Sunday, September 07, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ      --              ਡਾ. ਸਤਿੰਦਰ ਪਾਲ ਸਿੰਘ 

September 07, 2025 09:57 AM

ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਸੰਕਲਪ ਅਗਿਆਨ ਦੇ ਹਨੇਰੇ ਵਿੱਚ ਭਟਕ ਰਹੇ , ਮਾਇਆ ਦੇ ਮੋਹ ਵਿੱਚ ਖੁਆਰ ਹੋ ਰਹੇ ਮਨੁੱਖ ਨੂੰ ਮਾਣਸ ਤੋਂ ਦੇਵੜਾ ਬਣਾਉਣ ਦਾ ਹੈ। ਇਸ ਤੋਂ ਵੱਡੀ ਤਪਸਿਆ ਕੋਈ ਨਹੀਂ ਹੋ ਸਕਦੀ ਕਿ ਮਨੁੱਖ ਮਾਇਆ ਦੇ ਮੋਹ ਤੋਂ ਮੁਕਤ ਹੋ ਜਾਏ , ਵਿਕਾਰਾਂ ਨੂੰ ਆਪਣੇ ਵੱਸ ‘ਚ ਕਰ ਲਵੇ , ਆਪਣੇ ਮਨ ਤੇ ਆਚਾਰ ਵਿੱਚ ਗੁਣ ਧਾਰਨ ਕਰ ਲਵੇ ਤੇ ਪਰਮਾਤਮਾ ਵਿੱਚ ਅਡੋਲ ਲਿਵ ਲਾ ਕੇ ਸਹਿਜ ਵਿੱਚ ਆ ਜਾਵੇ।ਗੁਰਬਾਣੀ ਨੇ ਆਪ ਸਵੀਕਾਰ ਕੀਤਾ ਕਿ  ਮਾਇਆ ਮਹਾ ਠਗਨੀ ਹੈ , ਵਿਕਾਰ ਮਹਾ ਰੋਗ ਹਨ। ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਣ ਵਿੱਚ ਆ ਕੇ ਮਾਇਆ ਦੇ ਰੂਪ ਨੂੰ ਜਾਣ ਜਾਂਦਾ ਹੈ , ਵਿਕਾਰਾਂ ਤੋਂ ਦੂਰ ਹੋਣ ‘ਚ ਸਮਰੱਥ ਹੋ ਜਾਂਦਾ ਹੈ। ਗੁਰਸਿੱਖ ਦੀ ਮਰਿਆਦਾ ਹੈ ਕਿ ਉਹ ਨਿਤ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪੇ , ਗੁਰਬਾਣੀ ਪੜ੍ਹੇ , ਸੁਣੇ ਤੇ ਸਾਰਾ ਦਿਵਸ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਕਿਰਤ ਕਰੇ। ਸੰਧਿਆ ਦਾ ਸਮਾਂ ਵੀ ਗੁਰਬਾਣੀ ਨਾਲ ਜੁੜ ਕੇ ਸੁਆਰਥ ਕਰੇ ਤੇ ਦਿਵਸ ਦੀ ਪੂਰਨਤਾ ਵੀ ਗੁਰ ਸ਼ਬਦ ਨਾਲ ਕਰੇ। ਗੁਰਬਾਣੀ ਗੁਰਸਿੱਖ ਦੇ ਜੀਵਨ ਦਾ ਅਟੁੱਟ ਹਿੱਸਾ ਹੈ। ਗੁਰਬਾਣੀ ਪੜ੍ਹਨ ਤੇ ਸੁਨਣ ਨਾਲ ਹੀ ਵਿਚਾਰਨ ਤੇ ਉਸ ਦੇ ਮਰਮ ਨੂੰ ਜੀਵਨ ਦਾ ਆਧਾਰ ਬਣਾਉਣ ਦਾ ਵਿਸ਼ਾ ਵੀ ਹੈ। ਇਹ ਗੂੜ੍ਹ ਗਾਥਾ ਹੈ ਜਿਸ ਨੂੰ ਸਮਝਣ ਲਈ ਪੂਰਨ ਇਕਾਗਰਤਾ ਤੇ ਅਡੋਲ ਭਰੋਸਾ ਸੱਭ ਤੋਂ ਪਹਿਲੀ ਲੋੜ ਹੈ। ਹੀਰਾ ਅਨਮੋਲ ਹੈ ਪਰ ਉਸ ਨੂੰ ਰੱਖਣ ਦਾ ਯੋਗ ਅਸਥਾਨ ਨਾ ਹੋਵੇ ਤਾਂ ਹੀਰਾ ਰੁੱਲ ਜਾਂਦਾ ਹੈ।  ਜਿਸ ਭਾਂਡੇ ਵਿੱਚ ਦੁੱਧ ਰੱਖਣਾ ਹੈ ਉਹ ਗੰਦਾ ਹੈ ਤਾਂ ਦੁੱਧ ਫਟ ਜਾਵੇਗਾ। ਗੁਰਬਾਣੀ ਦਾ ਪ੍ਰਭਾਵ ਹੈ ਕਿ ਉਹ ਮਾਣਸ ਤੋਂ ਦੇਵਤਾ ਬਣਾ ਸਕਦੀ ਹੈ ਪਰ ਦੇਵਤਾ ਬਣਨ ਦੀ ਯੋਗਤਾ ਗੁਰਸਿੱਖ ਨੂੰ ਆਪ ਵਿਕਸਿਤ ਕਰਨੀ ਹੈ ਨਹੀਂ ਤਾਂ ਗੁਰਬਾਣੀ ਦਾ ਪੜ੍ਹਨਾ , ਸੁਨਣਾ ਬੇਮਕਸਦ ਹੋ ਜਾਂਦਾ ਹੈ।  ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1360 ਤੇ ਗਾਥਾ ਸਿਰਲੇਖ ਹੇਠ ਸੁਸ਼ੋਭਿਤ ਗੁਰੂ ਅਰਜਨ ਸਾਹਿਬ ਦੀ  ਬਾਣੀ ਇਸ ਸੰਦਰਭ ਵਿੱਚ ਸਟੀਕ ਤੇ ਸਰਲ ਸੇਧ ਬਖਸ਼ਦੀ ਹੈ। ਹਰ ਗੁਰਸਿੱਖ ਨੂੰ ਇਹ ਬਾਣੀ ਵਾਰ ਵਾਰ ਪੜ੍ਹਨੀ ਤੇ ਸਦਾ ਚੇਤੇ ਰੱਖਣੀ ਚਾਹੀਦੀ ਹੈ ਤਾਂ ਜੋ ਮਨ ਸੁਚੇਤ ਰਹੇ ਤੇ ਗੁਰਬਾਣੀ ਦਾ ਪੜ੍ਹਨਾ , ਸੁਨਣਾ ਫਲਦਾਈ ਹੋ ਸਕੇ। ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਗਨ ਧਾਰਨ ਦੇ ਯੋਗ ਬਣਨਾ ਪੈਂਦਾ ਹੈ।  

                                         ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ ਦੇਹੰ ਮਲੀਣੰ।।

                                                              ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1360 ) 

ਕਪੂਰ , ਫੁੱਲ , ਇਤਰ ਦੀ ਸੁਗੰਧ ਮਨਭਾਵਨ ਹੁੰਦੀ ਹੈ ਪਰ ਮਨੁੱਖ ਦੇ ਮੈਲੇ ਤਨ ਦੇ ਸੰਪਰਕ ਵਿੱਚ ਆ ਕੇ ਉਹ ਵੀ ਮੈਲੀ ਹੋ ਜਾਂਦੀ ਹੈ ਕਿਉਂਕਿ ਮਨੁੱਖ ਦਾ  ਤਨ ਮਾਂਸ , ਲਹੂ ਤੇ ਹੱਡੀਆਂ ਦੇ ਮੇਲ ਨਾਲ ਬਣਿਆ ਹੋਇਆ ਹੈ ਜੋ ਆਪ ਹੀ ਦੁਰਗੰਧ ਦੇ ਸ੍ਰੋਤ  ਹਨ। ਦੁਰਗੰਧ ਦੇ ਨਿਕਟ ਆਉਣ ਵਾਲੀ ਸੁਗੰਧ ਵੀ ਦੁਰਗੰਧ ਬਣ ਜਾਂਦੀ ਹੈ। ਸੁਗੰਧ ਬੇਅਸਰ ਹੋ ਜਾਂਦੀ ਹੈ। ਗੁਣ ਔਗੁਣੀ ਦੇ ਕੋਲ ਆ ਕੇ ਗੁਣ ਨਹੀਂ ਰਹਿੰਦੇ। ਮਨ ਅੰਦਰ ਵਿਕਾਰ ਚੱਲ ਰਹੇ ਹਨ , ਮਾਇਆ ਦਾ ਮੋਹ ਭਰਿਆ ਹੋਇਆ ਹੈ ਤਾਂ ਮਾਣਸ ਤੋਂ ਦੇਵਤਾ ਬਣਾਉਣ ਵਾਲੀ ਗੁਰਬਾਣੀ ਦਿਨ ਰਾਤ ਵੀ ਕੋਈ ਪੜ੍ਹੇ ਤਾਂ ਕੀ ਲਾਭ ਹੈ।ਅਗਿਆਨਤਾ ਕਾਰਨ ਮਨੁੱਖ ਅਜਿਹੇ ਦੁਰਗੰਧ ਭਰੇ ਤਨ ਤੇ ਹੀ ਮਾਣ ਕਰਦਾ ਰਹਿੰਦਾ ਹੈ ਤੇ ਗੁਰਬਾਣੀ ਦਾ ਮਰਮ ਧਾਰਨ ਨਾ ਕਰ ਗੁਰਬਾਣੀ ਪੜ੍ਹਨ , ਸੁਨਣ ਨੂੰ ਕਰਮਕਾਂਡ ਜਿਹਾ ਬਣਾ ਲੈਂਦਾ ਹੈ। ਨਿਤ ਗੁਰਬਾਣੀ  ਪੜ੍ਹਨ ਸੁਨਣ ਜੇ ਹੰਕਾਰ  ਹੋ ਜਾਏ  ਕਿ ਉਹ ਨਿਤ ਗੁਰਬਾਣੀ ਪੜ੍ਹਦਾ , ਸੁਣਦਾ ਹੈ ਤਾਂ ਉਹ ਆਪ ਗੁਰਬਾਣੀ ਦੇ ਕੌਤਕ ਤੋਂ ਦੂਰ ਹੋ ਜਾਂਦਾ ਹੈ ਕਿਉਂਕਿ ਉਹ ਆਪਣੀ ਪਛਾਣ ਆਪਣੇ ਤਨ ਤੋਂ ਕਰਦਾ ਹੈ ।   ਜੀਵਾਤਮਾ ਅਜਿਹਾ ਹੰਕਾਰ ਨਹੀਂ ਕਰ ਸਕਦੀ ਕਿਉਂਕਿ ਜੀਵਾਤਮਾ ਨੂੰ ਗਿਆਤ ਹੈ ਅਜਿਹੇ ਤਨ ਉਹ ਕਿਤਨੇ ਹੀ ਧਾਰਨ ਕਰ ਚੁਕੀ ਹੈ “ ਐਸੇ ਘਰ ਹਮ ਬਹੁਤੁ ਬਸਾਏ। . ਜਬ ਹਮ ਰਾਮ ਗਰਭ ਹੋਇ ਆਏ।। “ ।  ਜਿਸ ਨੇ ਆਪਣਾ ਮੂਲ ਪਛਾਣ ਲਿਆ ਉਹ ਹਰ ਹੰਕਾਰ ਤੋਂ ਉੱਪਰ ਉੱਠ ਜਾਏਗਾ। ਜੇ ਅੰਤਰ ਚੇਤਨਾ ਜਾਗ੍ਰਤ ਹੈ ਤਾਂ ਹੰਕਾਰ ਨਹੀਂ ਹੈ। ਹੰਕਾਰ ਸੁੱਤੀ ਹੋਈ ਚੇਤਨਾ ਦਾ ਪ੍ਰਤੀਕ ਹੈ।  ਹੰਕਾਰ ਤਿਲ ਮਾਤਰ ਦਾ ਵੀ ਹੈ , ਸਾਰੇ ਜਪ ਤਪ ਨੂੰ ਵਿਅਰਥ ਕਰਨ ਵਾਲਾ ਹੈ।  ਗੁਰੂ ਅਰਜਨ ਸਾਹਿਬ ਨੇ ਵਚਨ ਕੀਤਾ ਕਿ ਮਨੁੱਖ ਕਿਤਨਾ ਹੀ ਸਮਰੱਥ ਕਿਉਂ ਨਾ ਹੋ ਜਾਏ ਗੁਰੂ ਦਾ ਉਪਦੇਸ਼ ਕਿ ਹੰਕਾਰ ਦਾ ਤਿਆਗ ਕਰਨਾ ਹੈ , ਧਾਰਨ ਕੀਤੇ ਬਿਨਾ ਉਸ ਦਾ ਹਿੱਤ ਸੰਭਵ ਨਹੀਂ ਹੈ।  

                                    ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ।।

                                                               ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1360 ) 

ਮਨੁੱਖ ਆਪਣਾ ਰੂਪ ਬਦਲ ਸਕਦਾ ਹੈ।  ਆਪਣੇ ਸ਼ਰੀਰ ਨੂੰ ਇੱਕ ਨਿੱਕੇ ਜਿਹੇ ਅਣੂ ਵਿਚ ਬਦਲ ਸਕਦਾ ਹੈ ਤੇ ਪਰਬਤ ਦੇ ਸ਼ਿਖਰ ਤੇ ਜਾ ਬੈਠ ਸਕਦਾ ਹੈ।  ਗੁਰੂ ਸਾਹਿਬ ਨੇ ਕਿਹਾ ਕਿ ਇਹ ਉਹ ਨਿਮਖ ਮਾਤਰ ਵਿੱਚ ਕਰ ਸਕਦਾ ਹੈ।  ਪਰ ਫਿਰ ਵੀ ਉਸ ਦੀ ਗਤਿ ਨਹੀਂ ਹੈ।  ਜੀਵਨ ਸਕਾਰਥ ਕਰਨ ਲਈ ਉਸ ਨੂੰ ਗੁਰੂ ਦੀ ਸ਼ਰਣ ਲੈਣੀ ਹੀ ਪਵੇਗੀ।  ਗੁਰੂ ਦੇ ਉਪਦੇਸ਼ ਧਾਰਨ ਕਰਨੇ ਹੀ ਪੈਣਗੇ। ਹੰਕਾਰ , ਮਨ ਦੇ ਵਿਕਾਰ ਤਿਆਗਣੇ ਹੀ ਪੈਣਗੇ।  

 

ਗੁਰਬਾਣੀ ਦਾ ਪੜ੍ਹਿਆ ਸੁਣਿਆ ਤਾਂ ਹੀ ਸਫਲ ਹੈ ਜੇ ਮਨ ਦੇ ਅੰਦਰ ਦਾ ਹੰਕਾਰ ਮਿਟ  ਜਾਏ।ਮਨ ਦਾ ਹੰਕਾਰ ਮਿਟਣਾ ਗੁਰਬਾਣੀ ਦਾ ਪੜ੍ਹਨਾ ਸੁਣਨਾ ਸਫਲ ਹੋਣ ਦਾ ਪ੍ਰਮਾਣ ਹੈ।  

                                     ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ।।

                                     ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ।।

                                                        ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1360 ) 

ਗੁਰਬਾਣੀ ਮੂਲ ਰੂਪ ਵਿੱਚ  ਪਰਮਾਤਮਾ ਦੇ ਜਿਸ ਦਾ ਗਾਇਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਹੀ ਪਰਮਾਤਮਾ ਦੀ ਵਡਿਆਈ ਤੋਂ ਹੁੰਦਾ ਹੈ। ਗੁਰਸਿੱਖ ਜਦੋਂ ਗੁਰਬਾਣੀ ਪੜ੍ਹਦਾ ਹੈ , ਉਹ ਪਰਮਾਤਮਾ ਦੀ ਵਡਿਆਈ ਦਾ ਗਿਆਨ ਪ੍ਰਾਪਤ ਕਰਦਾ ਹੈ।  ਇਸ ਦੇ ਨਾਲ ਹੀ ਉਸ ਨੂੰ ਆਪਣੇ ਔਗੁਣਾਂ ਦਾ ਗਿਆਨ ਹੁੰਦਾ ਹੈ “ ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ।।“  । ਗੁਰਬਾਣੀ ਦਾ ਗਾਇਨ , ਪਰਮਾਤਮਾ ਦੇ ਜਿਸ ਦਾ ਗਾਇਨ ਆਪਣੇ ਔਗੁਣਾਂ ਦੀ ਪ੍ਰਤੀਤ ਹੋਣਾ ਵੀ ਹੈ।  ਗੁਰਸਿੱਖ ਇਹ ਸਵੀਕਾਰ ਕਰ ਲੈਂਦਾ ਹੈ ਕਿ ਉਹ ਔਗੁਣਾਂ ਦਾ ਭਰਿਆ ਹੋਇਆ ਹੈ , ਉਸ ਦੇ ਜੀਵਨ ਵਿੱਚ ਬਿਖ ਹੀ ਬਿਖ ਹੈ ਤਾਂ  ਉਸ ਨੂੰ ਆਪਣੇ ਦੁੱਖਾਂ ਦਾ ਭੇਦ ਸਮਝ ਆ ਜਾਂਦਾ ਹੈ।  ਆਪਣੇ ਔਗੁਣਾਂ ਤੋਂ ਮੁਕਤ ਹੋਣ ਲਈ ਉਹ ਵਿਹਵਲ ਹੋ ਜਾਂਦਾ ਹੈ “ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ।। “ । ਗੁਰੂ ਇਸ ਅਰਦਾਸ ਨੂੰ ਪ੍ਰਵਾਨ ਕਰਦਾ ਹੈ ਤੇ ਉਸ ਦੇ ਹੰਕਾਰ ਨੂੰ ਕੁੱਟ ਕੁੱਟ ਕੇ ਨਾਸ਼ ਕਰ ਦਿੰਦਾ ਹੈ।  ਉਸ ਦੇ ਸਾਰੇ ਵਿਕਾਰ ਗੁਰ ਸ਼ਬਦ ਦੀ ਭਰਪੂਰ ਚੋਟ ਨਾਲ ਨਾਸ਼ ਹੋ ਜਾਂਦੇ ਹਨ। ਇਹ ਦੁੱਖਾਂ ਤੋਂ ਮੁਕਤੀ ਤੇ ਸੁੱਖਾਂ ਦੀ ਪ੍ਰਾਪਤੀ ਦੀ ਰਾਹ ਜਿਸ ਲਈ ਸਾਰਾ ਸੰਸਾਰ ਤਰਸ ਰਿਹਾ ਹੈ।  

 

ਗੁਰੂ ਦੀ ਸ਼ਰਣ ਵਿੱਚ ਆਉਣ ਦਾ ਮਨੋਰਥ ਹੀ ਸੁੱਖ ਪ੍ਰਾਪਤ ਕਰਨਾ ਹੈ।  ਜੋ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ , ਗੁਰੂ ਦੀ ਸਿਖਿਆ ਤੇ ਨਹੀਂ ਚੱਲ ਰਿਹਾ ਹੈ ਉਹ ਸਦਾ ਹੀ ਸੁੱਖ ਤੋਂ ਵਾਂਝਾ ਰਹਿੰਦਾ ਹੈ।  

                                      ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ।।

                                      ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ।।

                                                  ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1360 ) 

ਗੁਰੂ ਅਰਜਨ ਸਾਹਿਬ ਨੇ ਵਚਨ ਕੀਤਾ ਕਿ ਜਿਵੇਂ ਪੱਤਾ ਕਿਸੇ ਬਿਰਖ ਤੋਂ ਝੜ ਕੇ ਥੱਲੇ ਡਿੱਗ ਜਾਂਦਾ ਹੈ , ਮੁੜ ਬਿਰਖ ਨਾਲ ਨਹੀਂ ਲੱਗ ਸਕਦਾ , ਗੁਰੂ ਦੇ ਗਿਆਨ ਤੋਂ ਵੇਮੁਖ ਜਾਂ ਉਦਾਸ ਗੁਰਸਿੱਖ ਦਾ ਜੀਵਨ ਵੀ ਸੁੱਖਾਂ ਤੋਂ ਸਦਾ ਲਈ ਦੂਰ ਹੋ ਜਾਂਦਾ ਹੈ। ਜੀਵਨ ਅੰਦਰ  ਸੁੱਖ  ਆ ਹੀ ਨਹੀਂ ਸਕਦੇ।ਪੱਤਾ ਬਿਰਖ ਨਾਲ ਜੁੜਿਆ ਰਹਿੰਦਾ ਹੈ ਤਾਂ ਬਿਰਖ ਅਖਵਾਉਂਦਾ ਹੈ।  ਪੱਤਾ ਜਦੋਂ ਆਪਣੀ ਸੁਤੰਤਰ ਹੋਂਦ ਭਾਲਦਾ ਹੈ ਤਾਂ ਬਿਰਖ ਤੋਂ ਟੁੱਟ ਕੇ ਡਿੱਗ ਪੈਂਦਾ ਹੈ।ਮਨੁੱਖ ਆਪਣਾ ਆਪ , ਭਾਵ ਹਉਮੇ  ਮਿਟਾ ਕੇ ਹੀ ਸੁੱਖਾਂ ਦੇ ਦਾਤੇ ਗੁਰੂ ਨਾਲ ਜੁੜਿਆ ਰਹਿ ਸਕਦਾ ਹੈ। ਗੁਰੂ ਦੇ ਹੁਕਮ ਤੋਂ ਵੱਖ ਹੋ ਕੇ ਜੀਵਨ ਬਿਖਮ ਹੋ ਜਾਂਦਾ ਹੈ।  ਮਨੁੱਖ ਆਵਾਗਮਨ ਦੇ ਚਕ੍ਰ ਵਿੱਚ ਫਸਿਆ ਰਹਿੰਦਾ ਹੈ।  

 

ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਉਹ ਵਡਭਾਗੀ ਹੈ ਜਿਸ ਨੂੰ ਗੁਰੂ , ਗੁਰ ਸ਼ਬਦ ਦੀ ਸੰਗਤ ਪ੍ਰਾਪਤ ਹੋਈ ਹੈ “ ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ।। “ । ਗੁਰਸਿੱਖ ਵਡਭਾਗੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਤੋਂ ਲੌ  ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸਾਂ ਪਾਤਸ਼ਾਹੀਆਂ ਦੀਆਂ ਅਪਾਰ ਬਖਸ਼ਿਸ਼ਾਂ  ਪ੍ਰਾਪਤ ਹਨ ਤੇ ਦਸਾਂ  ਪਾਤਸ਼ਾਹੀਆਂ ਦੀ ਇੱਕੋ ਇੱਕ ਜੋਤ ਸ੍ਰੀ ਗੁਰੂ ਗਰੰਥ ਸਾਹਿਬ ਦੀ ਸਦ ਜੀਵੀ  ਮਿਹਰ ਬਰਸ ਰਹੀ ਹੈ। ਇਹ ਬਖਸ਼ਿਸ਼ , ਮਿਹਰ ਹੀ  ਗੁਰਸਿੱਖ ਦੇ ਜੀਵਨ ਵਿੱਚ  ਸੁੱਖ  ਵਰਤਾਉਣ ਵਾਲ਼ਾ ਸ੍ਰੋਤ ਹੈ। ਇਸ ਮਹਾਨ ਸੁਖਦਾਤਾ ਦੇ ਹੁੰਦੀਆਂ ਵੀ ਸੁੱਖ ਪ੍ਰਾਪਤ ਨਾ ਕਰ ਸਕਣ ਵਾਲੇ ਬਦਕਿਸਮਤ ਹੀ ਕਹੇ ਜਾਣਗੇ। ਭਗਤ ਕਬੀਰ ਜੀ ਦਾ ਵਚਨ ਹੈ “ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ।।“ ।  ਜੇ ਹੱਥ ਵਿੱਚ ਦੀਪਕ ਬਲ ਰਿਹਾ ਹੋਵੇ , ਭਰਪੂਰ ਰੋਸ਼ਨੀ ਹੋ ਰਹੀ ਹੋਵੇ ਉਸ ਦੇ ਬਾਅਦ ਵੀ ਮਨੁੱਖ ਨੂੰ ਰਾਹ ਵਿੱਚ ਆਇਆ ਖੂਹ ਵਿਖਾਈ ਨਾ ਪਵੇ ਅਤੇ ਉਹ ਖੂਹ ਵਿੱਚ ਡਿੱਗ ਪਵੇ ਤਾਂ ਕੀ ਕੀਤਾ ਜਾ ਸਕਦਾ ਹੈ , ਕਿਵੇਂ ਉਸ ਨੂੰ ਬਚਾਇਆ ਜਾ ਸਕਦਾ ਹੈ। ਅਜਿਹਾ ਮਨੁੱਖ ਤਾਂ ਖੂਹ ਵਿੱਚ ਡਿੱਗਦਾ ਹੈ ਕਿਉਂਕਿ ਉਹ ਦੀਪਕ ਹੁੰਦੀਆਂ ਵੀ ਦੀਪਕ ਦੀ ਰੋਸ਼ਨੀ ਤੇ ਭਰੋਸਾ ਨਹੀਂ ਕਰਦਾ , ਆਪਣੇ ਨੇਤਰ ਬੰਦ ਰੱਖ ਕੇ ਚੱਲਦਾ  ਹੈ।ਗੁਰਸਿੱਖ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦਾ ਪ੍ਰਕਾਸ਼ ਹੈ।  ਪਰ ਜੇ ਗੁਰਸਿੱਖ ਇਸ ਪ੍ਰਕਾਸ਼ ਦੇ ਹੁੰਦੀਆਂ ਵੀ ਆਪਣੇ ਨੇਤਰ ਬੰਦ ਰੱਖੇ , ਭਾਵ ਗੁਰਬਾਣੀ ਦੇ ਉਪਦੇਸ਼ ਆਪਣੇ ਤਨ , ਮਨ ਵਿਚ ਪ੍ਰਕਾਸ਼ਿਤ ਨਾ ਹੋਣ ਦੇਵੇ ਤਾਂ ਉਸ ਨੂੰ ਦੁੱਖਾਂ ਦੇ  ਖੂਹ ਵਿੱਚ ਡਿੱਗਣ ਤੋਂ ਕੌਣ ਰੋਕ ਸਕਦਾ ਹੈ।ਗੁਰੂ ਅਰਜਨ ਸਾਹਿਬ ਨੇ ਇਸ ਨੂੰ ਸਮਝਣ ਲਈ ਬਾਂਸ ਦੀ ਮਿਸਾਲ ਦਿੱਤੀ।  

                                    ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਾਹ।। 

                                    ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ।।

                                           ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1360 ) 

ਨਿੰਮ ਦਾ ਸੁਆਦ ਬਹੁਤ ਕੌੜਾ ਹੁੰਦਾ ਹੈ। ਇਹ ਸੁਆਦ ਕਿਸੇ ਨੂੰ ਵੀ ਨਹੀਂ ਭਾਉਂਦਾ। ਪਰ ਨਿੰਮ ਦਾ ਬਿਰਖ ਲਿਫ਼ਦਾ ਹੈ।  ਉਸ ਵਿੱਚ ਲਚਕ ਹੁੰਦੀ ਹੈ।  ਨਿੰਮ ਦਾ ਬਿਰਖ ਜੇ ਚੰਦਨ ਦੇ ਬਿਰਖ ਦੇ ਕੋਲ ਜੰਮਦਾ ਹੈ ਤਾਂ ਕੌੜਾ ਹੋਣ ਦੇ ਬਾਅਦ ਵੀ ਉਸ ਵਿੱਚ ਚੰਦਨ ਦੀ ਅਦੁੱਤੀ ਸੁਗੰਧ ਭਰ ਜਾਂਦੀ ਹੈ।  ਬਾਂਸ ਦਾ ਬਿਰਖ ਸਦਾ ਸਿੱਧਾ ਰਹਿੰਦਾ ਹੈ।  ਉਸ ਵਿੱਚ ਲੇਸ਼ ਮਾਤਰ ਵੀ ਲਚਕ ਨਹੀਂ ਹੁੰਦੀ।  ਕੋਈ ਵੀ ਲਚਕ ਨਾ ਹੋਣ ਕਾਰਨ ਬਾਂਸ ਭਾਵੇਂ ਪੂਰਾ ਜੀਵਨ ਚੰਦਨ ਦੇ ਬਿਰਖ ਕੋਲ ਖੜਾ ਰਹੇ ਉਸ ਵਿੱਚ ਚੰਦਨ ਦੀ ਸੁਗੰਧ ਨਹੀਂ ਭਰ ਪਾਉਂਦੀ। ਇਵੇਂ ਹੀ ਸੰਗਤ ਦਾ ਅਸਰ ਹੈ।  ਮਨੁੱਖ ਅੰਦਰ ਬਾਂਸ ਵਾਂਗੂੰ ਹੰਕਾਰ ਦੀ ਆਕੜ ਹੈ ਤਾਂ  ਉਹ ਜੀਵਨ ਭਰ ਗੁਰਬਾਣੀ ਪੜ੍ਹਦਾ , ਸੁਣਦਾ ਰਹੇ , ਗੁਰਬਾਣੀ ਜੋ ਮਾਣਸ ਤੋਂ ਦੇਵਤਾ ਬਣਾਉਣ ਵਾਲੀ , ਉਸ ਦੇ ਜੀਵਨ ਤੇ ਲੇਸ਼ ਮਾਤਰ ਵੀ ਅਸਰ ਨਹੀਂ ਪਾਉਂਦੀ , ਉਸ ਨੂੰ ਆਪਣੇ ਅਸਰ ਤੋਂ ਵਾਂਝਾ ਹੀ ਰੱਖਦੀ ਹੈ। ਔਗੁਣ ਹਰ ਕਿਸੇ ਵਿੱਚ ਹਨ ਪਰ ਜੇ ਮਨ ਅੰਦਰ ਉਨ੍ਹਾਂ ਔਗੁਣਾਂ ਦੀ ਪ੍ਰਤੀਤ ਹੈ , ਉਨ੍ਹਾਂ ਔਗੁਣਾਂ ਤੋਂ ਮੁਕਤ ਹੋਣ ਦੀ ਸੁਹਿਰਦ ਇੱਛਾ ਹੈ , ਉਸ ਤੇ ਗੁਰਬਾਣੀ ਆਪਣੀ ਅੰਮ੍ਰਿਤ ਬਰਖਾ ਕਰ ਸਾਰੇ ਪਾਪ , ਵਿਕਾਰ ਧੋ ਦਿੰਦੀ ਹੈ ਅਤੇ ਨਿਰਮਲਤਾ ਪ੍ਰਦਾਨ ਕਰਦੀ ਹੈ।  ਸ਼ੇਖ ਸੱਜਣ ਨੂੰ ਆਪਣੇ ਪਾਪਾਂ ਦੀ ਪ੍ਰਤੀਤ ਹੋ ਗਈ ਤੇ ਉਹ ਗੁਰੂ ਨਾਨਕ ਸਾਹਿਬ ਦੇ ਚਰਣਾਂ ਵਿੱਚ ਢਹਿ ਪਿਆ। ਗੁਰੂ ਨਾਨਕ ਸਾਹਿਬ ਦੀ ਬਾਣੀ ਨੇ ਉਸ ਦੇ ਸਾਰੇ ਪਾਪ ਬਖਸ਼ ਕੇ ਤਾਰ ਦਿੱਤਾ।  

                                    ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ।।

                                                ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1360 ) 

ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਨੂੰ ਸੁਫਲ ਪ੍ਰਦਾਨ ਕਰਨ ਵਾਲੀ ਸਰਵ ਸ੍ਰੇਸ਼ਟ ਬਾਣੀ ਕਿਹਾ ਜੋ ਮਨੁੱਖ ਦੇ ਜਨਮਾਂ ਜਨਮਾਂ ਦੇ ਕੋਟਿ ਕੋਟਿ ਪਾਪ , ਔਗੁਣ , ਵਿਕਾਰ ਨਾਸ਼ ਕਰ ਕੇ ਉਬਾਰ ਲੈਣ ਵਾਲੀ ਹੈ। 

 

ਗੁਰਬਾਣੀ ਪਰਮਾਤਮਾ ਦੇ ਰੂਪ ਵਿੱਚ ਅਜਿਹਾ ਮਿੱਤਰ ਲੱਭਣ ਵਿਚ ਗੁਰਸਿੱਖ ਦੀ ਸਹਾਇਕ ਹੁੰਦੀ ਹੈ ਜੋ ਸਰਵਉੱਤਮ ਮਿੱਤਰ ਹੈ।  

                              ਹਰਿ ਲਬਧੋ ਮਿਤ੍ਰ ਸੁਮਿਤੋ।।

                              ਬਿਦਾਰਣ  ਕਦੇ ਨ ਚਿਤੋ। ।

                                          ( ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 1360 ) 

ਪਰਮਾਤਮਾ ਜਦੋਂ ਆਪਣਾ ਮਿੱਤਰ ਲੱਗਣ ਲੱਗੇ ਤਾਂ ਗੁਰਸਿੱਖ ਸਮਝ ਲਵੇ ਕਿ ਗੁਰਬਾਣੀ ਨਾਲ ਸੱਚਾ ਸਬੰਧ ਜੁੜ ਗਿਆ ਹੈ। ਪਰਮਾਤਮਾ ਦੇ ਸਖਾ ਮਿੱਤਰ ਹੋਣ ਦਾ ਅਰਥ ਹੈ ਪਰਮਾਤਮਾ ਲਈ ਪ੍ਰੇਮ ਭਾਵਨਾ ਦਾ ਜਨਮ ਲੈਣਾ , ਸੰਪੂਰਨ ਸ੍ਰਿਸ਼ਟਿ ਵਿੱਚ ਪਰਮਾਤਮਾ ਦੇ ਰੂਪ ਦਾ ਦਰਸ਼ਨ ਹੋਣਾ “ ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰ ਘੋਰੰਧਾਰ।। “ । ਪਰਮਾਤਮਾ ਦਾ ਸਾਥ ਗੁਰ ਸ਼ਬਦ ਦੀ ਰੋਸ਼ਨੀ ਵਿੱਚ ਹੀ ਰਹਿੰਦਾ ਹੈ। ਇਹ ਸਮਝ ਆਉਣਾ ਚਾਹੀਦਾ ਹੈ।  ਗੁਰਬਾਣੀ ਹੀ ਇਹ ਸਮਝ ਦਿੰਦੀ ਹੈ।   

 

             ਡਾ. ਸਤਿੰਦਰ ਪਾਲ ਸਿੰਘ 

              ਦਿ ਪਾਂਡਸ 

              ਸਿਡਨੀ ,ਆਸਟ੍ਰੇਲੀਆ   

                                                                    

                                                                      

 

Have something to say? Post your comment