ਪਿਛਲੇ ਦਿਨਾਂ ਤੋ ਲਗਾਤਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੇਲ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ‘ਤੇ ਬੰਬਾਂ ਨਾਲ ਹਮਲਾ ਕਰਕੇ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ।ਧਮਕੀਆਂ ਵਿੱਚ ਇੱਥੋਂ ਤੱਕ ਕਿਹਾ ਗਿਆ ਕਿ ਪਾਈਪਾਂ ਵਿੱਚ ਆਰ ਡੀ ਐਕਸ ਭਰਕੇ ਧਮਾਕੇ ਕੀਤੇ ਜਾਣਗੇ,ਜਿਸਦਾ ਮਤਲਬ ਹੈ ਕਿ ਧਮਕੀ ਵਿੱਚ ਜਬਰਦਸਤ ਨੁਕਸਾਨ ਕਰਨ ਵੱਲ ਇਸ਼ਾਰਾ ਕੀਤਾ ਗਿਆ। ਬੀਤੇ ਕੱਲ੍ਹ ਈ ਮੇਲ ਰਾਹੀ ਧਮਕੀਆਂ ਭੇਜਣ ਵਾਲਾ ਕਤਿੱਥ ਦੋਸ਼ੀ ਸ਼ੂਭਮ ਦੁਬੇ ਫਰੀਦਾਵਾਦ ਤੋ ਕਾਬੂ ਕਰ ਲਿਆ ਗਿਆ ਹੈ।ਸ਼ੂਭਮ ਦੁਬੇ ਦਾ ਸਬੰਧ ਤਾਮਿਲ ਨਾਲ ਹੋਣ ਬਾਰੇ ਖਬਰਾਂ ਮਿਲ ਰਹੀਆਂ ਹਨ।ਉਹ ਸੌਫਟ ਵੇਅਰ ਇੰਜਨੀਅਰ ਹੈ,ਜਿਸ ਨੂੰ ਕੰਪਿਊਟਰ ਬਾਰੇ ਪੂਰੀ ਜਾਣਕਾਰੀ ਹੈ।ਉਹਨੂੰ ਪਤਾ ਹੈ ਕਿ ਕਿਸਤਰਾਂ ਪਛਾਣ ਨੂੰ ਛੁਪਾਉਣਾ ਹੈ,ਕਿਸਤਰਾਂ ਆਈ ਪੀ ਐਡਰੈਸ ਨੂੰ ਵਿਦੇਸੀ ਐਡਰੈਸ ਵਿੱਚ ਬਦਲਣਾ ਹੈ। ਇਸ ਤੋ ਇਲਾਵਾ ਵੀ ਹੋਰ ਦੋਸ਼ੀਆਂ ਦਾ ਸਬੰਧ ਤਾਮਿਲਨਾਡੂ ਨਾਲ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ,ਜਿਸ ਵਿੱਚ ਇੱਕ ਵਿਦਿਆਰਥਣ ਦੇ ਹੋਣ ਬਾਰੇ ਵੀ ਸੱਕ ਜਤਾਇਆ ਜਾ ਰਿਹਾ ਹੈ। ਸ਼ੁਭਮ ਦਾ ਸਬੰਧ ਪਹਿਲੀ ਈ ਮੇਲ ਨਾਲ ਦੱਸਿਆ ਜਾ ਰਿਹਾ ਹੈ,ਪਰ ਹੈਰਾਨੀ ਦੀ ਗੱਲ ਹੈ ਕਿ ਇੱਕ ਦੋਸ਼ੀ ਦੇ ਫੜੇ ਜਾਣ ਦੇ ਬਾਵਜੂਦ ਵੀ ਧਮਕੀਆਂ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ। ਬੀ ਟੈਕ ਪਾਸ ਸ਼ੁਭਮ ਦੁਬੇ ਬਹੁਤ ਸਾਰੀਆਂ ਕੰਪਨੀਆਂ ਵਿੱਚ ਕੰਮ ਕਰ ਚੁੱਕਾ ਹੈ। ਉਪਰੋਕਤ ਮਿਲੀ ਜਾਣਕਾਰੀ ਤੋ ਸਪੱਸਟ ਹੈ ਕਿ ਧਮਕੀਆਂ ਭੇਜਣ ਵਾਲੇ ਮਹਿਜ਼ ਸਰਾਰਾਤੀ ਅਨਸਰ ਨਹੀ ਹਨ,ਬਲਕਿ ਪੜੇ ਲਿਖੇ,ਆਪਣਾ ਘਾਟਾ ਨਫਾ ਸਮਝਣ ਵਾਲੇ ਵਿਅਕਤੀ ਹਨ,ਜਿੰਨਾਂ ਦੀ ਮਾਨਸਿਕਤਾ ਵਿੱਚ ਘੱਟ ਗਿਣਤੀਆਂ ਪ੍ਰਤੀ ਨਫਰਤ ਭਰੀ ਹੋਈ ਹੈ।ਕਿਸੇ ਆਮ ਵਿਅਕਤੀ ਵੱਲੋਂ ਅਜਿਹੀ ਧਮਕੀ ਭੇਜਣਾ ਸਰਾਰਤ ਹੋ ਸਕਦਾ ਹੈ,ਪਰ ਕਿਸੇ ਇੰਜਨੀਅਰ ਵੱਲੋਂ ਅਜਿਹਾ ਕਰਨਾ ਬਿਲਕੁਲ ਵੀ ਆਮ ਵਰਤਾਰਾ ਨਹੀ ਹੈ। ਇਸ ਤੋ ਵੀ ਅੱਗੇ ਅਜਿਹੇ ਦਹਿਸਤਗਰਦੀ ਮਿਸ਼ਨ ਵਿੱਚ ਮਹਿਲਾਵਾਂ ਦਾ ਸ਼ਾਮਲ ਹੋਣਾ ਖਤਰਨਾਕ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ।
ਜਿਸਤਰਾਂ ਪੰਜਾਬ ਅੰਦਰ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਨਿਰੰਤਰ ਲੜੀ ਚਲਾਈ ਗਈ,ਠੀਕ ਉਸ ਤਰਜ਼ ਤੇ ਹੀ ਹੁਣ ਧਮਕੀਆਂ ਦਾ ਸਿਲਸਿਲਾ ਚਲਾਇਆ ਗਿਆ ਹੈ। ਪੰਜਾਬ ਪੁਲਿਸ ਜਿਹੜੀ ਅਜਿਹੇ ਮਸਲਿਆਂ ਦੀ ਤਹਿ ਤੱਕ ਜਾਣ ਦੇ ਪੂਰੀ ਤਰਾਂ ਸਮਰੱਥ ਹੈ,ਉਹਨਾਂ ਵੱਲੋਂ ਇਹ ਸਾਰਾ ਮਾਮਲਾ ਪਤਾ ਲਗਾ ਲਿਆ ਜਾਵੇਗਾ,ਪਰ ਇਹ ਨਹੀ ਕਿਹਾ ਜਾ ਸਕਦਾ ਕਿ ਸਾਜਿਸ਼ ਬੇਨਕਾਬ ਹੋਵੇਗੀ ਜਾਂ ਨਹੀ। ਇੱਥੇ ਸਮਝਣ ਵਾਲੀ ਅਤੇ ਚਿੰਤਾ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਮੁਲਕ ਲਈ ਸਿੱਖਾਂ ਨੇ ਸਭ ਤੋ ਵੱਧ ਕਸ਼ਟ ਝੱਲੇ ਹਨ,ਜਿਸ ਮੁਲਕ ਨੂੰ ਅਜਾਦ ਕਰਵਾਉਣ ਲਈ ਸਭ ਤੋ ਵੱਧ ਕੁਰਬਾਨੀਆਂ ਦਿੱਤੀਆਂ।ਆਪਣਾ ਖੁੱਸਿਆ ਰਾਜ ਭਾਗ ਵਾਪਸ ਲੈਣ ਦੀ ਬਜਾਏ ਭਾਰਤ ਦੀ ਆਜ਼ਾਦੀ ਨੂੰ ਪਹਿਲ ਦਿੱਤੀ,ਉਸ ਮੁਲਕ ਦੇ ਵਾਸੀਆਂ ਦੇ ਮਨਾਂ ਵਿੱਚ ਸਿੱਖ ਕੌਂਮ ਪ੍ਰਤੀ ਐਨੀ ਨਫਰਤ ਕਿਉਂ ਹੈ ? ਕਿਸੇ ਕੁਦਰਤੀ ਆਫਤ ਦੇ ਸਮੇ ਸਿੱਖ ਹੀ ਇੱਕ ਅਜਿਹੀ ਕੌਂਮ ਹੈ ਜਿਸ ਦੇ ਸਿਧਾਂਤ ਉਹਨੂੰ ਮਾਨਵਤਾ ਦੇ ਭਲੇ ਦਾ ਪਾਠ ਪੜਾਉਂਦੇ ਹਨ,ਜਿਸ ਦੇ ਕਰਕੇ ਉਹ ਭੇਦ ਭਾਵ ਤੋ ਉੱਪਰ ਉੱਠ ਕੇ ਲੋੜਬੰਦਾਂ ਦੀ ਮਦਦ ਕਰਦੇ ਹਨ। ਲੰਗਰ ਲਾਉਂਦੇ ਹਨ। ਉਹਨਾਂ ਦੀਆਂ ਜਰੂਰੀ ਲੋੜਾਂ ਦੀ ਪੂਰਤੀ ਕਰਦੇ ਹਨ।ਪਿਛਲੇ ਸਾਲਾਂ ਵਿੱਚ ਮੁਬਈ ਅਤੇ ਕੇਰਲਾ ਸਮੇਤ ਮੁਲਕ ਦੇ ਵੱਖ ਵੱਖ ਖਿੱਤਿਆਂ ਵਿੱਚ ਆਏ ਹੜ੍ਹਾਂ ਦੌਰਾਨ ਜਦੋ ਉੱਥੋਂ ਦੀ ਜਿੰਦਗੀ ਬਦ ਤੋ ਬਦਤਰ ਬਣੀ ਹੋਈ ਸੀ,ਉਸ ਮੌਕੇ ਸਿੱਖਾਂ ਵੱਲੋਂ ਹੀ ਉਹਨਾਂ ਪੀੜਤ ਲੋਕਾਂ ਦੀ ਬਾਂਹ ਫੜੀ ਗਈ ਸੀ।ਇਹ ਇੱਕ ਵਾਰ ਨਹੀ ਬਲਕਿ ਅਜਿਹਾ ਹਮੇਸਾਂ ਹੀ ਹੁੰਦਾ ਰਿਹਾ ਹੈ।ਪਿਛਲੇ ਸਾਲਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਸੈਲਾਨੀਆਂ ਨਾਲ ਹਿਮਾਚਲੀ ਲੋਕਾਂ ਵੱਲੋਂ ਜਿਸਤਰਾਂ ਫਿਰਕੂ ਨਫਰਤ ਦਾ ਪ੍ਰਗਟਾਵਾ ਕੀਤਾ ਗਿਆ,ਸਿੱਖਾਂ ‘ਤੇ ਹਮਲੇ ਕੀਤੇ ਗਏ,ਉਹਨਾਂ ਦੇ ਵਾਹਨ ਭੰਨੇ ਤੋੜੇ ਗਏ,ਪਰ ਇਸ ਦੇ ਬਾਵਜੂਦ ਸਿੱਖਾਂ ਨੇ ਆਪਣੇ ਸਿਧਾਂਤ ਤੋ ਮੁੱਖ ਨਹੀ ਮੋੜਿਆ,ਆਪਣੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਆਂਚ ਨਹੀ ਆਉਣ ਦਿੱਤੀ। ਹੁਣ ਮੌਜੂਦਾ ਸਮੇ ਵਿੱਚ ਜਦੋਂ ਹਿਮਾਚਲ ਪ੍ਰਦੇਸ ਵਿੱਚ ਹੜਾਂ ਨੇ ਤਬਾਹੀ ਮਚਾਈ,ਤਾਂ ਉੱਥੇ ਵੀ ਹਿਮਾਚਲੀਆਂ ਦੇ ਕੀਤੇ ਬੁਰੇ ਕਰਮਾਂ ਨੂੰ ਅਣਗੌਲ਼ਿਆਂ ਕਰਕੇ ਸਭ ਤੋ ਪਹਿਲਾਂ ਪੀੜਤਾਂ ਦੀ ਮਦਦ ਲਈ ਲੰਗਰ ਇੱਕ ਸਿੱਖ ਵੱਲੋਂ ਲਾਏ ਗਏ। ਸੋ ਅਜਿਹੀ ਕੌਂਮ ਜਿਸਨੂੰ ਉਹਨਾਂ ਦੇ ਗੁਰੂ ਸਾਹਿਬਾਨਾਂ ਨੇ ਕਿਸੇ ਗੈਰ ਫਿਰਕੇ ਦੇ ਲੋਕਾਂ ਪ੍ਰਤੀ ਨਫਰਤ ਨਾ ਪਾਲਣ ਲਈ
“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ”
ਦੇ ਪ੍ਰਵਚਨ ਦ੍ਰਿੜ ਕਰਵਾਏ ਹੋਣ ਅਤੇ ਉਹ ਕੌਂਮ ਦੇ ਲੋਕ ਆਪਣੇ ਗੁਰੂ ਦੇ ਹੁਕਮਾਂ ‘ਤੇ ਪਹਿਰਾ ਦਿੰਦੇ ਹੋਣ,ਅਤੇ ਇਸ ਤੋਂ ਅੱਗੇ ਸਿੱਖਾਂ ਦੀ ਸਹਿਣਸ਼ੀਲਤਾ ਬਾਰੇ ਖੁਦ ਇੰਡੀਅਨ ਐਕਸਪ੍ਰੈਸ ਦੇ ਇੱਕ ਮੰਨੇ ਪ੍ਰਮੰਨੇ ਪੱਤਰਕਾਰ ਸੰਜੇ ਸੂਰੀ ਨੇ ਇੱਕ ਇੰਟਰਵਿਊ ਵਿੱਚ ਜੂਨ 1984 ਦੇ ਅੱਖੀ ਡਿੱਠੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੋ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਿੰਡ ਰੋਡੇ ਵਿਖੇ ਉਹਨਾਂ ਦੇ ਘਰ ਪਹੁੰਚਣ ਤੱਕ ਦੇ ਵਿਰਤਾਂਤ ਅਤੇ ਨਵੰਬਰ 1984 ਦੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਜੋ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਸਿੱਖਾਂ ਨਾਲ ਹੋਇਆ,ਉਹਨਾਂ ਤੁਲਨਾਤਮਿਕ ਘਟਨਾਵਾਂ ਦਾ ਜਿਕਰ ਕਰਦਿਆਂ ਕਬੂਲਿਆ ਹੋਵੇ, ਕਿ ਇੱਕ ਪਾਸੇ ਸਿੱਖਾਂ ਦੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ,ਹਜਾਰਾਂ ਬੇਗੁਨਾਹ ਲੋਕਾਂ ਤੋਂ ਇਲਾਵਾ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ,ਜਿੰਨਾਂ ਦੇ ਘਰ ਉਸ ਮੌਕੇ ਮੈ ਬਿਲਕੁਲ ਸੁਰਖਿਅਤ ਬੈਠਾ ਹੋਇਆ ਸੀ ਅਤੇ ਮੈਨੂੰ ਖਾਣਾ ਖਵਾਇਆ ਜਾ ਰਿਹਾ ਸੀ,ਮੇਰਾ ਪੂਰਾ ਖਿਆਲ ਰੱਖਿਆਂ ਜਾ ਰਿਹਾ ਸੀ,ਉਹਨਾਂ ਪੇਂਡੂ ਲੋਕਾਂ ਨੇ ਮੈਨੂੰ ਇਹ ਸਮਝਕੇ ਬਿਲਕੁਲ ਵੀ ਕੋਈ ਨੁਕਸਾਨ ਪਹੁੰਚਾਉਣ ਦਾ ਖਿਆਲ ਤੱਕ ਵੀ ਆਪਣੇ ਮਨ ਵਿੱਚ ਨਹੀ ਲੈ ਕੇ ਆਂਦਾ,ਕਿ ਉਹਨਾਂ ਦੇ ਸਭ ਤੋ ਪਵਿੱਤਰ ਅਸਥਾਨ ਨੂੰ ਢਹਿ ਢੇਰੀ ਕਰਨ ਵਾਲੇ ਮੇਰੇ ਵਰਗੇ ਦਿਸਦੇ ਸਨ,ਭਾਵ ਉਹ ਹਿੰਦੂ ਸਨ,ਜਦੋ ਕਿ ਇੱਕ ਪ੍ਰਧਾਨ ਮੰਤਰੀ ਦੇ ਕਤਲ ਤੋ ਬਾਅਦ ਸਿੱਖਾਂ ਨੂੰ ਲੱਭ ਲੱਭ ਕੇ ਇਸ ਲਈ ਮਾਰਿਆ ਗਿਆ,ਕਿਉਂਕਿ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੱਖ ਸਨ। ਉਹਨਾਂ ਕਿਹਾ ਕਿ ਮੈ ਆਪਣੀ ਪੁਸਤਕ ਵਿੱਚ ਇਹ ਜਿਕਰ ਕਰਦਿਆਂ ਲਿਖਿਆ ਹੈ ਕਿ “ਮੈਨੂੰ ਦਿੱਲੀ ‘ਤੇ ਸ਼ਰਮ ਆਈ ਅਤੇ ਪੰਜਾਬ ਤੇ ਮਾਣ ਹੋਇਆ”।ਸੋ ਫਿਰ ਵੀ ਅਜਿਹੀ ਗੁਰੂ ਦੇ ਭਾਣੇ ਚ ਰਹਿਣ ਵਾਲੀ ਕੌਂਮ ਪ੍ਰਤੀ ਮਨਾਂ ਵਿੱਚ ਨਫਰਤ ਪਾਲਣੀ ਦਰਸਾਉਂਦੀ ਹੈ ਕਿ ਸਿਧਾਂਤ ਹੀਣ ਲੋਕਾਂ ਕੋਲ ਨਫਰਤ ਫੈਲਾਉਣ ਤੋ ਬਗੈਰ ਕੋਈ ਮਨੁਖਤਾਵਾਦੀ ਵਿਚਾਰਧਾਰਾ ਹੁੰਦੀ ਹੀ ਨਹੀ ਹੈ,ਜਿਸ ਤੋ ਮੁਲਕ ਦੀ ਏਕਤਾ ਅਖੰਡਤਾ ਨੂੰ ਵੀ ਖਤਰਾ ਬਣਿਆ ਹੋਇਆ ਹੈ,ਪਰ ਅਫਸੋਸ਼ ! ਕਿ ਅਜਿਹੀਆਂ ਤਾਕਤਾਂ ਦਾ ਮੁਲਕ ਵਿੱਚ ਬੋਲਬਾਲਾ ਹੈ। ਦੇਸ ਦੀ ਬਹੁ ਗਿਣਤੀ ਉਹਨਾਂ ਲੋਕਾਂ ਨੂੰ ਵੱਧ ਤੋ ਵੱਧ ਵੋਟਾਂ ਪਾਕੇ ਤਾਕਤ ਵਿੱਚ ਲੈ ਕੇ ਆਉਂਦੀ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇਸ ਵੰਨ ਸੁਵੰਨਤਾ ਵਾਲੇ ਮੁਲਕ ਵਿੱਚ ਨਫਰਤ ਸਿਖ਼ਰਾਂ ‘ਤੇ ਪਹੁੰਚੀ ਹੋਈ ਹੈ।ਅਜਿਹੀਆਂ ਘਟਨਾਵਾਂ ਖੁਦ ਬਿਆਂਨ ਕਰਦੀਆਂ ਹਨ ਕਿ ਦੇਸ ਦੇ ਅਨਪੜ ਲੋਕਾਂ ਦੇ ਮਨਾਂ ਵਿੱਚ ਹੀ ਨਫਰਤ ਨਹੀ ਬਲਕਿ ਪੜੇ ਲਿਖੇ ਵਰਗ ਅੰਦਰ ਵੀ ਐਨੀ ਨਫਰਤ ਘਰ ਕਰ ਚੁੱਕੀ ਹੈ ਕਿ ਕਦੇ ਜਰਵਾਣਿਆਂ ਤੋ ਬਹੂ ਬੇਟੀਆਂ ਦੀਆਂ ਇਜ਼ਤਾਂ ਬਚਾਉਣ ਵਾਲੇ ਅੱਜ ਸਭ ਤੋ ਵੱਡੇ ਦੁਸ਼ਮਣ ਜਾਪਦੇ ਹਨ।ਇਹ ਭਾਰਤ ਦੀ ਅਖੰਡਤਾ ਲਈ ਕੋਈ ਚੰਗਾ ਸੁਨੇਹਾ ਨਹੀ ਹੈ। ਇਸ ਦੇ ਪਿੱਛੇ ਦੀ ਮਣਸਾ ਨੂੰ ਸਮਝਣਾ ਹੋਵੇਗਾ। ਅਜਿਹਾ ਵਾਰ ਵਾਰ ਕਿਉਂ ਹੋ ਰਿਹਾ ਹੈ? ਕਦੇ ਰੀਲਾਂ ਬਨਾਉਣ ਦੇ ਨਾਮ ਤੇ ਸਿੱਖੀ ਸਿਧਾਤਾਂ ਨੂੰ ਢਾਹ ਲਾਉਣ ਦੇ ਯਤਨ ਕੀਤੇ ਜਾਂਦੇ ਹਨ,ਕਦੇ ਚਿਹਰੇ ‘ਤੇ ਤਿਰੰਗਾ ਛਾਪਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਧੱਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਕੇ ਰੌਲ਼ਾ ਪਵਾਇਆ ਜਾਂਦਾ ਹੈ ਅਤੇ ਸਿੱਖਾਂ ਦੇ ਕੇਂਦਰੀ ਅਸਥਾਨ ਦੀ ਆਸਥਾ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ,ਕਿਤੇ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਕੇ ਬੇਅਦਬੀ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ।ਅਜਿਹੀਆਂ ਅਨੇਕਾਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ। ਇਸ ਤੋ ਜਾਪਦਾ ਹੈ ਕਿ ਭਾਵੇਂ ਪੰਜਾਬ ਭਾਰਤ ਦਾ ਹਿੱਸਾ ਹੈ,ਪਰ ਭਾਰਤੀ ਤਾਕਤਾਂ ਇਹਨੂੰ ਬੇਗਾਨਾ ਹੀ ਸਮਝਦੀਆਂ ਹਨ। ਪੰਜਾਬ ਦੀ ਵਫਾਦਾਰੀ ਨੂੰ ਕਿਸੇ ਖਾਤੇ ਵਿੱਚ ਨਹੀ ਰੱਖਿਆ ਗਿਆ। ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਜਾਨਾਂ ਕੁਰਬਾਨ ਕਰਦੇ ਪੰਜਾਬ ਦੇ ਪੁੱਤਰਾਂ ਦਾ ਕੋਈ ਮੁੱਲ ਨਹੀ ਹੈ। ਜਦੋ ਨਫਰਤ ਐਨੀ ਵਧ ਜਾਵੇ ਕਿ ਇੱਕ ਇੰਜਨੀਅਰ ਨੂੰ ਨੌਕਰੀ ਛੱਡ ਕੇ ਅਜਿਹੇ ਮਿਸ਼ਨ ਲਈ ਲੜਨ ਨੂੰ ਪਹਿਲ ਦੇਣੀ ਪਵੇ ਤਾਂ ਇਹ ਅੰਦਾਜਾ ਲਾਉਣਾ ਕੋਈ ਔਖਾ ਨਹੀ ਕਿ ਬਿਮਾਰੀ ਕਿੱਥੋਂ ਤੱਕ ਵੱਧ ਚੁੱਕੀ ਹੈ। ਬਿਮਾਰੀ ਵਧਣ ਪਿੱਛੇ ਦੇ ਕਾਰਨਾਂ ਨੂੰ ਸਮਝਣਾ ਅਤੇ ਉਹਦਾ ਹੱਲ ਕਰਨਾ ਮਰੀਜ ਅਤੇ ਡਾਕਟਰ ਦੋਵਾਂ ਦੀ ਪਹਿਲ ਹੋਣੀ ਚਾਹੀਦੀ ਹੈ। ਇਹ ਨਫਰਤ ਫੈਲਾਉਣ ਦਾ ਮਤਲਬ ਕੀ ਹੈ,ਅਜਿਹੀ ਫਿਰਕੂ ਨਫਰਤ ਦਾ ਅੰਜਾਮ ਕੀ ਹੋ ਸਕਦਾ ਹੈ ਅਤੇ ਅਜਿਹੀ ਫਿਰਕੂ ਨਫਰਤ ਤੋ ਕੀਹਨੂੰ ਫਾਇਦਾ ਹੋਵੇਗਾ,ਇਹ ਸਮਝਣਾ ਵੀ ਜਰੂ੍ਰੀ ਹੈ। ਫਿਰਕੂ ਨਫਰਤ ਦੀ ਰਾਜਨੀਤੀ ਹੁਣ ਕੋਈ ਨਵੀਂ ਗੱਲ ਵੀ ਨਹੀ ਰਹੀ। ਬੇਅਦਬੀਆਂ ਤੋ ਤੁਰੀ ਗੱਲ ਸ੍ਰੀ ਦਰਬਾਰ ਸਾਹਿਬ ਨੂੰ ਬੰਬਾਂ ਨਾਲ ਉਡਾਉਣ ਤੱਕ ਪੁੱਜ ਗਈ ਹੈ,ਪਰ ਸਰੋਮਣੀ ਕਮੇਟੀ ਪ੍ਰੈਸ ਕਾਨਫਰੰਸਾਂ ਰਾਹੀ ਸਰਕਾਰਾਂ ਤੋ ਸਹਿਯੋਗ ਦੀ ਗੁਹਾਰ ਲਾਕੇ ਆਪਣਾ ਇਤਿਹਾਸ ਕਲੰਕਤ ਕਰ ਰਹੀ ਹੈ। ਸਿੱਖ ਕੌਮ ਲਈ ਕਿੰਨੀ ਨਮੋਸ਼ੀ ਦੀ ਗੱਲ ਹੈ ਅੱਜ ਸਿੱਖਾਂ ਦੀ ਪਾਰਲੀਮੈਂਟ ਸਮਝੀ ਜਾਂਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਆਪਣੇ ਪੁਰਖਿਆਂ ਦਾ ਸ਼ਾਨਾਮੱਤਾ ਇਤਿਹਾਸ ਭੁੱਲ ਕੇ ਸਰਕਾਰਾਂ ਦੀਆਂ ਲੇਲੜੀਆਂ ਕੱਢਣ ਲੱਗੇ ਹੋਏ ਹਨ। ਕੀ ਸ਼ਰੋਮਣੀ ਕਮੇਟੀ ਅਜਿਹੀਆਂ ਸਾਜਿਸ਼ਾਂ ਨੁੰ ਬੇਨਕਾਬ ਕਰਨ ਦੇ ਖੁਦ ਸਮਰੱਥ ਨਹੀ ਹੋ ਸਕਦੀ ? ਕੀ ਸ਼ਰੋਮਣੀ ਕਮੇਟੀ ਸੌਫਟ ਇੰਜਨੀਅਰਾਂ ਦੀਆਂ ਸੇਵਾਵਾਂ ਖੁਦ ਲੈਣ ਦੇ ਸਮਰੱਥ ਨਹੀ ? ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਕਾਹਦੇ ਲਈ ਰੱਖੀ ਹੈ,ਕੀ ਉਹ ਸਿੱਖਾਂ ਦੀਆਂ ਦਸਤਾਰਾਂ ਲਾਹੁਣ ਲਈ ਹੀ ਪਾਲ਼ੀ ਹੋਈ ਹੈ ? ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖਣ ਲਈ ਟਾਸਕ ਫੋਰਸ ਨੂੰ ਕੰਪਲੈਕਸ ਦੇ ਬਾਹਰ ਤਾਇਨਾਤ ਕੀਤਾ ਜਾ ਸਕਦਾ ਹੈ। ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸੱਦਾ ਦਿੱਤਾ ਜਾ ਸਕਦਾ ਹੈ,ਜਿੰਨਾਂ ਨੂੰ ਕੋਈ ਅਰਥਿਕ ਸਹਾਇਤਾ ਦੀ ਵੀ ਜਰੂਰਤ ਨਹੀ ਹੈ। ਹੋਰ ਵੀ ਸਿੱਖ ਸੰਸਥਾਵਾਂ ਹਨ,ਜਿਹੜੀਆਂ ਅਜਿਹੇ ਨਾਜ਼ਕ ਸਮੇ ਵਿੱਚ ਗੁਰੂ ਘਰਾਂ ਦੀ ਰਾਖੀ ਕਰ ਸਕਣ ਦੇ ਸਮਰੱਥ ਹਨ,ਪਰ ਸਰੋਮਣੀ ਕਮੇਟੀ ਦੇ ਪ੍ਰਬੰਧਕ ਉਹਨਾ ਨੂੰ ਸੱਦਾ ਨਹੀ ਦਿੰਦੇ,ਪਰੰਤੂ ਵਾਰ ਵਾਰ ਸਰਕਾਰ ਨੂੰ ਕਾਰਵਾਈ ਕਰਨ ਲਈ ਬਿਆਨ ਤੇ ਬਿਆਨ ਜਾਰੀ ਕਰਕੇ ਆਪਣੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ। ਜਦੋ ਕੋਈ ਅਜਿਹੀ ਘਟਨਾ ਦਾ ਖਦਸ਼ਾ ਹੁੰਦਾ ਹੈ,ਤਾਂ ਸੁਰਖਿਆ ਬਲਾਂ ਅਤੇ ਕੇਂਦਰੀ ਏਜੰਸੀਆਂ ਨੂੰ ਸਿੱਧੀ ਦਖਲਅੰਦਾਜ਼ੀ ਕਰਨ ਦਾ ਬਹਾਨਾ ਬਣ ਜਾਂਦਾ ਹੈ। ਚੰਗਾ ਹੁੰਦਾ ਜੇਕਰ ਸਰੋਮਣੀ ਕਮੇਟੀ ਦੇ ਪ੍ਰਧਾਨ ਸਰਕਾਰਾਂ ਦੇ ਤਰਲੇ ਕੱਢਣ ਦੀ ਬਜਾਏ ਸਿੱਖ ਨੂੰ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਦਾ ਹੋਕਾ ਦਿੰਦੇ, ਸਿੱਖ ਜਥੇਬੰਦੀਆਂ ਦੀ ਬੈਠਕ ਸੱਦ ਕੇ ਆਪਸੀ ਵਿਚਾਰ ਚਰਚਾ ਕਰਦੇ ,ਪਰ ਅਜਿਹਾ ਨਹੀ ਕੀਤਾ ਗਿਆ। ਹੁਣ ਇਹਦੇ ਵਿੱਚ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਵੱਡੀ ਭੁਮਿਕਾ ਨਿਭਾਅ ਸਕਦੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਜਿਹੇ ਮੌਕੇ ਤੇ ਜਿੱਥੇ ਕੌਂਮ ਨੂੰ ਇੱਕਜੁੱਟਤਾ ਨਾਲ ਰਹਿਣ ਦਾ ਸੰਦੇਸ ਦੇਣ ਓਥੇ ਉਹਨਾਂ ਤਾਕਤਾਂ ਨੂੰ ਵੀ ਤਾੜਨਾ ਕਰਨ ਜਿਹੜੀਆਂ ਵਾਰ ਵਾਰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਕੇ ਸਿੱਖ ਮਨਾਂ ਵਿੱਚ ਰੋਸ ਜਗਾਉਣ ਦੀ ਗੁਸਤਾਖ਼ੀ ਕਰ ਰਹੀਆਂ ਹਨ। ਅਜਿਹੇ ਮੌਕੇ ਸਿਆਸਤ ਕਰਨ ਦਾ ਸਮਾ ਨਹੀ ਬਲਕਿ ਸਿੱਖਾ ਦੀ ਆਪਸੀ ਏਕਤਾ ਦਾ ਸਮਾ ਹੈ,ਏਕਤਾ ਨਾਲ ਹੀ ਅਜਿਹੀਆਂ ਸਾਜਿਸ਼ਾਂ ਨੂੰ ਠੱਲ ਪਾ ਸਕਦੀ ਹੈ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅੱਗ ਨਾਲ ਖੇਡਣ ਵਾਲੀ ਸਿਆਸਤ ਨਾ ਕਰਨ ਬਲਕਿ ਅਜਿਹੀਆਂ ਸਾਜਿਸ਼ਾਂ ਰਚਣ ਵਾਲਿਆਂ ਤੇ ਨਕੇਲ ਕਸਣ ਤਾਂ ਕਿ ਪੰਜਾਬ ਦੀ ਸਾਂਤ ਫਿਜ਼ਾ ਫਿਰਕੂ ਅੱਗ ਦਾ ਭਾਂਬੜ ਬਣਨ ਤੋ ਬਚ ਸਕੇ।
ਬਘੇਲ ਸਿੰਘ ਧਾਲੀਵਾਲ
99142-58142
>