ਡੇਰਾ ਸਿਰਸਾ ਮੁਖੀ ਨੂੰ ਮੁੜ ਮਿਲੀ ਪੈਰੋਲ,ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਕੇ ਸਿੱਖਾਂ ਨਾਲ ਵੱਡਾ ਵਿਤਕਰਾ - ਉਪਕਾਰ ਸਿੰਘ ਸੰਧੂ
ਅੰਮ੍ਰਿਤਸਰ, 6 ਅਗਸਤ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਮਿਲਣ 'ਤੇ ਸਿਆਸੀ ਅਤੇ ਧਾਰਮਿਕ ਸਰਗਰਮੀਆਂ ਵਿੱਚ ਉਬਾਲ ਆ ਗਿਆ ਹੈ। ਗੁਰਮੀਤ ਰਾਮ ਰਹੀਮ, ਜੋ ਕਿ 2017 ਤੋਂ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਿਹਾ ਹੈ, ਉਸਨੂੰ ਫਿਰ ਲਗਭਗ 14 ਵੀਂ ਵਾਰ ਪੈਰੋਲ ਮਿਲੀ ਹੈ। ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਤਿਉਹਾਰਾਂ ਦੇ ਨਾਮ ਤੇ ਉਸਨੂੰ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ ।ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਨੇ ਇਸ ਫੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ, “ਇਕ ਪਾਸੇ ਡੇਰਾ ਸਿਰਸਾ ਦੇ ਮੁਖੀ ਨੂੰ ਹਰ ਤਿਉਹਾਰ ਤੇ ਬਾਰ ਬਾਰ ਪਰੋਲ ਦਿੱਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਅਜਿਹੇ ਸਿੱਖ ਜੋ 30–30 ਸਾਲ ਤੋਂ ਜੇਲ੍ਹਾਂ ਵਿੱਚ ਕੈਦ ਹਨ ਅਤੇ ਆਪਣੀਆਂ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਅਜੇ ਤੱਕ ਰਿਹਾਅ ਨਹੀਂ ਕੀਤਾ ਗਿਆ। ਜਦੋਂ ਕਿਸੇ ਬੰਦੀ ਸਿੰਘ ਦੇ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਜਾ ਕੋਈ ਖੁਸ਼ੀ ਦਾ ਪ੍ਰੋਗਰਾਮ ਹੋਵੇ 2 ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਜਾਂਦੀ ।”ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਕਾਨੂੰਨੀ ਵਿਤਕਰਾ ਨਹੀਂ, ਸਗੋਂ ਸਿੱਖ ਕੌਮ ਨੂੰ 2 ਨੰਬਰ ਦੇ ਸ਼ਹਿਰੀ ਸਮਝ ਕੇ ਸਿੱਖ ਕੌਮ ਤੇ ਗੁਲਾਮੀ ਥੋਪਣ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿੱਖਾਂ ਨਾਲ ਧਾਰਮਿਕ ਪੱਧਰ 'ਤੇ ਵਿਤਕਰਾ ਹੋ ਰਿਹਾ ਹੈ ਜੋ ਬਿਲਕੁਲ ਕਬੂਲ ਨਹੀਂ ਕੀਤਾ ਜਾਵੇਗਾ।
“ਸਿੱਖ ਬੰਦੀ ਸਿੰਘਾਂ ਦੀ ਰਿਹਾਈ ਲੰਮੇ ਸਮੇਂ ਤੋਂ ਲਟਕਾਈ ਗਈ ਹੈ, ਜਦਕਿ ਡੇਰਾ ਮੁਖੀ ਨੂੰ ਵਾਰ ਵਾਰ ਪਰੋਲ ਦੇ ਕੇ ਇਕ ਖਾਸ ਧਾਰਮਿਕ ਵਰਗ ਨੂੰ ਖੁਸ਼ ਕਰਨ ਦੀ ਰਾਜਨੀਤਿਕ ਰਣਨੀਤੀ ਚਲਾਈ ਜਾ ਰਹੀ ਹੈ,” ਉਪਕਾਰ ਸਿੰਘ ਸੰਧੂ ਨੇ ਅੱਗੇ ਕਿਹਾ ਕਿ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਧਾਰਮਿਕ ਪੱਖਪਾਤ ਤੇ ਕਾਨੂੰਨੀ ਵਿਤਕਰੇ ਦੀ ਨੀਤੀ ਨੂੰ ਖ਼ਤਮ ਕੀਤਾ ਜਾਵੇ।