ਜਬਲਪੁਰ (ਮੱਧ ਪ੍ਰਦੇਸ਼), 12 ਅਗਸਤ — ਜਬਲਪੁਰ ਦੇ ਖਿਤੌਲੀ ਇਲਾਕੇ ਵਿੱਚ ਸਥਿਤ ਇੱਕ ਸਮਾਲ ਫਾਇਨੈਂਸ ਬੈਂਕ ਵਿੱਚ ਲੁਟੇਰਿਆਂ ਨੇ ਸਿਰਫ਼ 18 ਮਿੰਟਾਂ ਵਿੱਚ ਵੱਡੀ ਡਕੈਤੀ ਨੂੰ ਅੰਜਾਮ ਦੇ ਦਿੱਤਾ। ਮੁਲਜ਼ਮ 14.8 ਕਿਲੋ ਸੋਨਾ, ਜਿਸਦੀ ਕੀਮਤ ਲਗਭਗ 14 ਕਰੋੜ ਰੁਪਏ ਹੈ, ਅਤੇ 5 ਲੱਖ ਰੁਪਏ ਨਕਦ ਲੈ ਉੱਡੇ।
ਪੁਲਿਸ ਮੁਤਾਬਕ, ਦੋ ਮੋਟਰਸਾਈਕਲਾਂ ’ਤੇ ਹੈਲਮੇਟ ਪਹਿਨ ਕੇ ਆਏ ਲੁਟੇਰੇ ਸਵੇਰੇ 8:50 ਵਜੇ ਬੈਂਕ ਵਿੱਚ ਦਾਖਲ ਹੋਏ ਅਤੇ 9:08 ਵਜੇ ਤੱਕ ਲੁੱਟ ਨੂੰ ਅੰਜਾਮ ਦੇ ਕੇ ਭੱਜ ਗਏ। ਘਟਨਾ ਦੇ ਸਮੇਂ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਨਹੀਂ ਸੀ, ਹਾਲਾਂਕਿ ਛੇ ਕਰਮਚਾਰੀ ਮੌਜੂਦ ਸਨ।
ਐਡੀਸ਼ਨਲ ਐਸਪੀ ਸੂਰਿਆਕਾਂਤ ਸ਼ਰਮਾ ਨੇ ਦੱਸਿਆ ਕਿ ਇੱਕ ਲੁਟੇਰੇ ਦੇ ਕਮਰ ਨਾਲ ਬੰਦੂਕ ਲਟਕਦੀ ਦਿੱਖੀ, ਪਰ ਹਥਿਆਰਾਂ ਦਾ ਖੁੱਲ੍ਹਾ ਪ੍ਰਦਰਸ਼ਨ ਨਹੀਂ ਕੀਤਾ ਗਿਆ। ਕਰਮਚਾਰੀਆਂ ਨੇ ਘਟਨਾ ਤੋਂ 45 ਮਿੰਟ ਬਾਅਦ ਪੁਲਿਸ ਨੂੰ ਸੂਚਿਤ ਕੀਤਾ, ਜਿਸ ਕਾਰਨ ਲੁਟੇਰੇ ਫੜਨ ਵਿੱਚ ਮੁਸ਼ਕਲ ਆਈ।
ਸੂਤਰਾਂ ਅਨੁਸਾਰ, ਬੈਂਕ ਆਮ ਤੌਰ ’ਤੇ ਸਵੇਰੇ 10:30 ਵਜੇ ਖੁਲ੍ਹਦਾ ਹੈ, ਪਰ ਤਿਉਹਾਰ ਕਾਰਨ ਉਸ ਦਿਨ 8 ਵਜੇ ਹੀ ਖੋਲ੍ਹਿਆ ਗਿਆ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ ਅਤੇ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।