ਅੰਮ੍ਰਿਤਸਰ, 6 ਅਗਸਤ — ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ। ਇਹ ਪੇਸ਼ੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮ ਦੌਰਾਨ ਧਾਰਮਿਕ ਮਰਿਆਦਾ ਦੀ ਉਲੰਘਣਾ ਮਾਮਲੇ ਸਬੰਧੀ ਹੋਈ, ਜਿਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਤਲਬ ਕੀਤਾ ਗਿਆ ਸੀ।
ਗਿਆਨੀ ਕੁਲਦੀਪ ਸਿੰਘ ਗੜਗੱਜ, ਕਾਰਜਕਾਰੀ ਜਥੇਦਾਰ ਨੇ ਦੱਸਿਆ ਕਿ ਮੰਤਰੀ ਬੈਂਸ ਨੇ ਆਪਣੀ ਗਲਤੀ ਸਵੀਕਾਰ ਕਰ ਲਈ ਹੈ, ਜਿਸ ਉਪਰੰਤ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਹੁਣ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹੱਲ ਤੱਕ ਪੈਦਲ ਯਾਤਰਾ ਕਰਨੀ ਹੋਵੇਗੀ। ਇਸ ਤੋਂ ਇਲਾਵਾ, ਉਹ ਦਿੱਲੀ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਾ ਕੇ ਜੋੜਿਆਂ ਦੀ ਸੇਵਾ ਕਰਨਗੇ। ਸ਼ੀਸ਼ਗੰਜ ਸਾਹਿਬ ਵਿਖੇ 2 ਦਿਨ ਤਕ ਜੋੜੇ ਝਾੜਨ ਦੀ ਸੇਵਾ ਕਰਣਗੇ ਅਤੇ 1100 ਰੁਪਏ ਦੀ ਦੇਗ ਕਰਵਾ ਕੇ ਮੁਆਫੀ ਦੀ ਅਰਦਾਸ ਵੀ ਕਰਵਾਉਣਗੇ।
ਯਾਦ ਰਹੇ ਕਿ 24 ਜੁਲਾਈ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੀਨਗਰ (ਜੰਮੂ-ਕਸ਼ਮੀਰ) ਵਿੱਚ ਆਯੋਜਿਤ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਦੀ ਪੇਸ਼ਕਾਰੀ ਦੇ ਦੌਰਾਨ ਹੋਈ ਨੱਚਣ-ਟੱਪਣ ਦੀਆਂ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਸ ਕਾਰਨ ਸਿੱਖ ਸੰਗਤਾਂ ਵਿੱਚ ਗਹਿਰੀ ਨਾਰਾਜ਼ਗੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਸੀ।
1 ਅਗਸਤ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੂੰ ਪੰਜ ਸਿੰਘ ਸਾਹਿਬਾਨ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਮੀਟਿੰਗ ਮੁਲਤਵੀ ਹੋ ਗਈ ਸੀ। ਦੋਵਾਂ ਨੂੰ 6 ਅਗਸਤ ਨੂੰ ਦੁਬਾਰਾ ਤਲਬ ਕੀਤਾ ਗਿਆ ਸੀ।
ਜਸਵੰਤ ਸਿੰਘ ਜ਼ਫ਼ਰ, ਜੋ ਵਿਦੇਸ਼ ਦੌਰੇ ’ਤੇ ਹਨ, ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਕਿ ਉਹ ਪਰਿਵਾਰਕ ਕਾਰਨ ਕਰਕੇ ਬਾਅਦ ਵਿੱਚ ਪੇਸ਼ ਹੋਣਗੇ। ਇਹ ਮੰਗ ਮੰਨ ਲਈ ਗਈ ਹੈ।