ਧਰਮਸ਼ਾਲਾ, 6 ਅਗਸਤ — ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਦੇ ਚਲਦੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਬੀਬੀਐਮਬੀ (ਭਾਖੜਾ ਬੀਅਸ ਮੈਨੇਜਮੈਂਟ ਬੋਰਡ) ਦੇ ਅਧਿਕਾਰਿਕ ਸੂਤਰਾਂ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ ਪਾਣੀ ਦਾ ਪੱਧਰ ਤਿੰਨ ਫੁੱਟ ਵਧ ਗਿਆ ਹੈ ਅਤੇ ਇਹ 1366.04 ਫੁੱਟ ਤੱਕ ਪਹੁੰਚ ਚੁੱਕਾ ਹੈ।
ਇਸ ਹਾਲਤ ਨੂੰ ਦੇਖਦੇ ਹੋਏ, 6 ਅਗਸਤ 2025 (ਬੁੱਧਵਾਰ) ਨੂੰ ਸ਼ਾਮ 5 ਵਜੇ ਤਲਵਾੜਾ ਸਥਿਤ ਪੌਂਗ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਬੀਬੀਐਮਬੀ ਵੱਲੋਂ ਇਹ ਕਦਮ ਪਾਣੀ ਦੇ ਪੱਧਰ ਦੇ ਸੰਤੁਲਨ ਅਤੇ ਆਉਣ ਵਾਲੀ ਸੰਭਾਵਿਤ ਭਾਰੀ ਵਰਖਾ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ।
ਹੜ੍ਹ ਸੰਭਾਵਨਾ ਵਾਲੇ ਇਲਾਕਿਆਂ ਨੂੰ ਚੋਕੀਸੀ ਤੇ ਸੁਚੇਤਤਾ ਜਾਰੀ
ਸਾਰੇ ਸੰਭਾਵਿਤ ਪ੍ਰਭਾਵਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਜਾਰੀ ਕਰਕੇ ਹੜ੍ਹ ਕੰਟਰੋਲ ਅਤੇ ਰਾਹਤ-ਬਚਾਅ ਕਾਰਜਾਂ ਦੀ ਤਿਆਰੀ ਸੂਚਿਤ ਤਰੀਕੇ ਨਾਲ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਨਾਗਰਿਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਜਿੱਥੇ ਪਾਣੀ ਦੇ ਪਹੁੰਚਣ ਦੀ ਸੰਭਾਵਨਾ ਹੈ, ਉੱਥੇ ਲੋਕ ਤੁਰੰਤ ਸੁਰੱਖਿਅਤ ਥਾਵਾਂ ਵੱਲ ਰਵਾਨਾ ਹੋਣ। ਲੋਕਾਂ ਨੂੰ ਆਪਣੀ ਜਾਨ ਅਤੇ ਜਾਇਦਾਦ ਦੀ ਰੱਖਿਆ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ।
ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ’ਤੇ
ਪ੍ਰਸ਼ਾਸਨ ਨੇ ਦੱਸਿਆ ਹੈ ਕਿ ਪੂਰੇ ਇਲਾਕੇ ਵਿੱਚ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਐਨਡੀਆਰਐਫ, ਸਥਾਨਕ ਪੁਲਿਸ ਅਤੇ ਰੈਸਕਿਊ ਟੀਮਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।