ਚੰਡੀਗੜ੍ਹ, 18 ਸਤੰਬਰ, 2025: ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਨੇ ਹੜ੍ਹਾਂ ਦਾ ਖਤਰਾ ਦੁਬਾਰਾ ਵਧਾ ਦਿੱਤਾ ਹੈ। ਸ਼ਹਿਰ ਵਿੱਚ ਅੱਜ ਸਵੇਰ ਤੋਂ ਹੋ ਰਹੀ ਤੇਜ਼ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਵਰਖਾ ਕਾਰਨ ਸੁਖਨਾ ਲੇਕ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ 1162 ਫੁੱਟ ਦੇ ਨੇੜੇ ਪਹੁੰਚ ਗਿਆ। ਇਸ ਸਥਿਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅੱਜ ਸੁਖਨਾ ਲੇਕ ਦੇ ਫਲੱਡ ਗੇਟ ਖੋਲ੍ਹਣ ਦਾ ਫੈਸਲਾ ਲਿਆ।
ਨੀਵੇਂ ਇਲਾਕਿਆਂ ਵਿੱਚ ਚਿੰਤਾ ਵਧੀ
ਫਲੱਡ ਗੇਟ ਖੁਲ੍ਹਣ ਤੋਂ ਬਾਅਦ ਪਾਣੀ ਸੁਖਨਾ ਚੋਅ ਰਾਹੀਂ ਨੀਵੇਂ ਇਲਾਕਿਆਂ ਵੱਲ ਵਗਣ ਲੱਗਾ ਹੈ। ਇਸ ਕਾਰਨ ਸੈਕਟਰ-26 ਤੋਂ ਬਾਪੂਧਾਮ ਜਾਣ ਵਾਲੀ ਸੜਕ ਅਤੇ ਕਿਸ਼ਨਗੜ੍ਹ ਪਿੰਡ ਵਿੱਚ ਪਾਣੀ ਭਰਨ ਦਾ ਖਤਰਾ ਬਣ ਗਿਆ ਹੈ।
ਲੋਕਾਂ ਵਿੱਚ ਦਹਿਸ਼ਤ
ਕੁਝ ਦਿਨਾਂ ਤੋਂ ਮੌਸਮ ਸਾਫ਼ ਰਹਿਣ ਕਰਕੇ ਬਾਪੂਧਾਮ ਅਤੇ ਕਿਸ਼ਨਗੜ੍ਹ ਦੇ ਨਿਵਾਸੀਆਂ ਨੇ ਰਾਹਤ ਮਹਿਸੂਸ ਕੀਤੀ ਸੀ, ਪਰ ਅੱਜ ਸਵੇਰੇ ਗੇਟ ਖੁੱਲ੍ਹਣ ਦੀ ਖ਼ਬਰ ਨਾਲ ਉਨ੍ਹਾਂ ਵਿੱਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਆਪਣੇ ਘਰਾਂ ਵਿੱਚ ਪਾਣੀ ਦਾਖਲ ਹੋਣ ਦੀ ਚਿੰਤਾ ਘੇਰ ਰਹੀ ਹੈ।
ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਅਤੇ ਦਾਅਵਾ ਕੀਤਾ ਹੈ ਕਿ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।