ਖੰਨਾ, 9 ਅਗਸਤ 2025 – ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਇਲਾਕੇ ਵਿੱਚ ਅੱਤਵਾਦੀਆਂ ਵਿਰੁੱਧ ਚੱਲ ਰਹੇ ਆਪ੍ਰੇਸ਼ਨ ਦਾ ਅੱਜ 9ਵਾਂ ਦਿਨ ਹੈ। ਭਿਆਨਕ ਗੋਲੀਬਾਰੀ ਅਤੇ ਧਮਾਕਿਆਂ ਦੇ ਦਰਮਿਆਨ ਪੰਜਾਬ ਦੇ ਦੋ ਸੈਨਿਕ ਸ਼ਹੀਦ ਹੋ ਗਏ, ਜਦੋਂ ਕਿ ਦੋ ਹੋਰ ਜ਼ਖਮੀ ਹਨ। ਜ਼ਖਮੀਆਂ ਨੂੰ ਤੁਰੰਤ 92 ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਸੈਨਿਕ ਅਧਿਕਾਰੀਆਂ ਮੁਤਾਬਕ, ਸ਼ੁੱਕਰਵਾਰ ਰਾਤ ਭਰ ਗੋਲੀਬਾਰੀ ਜਾਰੀ ਰਹੀ। ਇਸ ਦੌਰਾਨ ਲੈਫਟੀਨੈਂਟ ਕਰਨਲ ਪ੍ਰੀਤਪਾਲ ਸਿੰਘ ਅਤੇ ਸਿਪਾਹੀ ਹਰਮਿੰਦਰ ਸਿੰਘ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਜਾਨ ਨਿਛਾਵਰ ਕਰ ਦਿੱਤੀ।
ਅਖਲ ਦੇ ਜੰਗਲਾਤ ਖੇਤਰ ਨੂੰ ਪੂਰੀ ਤਰ੍ਹਾਂ ਘੇਰ ਕੇ ਸੁਰੱਖਿਆ ਬਲ ਅੱਤਵਾਦੀਆਂ ਦੀ ਤਲਾਸ਼ ਜਾਰੀ ਰੱਖੇ ਹੋਏ ਹਨ। ਸੀਨੀਅਰ ਫੌਜੀ ਅਤੇ ਪੁਲਿਸ ਅਧਿਕਾਰੀ 24 ਘੰਟੇ ਆਪ੍ਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਡੀਜੀਪੀ ਨਲਿਨ ਪ੍ਰਭਾਤ ਅਤੇ ਆਈਜੀਪੀ ਕਸ਼ਮੀਰ ਵੀਕੇ ਵਿਰਦੀ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਨੇ ਵੀ ਦੱਖਣੀ ਕਸ਼ਮੀਰ ਵਿੱਚ ਸੁਰੱਖਿਆ ਗਰਿੱਡ ਅਤੇ ਆਪ੍ਰੇਸ਼ਨ ਦੀ ਸਮੀਖਿਆ ਕੀਤੀ।
ਕਾਰਵਾਈ ਦੌਰਾਨ ਡਰੋਨ, ਹੈਲੀਕਾਪਟਰ, ਖੋਜੀ ਕੁੱਤੇ ਅਤੇ ਹੋਰ ਆਧੁਨਿਕ ਉਪਕਰਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅਧਿਕਾਰਤ ਸੂਤਰਾਂ ਮੁਤਾਬਕ, ਹੁਣ ਤੱਕ ਦੋ ਅੱਤਵਾਦੀ ਮਾਰੇ ਜਾ ਚੁੱਕੇ ਹਨ ਅਤੇ ਨੌਂ ਸੁਰੱਖਿਆ ਕਰਮਚਾਰੀ ਜ਼ਖਮੀ ਹੋਏ ਹਨ। ਇਹ ਇਸ ਸਾਲ ਜੰਮੂ-ਕਸ਼ਮੀਰ ਵਿੱਚ ਸਭ ਤੋਂ ਲੰਬਾ ਚੱਲ ਰਿਹਾ ਅੱਤਵਾਦ ਵਿਰੋਧੀ ਆਪ੍ਰੇਸ਼ਨ ਮੰਨਿਆ ਜਾ ਰਿਹਾ ਹੈ।