ਲੁਧਿਆਣਾ ਵਿੱਚ ਇੱਕ ਦੁੱਖਦਾਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਥਾਣਾ ਨੰਬਰ 6 ਦੀ ਪੁਲਿਸ ਨੇ ਦੋ ਲੇਡੀ ਅਧਿਆਪਕਾਂ ਸਵਿਤਾ ਅਤੇ ਰਮੇਸ਼ਵਰੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਵੇਂ ਅਧਿਆਪਕਾਂ ਉੱਤੇ ਇੱਕ 13 ਸਾਲਾ ਵਿਦਿਆਰਥੀ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਬੱਚੇ ਨੇ ਆਪਣੇ ਘਰ ਦੀ ਛੱਤ ਉੱਤੇ ਟੀਨ ਨਾਲ ਚੁੰਨੀ ਰਾਹੀਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸੰਮਾਪਤ ਕਰ ਲਈ। ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਪਰਿਵਾਰ ਨੇ ਉਸ ਦੀ ਕਾਪੀ 'ਚੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ। ਨੋਟ ਵਿੱਚ ਲਿਖਿਆ ਗਿਆ ਸੀ ਕਿ ਉਹ ਆਪਣੀਆਂ ਹਿੰਦੀ ਤੇ ਪੰਜਾਬੀ ਦੀਆਂ ਅਧਿਆਪਕਾਵਾਂ ਤੋਂ ਬਹੁਤ ਪਰੇਸ਼ਾਨ ਸੀ।
ਪੁਲਿਸ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਨੇ ਮੌਤ ਤੋਂ ਪਹਿਲਾਂ ਆਪਣੀਆਂ ਤਕਲੀਫ਼ਾਂ ਲਿਖ ਕੇ ਛੱਡੀਆਂ, ਜਿਸ ਵਿਚ ਉਸ ਨੇ ਦੋਹਾਂ ਅਧਿਆਪਕਾਵਾਂ ਦੇ ਵਤੀਰੇ ਨੂੰ ਲੈ ਕੇ ਤਿੱਖੇ ਇਲਜ਼ਾਮ ਲਾਏ ਹਨ। ਵਿਦਿਆਰਥੀ ਦੇ ਪਿਤਾ ਬਲਵਿੰਦਰ ਕੁਮਾਰ ਸੈਣੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹਨਾਂ ਦਾ ਪੁੱਤਰ ਇੱਕ ਨੇੜਲੇ ਸਕੂਲ 'ਚ ਪੜ੍ਹਦਾ ਸੀ ਅਤੇ ਹਾਲ ਵਿੱਚ ਜਦੋਂ ਉਹ ਘਰ ਆਇਆ, ਉਸ ਤੋਂ ਕੁਝ ਸਮੇਂ ਬਾਅਦ ਉਸ ਨੇ ਇਹ ਕਦਮ ਚੁੱਕ ਲਿਆ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵੇਂ ਅਧਿਆਪਕਾਵਾਂ ਫਿਲਹਾਲ ਗ੍ਰਿਫ਼ਤ ਵਿੱਚ ਨਹੀਂ ਹਨ, ਪਰ ਉਨ੍ਹਾਂ ਨੂੰ ਜਲਦੀ ਕਾਬੂ ਕਰਨ ਦੀ ਕਾਰਵਾਈ ਚੱਲ ਰਹੀ ਹੈ। ਇਹ ਮਾਮਲਾ ਨਾ ਸਿਰਫ਼ ਸਿੱਖਿਆ ਪ੍ਰਣਾਲੀ, ਬਲਕਿ ਸਕੂਲਾਂ 'ਚ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਵੀ ਗੰਭੀਰ ਚਿੰਤਾ ਪੈਦਾ ਕਰਦਾ ਹੈ।