ਅੰਗਰੇਜ਼ੀ ਦੇ ਸਾਹਿਤ ਅਕਾਦਮੀ ਇਨਾਮ ਜੇਤੂ ਨਾਵਲ ‘ ਦਾ ਗਾਈਡ’ ਦਾ ਪੰਜਾਬੀ ਵਿੱਚ ਅਨੁਵਾਦ ਜਗਦੀਸ਼ ਰਾਏ ਕੁਲਰੀਆ ਨੇ ‘ਗਾਈਡ’ ਸਿਰਲੇਖ ਅਧੀਨ ਕਰਕੇ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪਾ ਕੇ ਵਿਲੱਖਣ ਸਿਰਜਨਾਤਮਿਕ ਕੰਮ ਕੀਤਾ ਹੈ। ਜਗਦੀਸ਼ ਰਾਏ ਕੁਲਰੀਆ ਦੇ ਅਨੁਵਾਦ ਦੀ ਕਮਾਲ ਇਹ ਹੈ ਕਿ ਨਾਵਲ ਦੇ ਪੰਜਾਬੀ ਰੂਪ ਨੂੰ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ, ਜਿਵੇਂ ਇਹ ਪੰਜਾਬੀ ਦਾ ਮੌਲਿਕ ਨਾਵਲ ਹੈ। ਜਗਦੀਸ਼ ਰਾਏ ਕੁਲਰੀਆ ਦੀ ਅਨੁਵਾਦ ਕਰਨ ਦੀ ਪ੍ਰਤਿਭਾ ਦੀ ਦਾਦ ਦੇਣੀ ਬਣਦੀ ਹੈ, ਕਿਉਂਕਿ ਉਸਨੇ ਪੁਰਾਤੱਤਵ ਨਾਲ ਸੰਬੰਧਤ ਚਿਤਰਕਾਰੀ, ਸੰਗੀਤ, ਨਿ੍ਰਤ ਅਤੇ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਬਾਖ਼ੂਬੀ ਨਾਲ ਪੰਜਾਬੀ ਰੂਪ ਦਿੱਤਾ ਹੈ। ਇਨ੍ਹਾਂ ਸੁਹਜਾਤਮਿਕ ਤੇ ਕਲਾਤਮਿਕ ਵਿਸ਼ਿਆਂ ਦੀ ਮੁਹਾਰਤ ਹਰ ਅਨੁਵਾਦਕ ਦੇ ਵਸ ਦੀ ਗੱਲ ਨਹੀਂ ਹੁੰਦੀ। ਇਹ ਨਾਵਲ ਗਿਆਰਾਂ ਚੈਪਟਰਾਂ ਵਿੱਚ ਵੰਡਿਆ ਹੋਇਆ ਹੈ। ਜਗਦੀਸ਼ ਰਾਏ ਕੁਲਰੀਆਂ ਨੇ ਬਹੁਤ ਹੀ ਸਰਲ ਸ਼ਬਦਾਵਲੀ, ਵਾਕ ਬਣਤਰ ਤੇ ਠੇਠ ਮਲਵਈ ਭਾਸ਼ਾ ਦੀ ਵਰਤੋਂ ਕਰਕੇ ਪਾਠਕਾਂ ਨੂੰ ਸੌਖਿਆਂ ਸਮਝਣ ਦੇ ਯੋਗ ਬਣਾ ਦਿੱਤਾ ਹੈ। ਬੁੱਤ-ਪੂਜਾ, ਗੱਪ-ਸ਼ੱਪ, ਚੁੰਦਿਆ, ਢਿਚਕ-ਮਿਚਕ, ਧੁੰਦਲੀ, ਰੇਹੜੀ, ਧੂੜ, ਤਿੱਖੜ ਧੁੱਪ, ਜੂਲਾ, ਘਰੂਟੇ ਆਦਿ ਸ਼ਬਦ ਵਰਤੇ ਗਏ ਹਨ, ਜਿਹੜੇ ਪਿੰਡਾਂ ਵਿੱਚ ਆਮ ਵਰਤੇ ਜਾਂਦੇ ਹਨ। ਭਾਵੇਂ ਨਾਵਲ ਵੱਖ-ਵੱਖ ਚੈਪਟਰਾਂ ਵਿੱਚ ਵੰਡਿਆ ਹੋਇਆ ਹੈ, ਪ੍ਰੰਤੂ ਲਗਾਤਾਰਤਾ ਦਰਿਆ ਦੇ ਵਹਿਣ ਦੀਆਂ ਲਹਿਰਾਂ ਦੀ ਤਰ੍ਹਾਂ ਤਰੰਗਾਂ ਪੈਦਾ ਕਰਦੀਆਂ ਹਨ। ਨਾਵਲ ਵਿੱਚ ਵਰਤੀਆਂ ਗਈਆਂ ਲੋਕੋਕਤੀਆਂ, ਵਿਸ਼ੇਸ਼ਣ ਅਤੇ ਮੁਹਾਵਰੇ ਨਾਵਲ ਨੂੰ ਪੜ੍ਹਨ ਲਈ ਦਿਲਚਸਪੀ ਪੈਦਾ ਕਰਦੇ ਹਨ। ਇੱਕ ਚੈਪਟਰ ਤੋਂ ਬਾਅਦ ਦੂਜਾ ਚੈਪਟਰ ਪੜ੍ਹਨ ਦੀ ਉਤਸੁਕਤਾ ਬਰਕਰਾਰ ਰਹਿੰਦੀ ਹੈ। ਗੱਲਬਾਤੀ ਢੰਗ ਦੀ ਸ਼ੈਲੀ ਵਰਤੀ ਗਈ ਹੈ। ਨਾਵਲ ਦਾ ਘੇਰਾ ਦਿਹਾਤੀ ਜੀਵਨ ਦੇ ਆਲੇ ਦੁਆਲੇ ਘੁੰਮਦਾ ਹੋਇਆ ਪਿੰਡਾਂ ਦੀ ਜ਼ਿੰਦਗੀ ਨੂੰ ਦ੍ਰਿਸ਼ਟਾਂਤਿਕ ਰੂਪ ਵਿੱਚ ਪੇਸ਼ ਕਰ ਦਿੰਦਾ ਹੈ, ਜਿਸ ਨਾਲ ਨਾਵਲਕਾਰ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਪਿੰਡਾਂ ਦੇ ਲੋਕ ਵਹਿਮਾ-ਭਰਮਾ ਦੇ ਜਾਲ ਵਿੱਚ ਫਸ ਜਾਂਦੇ ਹਨ। ਇਸ ਨਾਵਲ ਦੀ ਕਹਾਣੀ ਇੱਕ ਜੇਲ੍ਹ ਦੀ ਸਜ਼ਾ ਕੱਟਕੇ ਬਾਹਰ ਆਇਆ ਵਿਅਕਤੀ ਰਾਜੂ ਸ਼ਰਮ ਦਾ ਮਾਰਾ ਆਪਣੇ ਘਰ ਨਹੀਂ ਜਾਂਦਾ, ਕਿਉਂਕਿ ਲੋਕ ਉਸ ਨੂੰ ਦੁਰਕਾਰਨਗੇ। ਇਸ ਲਈ ਉਹ ਸਾਧ ਸੰਤ ਦੇ ਭੇਖ ਵਿੱਚ ਕਿਸੇ ਦੂਰ ਦੁਰਾਡੇ ਦਿਹਾਤੀ ਇਲਾਕੇ ਵਿੱਚ ਜਾ ਕੇ ਮੰਦਰ ਵਿੱਚ ਬੈਠ ਜਾਂਦਾ ਹੈ, ਜਿਥੋਂ ਦੇ ਵਹਿਮਾ-ਭਰਮਾ ਵਿੱਚ ਡੁੱਬੇ ਹੋਏ ਗ਼ਰੀਬ ਲੋਕਾਂ ਨੂੰ ਆਪਣੇ ਮਗਰ ਲਗਾ ਲੈਂਦਾ ਹੈ। ਪਿੰਡਾਂ ਦੇ ਗ਼ਰੀਬ ਪਰਿਵਾਰ ਆਪਣੀ ਰੋਜ਼ੀ-ਰੋਟੀ ਲਈ ਜਦੋਜਹਿਦ ਕਰਦੇ ਵਿਖਾਏ ਗਏ ਹਨ। ਦਿਹਾਤੀ ਲੋਕ ਅਖਾਉਤੀ ਪਖੰਡੀ ਸਾਧਾਂ ਸੰਤਾਂ ਦੇ ਜਾਲ ਵਿੱਚ ਫਸਕੇ ਉਨ੍ਹਾਂ ਨੂੰ ਪੈਗੰਬਰ ਬਣਾ ਦਿੰਦੇ ਹਨ। ਇਸ ਨਾਵਲ ਦਾ ਕੋਈ ਇੱਕ ਵਿਸ਼ਾ ਨਹੀਂ, ਸਗੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਨਾਵਲ ਬਹੁ-ਮੰਤਵੀ ਤੇ ਬਹੁ-ਪੱਖੀ ਵਿਸ਼ਿਆਂ ਨੂੰ ਛੂੰਹਦਾ ਹੋਇਆ ਲੋਕਾਂ ਨੂੰ ਗੁੰਮਰਾਹ ਹੋਣ ਤੋਂ ਬਚਣ ਦੀ ਤਾਕੀਦ ਕਰਦਾ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣ ਲਈ ਮਿਹਨਤ ਕਰਨ ਦੀ ਪ੍ਰੇਰਨਾ ਕਰਦਾ ਹੈ। ਉਸ ਸਮੇਂ ਦੀ ਸਕੂਲੀ ਵਿਦਿਆ ਦੀ ਪ੍ਰਣਾਲੀ ਬੱਚਿਆਂ ਤੇ ਅਧਿਆਪਕਾਂ ਦੀ ਮਹਿਮਾਨਨਿਵਾਜ਼ੀ ਵਾਲੇ ਵਿਵਹਾਰ ਆਦਿ ਬਾਰੇ ਵੀ ਵਿਅੰਗਆਤਮਿਕ ਨੁਕਤਾਚੀਨੀ ਕੀਤੀ ਗਈ ਹੈ, ਨਖੱਟੂ ਕਿਸਮ ਦੇ ਕੰਮਚੋਰ ਪੜ੍ਹਨ ਵਿੱਚ ਦਿਲਚਸਪੀ ਨਾ ਲੈਣ ਵਾਲੇ ਬੱਚਿਆਂ ਦੇ ਕਿਰਦਾਰਾਂ ਬਾਰੇ ਵੀ ਦੱਸਿਆ ਗਿਆ ਹੈ। ਗ਼ਰੀਬ ਲੋਕਾਂ ਦੀ ਸ਼ਰਾਬ ਪੀਣ ਦੀ ਲੱਤ, ਸੈਲਾਨੀਆਂ ਦੀ ਮਾਨਸਿਕਤਾ, ਗਾਈਡਾਂ ਦੀਆਂ ਚਾਲਾਂ, ਲੋਕਾਂ ਵਿੱਚ ਮਸ਼ਹੂਰ ਹੋਣ ਦਾ ਸ਼ੌਕ, ਛੋਟੇ ਦੁਕਾਨਦਾਰਾਂ ਦੀ ਤ੍ਰਾਸਦੀ ਅਤੇ ਆਪੇ ਦੀ ਪਛਾਣ ਦੀ ਜ਼ਰੂਰਤ ਬਾਰੇ ਵੀ ਵਿਸਤਾਰ ਨਾਲ ਲਿਖਿਆ ਗਿਆ ਹੈ। ਸੈਲਾਨੀ ਭਾਵੇਂ ਜਿਥੇ ਮਰਜ਼ੀ ਜਾਣਾ ਚਾਹੇ ਪ੍ਰੰਤੂ ਗਾਈਡ ਤੇ ਟੈਕਸੀ ਵਾਲੇ ਨੂੰ ਤਾਂ ਆਪਣੀ ਮਜ਼ਦੂਰੀ ਤੱਕ ਮਤਲਬ ਹੁੰਦਾ ਹੈ। ਰੁਮਾਂਸਵਾਦੀ ਪੱਖ ਵੀ ਨਾਵਲ ਨੂੰ ਦਿਲਚਸਪ ਬਣਾਉਂਦਾ ਹੈ ਕਿਉਂਕਿ ਜਾਤ ਬਿਰਾਦਰੀ ਦੀ ਮਾਨਸਿਕਤਾ ਪਤੀ ਪਤਨੀ ਰੋਜ਼ੀ ਅਤੇ ਮਾਰਕੋ ਪਾਤਰਾਂ ਰਾਹੀਂ ਉਨ੍ਹਾਂ ਦੀ ਵਿਚਾਰਧਾਰਾ ਦਾ ਟਕਰਾਓ ਪਰਿਵਾਰਿਕ ਸੰਬੰਧਾਂ ਵਿੱਚ ਖਟਾਸ ਪੈਦਾ ਕਰਦਾ ਹੈ। ਇਸ਼ਕ ਜਾਤ- ਬਿਰਾਦਰੀ, ਅਮੀਰ-ਗ਼ਰੀਬ ਦੇ ਪਾੜੇ ਨੂੰ ਨਹੀਂ ਵੇਖਦੀ, ਕਿਉਂਕਿ ਰਾਜੂ ਗਾਈਡ ਨੂੰ ਰੋਜ਼ੀ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਉਹ ਬਣ ਸੰਵਰਕੇ ਰਹਿਣ ਲੱਗ ਜਾਂਦਾ ਹੈ। ਇਸ ਨਾਵਲ ਵਿੱਚ ਦੋ ਵਿਚਾਰਧਾਰਾਵਾਂ ਲਗਾਤਾਰ ਚਲਦੀਆਂ ਹਨ, ਇੱਕ ਪਾਸੇ ਰਾਜੂ ਗਾਈਡ ਦੇ ਤੌਰ ‘ਤੇ ਰੇਲਵੇ ਸਟੇਸ਼ਨ ‘ਤੇ ਆਪਣੀ ਦੁਕਾਨ ਕਰਦਾ ਹੈ, ਦੂਜੇ ਪਾਸੇ ਉਹੀ ਰਾਜੂ ਇੱਕ ਮੰਦਰ ਦਾ ਪੁਜਾਰੀ/ ਸਵਾਮੀ ਬਣਕੇ ਪਿੰਡ ਦੇ ਲੋਕਾਂ ਨੂੰ ਨਸੀਅਤ ਵੀ ਦਿੰਦਾ ਤੇ ਮੂਰਖ ਵੀ ਬਣਾਉਂਦਾ ਹੈ। ਉਹ ਕੋਈ ਵਿਦਵਾਨ ਨਹੀਂ ਸਗੋਂ ਅਟਕਲ ਪੱਚੂ ਮਾਰਕੇ ਸਮਾਂ ਲੰਘਾਉਂਦਾ ਹੈ, ਕਈ ਵਾਰ ਉਥੋਂ ਭੱਜਣ ਦਾ ਵੀ ਸੋਚ ਰਿਹਾ ਹੈ। ਅੰਨਿ੍ਹਆਂ ਵਿੱਚ ਕਾਣਾ ਰਾਜਾ ਹੈ। ਪਿੰਡਾਂ ਦੇ ਲੜਾਈ ਝਗੜੇ ਵੀ ਆਮ ਜਿਹੀ ਗੱਲ ਹੈ, ਲੋਕ ਅਫਵਾਹਾਂ ਫੈਲਾਉਂਦੇ ਹਨ, ਸੋਕੇ ਨੂੰ ਰੱਬ ਦੀ ਕ੍ਰੋਪੀ ਮੰਨਦੇ ਹਨ। ਇਸ ਨਾਵਲ ਦੀ ਕਹਾਣੀ ਤੋਂ ਸਪੱਸ਼ਟ ਹੁੰਦਾ ਹੈ ਕਿ ਪਿਆਰ ਪਾਗਲਪਣ ਦਾ ਦੂਜਾ ਨਾਮ ਹੈ, ਜਿਸ ਕਰਕੇ ਭਾਵਨਾਵਾਂ ਵਿੱਚ ਵਹਿਕੇ ਇਨਸਾਨ ਆਪਾ ਗੁਆ ਬੈਠਦਾ ਹੈ। ਘਰ ਬਾਰ ਬਰਬਾਦ ਹੋ ਜਾਂਦਾ ਹੈ, ਜਿਵੇਂ ਮਰਾਕੋ ਅਤੇ ਰਾਜੂ ਨਾਲ ਵਾਪਰਿਆ ਹੈ। ਰਾਜੂ ਨੂੰ ਪਹਿਲਾਂ ਹੀ ਪਾਲਾ ਖਾਈ ਜਾ ਰਿਹਾ ਸੀ ਕਿ ਉਹ ਪਿਆਰ ਦੇ ਚੱਕਰ ਵਿੱਚ ਪੈ ਕੇ ਆਪਣੇ ਪੈਰੀਂ ਕੁਹਾੜਾ ਮਾਰ ਰਿਹਾ ਹੈ। ਆਪਣਾ ਧੰਦਾ ਖ਼ਤਮ ਕਰ ਰਿਹਾ ਹੈ। ਆਸ਼ਕ-ਮਸ਼ੂਕ ਹਮੇਸ਼ਾ ਹਰ ਭਵਿਖੀ ਨੁਕਸਾਨ ਨੂੰ ਅੱਖੋਂ ਪ੍ਰੋਖੇ ਕਰਕੇ ਪਿਆਰ ਦੇ ਸਮੁੰਦਰ ਵਿੱਚ ਬੇਪ੍ਰਵਾਹੀ ਨਾਲ ਛਾਲ ਮਾਰ ਦਿੰਦੇ ਹਨ। ਆਰਥਿਕ ਤੌਰ ‘ਤੇ ਵੀ ਭੱਠਾ ਬੈਠ ਜਾਂਦਾ ਹੈ। ਗ਼ਰੀਬੀ ਵਿੱਚ ਦੋਸਤ ਵੀ ਸਾਥ ਛੱਡ ਜਾਂਦੇ ਹਨ ਤੇ ਰਿਸ਼ਤੇਦਾਰ ਵੀ ਅੱਖਾਂ ਫੇਰ ਜਾਂਦੇ ਹਨ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਵਿਦਵਾਨ ਖੋਜੀ ਆਪਣੇ ਕੰਮ ਵਿੱਚ ਮਸਤ ਰਹਿੰਦੇ ਹਨ, ਉਨ੍ਹਾਂ ਨੂੰ ਪਤਨੀ ਅਤੇ ਪਰਿਵਾਰ ਦੀਆਂ ਭਾਵਨਾਵਾਂ ਦਾ ਧਿਆਨ ਨਹੀਂ ਹੁੰਦਾ, ਜਿਵੇਂ ਮਾਰਕੋ ਨੇ ਰੋਜ਼ੀ ਨੂੰ ਅਣਡਿਠ ਕੀਤਾ ਅਤੇ ਅਖੀਰ ਪਰਿਵਾਰ ਟੁੱਟ ਗਿਆ। ਪਤੀ ਪਤਨੀ ਨੂੰ ਇਕ ਦੂਜੇ ਦੀਆਂ ਭਾਵਨਾਵਾਂ ਅਨੁਸਾਰ ਵਿਚਰਣਾ ਚਾਹੀਦਾ ਹੈ। ਔਰਤ ਮਰਦ ਤੋਂ ਹਮੇਸ਼ਾ ਪਿਆਰ ਦੀ ਆਸ ਰੱਖਦੀ ਹੈ ਤੇ ਉਹ ਉਸਦੇ ਕਾਰਜ ਖੇਤਰ ਦੀ ਤਾਰੀਫ ਕਰਦਾ ਰਹੇ ਜਾਂ ਘੱਟੋ ਘੱਟ ਅਣਡਿਠ ਨਾ ਕਰੇ। ਰੋਜ਼ੀ ਤੇ ਮਾਰਕੋ ਦਾ ਵਿਆਹ ਅਸਫਲ ਹੋਣ ਤੋਂ ਇਹ ਕਹਾਵਤ ਵੀ ਸਾਬਤ ਹੋ ਜਾਂਦੀ ਹੈ ਕਿ ‘ਜੋੜੀਆਂ ਜੱਗ ਥੋੜ੍ਹੀਆਂ ਨਰੜ ਬਥੇਰੇ’। ਪਤੀ ਪਤਨੀ ਦਾ ਜੇ ਡਾਈਵੋਰਸ ਨਾ ਵੀ ਹੋਇਆ ਹੋਵੇ ਤੇ ਉਹ ਵੱਖਰੇ ਰਹਿਣ ਤਾਂ ਵੀ ਦੋਹਾਂ ਵਿੱਚ ਆਪਸੀ ਖਿਚ ਬਣੀ ਰਹਿੰਦੀ ਹੈ, ਭਾਵੇਂ ਉਹ ਜ਼ਾਹਰ ਨਾ ਕਰਦੇ ਹੋਣ। ਇਸ ਨਾਵਲ ਤੋਂ ਪਤਾ ਲੱਗਦਾ ਹੈ ਕਿ ਔਰਤ ਇੱਕ ਬੁਝਾਰਤ ਹੈ, ਉਸਨੂੰ ਸਮਝਣਾ ਮਰਦ ਦੇ ਵਸ ਵਿੱਚ ਨਹੀਂ ਹੁੰਦਾ, ਰੋਜ਼ੀ ਨੂੰ ਸਮਝਣਾ ਰਾਜੂ ਲਈ ਅਸੰਭਵ ਹੋ ਗਿਆ। ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜੇਕਰ ਕਿਸੇ ਕਲਾਕਾਰ ਨੂੰ ਆਪਣੇ ਵਿਸ਼ੇ ਜਾਂ ਅਦਾਕਾਰੀ ਦੀ ਮੁਹਾਰਤ ਹੋਵੇ ਤੇ ਉਹ ਪੂਰਾ ਰਿਆਜ ਕਰਦਾ ਰਹੇ ਤਾਂ ਹਰ ਮੁਸ਼ਕਲ ਨੂੰ ਸਫਲਤਾ ਵਿੱਚ ਬਦਲ ਸਕਦਾ ਹੈ। ਰੋਜ਼ੀ/ਨਲਿਣੀ ਅਤੇ ਰਾਜੂ ਨੇ ਪਰਿਵਾਰ ਵੱਲੋਂ ਨਕਾਰਨ ਤੋਂ ਬਾਅਦ ਬੁਲੰਦੀਆਂ ਨੂੰ ਛੂਹ ਲਿਆ। ਆਪਣਾ ਖੁਸਿਆ ਵਕਾਰ ਮੁੜ ਬਹਾਲ ਕਰ ਲਿਆ ਤੇ ਉਨ੍ਹਾਂ ਦੇ ਪਿਆਰ ਨੂੰ ਵੀ ਬੂਰ ਪੈ ਗਿਆ। ਪ੍ਰੰੰਤੂ ਦੋਹਾਂ ਦੇ ਮਨਾ ਵਿੱਚ ਇੱਕ ਦੂਜੇ ਲਈ ਮੋਹ ਹੋਣ ਦੇ ਬਾਵਜੂਦ ਅੰਦਰੋ ਅੰਦਰੀ ਡਰ ਤੇ ਵਿਸਾਹ ਦੀ ਘਾਟ ਨੇ ਦੁਬਾਰਾ ਸ਼ੰਕਾ ਪੈਦਾ ਕਰ ਦਿੱਤੀ ਸੀ। ਜਦੋਂ ਛੋਟਾ ਆਦਮੀ ਵੱਡਾ ਬਣ ਜਾਂਦਾ ਹੈ ਤਾਂ ਉਹ ਪੈਰ ਵੀ ਜਲਦੀ ਰਾਜੂ ਦੀ ਤਰ੍ਹਾਂ ਛੱਡ ਜਾਂਦਾ ਹੈ। ਪੁਸਤਕ ਕਈ ਸਵਾਲ ਖੜ੍ਹੇ ਕਰਦੀ ਤੇ ਆਪ ਹੀ ਜਵਾਬ ਦਿੰਦੀ ਹੈ। ਜੋ ਕਰੇਗਾ ਸੋ ਭਰੇਗਾ, ਕਿਸੇ ਨੂੰ ਠੇਸ ਪਹੁੰਚਾਉਣ ਨਾਲ ਆਪ ਨੂੰ ਵੀ ਤਕਲੀਫ ਹੁੰਦੀ ਹੈ, ਆਦਮੀ ਤੀਵੀਂ ਜਦੋਂ ਕਿਸੇ ਮੁਸ਼ਕਲ ਵਿੱਚ ਹੋਣ ਤਾਂ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਜੇ ਕੋਈ ਬੰਦਾ ਇਹ ਸਮਝੇ ਕਿ ਉਸ ਤੋਂ ਬਿਨਾ ਕੋਈ ਕੰਮ ਹੋ ਨਹੀਂ ਸਕਦਾ ਤਾਂ ਉਹ ਗ਼ਲਤਫ਼ਹਿਮੀ ਵਿੱਚ ਹੁੰਦੈ ਅਤੇ ਵਕੀਲ ਸਹੀ ਨੂੰ ਗ਼ਲਤ ਅਤੇ ਗ਼ਲਤ ਨੂੰ ਸਹੀ ਸਾਬਤ ਕਰ ਸਕਦੇ ਹਨ। ਰਾਜੂ ਦੀ ਉਹ ਹਾਲਤ ਸੀ, ਅਨੇਕਾਂ ਗੁਨਾਹ ਕਰਨ ਤੋਂ ਬਾਅਦ ਜੇਲ੍ਹ ਦੀ ਸਜ਼ਾ ਭੁਗਤਕੇ ਲੋਕਾਂ ਵੱਚ ਸ਼ਰਮ ਦਾ ਮਾਰਾ ਜਾ ਨਹੀਂ ਸਕਦਾ ਸੀ, ਇਸ ਕਰਕੇ ਸਾਧੂ ਦੇ ਭੇਸ ਵਿੱਚ ਪਖੰਡ ਕਰ ਰਿਹਾ ਸੀ ਕਿ ਸੋਕੇ ਨੂੰ ਖਤਮ ਕਰਨ ਲਈ ਭੁੱਖਾ ਰਹਿ ਕੇ ਪ੍ਰਾਰਥਨਾ ਕਰਕੇ ਮੀਂਹ ਪਵਾ ਲਵੇਗਾ। ਰਾਜੂ ਮਗਰਮੱਛ ਦਾ ਸਿੰਬਲ ਸੀ। ਪੱਤਰਕਾਰਾਂ ਅਤੇ ਸਰਕਾਰਾਂ ਦੀਆਂ ਕਾਰਵਾਈਆਂ ਦਾ ਵੀ ਪਰਦਾ ਫਾਸ ਕੀਤਾ ਗਿਆ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਜਗਦੀਸ਼ ਰਾਏ ਕੁਲਰੀਆ ਦਾ ਅਨੁਵਾਦ ਅਤੇ ਨਾਵਲ ਦੋਵੇਂ ਬਾਕਮਾਲ ਹਨ।
248 ਪੰਨਿਆਂ, 300 ਰੁਪਏ ਕੀਮਤ ਵਾਲਾ ਇਹ ਨਾਵਲ ਮਾਨ ਬੁੱਕ ਸਟੋਰ ਪਬਲੀਕੇਸ਼ਨ, ਪਿੰਡ ਤੇ ਡਾਕਘਰ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਜਗਦੀਸ਼ ਰਾਏ ਕੁਲਰੀਆ: 9417329033
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com