ਲੱਦਾਖ, 30 ਜੁਲਾਈ 2025 – ਲੱਦਾਖ ਦੇ ਪਹਾੜੀ ਖੇਤਰ ਵਿੱਚ ਆਏ ਜ਼ਮੀਨ ਖਿਸਕਣ ਕਾਰਨ ਫੌਜ ਦੇ ਵਾਹਨ 'ਤੇ ਵੱਡਾ ਪੱਥਰ ਡਿੱਗ ਪਿਆ, ਜਿਸ ਵਿੱਚ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਲਗਭਗ 11:30 ਵਜੇ ਦੁਰਬੁਕ ਤੋਂ ਚੋਂਗਤਾਸ਼ ਜਾ ਰਹੇ ਫੌਜੀ ਕਾਫਲੇ ਦੌਰਾਨ ਵਾਪਰਿਆ।
ਘਟਨਾ ਵਿੱਚ ਤਿੰਨ ਹੋਰ ਫੌਜੀ — ਮੇਜਰ ਮਯੰਕ ਸ਼ੁਭਮ, ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ — ਗੰਭੀਰ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਲੇਹ ਦੇ 153 ਜਨਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਫਾਇਰ ਐਂਡ ਫਿਊਰੀ ਕੋਰ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ਹਨ। ਕੋਰ ਵੱਲੋਂ ਕਿਹਾ ਗਿਆ ਕਿ ਇਹ ਘਟਨਾ ਡਿਊਟੀ ਦੌਰਾਨ ਹੋਈ ਅਤੇ ਦੋਨੇ ਜਵਾਨਾਂ ਨੇ ਸਰਵਉੱਚ ਬਲੀਦਾਨ ਦਿੱਤਾ।
ਹਾਦਸੇ ਮਗਰੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਫੌਜ ਦੀਆਂ ਟੀਮਾਂ ਇਲਾਕੇ ਵਿੱਚ ਸੁਰੱਖਿਆ ਅਤੇ ਮਦਦ ਕੰਮਾਂ ਵਿੱਚ ਜੁਟੀ ਹੋਈਆਂ ਹਨ।