Sunday, September 07, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਅਧਿਆਪਕ ਮਾਣ ਸਤਿਕਾਰ ਅਤੇ ਹੱਕਾਂ ਤੋਂ ਬਾਂਝੇ ਕਿਉਂ?

September 04, 2025 01:34 PM

ਪਾਕਿਸਤਾਨ ਦੀ ਸਮਾਜਿਕ ਕਾਰਕੁੰਨ ਅਤੇ ਨੋਬਲ ਪੁਰਸਕਾਰ ਵਿਜੇਤਾ ਮਲਾਲਾ ਯੂਸਫਜ਼ਈ ਦਾ ਕਥਨ ਹੈ ਕਿ ਇੱਕ ਬੱਚਾ,ਇੱਕ ਅਧਿਆਪਕ, ਇੱਕ ਕਿਤਾਬ ਅਤੇ ਇੱਕ ਪੈੱਨ ਦੁਨੀਆਂ ਨੂੰ ਬਦਲ ਸਕਦੇ ਹਨ। ਕਿਸੇ ਨੇ ਸੱਚ ਕਿਹਾ ਹੈ ਕਿ ਗੁਰੂ ਬਿਨਾਂ ਗਤ ਨਹੀਂ ਸ਼ਾਹ ਬਿਨਾਂ ਪਤ ਨਹੀਂ। ਗੁਰੂ ਤੋਂ ਬਿਨਾਂ ਜ਼ਿੰਦਗੀ ਵਿੱਚ ਮੰਜ਼ਿਲ ਦੀ ਪ੍ਰਾਪਤੀ ਸੰਭਵ ਨਹੀਂ।ਗੁਰਬਾਣੀ ਵਿੱਚ ਵੀ ਗੁਰੂ ਨੂੰ ਵਡਿਆਇਆ ਗਿਆ। ਗੋਬਿੰਦ ਤੋਂ ਵਧ ਕੇ ਗੁਰੂ ਨੂੰ ਦਰਜਾ ਦਿੱਤਾ ਗਿਆ।ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤੁ ਮਹੱਤ ਦੇ ਕਥਨ ਅਨੁਸਾਰ ਗੁਰੂ ਨੂੰ ਮਾਤਾ ਪਿਤਾ ਦੇ ਬਰਾਬਰ ਮਾਣ ਸਤਿਕਾਰ ਦਿੱਤਾ ਗਿਆ। ਇੱਕ ਅਧਿਆਪਕ ਦੀ ਝਿੜਕ ਮਾਂ ਬਾਪ ਦੇ ਪਿਆਰ ਨਾਲੋਂ ਚੰਗੀ ਹੁੰਦੀ ਹੈ। ਮਾਂ ਬੱਚੇ ਦੀ ਪਹਿਲੀ ਅਧਿਆਪਕ ਅਤੇ ਪਰਿਵਾਰ ਬੱਚੇ ਦਾ ਪਹਿਲਾ ਸਕੂਲ ਜਿਥੇ ਤੋਤਲੀ ਆਵਾਜ਼ ਵਿੱਚ ਬੋਲਿਆ ਮਾਂ ਪਹਿਲਾ ਸ਼ਬਦ ਹੁੰਦਾ ਹੈ। ਸਿੱਖਿਆ ਪ੍ਰਾਪਤੀ ਦੇ ਮੰਤਵ ਨਾਲ ਘਰ ਦੀ ਦਹਿਲੀਜ਼ ਤੋਂ ਨਿਕਲਿਆ ਬੱਚਾ ਸਕੂਲ, ਕਾਲਜ਼ ਤੋਂ ਹੁੰਦਿਆਂ ਯੂਨੀਵਰਸਿਟੀ ਦੀਆਂ ਪੌੜੀਆਂ ਚੜ੍ਹਦਾ ਹੈ। ਅਧਿਆਪਕ ਸਮਾਜ਼ ਦਾ ਨਿਰਮਾਤਾ ਹੈ। ਸਾਡੇ ਆਲੇ ਦੁਆਲੇ ਜ਼ੋ ਵੀ ਡਾਕਟਰ, ਇੰਜੀਨੀਅਰ,ਨੇਤਾ, ਪੁਲਿਸ, ਜੱਜ ,ਵਕੀਲ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਦੇਖਦੇ ਹਾਂ,ਇਹ ਇੱਕ ਅਧਿਆਪਕ ਦੀ ਦੇਣ ਹਨ। ਜਦੋਂ ਸਮਾਜ਼ ਦੇ ਵਿੱਚ ਇਹ ਸਾਰੇ ਇੱਜ਼ਤ ਦੇ ਹੱਕਦਾਰ ਅਤੇ ਸਨਮਾਨ ਦੇ ਪਾਤਰ ਹਨ ਉਦੋਂ ਅਧਿਆਪਕ ਵਰਗ ਦੀ ਮੌਜੂਦਾ ਦਸ਼ਾ ਚਿੰਤਾ ਪ੍ਰਗਟ ਕਰਦੀ ਹੋਈ ਬੁੱਧੀਜੀਵੀਆਂ ਨੂੰ ਚਿੰਤਨ ਕਰਨ ਲਈ ਮਜ਼ਬੂਰ ਕਰਦੀ ਹੈ।

ਇੱਕ ਅਧਿਆਪਕ ਬਣਨਾ ਔਖਾ ਪ੍ਰੰਤੂ ਇੱਕ ਉੱਤਮ ਅਧਿਆਪਕ ਬਣਨਾ ਉਸ ਤੋਂ ਵੀ ਮੁਸ਼ਿਕਲ ਹੈ।ਹਰੇਕ ਅਧਿਆਪਕ ਦੁਆਰਾ ਵਿਦਿਆਰਥੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਕੇ ਛਾਪ ਛੱਡ ਜਾਣਾ ਸੌਖਾ ਕੰਮ ਨਹੀਂ।ਅਧਿਆਪਕ ਇੱਕ ਪੇਸ਼ਾ ਨਹੀਂ ਇੱਕ ਧਰਮ ਹੈ। ਵਿੱਦਿਆ ਨੂੰ ਤੀਸਰਾ ਨੇਤਰ ਅਤੇ ਸਭ ਤੋਂ ਉੱਤਮ ਦਾਨ ਮੰਨਿਆ ਗਿਆ। ਵਿਦਿਆਰਥੀ ਵਰਗ ਨੂੰ ਉਸ ਅਧਿਆਪਕ ਦਾ ਵਿਸ਼ਾ ਬਹੁਤ ਸੌਖਾ ਲੱਗਦਾ ਹੈ ਜੋ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਹੋਵੇ।ਇੱਕ ਉੱਤਮ ਅਧਿਆਪਕ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਮੂਲ ਮੰਤਰ ਦੱਸਦਾ ਹੋਇਆ ਇੱਕ ਚੰਗਾ ਇਨਸਾਨ ਬਣਨ ਲਈ ਵੀ ਪ੍ਰੇਰਿਤ ਕਰਦਾ ਹੈ। ਵਿੱਦਿਆ ਦਾ ਮੁੱਖ ਮੰਤਵ ਨੌਕਰੀ ਪ੍ਰਾਪਤੀ ਨਹੀਂ ਸਗੋਂ ਇੱਕ ਚੰਗੇ ਨਾਗਰਿਕ ਪੈਦਾ ਕਰਨਾ ਹੈ। ਬੱਚਿਆਂ ਨੂੰ ਸਕੂਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖ਼ਲ ਕਰਵਾਕੇ ਸਭ ਕੁੱਝ ਅਧਿਆਪਕ ਵਰਗ ਤੇ ਛੱਡ ਕੇ ਮਾਪੇ ਆਪਣੇ ਫਰਜ਼ ਤੋਂ ਮੁਨਕਰ ਨਹੀਂ ਹੋ ਸਕਦੇ। ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਧਿਆਪਕਾਂ ਦਾ ਬੱਚੇ ਦੇ ਚੰਗੇ ਭਵਿੱਖ ਬਣਾਉਣ ਵਿੱਚ ਬਰਾਬਰ ਯੋਗਦਾਨ ਦੇਣ। ਸਿੱਖਿਆ ਸੰਸਥਾਵਾਂ ਸਰਕਾਰੀ ਹੋਣ ਜਾਂ ਪ੍ਰਾਈਵੇਟ ਦੋਵਾਂ ਵਿੱਚ ਅਧਿਆਪਕਾਂ ਨੂੰ ਦਰਵੇਸ਼ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿੱਖਿਆ ਦੇ ਖ਼ੇਤਰ ਵਿੱਚ ਕਿਹੋ ਜਿਹੀ ਕ੍ਰਾਂਤੀ ਆਈ ਹੈ। ਦੇਸ਼ ਦੇ ਬਹੁਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਅਸਾਮੀਆਂ ਖ਼ਾਲੀ ਹਨ।ਇੱਕ ਪ੍ਰਿੰਸੀਪਲ ਦੋ ਤੋਂ ਵੱਧ ਸਕੂਲਾਂ ਦਾ ਚਾਰਜ ਸੰਭਾਲ ਰਿਹਾ ਹੈ। ਤਰੱਕੀ ਦੀ ਉਡੀਕ ਕਰ ਰਹੇ ਅਧਿਆਪਕ ਰਿਟਾਇਰਮੈਂਟ ਹੋ ਰਹੇ ਹਨ। ਅਧਿਆਪਕ ਨੂੰ ਵਾਧੂ ਵਿਸ਼ਾ ਪੜ੍ਹਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਨਾਲ ਅਧਿਆਪਕਾਂ ਤੋਂ ਲਏ ਜਾਣ ਵਾਲੇ ਹੋਰ ਕੰਮ ਜਿਵੇਂ ਵੋਟਾਂ, ਮਰਦਮਸ਼ੁਮਾਰੀ,ਕਲਰਕ, ਝੋਨੇ ਅਤੇ ਕਣਕ ਦੀ ਪਰਾਲੀ ਪ੍ਰਬੰਧਨ ਵਰਗੇ ਕੰਮ ਅਧਿਆਪਕ ਨੂੰ ਸਿੱਖਿਆ ਅਤੇ ਵਿਦਿਆਰਥੀਆਂ ਤੋਂ ਦੂਰ ਕਰਦੇ ਹਨ ਇਸ ਨਾਲ ਜਿਥੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਉਥੇ ਅਧਿਆਪਕ ਵਰਗ ਨੂੰ ਦੂਰ ਦੁਰਾਡੇ ਡਿਊਟੀਆਂ ਲੱਗਣ ਕਰਕੇ ਖੱਜਲਖੁਆਰ ਹੋਣਾ ਪੈਂਦਾ ਹੈ। ਅਧਿਆਪਕ ਦਾ ਮੁੱਖ ਕੰਮ ਵਿਦਿਆਰਥੀਆਂ ਦੀ ਪੜ੍ਹਾਈ ਹੋਣਾ ਚਾਹੀਦਾ ਹੈ ਹੋਰ ਕੁੱਝ ਨਹੀਂ। ਜ਼ੇਕਰ ਅਧਿਆਪਕ ਵਾਧੂ ਡਿਊਟੀਆਂ ਵਿੱਚ ਉਲਝੇ ਰਹਿਣਗੇ ਫ਼ਿਰ ਬੱਚਿਆਂ ਨੂੰ ਪੜ੍ਹਾਏਗਾ ਕੌਂਣ? ਮਹੀਨਾਵਾਰ ਸਿਲੇਬਸ ਕਿਵੇਂ ਸਮੇਂ ਸਿਰ ਪੂਰਾ ਹੋਵੇਗਾ? ਜ਼ੇਕਰ ਸਿਲੇਬਸ ਸਮੇਂ ਸਿਰ ਪੂਰਾ ਨਹੀਂ ਹੋਵੇਗਾ ਤਾਂ ਬੱਚਿਆਂ ਦਾ ਮਹੀਨਾਵਾਰ ਟੈਸਟ ਕਿਸ ਆਧਾਰ ਤੇ ਹੋਵੇਗਾ ? ਸਮੇਂ ਸਿਰ ਸਿਲੇਬਸ ਨਾ ਹੋਣ ਕਰਕੇ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਦਾ ਬੋਝ ਵਧੇਗਾ।ਇਸ ਨਾਲ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਧਿਆਪਕ ਦੇ ਮਾਣ ਸਨਮਾਨ ਅਤੇ ਸਤਿਕਾਰ ਦੀ ਗੱਲ ਜਦੋਂ ਵੀ ਚੱਲਦੀ ਹੈ ਉਦੋਂ ਸਹਿਮਤ ਤਾਂ ਸਾਰੇ ਹੁੰਦੇ ਹਨ ਪਰੰਤੂ ਅਮਲ ਕੋਈ ਨਹੀਂ ਕਰਦਾ। ਅਧਿਆਪਕ ਪੜਾਉਣ ਲਈ ਹੁੰਦੇ ਹਨ ਨਾ ਕਿ ਹਾਕਮਾਂ ਦੀ ਆਉ ਭਗਤ ਕਰਨ ਲਈ।ਸਕੂਲ ਆੱਫ ਐਮੀਨੈਂਸ ਸਮਾਣਾ ਦੀ ਚਾਰ ਦਿਵਾਰੀ ਦਾ ਉਦਘਾਟਨ ਕਰਦਿਆਂ ਮੌਜੂਦਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਦੁਆਰਾ ਸਟੇਜ ਉੱਪਰ ਚੜ੍ਹ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਪੁੱਛਣਾ ਅਤੇ ਉਲੀਕੇ ਪ੍ਰੋਗਰਾਮ ਨੂੰ ਮਾੜਾ ਕਹਿਣਾ ਸਿਹਤ ਮੰਤਰੀ ਦੀ ਸੌੜੀ ਸੋਚ ਨੂੰ ਉਜਾਗਰ ਕਰਦਾ ਹੈ।ਇਸੇ ਹੀ ਤਰ੍ਹਾਂ ਫ਼ਰੀਦਕੋਟ ਦੇ ਪਿੰਡ ਗੋਦਾਰਾ ਵਿੱਚ ਵਿਧਾਇਕ ਵੱਲੋਂ ਸਕੂਲ ਦਾ ਮੁਆਇਨਾ ਕਰਦੇ ਸਮੇਂ ਇਸ ਗੱਲੋਂ ਗੁੱਸੇ ਹੋ ਜਾਣਾ ਕਿ ਮਹਿਲਾ ਅਧਿਆਪਕ ਉਸਦੀ ਆਉ ਭਗਤ ਲਈ ਨਹੀਂ ਆਏ। ਵਿਧਾਇਕ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ ਕਿ ਮਹਿਲਾ ਅਧਿਆਪਕਾਂ ਤੱਕ ਮੰਤਰੀ ਨੂੰ ਕੀ ਕੰਮ ਸੀ ? ਅਜਿਹਾ ਕਿਹੜਾ ਕੰਮ ਹੈ ਜਿਹੜਾ ਪੁਰਸ਼ ਅਧਿਆਪਕ ਨਹੀਂ ਕਰ ਸਕੇ?ਜਦੋਂ ਸਕੂਲ ਵਿੱਚ ਪੰਜ ਅਧਿਆਪਕ ਮੌਜੂਦ ਹਨ ਉਹਨਾਂ ਵਿੱਚੋਂ ਦੋ ਪੁਰਸ਼ ਅਧਿਆਪਕ ਵਿਧਾਇਕ ਦੀ ਆਉ ਭਗਤ ਕਰ ਰਹੇ ਹਨ,ਤਿੰਨ ਮਹਿਲਾ ਅਧਿਆਪਕ ਛੋਟੇ ਬੱਚਿਆਂ ਨੂੰ ਜਮਾਤ ਵਿੱਚ ਚੁੱਪ ਕਰਵਾ ਕੇ ਸਕੂਲ ਦੇ ਅਨੁਸ਼ਾਸਨ ਨੂੰ ਕਾਇਮ ਰੱਖ ਰਹੇ ਹਨ, ਵਿਧਾਇਕ ਵੱਲੋਂ ਉਹਨਾਂ ਮਹਿਲਾਂ ਅਧਿਆਪਕਾਂ ਦੀ ਵਿਧਾਨ ਸਭਾ ਦੇ ਸਪੀਕਰ ਕੋਲ਼ ਸ਼ਿਕਾਇਤ ਕਰਕੇ ਵਿਧਾਨ ਸਭਾ ਵਿੱਚ ਸਪੀਕਰ ਵੱਲੋਂ ਤਲਬ ਕਰਨਾ ਅਧਿਆਪਕਾਂ ਦੀ ਬੇਇੱਜ਼ਤੀ ਅਤੇ ਤੌਹੀਨ ਕਰਨਾ ਹੈ।
ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਵਿੱਚ ਘਟ ਰਹੀ ਸਹਿਣਸ਼ੀਲਤਾ ਅਧਿਆਪਕ ਵਿਦਿਆਰਥੀਆਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਾਉਂਦੀ ਹੈ ।ਅੱਜ ਤੋਂ ਵੀਹ ਤੋਂ ਪੱਚੀ ਸਾਲ ਪਹਿਲਾਂ ਅਧਿਆਪਕ ਵਿਦਿਆਰਥੀ ਨੂੰ ਕੁੱਟ ਵੀ ਦਿੰਦਾ ਤਾਂ ਵਿਦਿਆਰਥੀ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਸੀ ਵੀ ਕਰ ਜਾਵੇ ਪ੍ਰੰਤੂ ਬਦਲਦੇ ਸਮੇਂ ਨੇ ਮਾਪਿਆਂ ਦੁਆਰਾ ਬੱਚੇ ਨੂੰ ਦਿੱਤੀ ਗਈ ਖੁੱਲ੍ਹ ਵਿਦਿਆਰਥੀਆਂ ਲਈ ਨਾਸੂਰ ਬਣ ਗਈ ਹੈ। ਮੇਰੇ ਦੋਸਤ ਅਧਿਆਪਕ ਦੇ ਸਕੂਲ ਵਿੱਚ ਵਾਪਰੀ ਘਟਨਾ ਇਹ ਦਰਸਾਉਣ ਦਾ ਯਤਨ ਕਰਦੀ ਹੈ ਕਿ ਅਜੋਕੇ ਸਮੇਂ ਵਿੱਚ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਸੋਚ ਵਿੱਚ ਕਿੰਨਾ ਨਿਘਾਰ ਆ ਚੁੱਕਿਆ ਹੈ। ਅਜੋਕੇ ਸਮੇਂ ਦੇ ਵਿਦਿਆਰਥੀ ਮਹਾਭਾਰਤ ਦੇ ਏਕਲਵਿਆ ਦੀ ਤਰ੍ਹਾਂ ਆਪਣੇ ਗੁਰੂ ਦਰੋਣਾਚਾਰੀਆ ਨੂੰ ਗੁਰੂ ਦੰਕਸ਼ਨਾ ਦੇ ਰੂਪ ਵਿੱਚ ਅੰਗੂਠਾ ਭੇਂਟ ਨਹੀਂ ਕਰਦੇ ਸਗੋਂ ਸਹਿਣਸ਼ੀਲਤਾ ਦੀ ਕਮੀਂ ਕਰਕੇ ਆਪਣੇ ਗੁਰੂ ਨੂੰ ਹੀ ਬੁਰਾ ਭਲਾ ਕਹਿੰਦੇ ਹੋਏ ਮਾਰ ਕੁੱਟ ਤੇ ਉੱਤਰ ਆਉਂਦੇ ਹਨ।ਮੇਰੇ ਇੱਕ ਅਧਿਆਪਕ ਦੋਸਤ ਨੇ ਬੜੇ ਦੁੱਖ ਨਾਲ ਦੱਸਿਆ ਕਿ ਉਸ ਦੇ ਸਕੂਲ ਵਿੱਚ ਇੱਕ ਅੱਠਵੀਂ ਜਮਾਤ ਦੇ ਵਿਦਿਆਰਥੀ ਨੇ ਇੱਕ ਸ਼ਰੀਰਕ ਸਿੱਖਿਆ ਦੇ ਅਧਿਆਪਕ ਦੇ ਇਸ ਗੱਲੋਂ ਚਪੇੜ ਮਾਰ ਦਿੱਤੀ ਕਿ ਅਧਿਆਪਕ ਨੇ ਸਾਰੀ ਜਮਾਤ ਸਾਹਮਣੇ ਵਿਦਿਆਰਥੀ ਨੂੰ ਝਿੜਕ ਦਿੱਤਾ। ਮਾਪੇ ਸਕੂਲ ਵਿੱਚ ਆਏ ਤਾਂ ਉਹਨਾਂ ਨੇ ਵੀ ਅਧਿਆਪਕ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ।ਬਦਲ ਰਹੇ ਸਮੇਂ ਦੀ ਇਹ ਤ੍ਰਾਸਦੀ ਹੈ ਕਿ ਜਦੋਂ ਅਧਿਆਪਕ ਦਾ ਮਾਣ ਸਤਿਕਾਰ ਅਤੇ ਇੱਜ਼ਤ ਕਾਇਮ ਨਹੀਂ ਰਹੇਗੀ ਤਾਂ ਭਵਿੱਖ ਵਿੱਚ ਕੋਈ ਵਿਦਿਆਰਥੀ ਕਦੇ ਵੀ ਅਧਿਆਪਕ ਬਣਨ ਬਾਰੇ ਨਹੀਂ ਸੋਚੇਗਾ। ਕੋਈ ਵੀ ਵਿਦਿਆਰਥੀ ਇਹ ਨਹੀਂ ਕਹੇਗਾ ਕਿ ਮੈਂ ਵੱਡਾ ਹੋ ਕੇ ਅਧਿਆਪਕ ਬਣਾਂਗਾ।ਇੱਕ ਅਧਿਆਪਕ ਦੀ ਝਿੜਕ ਪਿਆਰ ਭਰੀ ਅਤੇ ਵਿਦਿਆਰਥੀ ਦੀ ਗ਼ਲਤੀ ਸੁਧਾਰਨ ਲਈ ਹੁੰਦੀ ਹੈ, ਅਧਿਆਪਕਾਂ ਦੀ ਬੱਚਿਆਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਉਹਨਾਂ ਨੇ ਵਿਦਿਆਰਥੀਆਂ ਤੋਂ ਕੀ ਲੈਣਾ,?ਉਹ ਤਾਂ ਆਪਣਾ ਸਮਝ ਕੇ ਝਿੜਕਦੇ ਹਨ, ਹੁਣ ਜ਼ੇਕਰ ਮਾਪੇ ਵੀ ਬੱਚਿਆਂ ਦੀ ਗ਼ਲਤੀ ਵਿੱਚ ਉਹਨਾਂ ਦਾ ਸਾਥ ਦੇਣਗੇ ਤਾਂ ਫ਼ਿਰ ਅਜਿਹੇ ਵਿਦਿਆਰਥੀਆਂ ਦਾ ਤਾਂ ਰੱਬ ਹੀ ਰਾਖਾ ਹੈ ਇਸੇ ਲਈ ਤਾਂ ਕਹਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਸਗੋਂ ਚੋਰ ਦੀ ਮਾਂ ਨੂੰ ਮਾਰੋ ਜਿਸਨੇ ਆਪਣੇ ਬੱਚੇ ਨੂੰ ਪਹਿਲੀ ਚੋਰੀ ਕਰਨ ਬਾਅਦ ਨਹੀਂ ਰੋਕਿਆ।ਵਿਦਿਆਰਥੀ ਇੱਕ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਉਸ ਨੂੰ ਕਿਹੋ ਜਿਹਾ ਬਣਾਉਣਾ ਹੈ ਉਸਦੀ ਚੋਣ ਕਰਨਾ ਅਧਿਆਪਕਾਂ ਦੇ ਨਾਲ ਨਾਲ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ।
ਹਰ ਸਾਲ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਡਾ ਸਰਵਪੱਲੀ ਰਾਧਾਕ੍ਰਿਸ਼ਨਨ(05 ਸਤੰਬਰ 1888 ਤੋਂ 17 ਅਪ੍ਰੈਲ 1975) ਜੀ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।ਡਾ ਸਰਵ ਪੱਲੀ ਪੇਸ਼ੇ ਵਜੋਂ ਇੱਕ ਅਧਿਆਪਕ ਸਨ। ਅਧਿਆਪਕ ਦਿਵਸ ਤੇ ਹੋਣਹਾਰ ਅਤੇ ਅਗਾਂਹਵਧੂ ਅਧਿਆਪਕਾਂ ਨੂੰ ਰਾਜ਼ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਜਾਂਦਾ ਹੈ ਪਰੰਤੂ ਅਸਲ ਸਨਮਾਨ ਤਾਂ ਉਦੋਂ ਹੋਵੇਗਾ ਜਦੋਂ ਅਧਿਆਪਕ ਵਰਗ ਦੀਆਂ ਮੁਸ਼ਿਕਲਾਂ ਦਾ ਹੱਲ ਹੋਵੇਗਾ। ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਵੱਲੋਂ ਸਹਾਇਕ ਪ੍ਰੋਫ਼ੈਸਰਾਂ ਨੂੰ ਘੱਟ ਤਨਖਾਹ ਦੇਣ ਦੇ ਮਾਮਲੇ ਵਿੱਚ ਟਿੱਪਣੀ ਕਰਦੇ ਕਿਹਾ ਕਿ ਜ਼ੇਕਰ ਵਿਦਿਆਰਥੀਆਂ ਦੇ ਭਵਿੱਖ ਬਣਾਉਣ ਵਾਲੇ ਅਧਿਆਪਕਾਂ ਨੂੰ ਉਚਿਤ ਸਨਮਾਨ ਅਤੇ ਤਨਖਾਹ ਨਹੀਂ ਦੇ ਸਕਦੇ ਤਾਂ ਅਧਿਆਪਕ ਲਈ ਗੁਰੂ ਬ੍ਰਹਮਾ, ਗੁਰੂ ਵਿਸ਼ਨੂੰ, ਗੁਰੂ ਦੇਵੋ ਮਹੇਸ਼ਵਰ ਦਾ ਪਾਠ ਕਰਨਾ ਬੇਕਾਰ ਹੈ।ਆਪਣੀ ਮੰਗਾਂ ਲਈ ਸੰਘਰਸ਼ ਦਾ ਰਾਹ ਫ਼ੜਨ ਵਾਲੇ ਅਧਿਆਪਕਾਂ ਦੀ ਸਾਰ ਲੈਣੀ ਬਹੁਤ ਜ਼ਰੂਰੀ ਅਤੇ ਸਮੇਂ ਦੀ ਮੁੱਖ ਮੰਗ ਹੈ।ਇਹ ਸਵਾਲ  ਜ਼ਿਹਨ ਵਿੱਚ ਪੈਦਾ ਹੋ ਕੇ ਜ਼ਵਾਬ ਦੀ ਉਡੀਕ ਕਰਦਾ ਹੈ ਕਿ ਜਦੋਂ ਅਧਿਆਪਕ ਵਾਧੂ ਡਿਊਟੀਆਂ ਕਰੇਗਾ, ਸੜਕਾਂ ਤੇ ਰੁਲੇਗਾ ਤਾਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾਏਗਾ ਕੌਂਣ? ਇਕ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲਾ ਅਧਿਆਪਕ ਆਪਣਾ ਫਰਜ਼ ਨਿਭਾਉਣ ਦੇ ਨਾਲ ਨਾਲ ਇੱਜ਼ਤ ਅਤੇ ਸਨਮਾਨ ਦੀ ਵੀ ਮੰਗ ਕਰਦਾ ਹੈ।ਬੱਚਿਆਂ ਦਾ ਭਵਿੱਖ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਨਾਲ ਸਾਡੇ ਸਾਰਿਆਂ ਦੇ ਹੱਥ ਵਿੱਚ ਹੈ। ਬੱਚਿਆਂ ਨੂੰ ਕਿਹੋ ਜਿਹਾ ਬਣਾਉਣਾ ਚਾਹੁੰਦੇ ਹਾਂ ਚੰਗੇ ਜਾਂ ਬੁਰੇ ,ਇਹ ਚੋਣ ਅਸੀਂ ਕਰਨੀ ਹੈ।ਬੱਚਿਆਂ ਦੇ ਹੱਥ ਵਿੱਚ ਕਲਮ ਦੇਣੀ ਹੈ ਜਾਂ ਬੰਦੂਕ ਇਹ ਫ਼ੈਸਲਾ ਵੀ ਸਾਡਾ ਹੀ ਹੋਵੇਗਾ।
 
                      ਰਜਵਿੰਦਰ ਪਾਲ ਸ਼ਰਮਾ
                       7087367969
 
 

Have something to say? Post your comment