ਫਿਰੋਜ਼ਪੁਰ, 30 ਜੁਲਾਈ 2025 – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਲੈਂਡ ਪੁਲਿੰਗ ਨੀਤੀ ਦੇ ਵਿਰੋਧ 'ਚ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ।
ਕਿਸਾਨ ਕਾਫਲਾ ਫਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਤੇ ਡੀਸੀ ਕੰਪਲੈਕਸ ਤਕ ਨਾਅਰੇਬਾਜ਼ੀ ਕਰਦਿਆਂ ਪਹੁੰਚਿਆ। ਕਿਸਾਨਾਂ ਨੇ ਲੈਂਡ ਪੁਲਿੰਗ ਨੀਤੀ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਇਹ ਨੀਤੀ ਤੁਰੰਤ ਰੱਦ ਕੀਤੀ ਜਾਵੇ।
ਕਿਸਾਨ ਆਗੂਆਂ ਦਾ ਆਰੋਪ
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀਯੋਗ ਜ਼ਮੀਨਾਂ ਨੂੰ ਜਬਰੀ ਖਾਲੀ ਕਰਵਾ ਕੇ ਕਾਰਪੋਰੇਟ ਹੱਥੀਂ ਸੌਂਪਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਇਹ ਨੀਤੀ ਕਿਸਾਨਾਂ ਨੂੰ ਉਜਾੜਨ ਅਤੇ ਉਨ੍ਹਾਂ ਦੀ ਆਰਥਿਕਤਾ ਨੂੰ ਨਸ਼ਟ ਕਰਨ ਵਾਲੀ ਹੈ। ਜ਼ਮੀਨ ਕਿਸਾਨ ਦਾ ਜੀਵਨ ਧਾਰਾ ਹੈ ਤੇ ਇਹ ਉਨ੍ਹਾਂ ਤੋਂ ਕਿਸੇ ਵੀ ਹਾਲਤ 'ਚ ਖੋਹਣ ਨਹੀਂ ਦਿੱਤੀ ਜਾਵੇਗੀ।
24 ਅਗਸਤ ਨੂੰ ਰੈਲੀ ਦਾ ਐਲਾਨ
ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ ਇਹ ਨੀਤੀ ਵਾਪਸ ਨਹੀਂ ਲਾਈ ਜਾਂਦੀ ਤਾਂ 24 ਅਗਸਤ ਨੂੰ ਮੁੱਲਾਂਪੁਰ ਵਿਖੇ ਪੰਜਾਬ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਲੱਖਾਂ ਕਿਸਾਨ ਸ਼ਾਮਲ ਹੋਣਗੇ।
ਵਖ-ਵੱਖ ਆਗੂ ਰਹੇ ਸ਼ਾਮਲ
ਇਸ ਮੌਕੇ ਜਾਗੀਰ ਸਿੰਘ ਖਹਿਰਾ, ਅਵਤਾਰ ਸਿੰਘ ਮਹਿਮਾਂ, ਮੇਜਰ ਸਿੰਘ ਰੰਧਾਵਾ, ਕਿਰਪਾ ਸਿੰਘ ਨੱਥੂਵਾਲਾ, ਗੁਰਿੰਦਰ ਸਿੰਘ ਖਹਿਰਾ, ਸੁਖਮੰਦਰ ਸਿੰਘ ਬੁਈਆ ਵਾਲਾ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ ਲਹਿਰਾ ਅਤੇ ਗੁਰਦਿੱਤ ਸਿੰਘ ਆਦਿ ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ।