ਸਿਰੁ ਦੀਜੈ ਕਾਣਿ ਨ ਕੀਜੈ ॥
ਭਾਈ ਸਤੀ ਦਾਸ ਜੀ ਦਾ ਜਨਮ ਪਿਤਾ ਭਾਈ ਨੰਦ ਲਾਲ ਜੀ ਦੇ ਗ੍ਰਹਿ ਵਿਖੇ ੧੬੨੧ ਈ. ਨੂੰ ਪਿੰਡ ਕਿਰਆਲਾ (ਕਿੜਆਲਾ) ਜੇਹਲਮ ਲਹਿੰਦੇ ਪੰਜਾਬ ਅੰਦਰ ਹੋਇਆ ਸੀ। ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਦੇ ਸੱਕੇ ਭਰਾ ਸਨ। ਭਾਈ ਸਤੀ ਦਾਸ ਜੀ ਨੇ ਬਚਪਨ ਵਿੱਚ ਹੀ ਪੰਜ਼ਾਬੀ ,ਬ੍ਰਿਜ ,ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾ ਦਾ ਡੂੰਘਾ ਅਧਿਐਨ ਕੀਤਾ ਸੀ। ਭਾਈ ਮਤੀ ਦਾਸ ਜੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਦਰਬਾਰ ਵਿੱਚ ਦੀਵਾਨ ਸੀ ਅਤੇ ਭਾਈ ਸਤੀ ਦਾਸ ਇੱਕ ਉੱਚ ਕੋਟੀ ਦੇ ਲੇਖਕ ਅਤੇ ਅਨੁਵਾਦਕ ਦੇ ਤੌਰ ਤੇ ਗੁਰੂ ਘਰ ਵਿਖੇ ਸੇਵਾ ਨਿਭਾਉਂਦੇ ਸਨ।ਆਪ ਫਾਰਸੀ ਭਾਸ਼ਾ ਦੇ ਮਾਹਿਰ ਪੰਡਿਤ ਸੀ।ਆਪ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀਆਂ ਉਚਾਰਣਾਂ ਨੂੰ ਫਾਰਸੀ ਵਿੱਚ ਅਨੁਵਾਦ ਕਰਦੇ ਸਨ ਜੋ ਬਾਅਦ ਵਿੱਚ ਗੁਰਮੁਖੀ ਲਿਪੀ ਵਿੱਚ ਅਨੁਵਾਦਿਤ ਕੀਤੀਆਂ ਜਾਂਦੀਆਂ ਸਨ।
ਭਾਈ ਸਤੀ ਦਾਸ ਤੀਸਰੇ ਅਤੇ ਆਖਰੀ ਸਿੱਖ ਸਨ ਜਿਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਨਾਲ ਮੁਗਲ ਹੁਕਮਰਾਨ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਭਾਈ ਮਤੀ ਦਾਸ ਅਤੇ ਭਾਈ ਦਿਆਲਾ ਨੂੰ ਭਾਈ ਸਤੀ ਦਾਸ ਦੀਆਂ ਅੱਖਾਂ ਦੇ ਸਾਹਮਣੇ ਬਹੁਤ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਧਰਮ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।
ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਭਾਈ ਪਰਾਗਾ ਜੀ ਪਿੰਡ ਕੜਿਆਲ ਦੇ ਛਿੱਬੜ ਬ੍ਰਾਹਮਣ ਸਨ ਅਤੇ ਆਪ ਜੀ ਦੇ ਪਿਤਾ ਦਾ ਨਾਂ ਮਹਾਤਮਾ ਗੌਤਮ ਸੀ। ਭਾਈ ਪਰਾਗਾ ਜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖ ਧਰਮ ਆਪਣਾ ਲਿਆ ਸੀ। ਭਾਈ ਪਰਾਗਾ ਜੀ ਦੇ ਚਾਰ ਸਪੁੱਤਰ ਸਨ ਜਿਨ੍ਹਾਂ ਦਾ ਨਾਮ ਭਾਈ ਮਤੀ ਦਾਸ ,ਭਾਈ ਸਤੀ ਦਾਸ ,ਭਾਈ ਜਤੀ ਦਾਸ ਤੇ ਭਾਈ ਸਖੀ ਦਾਸ ਸੀ। ਭਾਈ ਮਤੀ ਦਾਸ ਭਾਈ ਪਰਾਗੇ ਦੇ ਜੇਠੇ ਸਪੁੱਤਰ ਸੀ।
ਇਤਿਹਾਸਿਕ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਭਾਈ ਮਤੀ ਦਾਸ ਜੀ ਦੇ ਦਾਦਾ ਗੌਤਮ ਦਾਸ ਜੀ ਇਲਾਕੇ ਵਿੱਚ ਰਸੂਖਦਾਰ ਵਿਅਕਤੀ ਸਨ। ਇਲਾਕੇ ਦੀਆਂ ਸੰਗਤਾਂ ਗੌਤਮ ਦਾਸ ਜੀ ਪਾਸ ਆਪਣੀਆਂ ਨਿੱਕੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਲਈ ਅਕਸਰ ਆਇਆ ਜਾਇਆ ਕਰਨੀਆਂ ਸਨ। ਗੌਤਮ ਦਾਸ ਜੀ ਦਾ ਮੇਲ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਹੋਇਆ । ਸਤਿਗੁਰੂ ਸ੍ਰੀ ਅਰਜਨ ਦੇਵ ਜੀ ਮਹਾਰਾਜ ਤੋਂ ਗੌਤਮ ਦਾਸ ਜੀ ਬਹੁਤ ਪ੍ਰਭਾਵਿਤ ਹੋਏ ਤੇ ਆਪ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ।
ਸੰਨ 1978 ਵਿੱਚ ਗਿਆਨੀ ਮੋਤਾ ਸਿੰਘ ਚਕਵਾਲੀਆ ਜੀ ਦਿੱਲੀ ਨੇ ਹਰਿਦੁਆਰ ਦੇ ਪਾਂਡਿਆਂ ਦੀਆਂ ਵਹੀਆਂ ਤੋਂ ਭਾਈ ਮਤੀਦਾਸ ਤੇ ਭਾਈ ਸਤੀਦਾਸ ਬਾਰੇ ਸੰਪੂਰਨ ਜਾਣਕਾਰੀ ਹਾਸਿਲ ਕਰਕੇ ਮਿਤੀ 2 ਫਰਵਰੀ ਸੰਨ 1978 ਦੇ ਖਾਲਸਾ ਸਮਾਚਾਰ ਅੰਮ੍ਰਿਤਸਰ ਅਖ਼ਬਾਰ ਦੇ ਵਿੱਚ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ। ਇਸ ਲੇਖ ਨੂੰ ਬਤੌਰ ਇਤਿਹਾਸਿਕ ਦਸਤਾਵੇਜ ਖੰਗਾਲਦੇ ਹੋਏ ਇਹ ਜਾਣਕਾਰੀ ਮਿਲਦੀ ਹੈ ਕਿ ਪਾਂਡਿਆਂ ਦੀਆਂ ਵਹੀਆਂ ਵਿੱਚ ਭਾਈ ਮਤੀ ਦਾਸ ਦੇ ਦਸਤਖ਼ਤ ਗੁਰਮੁਖੀ ਵਿੱਚ ਸਨ ਅਤੇ ਪਰਿਵਾਰਿਕ ਜਾਣਕਾਰੀ ਅਨੁਸਾਰ ਇਸ ਪਰਿਵਾਰ ਦਾ ਮੁਖੀਆ ਭਾਈ ਪਰਾਗਾ ਸੀ। ਭਾਈ ਪਰਾਗਾ ਦੇ ਸਪੁੱਤਰ ਦਾ ਨਾਂ ਭਾਈ ਦਵਾਰਕਾ ਦਾਸ ਸੀ ਅਤੇ ਭਾਈ ਦਵਾਰਕਾ ਦਾਸ ਦੇ ਚਾਰ ਸਪੁੱਤਰ ਸਨ। ਇਹਨਾਂ ਚਾਰਾਂ ਵਿੱਚੋਂ ਇੱਕ ਪੁੱਤਰ ਦਾ ਨਾਂ ਭਾਈ ਕਬੂਲ ਦਾਸ ਸੀ ਅਤੇ ਕਬੂਲ ਦਾਸ ਤੇ ਤਿੰਨ ਪੁੱਤਰਾਂ ਦਾ ਨਾਂ ਭਾਈ ਮਤੀ ਦਾਸ ,ਭਾਈ ਸਤੀ ਦਾਸ ਅਤੇ ਭਾਈ ਜਤੀ ਦਾਸ ਜੀ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਤਿਹਾਸਿਕ ਨਗਰ ਸ੍ਰੀ ਅਨੰਦਪੁਰ ਸਾਹਿਬ ਦੀ ਉਸਾਰੀ ਦਾ ਕਾਰਜ ਭਾਈ ਮਤੀ ਦਾਸ ਜੀ ਦੇ ਜ਼ਿੰਮੇ ਲਗਾਇਆ ਹੋਇਆ ਸੀ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਭਾਰਤ ਫੇਰੀ ਨਿਕਲੇ ਤਾਂ ਭਾਈ ਮਤੀ ਦਾਸ ਜੀ ਨੇ ਭਾਈ ਸਤੀ ਦਾਸ ਜੀ ਨੇ ਆਪਣੇ ਕੋਲ ਬੁਲਾ ਲਿਆ ਸੀ। ਭਾਈ ਸਤੀ ਦਾਸ ਜੀ ਬਤੌਰ ਸਹਾਇਕ ਦੀਵਾਨ ਅਨੰਦਪੁਰ ਸਾਹਿਬ ਦੀ ਉਸਾਰੀ ਦਾ ਕਾਰਜ ਵੇਖਦੇ ਸਨ ਅਤੇ ਆਪਣੇ ਸਵੇਰੇ ਸ਼ਾਮ ਦੇ ਸਮੇਂ ਨੂੰ ਨਾਮ ਬਾਣੀ ਵਿੱਚ ਬਤੀਤ ਕਰਦੇ ਸਨ।
ਸੰਨ 1675 ਈਸਵੀ ਵਿੱਚ ਮੁਗ਼ਲ ਹੁਕਮਰਾਨ ਔਰੰਗਜ਼ੇਬ ਨੇ ਜ਼ੁਲਮ ਤੇ ਜ਼ਬਰ ਦੀ ਹਨੇਰੀ ਝੁਲਾ ਦਿੱਤੀ ਅਤੇ ਸਾਰੇ ਗੈਰ ਮੁਸਲਮਾਨਾਂ ਨੂੰ ਧੱਕੇ ਨਾਲ ਮੁਸਲਮਾਨ ਧਰਮ ਵਿੱਚ ਤਬਦੀਲ ਕਰਵਾਉਣ ਦਾ ਟੀਚਾ ਮਿੱਥ ਲਿਆ। ਇਸ ਨਾਜ਼ੁਕ ਮੌਕੇ ਕਸ਼ਮੀਰੀ ਪੰਡਿਤਾਂ ਦੀ ਪ੍ਰਤੀ ਬੇਨਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦੇਣ ਦਾ ਫੈਸਲਾ ਕੀਤਾ।
ਦੁਖੀਏ ਬਿਪਰ ਜੁ ਚਲ ਆਏ ਪੁਰੀ ਅਨੰਦ।
ਬਾਂਹ ਸਾਡੀ ਪਕੜੀਏ ਗੁਰੂ ਹਰਿ ਗੋਬਿੰਦ ਕੇ ਚੰਦ।
ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਪੰਜ ਸਿੱਖਾਂ ਸਮੇਤ ਗਿਰਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ।ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਹਨਾਂ ਦੇ ਸਿੰਘਾਂ ਨੂੰ ਧਰਮ ਤਬਦੀਲ ਕਰਨ ਲਈ ਹਰ ਤਰ੍ਹਾਂ ਦਾ ਡਰ ਅਤੇ ਧਮਕੀਆਂ ਤੇ ਡਰਾਵੇ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਦੇ ਸਿੱਖ ਆਪਣੇ ਇਮਾਨ ਤੇ ਅਡੋਲ ਰਹੇ। ਔਰੰਗਜ਼ੇਬ ਨੇ ਜਦੋਂ ਆਪਣੀ ਵਾਹ ਚਲਦੀ ਨਾ ਵੇਖੀ ਤਾਂ ਉਸ ਨੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦੇਣ ਅਤੇ ਭਾਈ ਦਿਆਲਾ ਜੀ ਨੂੰ ਬਲਦੀ ਦੇਗ ਵਿੱਚ ਬਿਠਾਉਣ ਦਾ ਫ਼ਤਵਾ ਜਾਰੀ ਕਰ ਦਿੱਤਾ। ਭਾਈ ਮਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਭਾਈ ਸਤੀ ਦਾਸ ਜੀ ਦੇ ਸਨਮੁੱਖ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਸਤੀ ਦਾਸ ਜੀ ਨੂੰ ਜਿਉਂਦੇ ਜੀ ਸਾੜ ਦੇਣ ਦਾ ਫ਼ਰਮਾਨ ਔਰੰਗਜ਼ੇਬ ਨੇ ਕਾਜ਼ੀਆਂ ਦੀ ਸਲਾਹ ਤੇ ਜਾਰੀ ਕੀਤਾ। ਭਾਈ ਸਤੀ ਦਾਸ ਜੀ ਨੂੰ ਕੈਦਖਾਨੇ ਵਿੱਚੋਂ ਕੱਢ ਕੇ ਖੁੱਲੀ ਥਾਂ ਲਿਜਾ ਕੇ ਥੰਮ ਨਾਲ ਬੰਨ੍ਹ ਦਿੱਤਾ ਗਿਆ। ਜ਼ਲਾਦਾਂ ਨੇ ਉਹਨਾਂ ਦੇ ਸਰੀਰ ਦੇ ਆਲੇ ਦੁਆਲੇ ਰੂੰ ਲਪੇਟ ਕੇ ਤੇਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ। ਭਾਈ ਸਤੀ ਦਾਸ ਜੀ ਸ਼ਾਂਤ ਚਿੱਤ ਹੋ ਕੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਦੇ ਰਹੇ ਅਤੇ ਉਹਨਾਂ ਦਾ ਸਰੀਰ ਜਿਉਂਦੇ ਜੀ ਸੜਨ ਲੱਗ ਪਿਆ। ਇਸ ਖੌਫਨਾਕ ਮੰਜ਼ਰ ਨੂੰ ਵੇਖ ਕੇ ਲੋਕਾਂ ਨੇ ਆਪਣੇ ਦੰਦਾਂ ਥੱਲੇ ਉਂਗਲਾਂ ਦੇ ਲਈਆਂ ਤੇ ਉਨਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਅਤੇ ਸਿੱਖਾਂ ਦੇ ਸਬਰ ਨੂੰ ਦਿਲੋਂ ਸਿਜਦਾ ਕੀਤਾ।ਕੁਝ ਸਮੇਂ ਦੇ ਵਕਫੇ ਨਾਲ ਭਾਈ ਸਤੀ ਦਾਸ ਜੀ ਦੀ ਸ਼ਹਾਦਤ ਹੋ ਗਈ ਅਤੇ ਸਿੱਖ ਇਤਿਹਾਸ ਵਿੱਚ ਕੁਰਬਾਨੀਆਂ ਦਾ ਇੱਕ ਨਵਾਂ ਇਤਿਹਾਸ ਦਰਜ ਹੋ ਗਿਆ ਸੀ।
ਫ਼ਲ਼ਦੇ ਫ਼ੁਲ਼ਦੇ ਨੇ ਕੌਮਾਂ ਦੇ ਬ੍ਰਿਛ ਉਹੋ,
ਕੌਮਾਂ ਉਹਨਾਂ ਦੀ ਹੀ ਛਾਵੇਂ ਬਹਿੰਦੀਆਂ ਨੇ।
ਵਿੱਚ ਔੜ ਦੇ ਵੀ ਜੜ੍ਹਾਂ ਜਿਨ੍ਹਾਂ ਦੀਆਂ,
ਨਾਲ ਰੱਤ ਦੇ ਗਿਲੀਆਂ ਰਹਿੰਦੀਆਂ ਨੇ।
ਉਪਰੋਕਤ ਖਿਆਲ ਵਿੱਚ ਕਿਸੇ ਸ਼ਾਇਰ ਨੇ ਕੌਮ ਬਾਬਤ ਬਿਆਨ ਕੀਤਾ ਹੈ ਕਿ ਜਿਸ ਕੌਮ ਦੀਆਂ ਜੜਾਂ ਸ਼ਹੀਦੀਆਂ ਦੇ ਰੱਤ ਨਾਲ ਸਿੰਜੀਆਂ ਹੋਣ ਉਹ ਕੌਮ ਜੁਗਾਂ ਜੁਗਾਂ ਤੱਕ ਅਡੋਲ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ।