ਐੱਸ. ਡੀ. ਕਾਲਜ ਬਰਨਾਲਾ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ‘ਆਗਾਜ਼ 2025-26’ ਪ੍ਰੋਗਰਾਮ ਕਰਵਾਇਆ ਗਿਆ। ਬੀ.ਵਾਕ ਸਾਫ਼ਟਵੇਅਰ ਡਿਵੈਲਪਮੈਂਟ ਵਿਭਾਗ ਦੇ ਮੁਖੀ ਪ੍ਰੋ. ਗੌਰਵ ਸਿੰਗਲਾ ਦੀ ਅਗਵਾਈ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਐਸਐਸਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਅਤੇ ਵਿਸ਼ੇਸ਼ ਮਹਿਮਾਨ ਕਾਲਜ ਦੇ ਰਿਟਾ. ਪ੍ਰੋ. ਅਨੁਰਾਧਾ ਸ਼ਰਮਾ ਸ਼ਾਮਲ ਹੋਏ। ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਿਛਲੇ 7 ਦਹਾਕਿਆਂ ਤੋਂ ਕਾਲਜ ਦੀਆਂ ਵੱਖ-ਵੱਖ ਖੇਤਰ ਦੀਆਂ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਇਹ ਕਾਲਜ ਸਿਰਫ਼ ਇੱਕ ਵਿੱਦਿਅਕ ਅਦਾਰਾ ਹੀ ਨਹੀਂ ਹੈ, ਸਗੋਂ ਇਲਾਕੇ ਦੀਆਂ ਸਮਾਜਿਕ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਵੀ ਹੈ।
ਮੁੱਖ ਮਹਿਮਾਨ ਐਸਐਸਪੀ ਆਲਮ ਨੇ ਕਾਲਜ ਵਲੋਂ ਇਲਾਕੇ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਸ਼ਾਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਕਾਲਜ ਦੇ ਵਿਦਿਆਰਥੀ ਅੱਗੇ ਵੀ ਇੱਥੋਂ ਸਿੱਖਿਆ ਹਾਸਲ ਕਰਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਨਵੀਆਂ ਪੁਲਾਂਘਾ ਪੁੱਟਣਗੇ। ਉਹਨਾਂ ਕਾਲਜ ਦੀ ਇਸ ਤਰੱਕੀ ਵਿੱਚ ਕਾਲਜ ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਦੇ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਉਹਨਾਂ ਪਿਛਲੇ ਵਿੱਦਿਅਕ ਸੈਸ਼ਨ ਦੌਰਾਨ ਵੱਖ-ਵੱਖ ਕਲਾਸਾਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਵਿਸ਼ੇਸ਼ ਮਹਿਮਾਨ ਪ੍ਰੋ. ਅਨੁਰਾਧਾ ਸ਼ਰਮਾ ਨੇ ਵੀ ਨਵੇਂ ਸੈਸ਼ਨ ਦੀਆਂ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਆਨਲਾਈਨ ਦਾਖ਼ਲਿਆਂ ਸਬੰਧੀ ‘ਸਟੂਡੈਂਟ ਡਾਇਰੀ ਕਲਾਊਡ’ ਐਪ ਲਾਂਚ ਕੀਤੀ ਗਈ ਅਤੇ ਕਾਲਜ ਦੇ ਬੀ.ਵਾਕ (ਜੇਐਮਟੀ) ਵਿਭਾਗ ਵਲੋਂ ਤਿਆਰ ਕੀਤੀ ਕਾਲਜ ਦੇ 69 ਸਾਲ ਦੇ ਇਤਿਹਾਸ ਦੀ ‘ਡਾਕੂਮੈਂਟਰੀ’ ਦਿਖਾਈ ਗਈ। ਪਿ੍ਰੰਸੀਪਲ ਡਾ. ਰਮਾ ਸ਼ਰਮਾ ਨੇ ਧੰਨਵਾਦੀ ਸ਼ਬਦ ਕਹੇ। ਸਟੇਜ ਸਕੱਤਰ ਦੇ ਫ਼ਰਾਇਜ਼ ਡਾ. ਵੰਦਨਾ ਕੁਕਰੇਜਾ ਨੇ ਅਦਾ ਕੀਤੇ।
ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਕਮੇਟੀ ਮੈਂਬਰ ਡਾ. ਰਾਹੁਲ ਗਾਰਗੀ, ਸ੍ਰੀ ਰਾਹੁਲ ਅੱਤਰੀ, ਵੱਖ-ਵੱਖ ਕਾਲਜਾਂ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ਼ ਹਾਜ਼ਰ ਸੀ।