ਮੁੰਬਈ / ਰਾਜਕੋਟ, 4 ਅਗਸਤ 2025 – ਅਦਾਕਾਰਾ ਅਤੇ ਮਾਡਲ ਕ੍ਰਿਸਟੀਨਾ ਪਟੇਲ, ਜੋ ਮੁੱਢਲੋ ਰਾਜਕੋਟ ਦੀ ਰਹਿਣ ਵਾਲੀ ਹੈ ਪਰ ਇਸ ਵੇਲੇ ਮੁੰਬਈ ਵਿੱਚ ਵਸਦੀ ਹੈ, ਨੇ ਸੋਸ਼ਲ ਮੀਡੀਆ ਰਾਹੀਂ ਇਕ ਵੀਡੀਓ ਜਾਰੀ ਕਰਕੇ ਭਾਜਪਾ ਨਾਲ ਸੰਬੰਧਿਤ ਇਕ ਨੇਤਾ ਅਤੇ ਪੁਲਿਸ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਹਨ। ਕ੍ਰਿਸਟੀਨਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮਾਂ ਦੀ ਜਾਨ ਨੂੰ ਖ਼ਤਰਾ ਹੈ, ਪਰ ਇਸ ਦੇ ਬਾਵਜੂਦ ਵੀ ਪੁਲਿਸ ਉਸਦੀ ਸ਼ਿਕਾਇਤ ਦਰਜ ਨਹੀਂ ਕਰ ਰਹੀ।
ਕ੍ਰਿਸਟੀਨਾ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ, ਉਸਦੇ ਤਾਇਆ ਬਿਪਿਨ ਅੰਮ੍ਰਿਤੀਆ ਨੇ ਸਾਰੀ ਜਾਇਦਾਦ ਹੜੱਪ ਲਈ ਹੈ ਅਤੇ ਵਾਰ-ਵਾਰ ਉਸ ਦੀ ਮਾਂ ਅਤੇ ਉਸਨੂੰ ਤੰਗ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਰੋਂਦੇ ਹੋਏ ਅੰਦਾਜ਼ ਵਿੱਚ ਉਸਨੇ ਦੱਸਿਆ ਕਿ ਉਸਦੀ ਮਾਂ, ਜੋ ਰਾਜਕੋਟ ਵਿੱਚ ਇਕੱਲੀ ਰਹਿੰਦੀ ਹੈ, ‘ਤੇ ਹਮਲਾ ਕੀਤਾ ਗਿਆ। ਕ੍ਰਿਸਟੀਨਾ ਨੇ ਤਾਇਆ ਦੇ ਨਾਲ ਭਰਾ ਆਨੰਦ ਅੰਮ੍ਰਿਤੀਆ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਨੂੰ ਇਸ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਅਦਾਕਾਰਾ ਮੁਤਾਬਕ, ਹਮਲੇ ਦੀ ਸੂਚਨਾ ਦੇਣ ਬਾਵਜੂਦ ਪੁਲਿਸ ਨੇ ਨਾ ਸਿਰਫ ਕਾਰਵਾਈ ਕਰਨ ਤੋਂ ਇਨਕਾਰ ਕੀਤਾ, ਸਗੋਂ ਸ਼ਿਕਾਇਤ ਵੀ ਦਰਜ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਕ੍ਰਿਸਟੀਨਾ ਨੇ ਪੁੱਛਿਆ ਕਿ ਕੀ ਰਾਜਨੀਤੀ ਨਾਲ ਜੁੜੇ ਹੋਣ ਦੇ ਨਾਤੇ ਕਿਸੇ ਨੂੰ ਇਨ੍ਹਾਂ ਹੱਦਾਂ ਤੱਕ ਜਾਣ ਦੀ ਛੂਟ ਮਿਲ ਜਾਂਦੀ ਹੈ?
ਵੀਡੀਓ ਵਿੱਚ ਕ੍ਰਿਸਟੀਨਾ ਨੇ ਕਿਹਾ, “ਜੇਕਰ ਮੇਰੀ ਮਾਂ ਨੂੰ ਕੁਝ ਹੋ ਜਾਂਦਾ ਹੈ, ਤਾਂ ਇਸ ਲਈ ਭਾਜਪਾ ਆਗੂ ਅਤੇ ਪੁਲਿਸ ਜਿੰਮੇਵਾਰ ਹੋਣਗੇ। ਮੈਂ ਮੁੰਬਈ ਵਿੱਚ ਹਾਂ, ਪਰ ਮੇਰੀ ਮਾਂ ਰਾਜਕੋਟ ਵਿੱਚ ਇਕੱਲੀ ਹੈ। ਮੈਂ ਗੁਜਰਾਤ ਪੁਲਿਸ ਤੋਂ ਸਿੱਧੀ ਮੰਗ ਕਰਦੀ ਹਾਂ ਕਿ ਉਹ ਮੇਰੀ ਮਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰੇ।”
ਮੀਡੀਆ ਰਿਪੋਰਟਾਂ ਅਨੁਸਾਰ, ਜਿਨ੍ਹਾਂ ਵਿਅਕਤੀਆਂ ਉੱਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ਵਿੱਚੋਂ ਬਿਪਿਨ ਅੰਮ੍ਰਿਤੀਆ ਭਾਜਪਾ ਵਿੱਚ ਇੱਕ ਅਹੁਦੇਦਾਰ ਹਨ। ਇਸ ਮਾਮਲੇ 'ਚ ਵੀਡੀਓ ਦੇ ਨਾਲ ਘਟਨਾ ਵਾਲੇ ਦਿਨ ਦੀ ਫੁਟੇਜ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕੁਝ ਵਿਅਕਤੀ ਅਦਾਕਾਰਾ ਦੀ ਮਾਂ ਦੇ ਘਰ ਵਿੱਚ ਦਾਖਲ ਹੁੰਦੇ ਨਜ਼ਰ ਆ ਰਹੇ ਹਨ।
ਹੁਣ ਤੱਕ ਪੁਲਿਸ ਜਾਂ ਭਾਜਪਾ ਵੱਲੋਂ ਇਸ ਮਾਮਲੇ ਉੱਤੇ ਕੋਈ ਅਧਿਕਾਰਕ ਪ੍ਰਤੀਕ੍ਰਿਆ ਨਹੀਂ ਆਈ। ਕ੍ਰਿਸਟੀਨਾ ਨੇ ਆਖ਼ਰ ਵਿਚ ਕਿਹਾ ਕਿ ਉਹ ਕਾਨੂੰਨੀ ਰਾਹਾਂ ਤੋਂ ਇਨਸਾਫ਼ ਲੈਣ ਦੀ ਕੋਸ਼ਿਸ਼ ਜਾਰੀ ਰਖੇਗੀ।