ਜ਼ੀਰਾ, ਪੰਜਾਬ — ਜ਼ੀਰਾ ਕਸਬੇ ਦੀ ਮੈਨਬੀਰ ਕੌਰ ਢਿੱਲੋਂ, ਜੋ ਉੱਚ ਸਿੱਖਿਆ ਲਈ ਕੈਨੇਡਾ ਗਈ ਸੀ, ਦੀ ਮੌਤ ਦੀ ਖ਼ਬਰ ਨੇ ਪੂਰੇ ਖੇਤਰ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਮੈਨਬੀਰ ਮਾਰਚ 2023 ਵਿੱਚ ਵਿਦੇਸ਼ ਗਈ ਸੀ ਅਤੇ ਬਰੈਂਪਟਨ ਸ਼ਹਿਰ ਵਿੱਚ ਪੜ੍ਹਾਈ ਕਰ ਰਹੀ ਸੀ।
ਉਸ ਦੇ ਪਿਤਾ ਸਰਤਾਜ ਸਿੰਘ ਢਿੱਲੋਂ ਮੁਤਾਬਕ, ਮੈਨਬੀਰ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਲਈ ਅਰਜ਼ੀ ਦੇਣ ਦੀ ਤਿਆਰੀ ਕਰ ਰਹੀ ਸੀ, ਤਾਂ ਜੋ ਉਹ ਨੌਕਰੀ ਕਰਕੇ ਆਪਣੇ ਅਤੇ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਹਕੀਕਤ ਬਣਾ ਸਕੇ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਮੈਨਬੀਰ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਅੰਤਿਮ ਸੰਸਕਾਰ ਬਰੈਂਪਟਨ ਵਿੱਚ ਹੀ ਕਰ ਦਿੱਤੇ ਗਏ ਹਨ।
ਇਸ ਅਚਾਨਕ ਵਾਪਰੀ ਘਟਨਾ ਨੇ ਪਰਿਵਾਰ ਸਮੇਤ ਸਾਰੇ ਜ਼ੀਰਾ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ।