ਭਾਰਤੀ ਸਪਿਨਰ ਹਰਭਜਨ ਸਿੰਘ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਆਉਣ ਵਾਲੇ ਏਸ਼ੀਆ ਕੱਪ ਵਿੱਚ ਭਾਰਤ ਨੂੰ ਪਾਕਿਸਤਾਨ ਨਾਲ ਮੈਚ ਖੇਡਣ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ। ਇਹ ਟੂਰਨਾਮੈਂਟ 9 ਸਤੰਬਰ ਤੋਂ UAE ਵਿੱਚ ਹੋਣਾ ਤਹਿ ਹੈ। ਹਾਲ ਹੀ ਵਿੱਚ ਖਤਮ ਹੋਏ ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ (WCL) ਵਿੱਚ ਭਾਰਤ ਚੈਂਪੀਅਨਜ਼ ਨੇ ਗਰੁੱਪ ਮੈਚ ਅਤੇ ਸੈਮੀਫਾਈਨਲ ਵਿੱਚ ਪਾਕਿਸਤਾਨ ਚੈਂਪੀਅਨਜ਼ ਖ਼ਿਲਾਫ਼ ਨਾ ਖੇਡਣ ਦਾ ਫੈਸਲਾ ਕੀਤਾ ਸੀ। ਇਸ ਟੀਮ ਵਿੱਚ ਸ਼ਿਖਰ ਧਵਨ, ਯੁਵਰਾਜ ਸਿੰਘ, ਇਰਫਾਨ ਪਠਾਣ, ਸੁਰੇਸ਼ ਰੈਨਾ, ਯੂਸੁਫ਼ ਪਠਾਣ ਅਤੇ ਹਰਭਜਨ ਸਿੰਘ ਵਰਗੇ ਸਿਤਾਰੇ ਸ਼ਾਮਲ ਸਨ। ਇਹ ਫੈਸਲਾ ਪਹਲਗਾਮ ਵਿੱਚ ਹੋਏ ਦਰਦਨਾਕ ਆਤੰਕੀ ਹਮਲੇ ਦੇ ਬਾਅਦ ਲਿਆ ਗਿਆ ਸੀ। ਹਰਭਜਨ ਨੇ ਕਿਹਾ, "ਮੇਰੇ ਲਈ ਦੇਸ਼ ਪਹਿਲਾਂ ਹੈ। ਸਾਡਾ ਜਵਾਨ ਸਰਹੱਦ ’ਤੇ ਖੜਾ ਹੈ, ਉਸਦਾ ਪਰਿਵਾਰ ਕਈ ਵਾਰ ਉਸਨੂੰ ਦੇਖ ਵੀ ਨਹੀਂ ਪਾਂਦਾ, ਕਈ ਵਾਰ ਉਹ ਆਪਣੀ ਸ਼ਹਾਦਤ ਦੇ ਕੇ ਵਾਪਸ ਨਹੀਂ ਆਉਂਦਾ। ਉਹ ਕੁਰਬਾਨੀ ਬੇਮਿਸਾਲ ਹੈ। ਜੇ ਅਸੀਂ ਇਕ ਕ੍ਰਿਕਟ ਮੈਚ ਛੱਡ ਦੇਈਏ ਤਾਂ ਇਹ ਕੋਈ ਵੱਡੀ ਗੱਲ ਨਹੀਂ।" ਹਾਲਾਂਕਿ, ਏਸ਼ੀਆ ਕੱਪ ਦਾ ਭਾਰਤ-ਪਾਕਿਸਤਾਨ ਟਾਕਰਾ ਰੱਦ ਕਰਨਾ ਆਸਾਨ ਨਹੀਂ, ਕਿਉਂਕਿ ਇਹ ਮੈਚ ਟੂਰਨਾਮੈਂਟ ਦੇ ਸ਼ੈਡਿਊਲ ਦਾ ਹਿੱਸਾ ਹੈ ਅਤੇ ਇਸਦੇ ਆਯੋਜਕ ਏਸ਼ੀਅਨ ਕ੍ਰਿਕਟ ਕੌਂਸਲ ਦੇ ਨਿਯਮਾਂ ਅਨੁਸਾਰ ਦੋਨੋਂ ਟੀਮਾਂ ਨੂੰ ਨਿਰਧਾਰਤ ਮੈਚ ਖੇਡਣੇ ਹੀ ਪੈਂਦੇ ਹਨ।