ਗੁਰਦਾਸਪੁਰ, 18 ਸਤੰਬਰ 2025: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਾਂ ਦੌਰਾਨ ਨੁਕਸਾਨੀ ਫਸਲਾਂ ਦਾ ਸਰਵੇ ਕਰਨ ਦੇ ਹੁਕਮਾਂ ਤੋਂ ਬਾਅਦ ਪਟਵਾਰੀ, ਖੇਤੀਬਾੜੀ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਪਿੰਡਾਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਕਿਸਾਨਾਂ ਵਿੱਚ ਰਾਹਤ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਖਰਾਬੇ ਦਾ ਮੁਆਵਜ਼ਾ ਮਿਲੇਗਾ।
ਪਿੰਡ ਰਹੀਮਾਬਾਦ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡ ਦੀ ਲਗਭਗ 80 ਫੀਸਦੀ ਫਸਲ ਪੂਰੀ ਤਰ੍ਹਾਂ ਨਾਸ਼ ਹੋ ਚੁੱਕੀ ਹੈ। ਹਾਲਤ ਇਹ ਹੈ ਕਿ ਫਸਲ ਵਿੱਚੋਂ ਪਰਾਲੀ ਵੀ ਆਸਾਨੀ ਨਾਲ ਨਹੀਂ ਨਿਕਲ ਸਕਦੀ। ਹੁਣ ਕਿਸਾਨਾਂ ਨੂੰ ਇਸ ਪਰਾਲੀ ਨੂੰ ਸਾਂਭਣ ਲਈ ਵੀ ਵਾਧੂ ਖਰਚਾ ਕਰਨਾ ਪਵੇਗਾ।
ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਫਸਲ ਦੇ ਖਰਾਬੇ ਦੇ ਹਿਸਾਬ ਨਾਲ ਮੁਆਵਜ਼ਾ ਜਾਰੀ ਕੀਤਾ ਜਾਵੇ, ਤਾਂ ਜੋ ਉਹ ਅਗਲੀ ਫਸਲ ਬੀਜ ਸਕਣ ਅਤੇ ਹੜਾਂ ਕਾਰਨ ਡਾਵਾਂਡੋਲ ਹੋਈ ਆਪਣੀ ਜ਼ਿੰਦਗੀ ਨੂੰ ਮੁੜ ਪਟੜੀ 'ਤੇ ਲਿਆ ਸਕਣ।