂਦ ਆਪਣੇ ਅੰਤਰ ਵਿੱਚ ਵੇਖਣ ਦੀ ਸੇਧ ਦਿੰਦੀ ਹੈ। ਅੰਤਰ ਦੀ ਹੋਂਦ ਭਾਵ ਜੀਵਾਤਮਾ ਦਾ ਸਰੋਤ ਪਰਮਾਤਮਾ ਹੈ। ਆਪਣੇ ਸਰੋਤ ਦੀ ਪਛਾਣ ਹੋਣ ਤੋਂ ਬਾਅਦ ਹੀ ਜੀਵਨ ਦੇ ਸੱਚ ਦਾ ਗਿਆਨ ਹੁੰਦਾ ਹੈ “ ਮੂਲ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ।। “ । ਇਸ ਸਬੰਧ ਨੂੰ ਵੀ ਗੁਰਬਾਣੀ ਪਰਿਭਾਸ਼ਿਤ ਕਰਦੀ ਹੈ “ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ। । “ । ਸਾਰੀਆਂ ਹੀ ਜੀਵਾਤਮਾਵਾਂ ਇਸਤ੍ਰੀਆਂ ਹਨ ਅਤੇ ਪੁਰਖ ਸੰਸਾਰ ਵਿੱਚ ਇੱਕ ਹੀ ਹੈ ਪਰਮਾਤਮਾ। ਪਰਮਾਤਮਾ ਨਾਲ ਹਰ ਜੀਵਾਤਮਾ ਦਾ ਸਬੰਧ ਪਤੀ ਤੇ ਪਤਨੀ ਦਾ ਹੈ।ਕੋਈ ਪਤਨੀ ਕਿਵੇਂ ਆਪਣੇ ਪਤੀ ਤੋਂ ਵਿੱਛੜ ਕੇ ਸੁਖੀ ਰਹਿ ਸਕਦੀ ਹੈ। ਉਹ ਪਤੀ ਜੋ ਦਿਆਲੂ ਹੈ , ਕ੍ਰਿਪਾਲੁ ਹੈ , ਦਾਤਾ ਹੈ , ਭਰਤਾ ਹੈ , ਕਰਤਾ ਹੈ। ਕੋਈ ਇਸਤ੍ਰੀ ਅਜਿਹੇ ਪਤੀ ਦਾ ਇੱਕ ਪਲ ਦਾ ਵੀ ਵਿਛੋੜਾ ਕਿਵੇਂ ਸਹਿ ਸਕਦੀ ਹੈ ਜੋ ਆਪਣੇ ਅੰਕ ਨਾਲ ਨਾਲ ਕੇ ਨਿਹਾਲ ਨਿਹਾਕ ਨਿਹਾਲ ਕਰ ਦੇਣ ਵਾਲਾ ਹੈ “ ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ।। “ । ਗੁਰੂ ਮਿਹਰ ਕਰ ਕੇ ਜੀਵਾਤਮਾ ਅੰਦਰ ਪ੍ਰੀਤਮ ਪਰਮਾਤਮਾ ਦੇ ਮਿਲਣ ਦੀ ਉਮੰਗ ਪੈਦਾ ਕਰਦਾ ਹੈ ਤੇ ਰਾਹ ਵਿਖਾਉਂਦਾ ਹੈ ਜਿਸ ਤੇ ਚੱਲ ਕੇ ਪਰਮਾਤਮਾ ਨਾਲ ਮੇਲ ਹੁੰਦਾ ਹੈ। ਉਸ ਪਤੀ ਪਰਮਾਤਮਾ ਦੀ ਤਾਂ ਇੱਕ ਨਦਰਿ ਹੀ ਮਨ ਦਾ ਘਟ ਆਨੰਦ ਨਾਲ ਭਰਪੂਰ ਕਰ ਦੇਣ ਵਾਲੀ ਹੈ। ਅਸੂ ਦਾ ਮਹੀਨਾ ਆ ਗਿਆ ਹੈ। ਸਾਲ ਬੀਤਣ ਵਾਲਾ ਹੈ। ਸਮਾਂ ਜਿਆਦਾ ਨਹੀਂ ਬਚਿਆ। ਗੁਰੂ ਦੀ ਪ੍ਰੇਰਿਤ ਕੀਤੀ ਹੋਈ ਗੁਰਸਿੱਖ ਦੀ ਜੀਵਾਤਮਾ ਵਿਆਕੁਲ ਹੋ ਰਹੀ ਹੈ।
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 134 )
ਗੁਰਬਾਣੀ ਅੰਦਰ ਜੀਵ ਦੀਆਂ ਤਿੰਨ ਅਵਸਥਾਵਾਂ ਦੱਸੀਆਂ ਗਈਆਂ ਹਨ। ਇਹ ਹਨ ਕੁਚੱਜੀ , ਸੁਚੱਜੀ ਤੇ ਗੁਣਵੰਤੀ। ਕੁਚੱਜੀ ਉਹ ਹੈ ਜਿਸ ਨੂੰ ਆਪਣੇ ਮੂਲ ਦਾ ਗਿਆਨ ਨਹੀਂ ਹੈ ਜੋ ਮਾਇਆ ਨੂੰ ਹੀ ਸੱਚ ਮੰਨ ਰਹੀ ਹੈ। ਗੁਰੂ ਸੱਚ ਦੇ ਗਿਆਨ ਦਾ ਪ੍ਰਕਾਸ਼ ਕਰ ਉਸ ਦੇ ਅੰਤਰ ਨੂੰ ਰੋਸ਼ਨ ਕਰ ਦਿੰਦਾ ਹੈ। ਕੁਚੱਜੀ ਆਪਣੇ ਮੂਲ ਨੂੰ ਪਛਾਣ ਕੇ ਸੁਚੱਜੀ ਬਣ ਜਾਂਦੀ ਹੈ। ਸੁਚੱਜੀ ਜੀਵਾਤਮਾ ਦਾ ਪ੍ਰਸ਼ਨ ਹੈ ਕਿ ਉਹ ਕਿਨ੍ਹਾਂ ਗੁਣਾਂ ਨੂੰ ਧਾਰਨ ਕਰੇ ਤਾਂ ਜੋ ਪਰਮਾਤਮਾ ਨਾਲ ਮੇਲ ਹੋ ਜਾਵੇ। ਸੁਚੱਜੀ ਜੀਵਾਤਮਾ ਦੀ ਨਿਸ਼ਾਨੀ ਹੈ ਕਿ ਉਸ ਨੂੰ ਵਿਛੋੜਾ ਸਹਿਣ ਨਹੀਂ ਹੋ ਰਿਹਾ। ਮਨ ਅੰਦਰ ਵਿਰਹਾ ਦੀ ਅਗਨੀ ਮੱਚਣ ਲੱਗ ਪਈ ਹੈ “ ਮਨਿ ਤਨਿ ਪਿਆਸ ਦਰਸ਼ਨ ਘਣੀ ਕੋਈ ਆਣਿ ਮਿਲਾਵੈ ਮਾਇ।। “ । ਪਰਮਾਤਮਾ ਨਾਲ ਮੇਲ ਦੀ ਪਿਆਸ ਘਣੀ ਹੋ ਜਾਏ ਤਾਂ ਮਨ ਅੰਦਰ ਪਰਮਾਤਮਾ ਦਾ ਸਿਮਰਨ ਸਦਾ ਚੱਲਣ ਲੱਗਦਾ ਹੈ , ਗੁਰਬਾਣੀ ਵਿੱਚ ਗੂੜ੍ਹਾ ਰਸ ਆਉਣ ਲੱਗਦਾ ਹੈ , ਨਿਤਨੇਮ ਲਈ ਚਾਵ ਬਣਿਆ ਰਹਿੰਦਾ ਹੈ।
ਗੁਰਸਿੱਖ ਜਾਣ ਗਿਆ ਹੈ ਕਿ ਗੁਰੂ ਹੀ ਪਰਮਾਤਮਾ ਨਾਲ ਮੇਲ ਵਿੱਚ ਸਹਾਈ ਹੈ। ਗੁਰੂ ਦੇ ਉਪਦੇਸ਼ ਹੀ ਉਸ ਨੂੰ ਪਰਮਾਤਮਾ ਯੋਗ ਬਣਾ ਸਕਦੇ ਹਨ। ਜੀਵਾਤਮਾ ਨੇ ਪਤੀ ਪਰਮਾਤਮਾ ਨੂੰ ਰਿਝਾਉਣਾ ਹੈ , ਉਸ ਦਾ ਮਨ ਮੋਹਣਾ ਹੈ ਤਾਂ ਉਹ ਗੁਰੂ ਦੀ ਸ਼ਰਣ ਲੈਂਦੀ ਹੈ। ਗੁਰੂ ਉਸ ਨੂੰ ਦੱਸਦਾ ਹੈ ਕਿ ਉਹ ਕਿਹੋ ਜਿਹਾ ਸਿੰਗਾਰ ਕਰੇ ਕਿ ਪਰਮਾਤਮਾ ਨੂੰ ਭਾ ਜਾਵੇ। ਗੁਰੂ ਉਸ ਨੂੰ ਸਿੰਗਾਰ ਕਰਨ ਦੀ ਜਾਚ ਦੱਸਦਾ ਹੈ “ ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ।। “ । ਗੁਰਸਿੱਖ ਆਪਣੇ ਅੰਦਰ ਸਹਿਜ , ਸੰਤੋਖ ਜਿਹੇ ਅਨਮੋਲ ਗੁਣ ਧਾਰਨ ਕਰੇ , ਰਸਨਾ ਤੇ ਗੁਰੂ ਦਾ ਸ਼ਬਦ ਵੱਸਿਆ ਰਹੇ। ਅਜਿਹਾ ਸਿੰਗਾਰ ਹੀ ਪਰਮਾਤਮਾ ਨੂੰ ਭਾਵੰਦਾ ਹੈ। ਗੁਰਸਿੱਖ ਇਹ ਪੱਕਾ ਜਾਣ ਲਵੇ ਕਿ ਗੁਰੂ ਹੀ ਪਰਮਾਤਮਾ ਨਾਲ ਮੇਲ ਵਿੱਚ ਸਹਾਈ ਹੈ “ ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ।। “ । ਗੁਰੂ ਤੇ ਭਰੋਸਾ ਕਰਨ , ਗੁਰੂ ਦੀ ਸਿਖਿਆ ਅਨੁਸਾਰ ਆਪਣੇ ਜੀਵਨ ਦਾ ਸਿੰਗਾਰ ਕਰਨ ਦਾ ਸੰਕਲਪ ਮਨ ਵਿੱਚ ਦ੍ਰਿੜ੍ਹ ਹੋ ਜਾਏ। ਗੁਰੂ ਦੀ ਇਸ ਵਡਿਆਈ ਤੇ ਗੁਰਸਿੱਖ ਵਾਰ ਵਾਰ ਬਲਿਹਾਰ ਜਾਂਦਾ ਹੈ।
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ। ।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 68 )
ਗੁਰਸਿੱਖ ਦੇ ਮਨ ਵਿੱਚ ਜਿੱਥੇ ਪਰਮਾਤਮਾ ਨਾਲ ਮੇਲ ਦੀ ਵਿਆਕੁਲਤਾ ਹੈ , ਉਸ ਦੇ ਮਨ ਵਿੱਚ ਆਪਣੇ ਗੁਰੂ ਲਈ ਵੀ ਸਮਰਪਣ ਤੇ ਭਾਵਨਾ ਹੈ ਜਿਸ ਨੇ ਉਸ ਦੇ ਮਨ ਵਿੱਚ ਪਰਮਾਤਮਾ ਲਈ ਪ੍ਰੇਮ ਪੈਦਾ ਕੀਤਾ ਹੈ , ਪਰਮਾਤਮਾ ਦੇ ਸਵਰੂਪ ਤੇ ਮਹਾਨਤਾ ਤੋਂ ਜਾਣੂੰ ਕਰਾਇਆ ਹੈ। ਪਰਮਾਤਮਾ ਦਾ ਮਨ ਵਿੱਚ ਵੱਸ ਗਿਆ ਪ੍ਰੇਮ ਤ੍ਰਿਪਤ ਕਰਨ ਵਾਲਾ ਹੁੰਦਾ ਹੈ , ਕਿਸੇ ਹੋਰ ਭਾਵ ਜਾਨ ਪਦਾਰਥ ਦੀ ਤਾਂਘ ਨਹੀਂ ਰਹਿ ਜਾਂਦੀ। ਪਰਮਾਤਮਾ ਨਾਲ ਪ੍ਰੇਮ ਦਾ ਭਾਵ ਨਿਮਾਣੀ ਬਿਰਤੀ ਸਿਰਜਦਾ ਹੈ। ਜੀਵਾਤਮਾ ਗੁਣਾਂ ਦਾ ਸਿੰਗਾਰ ਤਾਂ ਕਰਦੀ ਹੈ ਪਰ ਉਨ੍ਹਾਂ ਗੁਣਾਂ ਦਾ ਦਾਅਵਾ ਨਹੀਂ ਕਰਦੀ। ਉਹ ਪਰਮਾਤਮਾ ਅੱਗੇ ਬੇਨਤੀ ਕਰਦੀ ਹੈ ਕਿ ਰਾਤ ਮੁੱਕਣ ਤੋਂ ਪਹਿਲਾਂ ਉਸ ਦਾ ਸੇਜ ਸੁਖ ਪ੍ਰਾਪਤ ਹੋ ਸਕੇ।
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 135 )
ਗੁਰਸਿੱਖ ਆਪਣੇ ਹਉਮੈ ਦਾ ਤਿਆਗ ਕਰਦਾ ਹੈ , ਮਾਇਆ ਦੇ ਮੋਹ ਤੇ ਵਿਕਾਰਾਂ ਦਾ ਨਾਸ਼ ਕਰਦਾ ਹੈ ਤਾਂ ਉਸ ਦੇ ਮੁੱਖ ਤੋਂ ਉਪਰੋਕਤ ਬੇਨਤੀ ਨਿਕਲਦੀ ਹੈ। ਇਹ ਹੀ ਸੱਚੀ ਅਰਦਾਸ ਹੈ ਜੋ ਇੱਕ ਗੁਰਸਿੱਖ ਨੂੰ ਹਰ ਵੇਲੇ ਕਰਦੀ ਰਹਿਣੀ ਚਾਹੀਦੀ ਹੈ ਤੇ ਇਹੋ ਇੱਕ ਮੰਗ ਮਨ ਵਿੱਚ ਬਣੀ ਰਹਿਣੀ ਚਾਹੀਦੀ ਹੈ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਹੋਰ ਕੋਈ ਹੈ ਹੀ ਨਹੀਂ ਜਿਸ ਕੋਲੋਂ ਕੁਝ ਮੰਗਿਆ ਜਾ ਸਕੇ ਅਤੇ ਹੋਰ ਕੁਝ ਮੰਗਣ ਜੋਗ ਹੈ ਹੀ ਨਹੀਂ “ ਪਰ੍ਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ।। “ । ਪਰਮਾਤਮਾ ਨਾਲ ਮੇਲ ਹੋ ਜਾਏ , ਉਸ ਦੀ ਸ਼ਰਣ ਪ੍ਰਾਪਤ ਹੋ ਜਾਏ ਤਾਂ ਹੋਰ ਕੁੱਝ ਮੰਗਣ ਲਈ ਰਹਿ ਹੀ ਨਹੀਂ ਰਹਿ ਜਾਂਦਾ। ਸਾਰੇ ਸੁੱਖ ਤਾਂ ਪਰਮਾਤਮਾ ਕੋਲੋਂ ਹੀ ਪ੍ਰਾਪਤ ਹੁੰਦੇ ਹਨ “ ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ। . “ । ਸਾਰੇ ਸੁੱਖ , ਸਾਰੀਆਂ ਨਿਧੀਆਂ ਰਿੱਧੀਆਂ ਪਰਮਾਤਮਾ ਦੇ ਚਰਣਾਂ ਦੀਆਂ ਦਾਸੀਆਂ ਹਨ।
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ।।
( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 135 )
ਪਰਮਾਤਮਾ ਦੀ ਮਿਹਰ ਹੀ ਜੀਵਨ ਅੰਦਰ ਸੁੱਖ ਭਰਦੀ ਹੈ। ਸੁੱਖ ਚਾਹੀਦਾ ਹੈ ਤਾਂ ਪ੍ਰੇਮ ਭਗਤੀ ਹੀ ਇੱਕੋ ਇੱਕ ਮਾਰਗ ਹੈ “ ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ।। “ । ਦੁੱਖ ਪਰਮਾਤਮਾ ਤੋਂ ਵਿਛੋੜੇ ਕਾਰਨ ਹੈ। ਪਰਮਾਤਮਾ ਦੀ ਪ੍ਰੇਮ ਭਗਤੀ ਮਾਇਆ , ਵਿਕਾਰਾਂ ਦੇ ਬਿਖ ਤੋਂ ਦੂਰ ਰੱਖਦੀ ਹੈ।
ਡਾ. ਸਤਿੰਦਰ ਪਾਲ ਸਿੰਘ
ਦਿ ਪਾਂਡਸ
ਸਿਡਨੀ , ਆਸਟ੍ਰੇਲੀਆ
ਈ ਮੇਲ - akaalpurkh.7@gmail.com
—