ਸ੍ਰੀ ਅਕਾਲ ਤਖਤ ਸਾਹਿਬ ਦੁਨੀਆਂ ਦਾ ਉਹ ਵਿਲੱਖਣ ਮੀਰੀ ਪੀਰੀ ਦਾ ਮਹਾਨ ਤਖਤ ਹੈ, ਜਿਸ ਦੇ ਹੁਕਮ ਦੁਨੀਆਂ ਵਿੱਚ ਵੱਸਦੇ ਹਰ ਇੱਕ ਸਿੱਖ ਨੂੰ ਮੰਨਣ ਵਿੱਚ ਮਾਣ ਮਹਿਸੂਸ ਹੁੰਦਾ ਰਿਹਾ ਹੈ। ਪਰ ਅਜੋਕੇ ਸਮੇਂ ਵਿੱਚ ਸਿੱਖ ਕੌਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਬਾਰੇ ਜੋ ਭੱਬਲਭੂਸਾ ਜਾ ਬੇਭਰੋਸਗੀ ਦਾ ਆਲਮ ਬਣਾਇਆ ਗਿਆ ਹੈ, ਇਹ ਸਿੱਖਾਂ ਦੀ ਸੁਤੰਤਰ ਹੋਂਦ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਹੈ, ਜੇ ਸਿੱਖ ਕੌਮ ਦੇ ਜਿਉਂਦੀ ਜਾਗਦੀ ਜਮੀਰ ਵਾਲੇ ਬੁੱਧੀਜੀਵੀਆਂ, ਸਾਹਿਤਕਾਰਾਂ, ਇਤਿਹਾਸਕਾਰਾਂ, ਕਾਨੂੰਨੀ ਘਾੜਿਆਂ ਜਾਂ ਧਾਰਮਿਕ ਆਗੂਆਂ ਨੇ ਇਸ ਦੀ ਆਜ਼ਾਦ ਅਤੇ ਮਹਾਨ ਹੋਂਦ ਨੂੰ ਕਾਇਮ ਰੱਖਣ ਲਈ ਕੋਈ ਹੰਬਲਾ ਨਾ ਮਾਰਿਆ! ਕਿਸੇ ਵੀ ਰਾਜਨੀਤਿਕ ਨੇਤਾ ਜਾਂ ਪਾਰਟੀ, ਭਾਵੇਂ ਉਹ ਸਿੱਖਾਂ ਨਾਲ ਹੀ ਸੰਬੰਧਿਤ ਕਿਉਂ ਨਾ ਹੋਵੇ, ਉਸ ਪਾਸੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ ਉੱਚਤਾ ਕਾਇਮ ਰੱਖਣ ਬਾਰੇ ਸੋਚਣਾ, ਸ਼ਾਇਦ ਸਿੱਖਾਂ ਲਈ ਸਿਆਣਪ ਨਹੀਂ ਹੋਵੇਗੀ! ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂਸਤਾ ਨੂੰ ਖੋਰਾ ਲਾਉਣ ਦਾ ਬੀੜਾ ਕੁਝ ਸਿੱਖ ਰਾਜਨੀਤਿਕ ਸ਼ਖਸ਼ੀਅਤਾਂ ਨੂੰ, ਉਹਨਾਂ ਸਿੱਖ ਵਿਰੋਧੀ ਗੈਰ ਸਿੱਖ ਸੰਸਥਾਵਾਂ ਵੱਲੋਂ, ਬੜੇ ਹੀ ਲੁਕਵੇਂ ਅਤੇ ਵਿਧੀਬਧ ਤਰੀਕੇ ਨਾਲ ਵਰਤੋਂ ਕਰਕੇ ਲਾਇਆ ਜਾਂਦਾ ਰਿਹਾ ਹੈ, ਜਿਸ ਦਾ ਖੁੱਲੇ ਰੂਪ ਵਿੱਚ ਕੁੱਝ ਪ੍ਰਗਟਾਵਾ ਅਜੋਕੇ ਸਮੇਂ ਵਿੱਚ ਹੋ ਗਿਆ ਹੈ।
2006 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ 400 ਸਾਲਾ ਸ਼ਤਾਬਦੀ ਸਮਾਰੋਹ ਨੂੰ ਮਨਾਉਂਦੇ ਹੋਏ, ਸਿੱਖਾਂ ਦੀ ਸਿਰਮੌਰ ਵਿਦਿਅਕ ਸੰਸਥਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ 30 ਜੂਨ, 2006 ਨੂੰ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਪ੍ਰਧਾਨਗੀ ਭਾਸ਼ਣ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤਾ ਗਿਆ। ਇਸ ਸਮਾਂਰੋਹ ਵਿੱਚ ਵੱਡੀ ਗਿਣਤੀ ਵਿੱਚ ਸਰੋਤਿਆਂ ਅਤੇ ਮੰਚ ਤੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਮੱਕੜ, ਸਰਦਾਰ ਕਿਰਪਾਲ ਸਿੰਘ ਬਡੂੰਗਰ, ਸਰਦਾਰ ਸੁਖਦੇਵ ਸਿੰਘ ਭੌਰ ਅਤੇ ਸ ਹਰਨਾਮ ਸਿੰਘ ਧੁੰਮਾ ਵੀ ਸ਼ਾਮਿਲ ਸਨ। ਉਸ ਵਕਤ ਮੈਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਿਹਾ ਸੀ। ਮੈਨੂੰ ਇਹਨਾਂ ਸਾਰੀਆਂ ਮਹਾਨ ਸ਼ਖਸ਼ੀਅਤਾਂ ਦੀ ਮੌਜੂਦਗੀ ਵਿੱਚ ਆਪਣੇ ਵਿਚਾਰ ਇੱਕ ਪੇਪਰ, "ਸਿੱਖ ਜਗਤ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਮਹੱਤਵ" ਪੇਸ਼ ਕਰਕੇ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਅੱਜ ਉਸ ਉਪਰੋਕਤ ਪੇਪਰ ਦੀ ਹੂਬਹੂ ਕਾਪੀ ਪੇਸ਼ ਕਰ ਰਿਹਾ ਹਾਂ:
“ਸਿੱਖ ਜਗਤ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਹੱਤਵ: ਅਕਾਲ ਪੁਰਖ ਨੇ ਇਸ ਧਰਤੀ ਨੂੰ ਇਕ ਬਿਸਾਤ ਵਾਂਗ ਸਾਜਿਆ ਹੈ, ਜਿਸ ਉਪਰਲੇ ‘ਦਿਵਸ-ਰਾਤ’ ਦੇ ਕਾਲੇ ਚਿੱਟੇ ਖਾਨਿਆਂ ਵਿਚ ਸਾਰੀ ਸ੍ਰਿਸ਼ਟੀ ਦੀ ਖੇਡ ਚੱਲ ਰਹੀ ਹੈ। ਪੰਦਰਵੀਂ -ਸੋਲਵੀਂ ਸਦੀ ਦੌਰਾਨ ਜਦੋਂ ਬਾਬਰਕਿਆ ਦੇ ਟਾਕਰੇ ਲਈ ਬਾਬੇ-ਕਿਆਂ ਨੇ ਸੱਚ ਦਾ ਝੰਡਾ ਬੁਲੰਦ ਕੀਤਾ, ਤਾਂ ਮੁੜ ਉਹ ਅੱਜ ਤਕ ਝੁਕਿਆ ਨਹੀਂ, ਭਾਵੇਂ ਉਸ ਦੀ ਕਾਇਮੀ ਲਈ ਖ਼ੁਦ ਗੁਰੂ ਸਾਹਿਬਾਨ ਤੇ ਫਿਰ ਉਨ੍ਹਾਂ ਦੇ ਸਾਜੇ ਖ਼ਾਲਸਾ ਪੰਥ ਨੂੰ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪਈਆਂ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਪਿੱਛੇ ਪ੍ਰਮੁੱਖ ਸੰਕਲਪ ਗੁਰਮਤਿ ਅਨੁਸਾਰੀ ਅਜਿਹੀ ਜੀਵਨ -ਜੁਗਤਿ ਨੂੰ ਦ੍ਰਿੜ੍ਹ ਕਰਵਾਉਣਾ ਸੀ, ਜਿਸ ਵਿਚ ਮੀਰੀ ਤੇ ਪੀਰੀ ਬਰਾਬਰੀ ਦਾ ਦਰਜਾ ਰਖਦੀਆਂ ਹਨ। ਗੁਰਮਤਿ ਦਰਸ਼ਨ ਨੇ ਮਾਨਵ ਦੀ ਆਤਮਿਕ ਆਜ਼ਾਦੀ ਨੂੰ ਕਦੇ ਵੀ ਸਾਮਾਜਿਕ ਆਜ਼ਾਦੀ ਤੋਂ ਵੱਖ ਕਰਕੇ ਨਹੀਂ ਵੇਖਿਆ। ਗੁਰੂ ਅਰਜਨ ਦੇਵ ਜੀ ਨੂੰ ‘ਯਾਸਾ’ ਦੇ ਕਾਨੂੰਨ ਤਹਿਤ ਤਸੀਹੇ ਦੇ ਕੇ ਸ਼ਹੀਦ ਕਰਦਿਆਂ ਸਿੱਖਾਂ ਅੰਦਰ ਜੋ ਦਹਿਤ ਫੈਲਾਉਣੀ ਚਾਹੀ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਦੇ ਟਾਕਰੇ ਤੇ ਇਕ ਅਜਿਹੇ ‘ਸਵੈ-ਸਿੱਧ ਖ਼ਾਲਸਾ ਨਿਜ਼ਾਮ’ ਦੀ ਨੀਂਹ, ਅਕਾਲ ਤਖ਼ਤ ਦੇ ਰੂਪ ਵਿਚ ਰੱਖ ਦਿੱਤੀ, ਜਿਸ ਦੀ ਸਰਪਰਸਤੀ ਹੇਠ ਜੀਊਣ ਵਾਲਾ ਕੋਈ ਪ੍ਰਾਣੀ ਵੀ ‘ਆਕੀ’ ਨਹੀਂ ਰਹਿੰਦਾ। ਕਿਉਂਕਿ ਉਸ ਨੂੰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਸਗੋਂ ਸਿੱਧਾ ਅਕਾਲ ਪੁਰਖ ਦੇ ਮਤਹਿਤ ਕਰ ਦਿੱਤਾ ਗਿਆ ਹੈ। ਅਕਾਲ ਤਖ਼ਤ ਦੀ ਮਾਣ-ਮਰਯਾਦਾ ਨੂੰ ਬਹਾਲ ਰੱਖਣਾ ਅਤੇ ਇਸ ਦੇ ਹਰ ਉਦੇਸ਼ ਤੇ ਆਦੇਸ਼ ਉੱਪਰ ਸਖ਼ਤੀ ਨਾਲ ਪਹਿਰਾ ਦੇਣਾ, ਹਰ ਉਸ ਗੁਰਸਿੱਖ ਦਾ ਮੁੱਢਲਾ ਤੇ ਲਾਜ਼ਮੀ ਫ਼ਰਜ਼ ਹੈ, ਜੋ ਆਪਣੇ ਆਪ ਨੂੰ ਅਕਾਲ ਪੁਰਖ ਦੀ ਜੋਤ ਦਾ ਸਦੀਵੀ ਅੰਗ ਪ੍ਰਵਾਨਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੀ ਸਾਜਨਾ ਹੋ ਚੁੱਕੀ ਸੀ। ਪੰਗਤ ਤੇ ਸੰਗਤ ਦੀ ਪ੍ਰਥਾ ਦਾ ਕਾਇਮ ਹੋਣਾ ਸ਼੍ਰੀ ਗੁਰੂ ਨਾਨਕ ਵਲੋਂ ਦ੍ਰਿੜਾਏ ‘ਧਰਮਸਾਲ’ ਦੇ ਸੰਕਲਪ ਦੀ ਪੂਰਤੀ ਹੀ ਸੀ, ਪਰ ਜਦੋ ਧਰਮਸਾਲ ਵਿਚ ਹੁੰਦੇ ਇਲਾਹੀ ਕੀਰਤਨ ਅਤੇ ਦੈਵੀ ਗੁਣਾਂ ਵਾਲੀ ਪ੍ਰਭੁਸੱਤਾ ਵਿਚ, ‘ਮੱਸਾ-ਰੰਘੜੀ ਸੋਚਾਂ’ ਵਿਘਨ ਪਾਉਣ ਲੱਗ ਪੈਣ ਤਾਂ ਇਲਾਹੀ ਕੀਰਤਨ ਦੇ ਨਾਲ ਨਾਲ ਬੀਰ-ਰਸੀ ਵਾਰਾਂ ਦਾ ਢਾਡੀਆਂ ਰਾਹੀਂ ਗਾਇਨ ਵੀ ਲਾਜ਼ਮੀ ਹੋ ਜਾਂਦਾ ਹੈ, ਤਾਂ ਕਿ ਪੰਥ ਵਿਚ ਨਵੀਂ ਰੂਹ ਫੂਕੀ ਜਾ ਸਕੇ। ਛੇਵੇਂ ਪਾਤਸਾਹਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਥਾਪਨਾ ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਉਜਾਗਰ ਕਰਕੇ ਇਹੋ ਅਹਿਮ ਕਾਰਜ ਸਰਅੰਜ਼ਾਮ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਸ਼ਸਤਰਾਂ ਦੀ ਚੜ੍ਹਤ, ਸ਼ਾਸਤਰ ਦਾ ਅਦਬ ਅਤੇ ਸੰਗਤੀ ਇਕੱਠ ਵਿਚ, ਸਰਬੱਤ ਖਾਲਸਾ ਦੇ ਰੂਪ ਵਿਚ ਲਏ ਜਾਂਦੇ ਫੈਸਲੇ, ਇਹ ਦ੍ਰਿੜ੍ਹ ਕਰਵਾਉਂਦੇ ਹਨ ਕਿ ਇਸ ਦੀ ਵਿਉਤਬੰਦੀ ਤੇ ਕਾਰਜ-ਖੇਤਰ ਸ਼ਾਹੀ ਤਖ਼ਤਾਂ ਤੋਂ ਕਿਤੇ ਉਚੇਰਾ ਹੈ। ਇਹ ਸਿਰਫ਼ ਖੇਤਰੀ ਸਿੱਖਾਂ ਨੂੰ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਸਿੱਖ ਭਾਈਚਾਰੇ ਦੀਆਂ ਬਹੁ-ਪਰਤੀ ਤੇ ਬਹੁ-ਪੱਖੀ ਸਮੱਸਿਆਵਾਂ ਨੂੰ ਨਜਿੱਠਣ ਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਦਾ ਦਰ ਹੈ।
ਗੁਰੂ ਸਾਹਿਬ ਨੇ ਇਸ ਨੂੰ ਮਹਿਜ਼ ਇਕ ਇਮਾਰਤ ਦੇ ਰੂਪ ਵਿਚ ਨਹੀਂ ਬਲਕਿ ਸੰਸਥਾ ਦੇ ਰੂਪ ਵਿਚ ਸਥਾਪਤ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਐਨ ਸਨਮੁੱਖ ਹੁੰਦੇ ਹੋਏ ਵੀ ਇਸ ਦਾ ਰੁਖ ਪੂਰਬ ਵੱਲ ਹੈ। ਪ੍ਰਮੁੱਖ ਥੜ੍ਹੇ ਤੇ ਉਸ ਉਪਰ ਉਸਰੀ ਸਮੁੱਚੀ ਇਮਾਰਤ ਦੀ ਬਣਤਰ ਹੀ ਅਜਿਹੀ ਹੈ, ਜੋ ਸਪਸ਼ੱਟ ਕਰਦੀ ਹੈ ਕਿ ਖਾਲਸਾ ਨਿੱਤ ਚੜ੍ਹਦੀ ਕਲਾ ਦਾ ਅਰਦਾਸੀ ਹੈ। ਇਹੀ ਕਾਰਨ ਹੈ ਕਿ ਮੁਗ਼ਲ ਕਾਲ ਤੋਂ ਲੈ ਕੇ ਵਰਤਮਾਨ ਸਮੇਂ ਤਕ ਹੋਏ ਅਨੇਕਾਂ ਮਾਰੂ ਹਮਲਿਆਂ ਵਿਚ ਇਸ ਦੀ ਇਮਾਰਤ ਨੂੰ ਬੇਸ਼ਕ ਪੂਰੀ ਤਰ੍ਹਾਂ, ਤਹਿਸ ਨਹਿਸ ਕਰ ਦਿੱਤਾ ਗਿਆ ਪਰ ਇਸ ਦੀ ਕਾਰਜ ਸ਼ੈਲੀ, ਵਿਧੀ-ਵਿਧਾਨ, ਅਖ਼ਤਿਆਰਾਂ ਤੇ ਪ੍ਰਸ਼ਾਸਨੀ ਮਿਆਰਾਂ ਨੂੰ ਕੋਈ ਵੀ ਵੇਲਾ ਚਣੌਤੀ ਨਹੀਂ ਦੇ ਸਕਿਆ। ਸਿਰਫ਼ ਇਸੇ ਲਈ ਕਿ ਸਮੁੱਚੀ ਕੌਮ ਨੂੰ ਇਸ ਦੀ ਸਥਾਪਤੀ ਅਤੇ ਸਰਪਰਸਤੀ ਉਤੇ ਨਾਜ਼ ਹੈ। ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਨੂੰ ਇਸ ਹਕੀਕਤ ਦੀ ਸਮਝ ਇਸੇ ਢੰਗ ਨਾਲ ਆਉਂਦੀ ਹੈ ਕਿ ਜਦੋਂ ਸੰਵਿਧਾਨ ਅਤੇ ਉਸ ਦੀਆਂ ਨਰੋਈਆਂ ਕਦਰਾਂ ਕੀਮਤਾਂ ਉਤੇ ਪਹਿਰਾ ਦੇਣ ਵਾਲੇ ਕਾਇਮ ਹੋਣ ਤਾਂ ਫਿਰ ਇਮਾਰਤਾਂ ਦੇ ਢਾਂਚੇ ਭਾਵੇਂ ਕਿੰਨੇ ਵੀ ਰੂਪ ਵਟਾਉਂਦੇ ਰਹਿਣ, ਸੰਸਥਾਗਤ ਢਾਂਚੇ ਪੂਰੀ ਦ੍ਰਿੜ੍ਹਤਾ ਨਾਲ ਕਾਇਮ ਰਹਿੰਦੇ ਹਨ।
ਸ੍ਰੀ ਅਕਾਲ ਤਖ਼ਤ ਤੋਂ ਜਾਰੀ ਹੁੰਦੇ ਹਰੇਕ ਹੁਕਮਨਾਮੇ ਤੇ ਇਕ ਮੋਹਰ ਲਗਦੀ ਹੈ, ਜਿਸ ਵਿਚ ਉਕਰੇ ਸ਼ਬਦ ਹਨ:-
ਦੇਗ਼ ਤੇਗ਼ ਫ਼ਤਹ ਨੁਸਰਤ ਬੇਦਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਫ਼ਾਰਸੀ ਦੇ ਇਨ੍ਹਾਂ ਸ਼ਬਦਾਂ ਤੋਂ ਭਾਵ ਹੈ ਕਿ ਲੰਗਰ ਚਲਦਾ ਰਹੇ ਅਤੇ ਤਲਵਾਰ ਦੁਆਰਾ ਫ਼ਤਹਿ ਪ੍ਰਾਪਤ ਹੁੰਦੀ ਰਹੇ, ਇਹ ਵਰ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਤੋਂ ਬੇਦਰੇਗ (ਯਾਅਨੀ ਅਮੁੱਕ ਤੇ ਨਿਧੜਕ ਸਹਾਇਤਾ) ਪ੍ਰਾਪਤ ਕੀਤਾ ਹੈ। ਖ਼ਾਲਸੇ ਨੇ ਇਕ ਸਿੱਕਾ ਸੰਨ 1765 ਈ: ਵਿਚ ਜਾਰੀ ਕੀਤਾ ਸੀ, ਜਿਸ ਉਪਰ ਇਹ ਸ਼ਬਦ ਉਕੱਰੇ ਸਨ। ਆਮ ਤੌਰ ਤੇ ਰਾਜੇ ਮਹਾਰਾਜੇ ਆਪਣੇ ਨਾਂ ਦਾ ਸਿੱਕਾ ਜਾਰੀ ਕਰਦੇ ਰਹੇ ਹਨ, ਇਹ ਸਿੱਕਾ ਅਕਾਲ ਪੁਰਖ ਦੀ ਅਖੰਡ ਅਤੇ ਅਤੁੱਟ ਬਖਸ਼ਿਸ਼ ਦਾ ਪ੍ਰਤੀਕ ਹੈ। ਇਸ ਲਿਹਾਜ਼ ਨਾਲ ਇਹ ਮੋਹਰ ਵੀ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਸਗੋਂ ਅਕਾਲ ਪੁਰਖ ਦੀ ਸਰਵੁੱਚਤਾ ਤੇ ਸਵੈ-ਸੰਪਨਤਾ ਨੂੰ ਹੀ ਪ੍ਰਗਟਾਉਂਦੀ ਹੈ, ਜਿਸ ਵਿਚ ‘ਸ੍ਰੀ ਅਕਾਲ ਤਖ਼ਤ ਸਾਹਿਬ’ ਉਕਰਨ ਤੋਂ ਪਹਿਲਾਂ ਵਿਚਕਾਰ “ਸ੍ਰੀ ਅਕਾਲ ਜੀ ਸਹਾਇ” ਉਕੱਰਿਆ ਹੋਇਆ ਹੈ। ਇਹ ਪ੍ਰਭੂਸੱਤਾ ਸੰਪਨ ਨਿਸ਼ਾਨ ਹੈ, ਜਿਸ ਅੱਗੇ ਪੂਰੀ ਸਿੱਖ ਕੌਮ ਬਿਨਾਂ ਸ਼ਰਤ ਸੀਸ ਝੁਕਾਉਦੀ ਹੈ।
ਕੋਈ ਵੇਲਾ ਸੀ, ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ‘ਸਰਬਰਾਹ’ ਹੋਇਆ ਕਰਦਾ ਸੀ। ਵੇਲ੍ਹੇ ਦੇ ਫੇਰ ਬਦਲ ਵਿਚ ਇਹ ਲਫ਼ਜ਼ ‘ਜਥੇਦਾਰ’ ਬਣ ਗਿਆ। ਗਹੁ ਨਾਲ ਵਾਚੀਏ ਤਾਂ 1925 ਈ: ਵਿਚ ਬਣੇ ਸਿੱਖ ਗੁਰਦੁਆਰਾ ਐਕਟ ਵਿਚ ਕਿਧਰੇ ਵੀ ‘ਜਥੇਦਾਰ’ ਲਫਜ਼ ਦੀ ਹੋਂਦ ਨਹੀਂ ਹੈ। ਅੱਜ ਨਵੇਂ ਸਹਿਰਿਓਂ ‘ਆਲ ਇੰਡੀਆ ਸਿੱਖ ਗੁਰਦੁਆਰਾ ਐਕਟ’ ਬਣਾਉਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਦੇ ਸਰਬਰਾਹ ਜੋ ਕਿ ਕਿਸੇ ਦੁਨਿਆਵੀ ਜਾਂ ਸੰਵਿਧਾਨਿਕ ਕਾਨੂੰਨ ਤੋਂ ਬਹੁਤ ਉਚੇਰੇ ਅਤੇ ਇਖ਼ਲਾਕੀ ਤੌਰ ਤੇ ਏਨੇ ਸਵੈ-ਸਿੱਧ ਹਨ ਕਿ ਉਨ੍ਹਾਂ ਦੀ ਜੀਵਨ-ਜੁਗਤਿ ਹੀ ਉਨ੍ਹਾਂ ਦੀ ਸਰਵੁੱਚਤਾ ਦੀ ਗਵਾਹੀ ਹੈ, ਨੂੰ ਵੀ ਕੁਝ ਕੱਟੜਵਾਦੀ ਗ਼ੈਰ ਸਿੱਖ ਸੰਸਥਾਵਾਂ ਦੀਆਂ ਗਿਣੀਆਂ ਮਿੱਥੀਆਂ ਸਾਜ਼ਿਸ਼ਾਵਾਂ ਅਧੀਨ ਦੁਨਿਆਵੀ ਕਾਨੂੰਨ ਅਤੇ ਨਾਮ-ਨਿਹਾਦ ਯੋਗਤਾਵਾਂ ਦੇ ਸ਼ਿਕੰਜੇ ਵਿਚ ਕੱਸ ਕੇ, ਨੀਵਾਂ ਦਿਖਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੰਥ ਹਿਤੈਸ਼ੀਆਂ, ਬੁੱਧੀਜੀਵੀਆਂ ਤੇ ਕੌਮ-ਪ੍ਰਸਤ ਆਗੂਆਂ ਨੂੰ ਇਸ ਨਾਜ਼ੁਕ ਪਹਿਲੂ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਇਹ ਅਮਲ ਕਿਸੇ ਤਰ੍ਹਾਂ ਵੀ ਨੇਪਰੇ ਚੜ੍ਹ ਗਿਆ ਤਾਂ ਇਹ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਾਹੁਣ ਨਾਲੋਂ ਵੀ ਵੱਡਾ ਤੇ ਬੱਜਰ ਗੁਨਾਹ ਹੋਵੇਗਾ ਅਤੇ ਸਿੱਖ ਕੌਮ ਦੀ ਨਿਆਰੀ ਸ਼ਨਾਖ਼ਤ ਲਈ ਮਾਰੂ ਸਿੱਧ ਹੋਵੇਗਾ।
ਸਿੱਖ ਕੌਮ ਤਾਂ ਮੁੱਢੋਂ ਹੀ ਏਨੀ ਭੋਲੀ ਹੈ ਕਿ ‘ਸਰਬੱਤ ਦੇ ਭਲੇ’ ਦੀ ਲੋਚਾਂ ਵਿਚ ਉਨ੍ਹਾਂ ਵਰਗਾਂ ਕੋਲੋਂ ਆਪਣਾ ਆਪ ਕੁਹਾਉਂਦੀ ਆਈ ਹੈ, ਜਿਹੜੇ ਕਦੇ ਵੀ ਇਸ ਦੇ ਸਕੇ ਨਾ ਹੈ, ਨਾ ਸਨ, ਨਾ ਹੋਣੇ। ਤਿਲਕ ਜੰਞੂ ਦੀ ਰਾਖੀ ਲਈ ਕਸ਼ਮੀਰੀ ਪੰਡਿਤਾਂ ਦੀ ਇਕ ਪੁਕਾਰ ਤੇ ਆਪਣਾ ਸੀਸ ਵਾਰ ਦੇਣ ਵਾਲੇ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਮਗਰੋਂ ਉਨ੍ਹਾਂ ਦੀ ਦੇਹ ਸੰਭਾਲਣ ਵੇਲੇ, ਉਹ ਸਾਰੇ ਕਿਧਰ ਛਾਈਂ ਮਾਈਂ ਹੋ ਗਏ, ਜਿਨ੍ਹਾਂ ਖਾਤਰ ਕੁਰਬਾਨੀ ਦਿੱਤੀ ਗਈ ਸੀ? ਅੱਜ ਵੀ ਗੁਰੂ ਤੇਗ਼ ਬਹਾਦਰ ਨੂੰ ‘ਹਿੰਦ ਦੀ ਚਾਦਰ’ ਆਖ ਕੇ ਅਸੀਂ ਖ਼ੁਦ ਹੀ ਮਾਣ-ਮੱਤੇ ਹੁੰਦੇ ਆਏ ਹਾਂ। ਕੀ ਕਦੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਜਾਂ ਵਰਗਾਂ ਨੇ ਵੀ ਇਸ ਤੱਥ ਨੂੰ ਪ੍ਰਵਾਨਗੀ ਜਾਂ ਮਾਣ ਦਿੱਤਾ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ‘ਸਿੱਖ ਇਤਿਹਾਸ ਰਿਸਰਚ ਬੋਰਡ’ ਵਲੋਂ 1965 ਈ: ਵਿਚ ਛਪੀ ਡਾ: ਗੰਡਾ ਸਿੰਘ ਦੁਆਰਾ ਸੰਪਾਦਿਤ ਪੁਸਤਕ, Some Confidential Papers of the Akali Movement (“ਅਕਾਲੀ ਲਹਿਰ ਦੇ ਕੁਝ ਗੁਪਤ ਕਾਗਜ਼"),ਵਿਚ 1925 ਈ: ਦੇ ਸਿੱਖ ਗੁਰਦੁਆਰਾ ਐਕਟ ਉਪ ਸਿਰਲੇਖ ਹੇਠ ਇਹ ਤੱਥ ਹੋਰ ਵੀ ਸਪਸ਼ੱਟ ਰੂਪ ਵਿਚ ਦਰਜ ਹੈ, ਕਿ ਜਦੋਂ ਸਰ ਮੈਲਕਮ ਹੇਲੀ ਪੰਜਾਬ ਦਾ ਗਵਰਨਰ ਬਣ ਕੇ ਸਰ ਐਡਵਰਡ ਮੈਕਲਾਗਨ ਦੀ ਥਾਂ ਆਇਆ ਤਾਂ ਇਕ ਆਮ ਸਿਆਸਤਦਾਨ ਵਾਲਾ ਰੁਖ ਅਪਨਾਉਂਦਿਆ ਉਸ ਸਪਸ਼ਟ ਆਖਿਆ:
“Why delay the Bill and let the Government get the blame. Give it to them and also their Gurdwaras. They will then quarrel among themselves. The Government will be free to do something else.”
(ਉਨ੍ਹਾਂ ਕਿਹਾ ਕਿ ਬਿੱਲ 'ਚ ਦੇਰੀ ਕਿਉਂ ਕੀਤੀ ਜਾਵੇ ਅਤੇ ਸਰਕਾਰ ਨੂੰ ਦੋਸ਼ੀ ਕਿਉਂ ਠਹਿਰਾਇਆ ਜਾਵੇ। ਇਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਗੁਰਦੁਆਰਿਆਂ ਨੂੰ ਵੀ ਦੇ ਦਿਓ। ਫਿਰ ਉਹ ਆਪਸ ਵਿੱਚ ਝਗੜਾ ਕਰਨਗੇ। ਸਰਕਾਰ ਕੁਝ ਹੋਰ ਕਰਨ ਲਈ ਸੁਤੰਤਰ ਹੋਵੇਗੀ।)
ਸਪਸ਼ੱਟ ਹੈ ਕਿ ਉਹ “ਜਾਤ ਪਾਤ ਸਿੰਘਨ ਕੀ ਦੰਗਾ” ਵਾਲੇ ਤੱਥ ਤੋਂ ਜਾਣੂੰ ਸੀ। ਉਸ ਗੱਲ ਹੀ ਮੁਕਾ ਦਿੱਤੀ ਕਿ ਇਹ ਬਿੱਲ ਲੇਟ ਕਰਕੇ ਸਰਕਾਰ ਨੂੰ ਆਪਣੇ ਸਿਰ ਦੋਸ਼ ਲੈਣ ਦੀ ਲੋੜ ਹੀ ਕੀ ਹੈ। ਇਨ੍ਹਾਂ ਨੂੰ ਇਨ੍ਹਾਂ ਦੇ ਹਾਲ ਤੇ ਹੀ ਛੱਡ ਦਿਓ, ਇਹ ਆਪਸ ਵਿਚ ਹੀ ਲੜ ਲੜ ਮਰ ਜਾਣਗੇ.. ਕੀ ਉਸ ਦੀ ਇਹ ਭਵਿੱਖਬਾਣੀ ਅੱਜ ਤਕ ਦੁਨੀਆਂ ਭਰ ਦੇ ਗੁਰਦੁਆਰਿਆਂ ਦੀਆਂ ਸਥਾਨਕ ਕਮੇਟੀਆਂ ਤੋਂ ਲੈ ਕੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਵਿਵਾਦਾਂ ਤਕ ਸੱਚ ਸਿੱਧ ਨਹੀਂ ਹੋ ਰਹੀ? ਜਿਸ ਵਿਚੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਫਿਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਉਜਾਗਰ ਹੋ ਰਹੀਆਂ ਹਨ।
ਜੇ ਸਮੁੱਚੇ ਵਿਸ਼ਵ ਵਿੱਚ ਫੈਲਿਆ ਸਿੱਖ ਪੰਥ ਹਕੀਕੀ ਰੂਪ ਵਿਚ ਮੀਰੀ ਪੀਰੀ ਦੇ ਸਿਧਾਂਤ ਦਾ ਜ਼ਾਮਨ ਹੈ ਅਤੇ ਆਪਣੀ ਰਾਜਨੀਤੀ ਨੂੰ ਧਰਮ ਦੇ ਮਾਤਹਿਤ ਚਲਾਉਂਦਾ ਹੈ ਤਾਂ ਦਿਨੋਂ ਦਿਨ ਇਹ ਨੌਬਤ ਕਿਉਂ ਆ ਰਹੀ ਹੈ? ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਵਿੱਤਰ ਸਿਰਜਣਾ ਦਿਵਸ ਦੀ ਚੌਥੀ ਸ਼ਤਾਬਦੀ ਨੂੰ ਸਮਰਪਤ ਇਸ ਸੈਮੀਨਾਰ ਦੇ, ਇਸ ਜਿੰਮੇਵਾਰ ਤੇ ਪੰਥਕ ਸੋਚ ਵਾਲੇ ਮੰਚ ਤੋਂ ਇਹ ਅਹਿਦ ਕੀਤਾ ਜਾਣਾ ਜ਼ਰੂਰੀ ਜਾਪਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਤੋਂ ਵਰੋਸਾਈ ਜਿਸ ਦ੍ਰਿਸ਼ਟੀ ਸੰਗ ਇਸ ਤਖ਼ਤ ਦੀ ਸਥਾਪਨਾ ਕੀਤੀ ਸੀ ਉਸ ਵਿਚੋਂ
ਆਪੇ ਸਿਧ ਸਾਧਿਕ ਵੀਚਾਰੀ॥
ਆਪੇ ਰਾਜਨੁ ਪੰਚਾ ਕਾਰੀ॥
ਤਖਤਿ ਬਹੈ ਅਦਲੀ ਪ੍ਰਭੁ ਆਪੇ
ਭਰਮੁ ਭੇਦੁ ਭਉ ਜਾਈ ਹੇ॥ (ਮਾਰੂ ਮਹਲਾ 1, ਅੰਗ 1022)
ਵਾਲੀ ਮੁਬਾਰਕ ਭਾਵਨਾ ਉਜਾਗਰ ਹੋਣੀ ਲਾਜ਼ਮੀ ਹੈ। ਅਕਾਲ ਤਖ਼ਤ ਤੋਂ ਜਾਰੀ ਕਿਸੇ ਵੀ ਫੁਰਮਾਣ ਨੂੰ ਜੇ ਸੰਗਤ ਅਕਾਲ ਪੁਰਖ ਦਾ ਫੁਰਮਾਣ ਜਾਣ ਕੇ ਸੀਸ ਝੁਕਾਉਜ਼ਦੀ ਹੈ ਤਾਂ ਫਿਰ
ਤਖਤਿ ਬਹੈ ਤਖਤੈ ਕੀ ਲਾਇਕ॥
ਪੰਚ ਸਮਾਏ ਗੁਰਮਤਿ ਪਾਇਕ॥
ਆਦਿ ਜੁਗਾਦੀ ਹੈ ਭੀ ਹੋਸੀ।
ਸਹਸਾ ਭਰਮੁ ਚੁਕਾਇਆ॥ (- ਮਾਰੂ ਮਹਲਾ 1, ਅੰਗ 1039)
ਵਾਲੀ ਭਾਵਨਾ ਵੀ ਕਾਇਮ ਰਹਿਣੀ ਚਾਹੀਦੀ ਹੈ। ਅਕਾਲ ਤਖ਼ਤ ਉੱਤੇ ਬਹਿ ਕੇ ਅਕਾਲ ਪੁਰਖ ਤੋਂ ਵਰੋਸਾਈ ਸੋਚ ਤੇ ਪਹਿਰਾ ਦੇਣ ਵਾਲੀ ਸ਼ਖ਼ਸੀਅਤ ਉਪਰ ਕਿਸੇ ਨੂੰ ‘ਸੰਸਾ’ ਜਾ ‘ਭਰਮ’ ਨਹੀਂ ਵਿਆਪਣਾ ਚਾਹੀਦਾ ਕਿ ਉਸ ਦੇ ਨਿਰਣੇ ਵਿਅਕਤੀਗਤ ਹਨ। ਕਿਉਂਕਿ ‘ਤਖਤਿ ਸਲਾਮ ਹੋਵੈ ਦਿਨ ਰਾਤੀ’ ਮੁਤਾਬਿਕ ਸਿੱਖ ਕੌਮ ਦਾ ਸਲਾਮ ਤਾਂ ਤਖ਼ਤ ਨੂੰ ਹੈ, ਉਸ ਦੇ ਸਰਬਰਾਹ ਦੀ ਜ਼ਾਤ ਨੂੰ ਨਹੀਂ, ਉਸ ਅੰਦਰ ਵਿਆਪਦੀ ਅਬਚਲੀ ਜੋਤ ਵਿਚੋਂ ਉਜਾਗਰ ਹੋਣ ਵਾਲੀ ਜੀਵਨ-ਜੁਗਤਿ ਨੂੰ ਹੈ, ਜਿਸ ਵਿਚੋਂ ਪੂਰੀ ਕੌਮ ਜੀਊਂਦੇ ਜੀਅ ਮੁਕਤ ਹੋਣ ਦਾ ਰਾਹ ਭਾਲਦੀ ਹੈ। ਸਮੁੱਚੀ ਸਿੱਖ ਕੌਮ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹੋ ਮਹੱਤਵ ਹੈ।”
ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਸ਼ਾਇਦ ਤੁਸੀਂ ਅੰਦਾਜ਼ਾ ਲਾ ਲਵੋਗੇ ਕਿ ਜੋ ਕੁਝ ਅੱਜ ਵਾਪਰ ਰਿਹਾ ਹੈ, ਉਸ ਦਾ ਖਦਸ਼ਾ ਮੈਂ 2006 ਵਿੱਚ ਇਸ ਪੇਪਰ ਰਾਹੀਂ ਕਰ ਦਿੱਤਾ ਸੀ।
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ "ਸੇਵਾ ਨਿਯਮ" ਬਣਾਉਣਾ, ਕਿੰਨਾ ਕੁ ਘਾਤਕ ਹੋ ਸਕਦਾ ਹੈ? ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਾਰੇ ਸੇਵਾ ਨਿਯਮ ਬਣਾਉਣਾ, ਕੀ ਕਾਨੂੰਨ ਪੱਖੋਂ ਜਾਇਜ਼ ਹੋਵੇਗਾ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਿੱਖ ਗੁਰਦੁਆਰਾ ਐਕਟ,1925 ਅਧੀਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਸਰਵਿਸ ਨਿਯਮ ਬਣਾਉਣ ਦਾ ਕੋਈ ਅਖਤਿਆਰ ਹੈ? ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ "ਨੌਕਰ" ਬਣਾਏ ਜਾਣਾ, ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਬਰਾਬਰ ਨਹੀਂ ਹੋਵੇਗਾ? ਇਹਨਾਂ ਸਾਰੇ ਮਹੱਤਵਪੂਰਨ ਵਿਸ਼ੇ ਵਿਸ਼ਿਆਂ ਤੇ ਮੈਂ ਅਪਣੇ ਵਿਚਾਰ ਆਪ ਜੀ ਨਾਲ ਅਗਲੇ ਲੇਖ ਵਿੱਚ ਸਾਂਝੇ ਕਰਾਂਗਾ।
ਡਾ: ਦਲਜੀਤ ਸਿੰਘ, ਐਲ ਐਲ.ਐਮ. ਪੀਐਚ.ਡੀ,
ਸਾਬਕਾ ਪ੍ਰਿੰਸੀਪਲ, ਖਾਲਸਾ ਕਾਲਜ ਅੰਮ੍ਰਿਤਸਰ
ਅਤੇ ਲਾਅ ਪ੍ਰੋਫੈਸਰ, ਜੀ.ਐਨ.ਡੀ.ਯੂ;
ਵਾਈਸ ਚਾਂਸਲਰ. ਰਿਆਤ ਬਾਹਰਾ ਯੂਨੀਵਰਸਿਟੀ, ਮੋਹਾਲੀ