ਲੁਧਿਆਣਾ, 18 ਸਤੰਬਰ 2025: ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖਿਲਾਫ ਚਲ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਥਾਣਾ ਡੇਹਲੋ ਦੀ ਪੁਲਿਸ ਨੇ ਇੱਕ NRI ਮਹਿਲਾ ਕਤਲ ਮਾਮਲੇ ਦਾ ਖੁਲਾਸਾ ਕੀਤਾ ਹੈ।
ਡੀਸੀਪੀ ਸਿਟੀ/ਦਿਹਾਤੀ ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2 ਕਰਨਵੀਰ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਡੇਹਲੋ ਅਤੇ ਪੁਲਿਸ ਟੀਮ ਨੇ NRI ਮ੍ਰਿਤਕਾ ਰੁਪਿੰਦਰ ਕੌਰ (ਵਾਸੀ ਸ਼ਿਮਲਾਪੁਰੀ, ਲੁਧਿਆਣਾ, ਹਾਲ ਵਾਸੀ ਅਮਰੀਕਾ) ਦੇ ਗੁੰਮਸ਼ੁਦਾ ਮਾਮਲੇ ਨੂੰ ਕਤਲ ਮਾਮਲੇ ਵਿੱਚ ਬਦਲਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ।
ਮਿਤੀ 12 ਸਤੰਬਰ ਨੂੰ ਪੁਲਿਸ ਨੇ ਸੁਖਜੀਤ ਸਿੰਘ ਉਰਫ਼ ਸੋਨੂ ਨੂੰ ਅਡਾਨੀ ਸੂਆ ਨੇੜੇ ਅੰਡਰਬ੍ਰਿਜ ਤੋਂ ਗ੍ਰਿਫ਼ਤਾਰ ਕਰਕੇ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ। ਪੁੱਛਗਿੱਛ ਦੌਰਾਨ ਉਸਨੇ ਕਬੂਲਿਆ ਕਿ ਉਸਨੇ 12 ਜੁਲਾਈ ਨੂੰ ਰੁਪਿੰਦਰ ਕੌਰ ਦਾ ਕਤਲ ਕੀਤਾ ਸੀ। ਇਹ ਕਤਲ ਚਰਨਜੀਤ ਸਿੰਘ (NRI, ਵਾਸੀ ਪਿੰਡ ਮਹਿਮਾ ਸਿੰਘ ਵਾਲਾ, ਹਾਲ ਵਾਸੀ ਯੂਕੇ) ਦੇ ਕਹਿਣ 'ਤੇ ਕੀਤਾ ਗਿਆ ਸੀ, ਜਿਸ ਨੇ ਉਸਨੂੰ ਵਿਦੇਸ਼ ਲਿਜਾਣ ਅਤੇ ਖਰਚਾ ਚੁਕਾਉਣ ਦਾ ਭਰੋਸਾ ਦਿੱਤਾ ਸੀ।
ਦੋਸ਼ੀ ਨੇ ਲਾਸ਼ ਨੂੰ ਆਪਣੇ ਘਰ ਦੇ ਸਟੋਰ ਵਿੱਚ ਕੋਲਿਆਂ ਦੀ ਅੱਗ ਨਾਲ ਸਾੜ ਕੇ ਟੁਕੜੇ ਕਰ ਦਿੱਤੇ ਅਤੇ ਬਾਅਦ ਵਿੱਚ ਉਹ ਘੁੰਗਰਾਣਾ ਸੂਆ ਨੇੜੇ ਸੁੱਟ ਦਿੱਤੀ। ਮਿਤੀ 15 ਸਤੰਬਰ ਨੂੰ ਮੌਕੇ ਤੋਂ ਇੱਕ ਚਿੱਟਾ ਲਿਫ਼ਾਫਾ ਅਤੇ ਹਥੌੜਾ ਬਰਾਮਦ ਕੀਤਾ ਗਿਆ, ਜਦੋਂਕਿ ਫੋਰੇਂਸਿਕ ਟੀਮ ਨੇ ਸੈਂਪਲ ਇਕੱਠੇ ਕੀਤੇ। 16 ਸਤੰਬਰ ਨੂੰ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਦੋਸ਼ੀ ਦੀ ਨਿਸ਼ਾਨਦੇਹੀ ਤੇ ਮ੍ਰਿਤਕਾ ਦੀਆਂ ਸਾੜੀਆਂ ਹੱਡੀਆਂ ਅਤੇ ਉਸਦਾ ਟੁੱਟਿਆ iPhone ਬਰਾਮਦ ਕੀਤਾ ਗਿਆ।
ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।