ਕੱਛ (ਗੁਜਰਾਤ), 12 ਅਗਸਤ — ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਉਮਈਆ ਪਿੰਡ ਵਿੱਚ 8 ਸਾਲਾ ਬੱਚਾ 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ। ਖੁਸ਼ਕਿਸਮਤੀ ਨਾਲ ਪਿੰਡ ਵਾਸੀਆਂ ਦੀ ਹਿੰਮਤ ਅਤੇ ਫੁਰਤੀ ਨਾਲ ਉਸਦੀ ਜਾਨ ਬਚ ਗਈ।
ਰਾਕੇਸ਼ ਮਹੇਸ਼ ਕੋਲੀ ਆਪਣੀ ਮਾਂ ਨਾਲ ਖੇਤ ਵਿੱਚ ਚਾਰਾ ਇਕੱਠਾ ਕਰਨ ਗਿਆ ਸੀ। ਖੇਡਦੇ ਹੋਏ ਉਹ ਬੋਰਵੈੱਲ ’ਤੇ ਰੱਖੇ ਪੱਥਰ ’ਤੇ ਪੈਰ ਰੱਖ ਬੈਠਾ, ਜੋ ਖਿਸਕ ਗਿਆ। ਉਹ ਲਗਭਗ 150 ਫੁੱਟ ਡੂੰਘਾਈ ’ਤੇ ਫਸ ਗਿਆ। ਚੀਕਾਂ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਰੱਸੀਆਂ ਦੀ ਮਦਦ ਨਾਲ ਬਚਾਉ ਕਾਰਵਾਈ ਸ਼ੁਰੂ ਕੀਤੀ।
ਪਹਿਲੀ ਕੋਸ਼ਿਸ਼ ਵਿੱਚ ਰੱਸੀ ਢਿੱਲੀ ਹੋਣ ਕਾਰਨ ਬੱਚਾ ਦੁਬਾਰਾ ਹੇਠਾਂ ਡਿੱਗਿਆ, ਪਰ ਪਿੰਡ ਵਾਸੀਆਂ ਨੇ ਹਿੰਮਤ ਨਹੀਂ ਹਾਰੀ ਅਤੇ ਦੂਜੀ ਕੋਸ਼ਿਸ਼ ਵਿੱਚ ਉਸਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਬੱਚੇ ਨੂੰ ਤੁਰੰਤ ਪਾਟਨ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਲੱਤ ਵਿੱਚ ਫ੍ਰੈਕਚਰ ਪਾਇਆ ਗਿਆ। ਡਾਕਟਰਾਂ ਅਨੁਸਾਰ ਉਹ ਹੁਣ ਸੁਰੱਖਿਅਤ ਅਤੇ ਹੋਸ਼ ਵਿੱਚ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਖੁੱਲ੍ਹੇ ਬੋਰਵੈੱਲਾਂ ਦੇ ਖ਼ਤਰੇ ਵੱਲ ਧਿਆਨ ਦਿਵਾਇਆ ਹੈ।