ਚੰਡੀਗੜ੍ਹ, 12 ਅਗਸਤ — ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਸੰਬੰਧੀ ਤਿਆਰੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਇਸ ਦੌਰਾਨ, ਸੋਹੀ ਨੇ ਐਡਵੋਕੇਟ ਧਾਮੀ ਨੂੰ 31 ਅਗਸਤ ਨੂੰ ਪਟਨਾ ਸਾਹਿਬ ਤੋਂ ਸ਼ੁਰੂ ਹੋਣ ਵਾਲੇ ਵਿਸ਼ਾਲ ਨਗਰ ਕੀਰਤਨ ਵਿੱਚ ਸ਼ਮੂਲੀਅਤ ਦਾ ਨਿਯੌਤਾ ਦਿੱਤਾ। ਇਹ ਯਾਤਰਾ ਝਾਰਖੰਡ, ਬੰਗਾਲ, ਕੋਲਕਾਤਾ, ਆਸਨਸੋਲ, ਓਡਿਸ਼ਾ, ਵਾਰਾਣਸੀ, ਕਾਨਪੁਰ, ਲਖਨਊ, ਉੱਤਰਾਖੰਡ, ਦਿੱਲੀ ਅਤੇ ਹਰਿਆਣਾ ਤੋਂ ਗੁਜ਼ਰਦਿਆਂ ਸ੍ਰੀ ਆਨੰਦਪੁਰ ਸਾਹਿਬ ‘ਚ ਸਮਾਪਤ ਹੋਵੇਗੀ।
ਐਡਵੋਕੇਟ ਧਾਮੀ ਨੇ ਯਕੀਨ ਦਵਾਇਆ ਕਿ SGPC ਪੂਰਾ ਸਹਿਯੋਗ ਦੇਵੇਗੀ ਅਤੇ ਕਿਹਾ ਕਿ ਇਹ ਸ਼ਹੀਦੀ ਪੁਰਬ ਸਿੱਖ ਕੌਮ ਵੱਲੋਂ ਗੌਰਵ ਤੇ ਸ਼ਰਧਾ ਨਾਲ ਮਨਾਇਆ ਜਾਵੇਗਾ।
ਇਸੇ ਦੌਰਾਨ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੇ ਨੇ ਸ੍ਰੀ ਹਰਿਮੰਦਰ ਸਾਹਿਬ ਆਲੇ-ਦੁਆਲੇ ਟ੍ਰੈਫ਼ਿਕ ਭੀੜ ਘਟਾਉਣ ਲਈ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖਕੇ GT ਰੋਡ ਤੋਂ ਹਰਿਮੰਦਰ ਸਾਹਿਬ ਤੱਕ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ, ਵਾਹਨਾਂ ਲਈ ਅੰਡਰਗ੍ਰਾਊਂਡ ਟਨਲ, ਅਤੇ ਸ਼ਹਿਰ ਦੇ ਪ੍ਰਵੇਸ਼ ਦਰਵਾਜ਼ਿਆਂ ‘ਤੇ ਮਲਟੀ-ਲੇਵਲ ਪਾਰਕਿੰਗ ਬਣਾਉਣ ਦੇ ਸੁਝਾਅ ਦਿੱਤੇ। ਸਾਹਨੇ ਨੇ ਮੋਹਾਲੀ ਅਤੇ ਪਟਿਆਲਾ ਨੂੰ ਸਮਾਰਟ ਸਿਟੀ ਮਿਸ਼ਨ ‘ਚ ਸ਼ਾਮਲ ਕਰਨ ਦੀ ਵੀ ਮੰਗ ਕੀਤੀ।
ਮੁਲਾਕਾਤ ਦੌਰਾਨ ਸਿੱਖ ਆਗੂ ਜਸਬੀਰ ਸਿੰਘ ਧਾਮ (ਮੁੰਬਈ), ਇੰਦਰਜੀਤ ਸਿੰਘ ਅਤੇ ਸੀਨੀਅਰ ਉਪ-ਪ੍ਰਧਾਨ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।