ਦੌਸਾ (ਰਾਜਸਥਾਨ), 13 ਅਗਸਤ 2025 — ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 11 ਸ਼ਰਧਾਲੂਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 7 ਬੱਚੇ ਅਤੇ 3 ਔਰਤਾਂ ਸ਼ਾਮਲ ਹਨ। ਸਾਰੇ ਮ੍ਰਿਤਕ ਉੱਤਰ ਪ੍ਰਦੇਸ਼ ਦੇ ਏਟਾਹ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਖਾਟੂ ਸ਼ਿਆਮ ਮੰਦਰ ਦੇ ਦਰਸ਼ਨ ਕਰਕੇ ਵਾਪਸ ਘਰ ਜਾ ਰਹੇ ਸਨ। ਪ੍ਰਾਪਤ ਜਾਣਕਾਰੀ ਮੁਤਾਬਕ, ਸ਼ਰਧਾਲੂਆਂ ਨੂੰ ਲੈ ਕੇ ਆ ਰਿਹਾ ਇੱਕ ਪਿਕਅੱਪ ਟਰੱਕ ਦੌਸਾ ਵਿੱਚ ਇੱਕ ਵੱਡੇ ਟਰੱਕ ਨਾਲ ਜ਼ੋਰਦਾਰ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ’ਤੇ ਹੀ ਕਈਆਂ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ ਕਈ ਹੋਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 7–8 ਨੂੰ ਗੰਭੀਰ ਹਾਲਤ ਵਿੱਚ ਜੈਪੁਰ ਦੇ ਐਸਐਮਐਸ ਹਸਪਤਾਲ ਰੈਫਰ ਕੀਤਾ ਗਿਆ ਹੈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਿਸ ਨੇ ਰਾਹਤ ਕਾਰਜ ਸ਼ੁਰੂ ਕਰਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਐਸਪੀ ਸਾਗਰ ਰਾਣਾ ਅਨੁਸਾਰ, ਹਾਦਸੇ ਦੇ ਸਹੀ ਕਾਰਨ ਦੀ ਜਾਂਚ ਜਾਰੀ ਹੈ।