ਗੁਰਦਾਸਪੁਰ, 5 ਅਗਸਤ 2025:
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘਣੀਏ ਕੇ ਬਾਂਗਰ ਵਿੱਚ ਅੱਜ ਇੱਕ ਦਹਿਸ਼ਤਨਾਕ ਹਮਲੇ ਦੌਰਾਨ 27 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ, ਜੋ ਆਪਣੇ ਪਰਿਵਾਰ ਨਾਲ ਘਰ ਵਾਪਸ ਜਾ ਰਿਹਾ ਸੀ। ਰਾਹ ਵਿਚ ਪਿੰਡ ਦੇ ਹੀ ਕੁਝ ਲੋਕਾਂ ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਪੇਟ 'ਚ ਗੰਭੀਰ ਚੋਟਾਂ ਆਉਣ ਕਾਰਨ ਬਲਜਿੰਦਰ ਸਿੰਘ ਦੀ ਮੌਤ ਰਸਤੇ ਵਿਚ ਹੀ ਹੋ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਹਮਲਾ ਪੁਰਾਣੇ ਜਮੀਨੀ ਝਗੜੇ ਕਾਰਨ ਕੀਤਾ ਗਿਆ। ਮ੍ਰਿਤਕ ਦੀ ਪਤਨੀ ਅਨੁਸਾਰ, ਉਹ, ਉਸ ਦਾ ਪਤੀ ਅਤੇ ਸੱਸ ਪਿੰਡ ਵਾਪਸ ਆ ਰਹੇ ਸਨ, ਜਦ ਪੁਰਾਣੀ ਰੰਜਿਸ਼ ਰੱਖਣ ਵਾਲੇ ਪਰਿਵਾਰ ਵੱਲੋਂ ਉਨ੍ਹਾਂ ਉਤੇ ਅਚਾਨਕ ਹਮਲਾ ਕਰ ਦਿੱਤਾ ਗਿਆ। ਮੌਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਘਟਨਾ ਦੀ ਪੁਸ਼ਟੀ ਕਰਦੀ ਹੈ।
ਬਟਾਲਾ ਸਿਵਿਲ ਹਸਪਤਾਲ ਦੇ ਡਿਊਟੀ ਮੈਡੀਕਲ ਅਫਸਰ ਡਾ. ਸ਼ਮਸ਼ੇਰ ਸਿੰਘ ਮੁਤਾਬਕ, "ਬਲਜਿੰਦਰ ਸਿੰਘ ਨੂੰ ਜਦ ਹਸਪਤਾਲ ਲਿਆਂਦਾ ਗਿਆ, ਤਾਂ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਲਾਸ਼ ਨੂੰ ਮੁਰਦਾ ਘਰ 'ਚ ਰੱਖ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।"
ਦੂਜੇ ਪਾਸੇ, ਮ੍ਰਿਤਕ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਐਲਾਨ ਕੀਤਾ ਹੈ ਕਿ ਜਦ ਤਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਉਹ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਅੰਤਿਮ ਸੰਸਕਾਰ। ਪਰਿਵਾਰ ਵੱਲੋਂ ਸਰਕਾਰੀ ਮਦਦ ਅਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।