ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਅਚਾਨਕ ਹੜ੍ਹਾਂ ਨੇ ਕਹਿਰ ਮਚਾ ਦਿੱਤਾ ਹੈ। ਹੁਣ ਤੱਕ 321 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਕਈ ਹੋਰ ਅਜੇ ਵੀ ਲਾਪਤਾ ਹਨ। ਇਹ ਜਾਣਕਾਰੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (PDMA) ਵੱਲੋਂ ਦਿੱਤੀ ਗਈ ਹੈ।
ਪ੍ਰਭਾਵਿਤ ਖੇਤਰਾਂ ਵਿੱਚ ਮੌਤਾਂ ਦਾ ਵੇਰਵਾ
ਬੁਲਾਰੇ ਫੈਜ਼ੀ ਅਨੁਸਾਰ, ਸਭ ਤੋਂ ਵੱਧ ਨੁਕਸਾਨ ਬੁਨੇਰ, ਸਵਾਤ, ਮਾਨਸੇਹਰਾ, ਸ਼ਾਂਗਲਾ, ਤੋਰਘਰ ਅਤੇ ਬਟਗ੍ਰਾਮ ਜ਼ਿਲ੍ਹਿਆਂ ਵਿੱਚ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਕਈ ਖੇਤਰਾਂ ਵਿੱਚ ਲੋਕ ਲਾਪਤਾ ਹਨ।
ਚੇਤਾਵਨੀ ਅਤੇ ਸਾਵਧਾਨੀ
ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਭਾਰੀ ਬਾਰਿਸ਼ ਨੇ ਦੇਸ਼ ਭਰ ਵਿੱਚ ਤਬਾਹੀ ਮਚਾਈ ਹੈ। ਖੈਬਰ ਪਖਤੂਨਖਵਾ ਅਤੇ ਉੱਤਰੀ ਖੇਤਰਾਂ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਆਮ ਹੋ ਰਹੀਆਂ ਹਨ। ਅਧਿਕਾਰੀਆਂ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਖ਼ਤਰਨਾਕ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਸੈਲਾਨੀਆਂ ਨੂੰ ਖਾਸ ਕਰਕੇ ਅਗਲੇ ਪੰਜ ਤੋਂ ਛੇ ਦਿਨਾਂ ਤੱਕ ਉੱਤਰੀ ਖੇਤਰਾਂ ਵਿੱਚ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।