ਦੁਨੀਆ ਦੇ ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਅਤੇ ਸਪੈਨਿਸ਼ ਮਾਡਲ ਜਾਰਜੀਨਾ ਰੋਡਰਿਗਜ਼ ਨਾਲ ਮੰਗਣੀ ਕਰ ਲਈ ਹੈ। ਜਾਰਜੀਨਾ ਨੇ ਇੰਸਟਾਗ੍ਰਾਮ ‘ਤੇ ਆਪਣੇ ਅਤੇ ਰੋਨਾਲਡੋ ਦੇ ਹੱਥਾਂ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਚਮਕਦਾਰ ਹੀਰੇ ਦੀ ਅੰਗੂਠੀ ਪਹਿਨੀ ਹੋਈ ਹੈ। ਕੈਪਸ਼ਨ ਵਿੱਚ ਉਸਨੇ ਲਿਖਿਆ — "ਹਾਂ, ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਇਸ ਜ਼ਿੰਦਗੀ ਵਿੱਚ ਅਤੇ ਹਰ ਆਉਣ ਵਾਲੀ ਜ਼ਿੰਦਗੀ ਵਿੱਚ।" ਰੋਨਾਲਡੋ ਨੇ ਹਾਲਾਂਕਿ ਅਜੇ ਤੱਕ ਇਸ ਬਾਰੇ ਕੁਝ ਵੀ ਸਾਂਝਾ ਨਹੀਂ ਕੀਤਾ। ਇਹ ਅੰਗੂਠੀ 5 ਸੈਂਟੀਮੀਟਰ ਤੋਂ ਵੱਧ ਲੰਬੀ ਹੈ ਅਤੇ ਇਸ ਦੇ ਕੇਂਦਰ ਵਿੱਚ ਅੰਡਾਕਾਰ ਆਕਾਰ ਦਾ ਵੱਡਾ ਹੀਰਾ ਜੜਿਆ ਹੈ। ਅਧਿਕਾਰਤ ਕੀਮਤ ਤਾਂ ਸਾਹਮਣੇ ਨਹੀਂ ਆਈ, ਪਰ ਅੰਦਾਜ਼ਾ ਹੈ ਕਿ ਇਸਦੀ ਕੀਮਤ 20 ਲੱਖ ਤੋਂ 50 ਲੱਖ ਡਾਲਰ (ਭਾਰਤੀ ਮੁਦਰਾ ਵਿੱਚ ਲਗਭਗ ₹16.5 ਕਰੋੜ ਤੋਂ ₹41 ਕਰੋੜ) ਹੋ ਸਕਦੀ ਹੈ। ਕੁਝ ਮਾਹਰਾਂ ਮੁਤਾਬਕ, ਇਹ ਕੀਮਤ ਮਹਿੰਦਰ ਸਿੰਘ ਧੋਨੀ ਦੀ IPL 2025 ਸੈਲਰੀ ਨਾਲੋਂ ਲਗਭਗ 10 ਗੁਣਾ ਜ਼ਿਆਦਾ ਹੈ। IPL 2025 ਵਿੱਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਏ ਧੋਨੀ ਨੇ ₹4 ਕਰੋੜ ਕਮਾਏ। ਇਸ ਤੁਲਨਾ ਨੇ ਫੈਨਾਂ ਵਿੱਚ ਕਾਫ਼ੀ ਚਰਚਾ ਪੈਦਾ ਕਰ ਦਿੱਤੀ ਹੈ, ਕਈ ਇਸ ਅੰਗੂਠੀ ਦੀ ਕੀਮਤ ਨਾਲ ਲਗਜ਼ਰੀ ਫਲੈਟ ਖਰੀਦਣ ਤੱਕ ਦੀ ਗੱਲ ਕਰ ਰਹੇ ਹਨ। ਰੋਨਾਲਡੋ 5 ਬੱਚਿਆਂ ਦੇ ਪਿਤਾ ਹਨ। ਉਸਦਾ ਇੱਕ ਪੁੱਤਰ ਕ੍ਰਿਸਟੀਆਨੋ ਰੋਨਾਲਡੋ ਜੂਨੀਅਰ 2010 ਵਿੱਚ ਜਨਮਿਆ, ਜਦਕਿ ਜਾਰਜੀਨਾ ਨਾਲ ਉਸਦੇ ਚਾਰ ਹੋਰ ਬੱਚੇ ਹਨ — 2017 ਵਿੱਚ ਸਰੋਗੇਸੀ ਰਾਹੀਂ ਜਨਮੇ ਜੁੜਵਾਂ ਅਵਾ ਮਾਰੀਆ ਅਤੇ ਮਾਟੇਓ, 2017 ਵਿੱਚ ਜਨਮੀ ਧੀ ਅਲਾਨਾ ਮਾਰਟੀਨਾ ਅਤੇ 2022 ਵਿੱਚ ਬੇਲਾ ਐਸਮੇਰਾਲਡਾ। ਪਿਛਲੇ ਸਾਲ ਉਹਨਾਂ ਦੇ ਨਵਜੰਮੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ, ਜਿਸ ਨਾਲ ਪਰਿਵਾਰ ‘ਤੇ ਦੁੱਖ ਦਾ ਸਾਇਆ ਵੀ ਪਿਆ।