ਸੰਨ 1947 ਦੀ ਭਾਰਤ ਪਾਕਿਸਤਾਨ ਵੰਡ ਭਾਰਤੀ ਉਪ-ਮਹਾਦੀਪ ਦੇ ਇਤਿਹਾਸ ਦਾ ਸਭ ਤੋਂ ਦੁੱਖਦਾਈ ਅਤੇ ਖੂਨੀ ਅਧਿਆਇ ਸੀ। ਇਸ ਵੰਡ ਨੇ ਨਾ ਸਿਰਫ਼ ਦੋਹਾਂ ਦੇਸ਼ਾਂ ਦਾ ਰਾਜਨੀਤਿਕ ਨਕਸ਼ਾ ਹੀ ਬਦਲਿਆ ਬਲਕਿ ਕਰੋੜਾਂ ਲੋਕਾਂ ਦੀ ਜ਼ਿੰਦਗੀ, ਸੰਸਕਾਰ, ਧਰਮ ਅਤੇ ਰਿਸ਼ਤੇ-ਨਾਤੇ ਵੀ ਬਰਬਾਦ ਕਰ ਦਿੱਤੇ।
1. ਵੰਡ ਦੇ ਮੁੱਖ ਕਾਰਣ
1.1 ਬ੍ਰਿਟਿਸ਼ ਨਿਵੇਸ਼ੀ ਹਕੂਮਤ ਦੀ “ਵੰਡੋ ਤੇ ਰਾਜ ਕਰੋ” ਨੀਤੀ
ਬ੍ਰਿਟਿਸ਼ ਹਕੂਮਤ ਨੇ 19ਵੀਂ ਸਦੀ ਦੇ ਅੰਤ ਤੋਂ ਹੀ ਹਿੰਦੂ-ਮੁਸਲਿਮ ਵੰਡ ਨੂੰ ਰਾਜਨੀਤਿਕ ਤੌਰ 'ਤੇ ਵਧਾਉਣ ਦੀ ਰਣਨੀਤੀ ਅਪਣਾਈ। 1909 ਦੇ ਮਿੰਟੋ-ਮੋਰਲੇ ਸੁਧਾਰਾਂ ਵਿੱਚ ਮੁਸਲਮਾਨਾਂ ਲਈ ਅਲੱਗ ਚੋਣ ਪ੍ਰਣਾਲੀ (Separate Electorates) ਦੀ ਸ਼ੁਰੂਆਤ ਹੋਈ ਜਿਸ ਨਾਲ ਸਾਂਝੇ ਰਾਸ਼ਟਰੀ ਅੰਦੋਲਨ ਦੀ ਬੁਨਿਆਦ ਕਮਜ਼ੋਰ ਹੋਈ।
1.2 ਧਾਰਮਿਕ ਰਾਜਨੀਤੀ ਦਾ ਉੱਭਾਰ
1920 ਅਤੇ 1930 ਦੇ ਦਹਾਕਿਆਂ ਵਿੱਚ ਆਰ.ਐਸ.ਐਸ., ਹਿੰਦੂ ਮਹਾਸਭਾ ਅਤੇ ਦੂਜੇ ਪਾਸੇ ਮੁਸਲਿਮ ਲੀਗ ਵਰਗੀਆਂ ਧਾਰਮਿਕ ਅਧਾਰਿਤ ਰਾਜਨੀਤਿਕ ਸੰਸਥਾਵਾਂ ਮਜ਼ਬੂਤ ਹੋਈਆਂ। 1940 ਦੇ ਲਾਹੌਰ ਪ੍ਰਸਤਾਵ 'ਚ ਮੁਸਲਿਮ ਲੀਗ ਨੇ ਵੱਖਰੇ ਮੁਲਕ ਪਾਕਿਸਤਾਨ ਦੀ ਖੁੱਲ੍ਹੇ ਸ਼ਬਦਾਂ ਵਿੱਚ ਮੰਗ ਕੀਤੀ।
1.3 ਕਮਜ਼ੋਰ ਕੇਂਦਰੀ ਨੇਤ੍ਰਿਤਵ ਅਤੇ ਰਾਜਨੀਤਿਕ ਅਸਹਿਮਤੀ
ਕਾਂਗਰਸ, ਮੁਸਲਿਮ ਲੀਗ ਅਤੇ ਸਿੱਖ ਨੇਤ੍ਰਿਤਵ ਵਿੱਚ ਆਪਸੀ ਭਰੋਸੇ ਅਤੇ ਸਹਿਮਤੀ ਦੀ ਘਾਟ ਸੀ। ਕੇਂਦਰ ਵਿੱਚ ਸੱਤਾ ਸਾਂਝੀ ਕਰਨ ਲਈ ਇਕੱਠੀ ਰਣਨੀਤੀ ਨਹੀਂ ਬਣੀ। ਬ੍ਰਿਟਿਸ਼ ਹਕੂਮਤ ਨੇ ਇਸ ਅਸਹਿਮਤੀ ਦਾ ਲਾਭ ਲੈ ਕੇ ਵੰਡ ਨੂੰ ਇੱਕ “ਹੱਲ” ਵਜੋਂ ਪੇਸ਼ ਕੀਤਾ।
2. ਖੂਨ-ਖ਼ਰਾਬਾ ਅਤੇ ਮਨੁੱਖੀ ਸੰਕਟ
2.1 ਵੱਡੇ ਪੱਧਰ 'ਤੇ ਹਿੰਸਾ
ਅਗਸਤ 1947 ਵਿੱਚ ਜਦੋਂ ਵੰਡ ਦਾ ਐਲਾਨ ਹੋਇਆ, ਪੰਜਾਬ ਅਤੇ ਬੰਗਾਲ ਖ਼ਾਸ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ। ਅੰਦਾਜ਼ੇ ਅਨੁਸਾਰ 10 ਤੋਂ 15 ਲੱਖ ਬੇਕਸੂਰ ਲੋਕ ਮਾਰੇ ਗਏ। ਰੇਲਗੱਡੀਆਂ ਲਾਸ਼ਾਂ ਨਾਲ ਭਰ ਭਰ ਕੇ ਇਕ ਦੂਸਰੇ ਦੇ ਮੁਲਕਾਂ ਨੂੰ ਪਹੁੰਚੀਆਂ ਸਨ।
2.2 ਜਨਸੰਖਿਆ ਦੀ ਵੱਡੀ ਉਥਲ-ਪੁਥਲ
ਕਰੀਬ 1.4 ਕਰੋੜ ਲੋਕਾਂ ਨੇ ਆਪਣਾ ਘਰ ਬਾਰ,ਜੱਦੀ ਪੁਸ਼ਤੀ ਜ਼ਮੀਨਾਂ ਜਾਇਦਾਦਾਂ,ਮਾਲ ਅਸਬਾਬ ਅਤੇ ਡੰਗਰਾਂ ਨੂੰ ਲਾਵਾਰਸਾਂ ਵਾਂਗ ਛੱਡਿਆ। ਇਹ ਇਤਿਹਾਸ ਵਿੱਚ ਨਾ ਭੁੱਲਣ ਯੋਗ ਖ਼ੂਨੀ ਘਲੂਘਾਰਿਆਂ ਵਿੱਚੋਂ ਇੱਕ ਸੀ। ਪਿੰਡਾਂ ਦੇ ਪਿੰਡ ਸਾੜ ਦਿੱਤੇ ਗਏ ਸਨ , ਲੱਖਾਂ ਔਰਤਾਂ ਨਾਲ ਜ਼ਬਰ ਜ਼ਿਨਾਹ ਕੀਤਾ ਗਿਆ, ਲੱਖਾਂ ਬੱਚੇ ਅਨਾਥ ਹੋਏ ਅਤੇ ਅਣਗਣਿਤ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
2.3 ਮਨੋਵਿਗਿਆਨਕ ਸਦਮੇ
ਖ਼ੂਨੀ ਹਿੰਸਾ ਦਾ ਦ੍ਰਿਸ਼, ਦੋਸਤਾਂ ਮਿੱਤਰਾਂ ਅਤੇ ਸਕੇ ਸਬੰਧੀਆਂ ਦੀ ਮੌਤ ਅਤੇ ਆਪਣੇ ਜੱਦੀ ਪੁਸ਼ਤੀ ਘਰ ਜ਼ਬਰਦਸਤੀ ਛੱਡਣ ਕਾਰਨ ਲੋਕਾਂ ਦੇ ਮਨ 'ਤੇ ਡੂੰਘੇ ਜ਼ਖ਼ਮ ਛੱਪ ਗਏ, ਜੋ ਪੀੜ੍ਹੀਆਂ ਤੱਕ ਚਲਦੇ ਆ ਰਹੇ ਹਨ।
3. ਨਫ਼ਰਤਾਂ ਦੇ ਲੰਬੇ-ਸਮੇ ਦੇ ਪ੍ਰਭਾਵ
3.1 ਸਾਂਝੇ ਸਭਿਆਚਾਰ ਦਾ ਟੁੱਟਣਾ
ਪੰਜਾਬ, ਬੰਗਾਲ ਅਤੇ ਹੋਰ ਖੇਤਰਾਂ ਵਿੱਚ ਸਦੀਆਂ ਤੋਂ ਬਣੀ ਹਿੰਦੂ-ਮੁਸਲਿਮ-ਸਿੱਖ ਸਾਂਝ ਟੁੱਟ ਗਈ। ਭਾਸ਼ਾ, ਸੰਗੀਤ, ਸਾਹਿਤ ਵਿੱਚ ਆਈ ਮਿਲਣਸਾਰਤਾ ਨੂੰ ਗੰਭੀਰ ਝਟਕਾ ਲੱਗਾ।
3.2 ਰਾਜਨੀਤਿਕ ਦੁਸ਼ਮਣੀ ਦੀ ਸ਼ੁਰੂਆਤ
ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿੱਚ ਸ਼ੱਕ, ਜੰਗਾਂ ਅਤੇ ਸੀਮਾਂ ਖੇਤਰ ਦੀ ਹੱਦਬੰਦੀ ਟਕਰਾਅ ਆਮ ਹੋ ਗਏ। ਕਸ਼ਮੀਰ ਸੂਬੇ ਦਾ ਮਾਮਲਾ ਇਸ ਨਫ਼ਰਤ ਦਾ ਕੇਂਦਰ ਬਣਿਆ।
3.3 ਸਮਾਜਿਕ ਮਨੋਵਿਰਤੀ ਵਿੱਚ ਬਦਲਾਅ
ਵੰਡ ਤੋਂ ਬਾਅਦ ਧਾਰਮਿਕ ਪਛਾਣ ਨੂੰ ਰਾਸ਼ਟਰੀ ਪਛਾਣ ਤੋਂ ਉੱਪਰ ਰੱਖਣ ਦੀ ਪ੍ਰਵਿਰਤੀ ਵੱਧੀ ਜਿਸ ਨੇ ਦੋਵੇਂ ਦੇਸ਼ਾਂ ਵਿੱਚ ਅੰਦਰੂਨੀ ਸਾਂਝ ਨੂੰ ਕਮਜ਼ੋਰ ਕੀਤਾ।
4. ਇਤਿਹਾਸਕ ਸਬਕ
1947 ਦੀ ਵੰਡ ਸਮਾਜ ਨੂੰ ਸੇਧ ਦਿੰਦੀ ਹੈ ਕਿ ਧਾਰਮਿਕ ਧਰੁਵੀਕਰਨ, ਰਾਜਨੀਤਿਕ ਅਸਹਿਮਤੀ ਅਤੇ ਬਾਹਰੀ ਸ਼ਕਤੀਆਂ ਦੇ ਦਬਾਅ ਦਾ ਮਿਲਾਪ ਹਮੇਸ਼ਾ ਮਾਰੂ ਨਤੀਜੇ ਲਿਆਉਂਦਾ ਹੈ।ਭਾਈਚਾਰਕ ਸਾਂਝ, ਇਨਸਾਨੀਅਤ ਅਤੇ ਸੱਭਿਆਚਾਰਕ ਏਕਤਾ ਹੀ ਕਿਸੇ ਭੀ ਬਹੁ-ਧਾਰਮਿਕ ਸਮਾਜ ਦੀ ਟਿਕਾਊ ਨੀਂਹ ਹੁੰਦੀ ਹੈ।
1947 ਦੀ ਵੰਡ ਸਿਰਫ਼ ਰਾਜਨੀਤਿਕ ਘਟਨਾ ਹੀ ਨਹੀਂ ਸੀ ਇਹ ਮਨੁੱਖੀ ਦੁੱਖ ਨੂੰ ਬਿਆਨ ਕਰਦੀ ਭੂਤ, ਵਰਤਮਾਨ ਅਤੇ ਭਵਿੱਖ ਕਾਲ ਦੀ ਸਭ ਤੋਂ ਦੁੱਖਦਾਇਕ ਇਤਿਹਾਸਿਕ ਘਟਨਾ ਸੀ। ਇਸ ਵੰਡ ਨੇ ਸਾਬਤ ਕੀਤਾ ਕਿ ਜਦੋਂ ਰਾਜਨੀਤਿਕ ਸਵਾਰਥ ਮਨੁੱਖਤਾ 'ਤੇ ਹਾਵੀ ਹੋ ਜਾਂਦਾ ਹੈ, ਤਾਂ ਇਤਿਹਾਸ ਲਹੂ ਨਾਲ ਲਿਖਿਆ ਜਾਂਦਾ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।