ਨੇਪਾਲੀ ਸਮਾਜ ਅਜੇ ਵੀ ਜਾਤ-ਪਾਤ ਅਤੇ ਵਰਗੀ ਵੰਡ ਦੇ ਬੋਝ ਹੇਠਾਂ ਹੈ
.....
ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਵਿਚਕਾਰ ਵੱਸਦਾ ਨੇਪਾਲ ਆਪਣੀ ਕੁਦਰਤੀ ਖੂਬਸੂਰਤੀ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਲਈ ਵਿਸ਼ਵ ਭਰ ਵਿਚ ਪ੍ਰਸਿੱਧ ਹੈ। ਪਰ ਦੁਖਦਾਈ ਗੱਲ ਇਹ ਹੈ ਕਿ ਇਹ ਦੇਸ਼ ਅਕਸਰ ਹਿੰਸਾ, ਅਸਥਿਰਤਾ ਅਤੇ ਰਾਜਨੀਤਿਕ ਅਵਿਸ਼ਵਾਸ ਦਾ ਮੈਦਾਨ ਵੀ ਬਣਦਾ ਆ ਰਿਹਾ ਹੈ। ਅੱਜ ਨੇਪਾਲ ਦੇ ਭਵਿੱਖ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰਨ ਵਾਲੀ ਸਭ ਤੋਂ ਵੱਡੀ ਚੁਣੌਤੀ ਅੰਦਰੂਨੀ ਹਿੰਸਾ ਅਤੇ ਉਸਦੇ ਬਹੁ-ਪੱਖੀ ਕਾਰਣ ਹਨ।
ਹਿੰਸਾ ਦੇ ਗਹਿਰੇ ਕਾਰਣ
ਸਭ ਤੋਂ ਪਹਿਲਾਂ, ਰਾਜਨੀਤਿਕ ਅਸਥਿਰਤਾ ਨੇ ਨੇਪਾਲ ਦੇ ਲੋਕਾਂ ਦੇ ਮਨੋਂ ਸਰਕਾਰੀ ਪ੍ਰਣਾਲੀ ‘ਤੇ ਭਰੋਸਾ ਕੱਟਿਆ ਹੈ। ਵਾਰ-ਵਾਰ ਬਦਲ ਰਹੀਆਂ ਸਰਕਾਰਾਂ, ਅਧੂਰੇ ਕਾਰਜਕਾਲ ਅਤੇ ਟਿਕਾਊ ਨੀਤੀਆਂ ਦੀ ਕਮੀ ਨੇ ਲੋਕਾਂ ਨੂੰ ਨਿਰਾਸ਼ ਕੀਤਾ।
ਦੂਜਾ, ਸਮਾਜਿਕ ਅਸਮਾਨਤਾ — ਨੇਪਾਲੀ ਸਮਾਜ ਅਜੇ ਵੀ ਜਾਤ-ਪਾਤ ਅਤੇ ਵਰਗੀ ਵੰਡ ਦੇ ਬੋਝ ਹੇਠਾਂ ਹੈ। ਨੀਵੀਂ ਜਾਤੀਆਂ ਦੇ ਲੋਕ ਸ਼ੋਸ਼ਣ ਤੇ ਅਧਿਕਾਰਾਂ ਤੋਂ ਵਾਂਝੇ ਰਹਿੰਦੇ ਹਨ, ਜੋ ਅੰਦਰੂਨੀ ਤਣਾਅ ਅਤੇ ਵਿਰੋਧੀ ਭਾਵਨਾਵਾਂ ਨੂੰ ਜਨਮ ਦਿੰਦਾ ਹੈ।
ਤੀਜਾ, ਗਰੀਬੀ ਅਤੇ ਬੇਰੋਜ਼ਗਾਰੀ — ਜਦੋਂ ਆਬਾਦੀ ਦਾ ਵੱਡਾ ਹਿੱਸਾ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦਾ ਹੈ, ਤਾਂ ਹਿੰਸਾ ਦੀਆਂ ਚਿੰਗਾਰੀਆਂ ਅਸਾਨੀ ਨਾਲ ਭੜਕਦੀਆਂ ਹਨ। ਖ਼ਾਸ ਕਰਕੇ ਯੁਵਾ ਵਰਗ, ਜੋ ਰੋਜ਼ਗਾਰ ਤੋਂ ਵਾਂਝਾ ਰਹਿੰਦਾ ਹੈ, ਨਿਰਾਸ਼ਾ ਵਿਚ ਹਿੰਸਕ ਰਾਹਾਂ ਵੱਲ ਮੁੜਦਾ ਹੈ।
ਚੌਥਾ, ਉਗਰਵਾਦੀ ਵਿਚਾਰਧਾਰਾ ਅਤੇ ਮਾਓਵਾਦੀ ਅੰਦੋਲਨ ਨੇ ਨੇਪਾਲ ਦੇ ਇਤਿਹਾਸ ਨੂੰ ਲੰਬੇ ਸਮੇਂ ਤੱਕ ਹਿੰਸਕ ਬਣਾਇਆ ਰੱਖਿਆ।
ਪੰਜਵਾਂ, ਪੜੋਸੀ ਦੇਸ਼ਾਂ ਦਾ ਦਬਾਅ — ਚੀਨ ਅਤੇ ਭਾਰਤ ਵਰਗੀਆਂ ਵੱਡੀਆਂ ਤਾਕਤਾਂ ਦੇ ਵਿਚਕਾਰ ਫਸਿਆ ਨੇਪਾਲ ਕਈ ਵਾਰੀ ਆਪਣੇ ਸੁਤੰਤਰ ਫ਼ੈਸਲਿਆਂ ਤੋਂ ਵਾਂਝਾ ਰਹਿੰਦਾ ਹੈ। ਇਹ ਦਬਾਅ ਅੰਦਰੂਨੀ ਸੰਘਰਸ਼ ਨੂੰ ਹੋਰ ਵਧਾਉਂਦਾ ਹੈ।
ਛੇਵਾਂ, ਸ਼ਿਕਸ਼ਾ ਦੀ ਕਮੀ ਲੋਕਾਂ ਨੂੰ ਜਾਗਰੂਕ ਹੋਣ ਤੋਂ ਰੋਕਦੀ ਹੈ। ਜਿੱਥੇ ਸਿੱਖਿਆ ਘੱਟ, ਉੱਥੇ ਅੰਧਵਿਸ਼ਵਾਸ, ਅਗਿਆਨਤਾ ਅਤੇ ਹਿੰਸਾ ਵਧਦੀ ਹੈ।
ਅਤੇ ਆਖ਼ਰ ਵਿੱਚ, ਫੋਜੀ ਦਖ਼ਲਅੰਦਾਜ਼ੀ ਨੇ ਕਈ ਵਾਰੀ ਸਿਆਸੀ ਪ੍ਰਕਿਰਿਆ ਨੂੰ ਕਮਜ਼ੋਰ ਕੀਤਾ ਹੈ। ਜਦੋਂ ਫੌਜ ਲੋਕਤੰਤਰ ਤੋਂ ਉੱਪਰ ਆਪਣਾ ਰੋਲ ਲੈਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਹਿੰਸਾ ਅਤੇ ਅਸਥਿਰਤਾ ਹੋਰ ਵਧਦੀ ਹੈ।
ਹੱਲ ਦੀਆਂ ਰਾਹਾਂ
ਨੇਪਾਲ ਦੇ ਭਵਿੱਖ ਲਈ ਲਾਜ਼ਮੀ ਹੈ ਕਿ ਹਿੰਸਾ ਦੇ ਮੂਲ ਕਾਰਣਾਂ ‘ਤੇ ਕਾਬੂ ਪਾਇਆ ਜਾਵੇ।
ਮਜ਼ਬੂਤ ਲੋਕਤੰਤਰ — ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਸਥਿਰ ਅਤੇ ਪਾਰਦਰਸ਼ੀ ਪ੍ਰਣਾਲੀ ਬਣਾਉਣਾ ਸਭ ਤੋਂ ਪਹਿਲੀ ਲੋੜ ਹੈ।
. ਸਮਾਜਕ ਸਮਾਨਤਾ — ਜਾਤ-ਪਾਤ ਦੇ ਭੇਦਭਾਵ ਨੂੰ ਖ਼ਤਮ ਕਰਕੇ ਹਰ ਵਰਗ ਨੂੰ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ।
ਆਰਥਿਕ ਵਿਕਾਸ ਅਤੇ ਰੋਜ਼ਗਾਰ — ਉਦਯੋਗ, ਟੂਰਿਜ਼ਮ ਅਤੇ ਖੇਤੀਬਾੜੀ ਵਿੱਚ ਨਵੀਂ ਰੋਜ਼ਗਾਰੀ ਦੇ ਰਾਹ ਖੋਲ੍ਹਣੇ ਲਾਜ਼ਮੀ ਹਨ।
. ਗੁਣਵੱਤਾ ਵਾਲੀ ਸ਼ਿਕਸ਼ਾ — ਸਿੱਖਿਆ ਹੀ ਉਹ ਹਥਿਆਰ ਹੈ ਜੋ ਹਿੰਸਕ ਸੋਚ ਨੂੰ ਬਦਲ ਸਕਦੀ ਹੈ।
ਸ਼ਾਂਤੀਪ੍ਰਿਯ ਵਾਰਤਾਲਾਪ — ਉਗਰਵਾਦੀ ਗਰੁੱਪਾਂ ਨਾਲ ਮੁਕਾਬਲੇ ਦੀ ਥਾਂ ਸੰਵਾਦ ਰਾਹੀਂ ਹੱਲ ਲੱਭਣਾ ਹੋਰ ਫਲਦਾਇਕ ਸਾਬਤ ਹੋ ਸਕਦਾ ਹੈ।
. ਵਿਦੇਸ਼ੀ ਸੰਬੰਧਾਂ ਵਿੱਚ ਸੰਤੁਲਨ — ਨੇਪਾਲ ਨੂੰ ਭਾਰਤ ਅਤੇ ਚੀਨ ਨਾਲ ਬਰਾਬਰੀ ਦੇ ਰਿਸ਼ਤੇ ਕਾਇਮ ਕਰਕੇ ਆਪਣੇ ਅੰਦਰੂਨੀ ਮਾਮਲੇ ਸੁਤੰਤਰ ਤੌਰ ‘ਤੇ ਨਿਭਾਉਣੇ ਚਾਹੀਦੇ ਹਨ।
ਫੌਜ ਦਾ ਸੀਮਿਤ ਰੋਲ — ਫੌਜ ਨੂੰ ਕੇਵਲ ਦੇਸ਼ ਦੀ ਸੁਰੱਖਿਆ ਤੱਕ ਸੀਮਿਤ ਰੱਖ ਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਨੇਪਾਲ ਦੀ ਧਰਤੀ ਨੇ ਹਮੇਸ਼ਾਂ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਪਰ ਜੇਕਰ ਹਿੰਸਾ ਦੇ ਕਾਰਣਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਇਹ ਸੁੰਦਰ ਦੇਸ਼ ਅਸਥਿਰਤਾ ਦੇ ਦਲਦਲ ਵਿੱਚ ਫਸਿਆ ਰਹੇਗਾ। ਸਮਾਂ ਮੰਗ ਕਰਦਾ ਹੈ ਕਿ ਰਾਜਨੀਤਿਕ ਨੇਤਾ, ਸਮਾਜ ਅਤੇ ਸੰਸਥਾਵਾਂ ਮਿਲ ਕੇ ਇੱਕ ਸ਼ਾਂਤੀਪ੍ਰਿਯ, ਸਮਾਨਤਾ-ਅਧਾਰਿਤ ਅਤੇ ਵਿਕਾਸਸ਼ੀਲ ਨੇਪਾਲ ਦੀ ਰਚਨਾ ਕਰਨ।
ਗੁਰਭਿੰਦਰ ਗੁਰੀ
+447951 590424 watsapp