ਪਿੰਡ ਗੁੱਜਰਵਾਲ ‘ਚ 18 ਸਾਲ ਦੇ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ
ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਵਿਰੁੱਧ ਕਾਰਵਾਈ ਸਬੰਧੀ ਕੀਤੀ ਜਾ ਰਹੀ ਹੈ ਆਨਾਕਾਨੀ, ਪਿੰਡ ਵਾਸੀਆਂ ਵੱਲੋਂ ਲਗਾਇਆ ਧਰਨਾ
ਕਾਰਵਾਈ ਨਾ ਹੋਣ ਤੱਕ ਸੰਸਕਾਰ ਨਾ ਕਰਨ ਦਾ ਫੈਸਲਾ, ਸ਼ਾਮ ਨੂੰ ਡੈਡ ਬੋਡੀ ਲੈਕੇ ਰੋਸ ਮਾਰਚ ਦਾ ਫੈਸਲਾ
ਜੋਧਾਂ/ ਸਰਾਭਾ 13 ਅਗਸਤ (ਦਲਜੀਤ ਸਿੰਘ ਰੰਧਾਵਾ ) ਪਿੰਡ ਗੁੱਜਰਵਾਲ ਵਿੱਚ ਇੱਕ ਨੌਜਵਾਨ ਜੋ ਕਿ 11 ਤਰੀਕ ਨੂੰ ਸ਼ਾਮ ਤੋ ਲਾਪਤਾ ਹੋ ਗਿਆ ਸੀ ਜਿਸ ਦੀ ਲਾਸ਼ 12 ਤਰੀਕ ਨੂੰ ਪਿੰਡ ਤੋ ਬਾਹਰ ਬਣੇ ਹੁਣ ਬੰਦ ਪਏ ਇਨਡੋਰ ਸਟੇਡੀਅਮ ਵਿੱਚੋ ਮਿਲੀ ਹੈ। ਨੌਜਵਾਨ ਤਰਨਪ੍ਰੀਤ ਸਿੰਘ 18 ਸਾਲ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ 11 ਤਰੀਕ ਦੀ ਸ਼ਾਮ ਨੂੰ ਲਾਪਤਾ ਹੋ ਗਿਆ ਸੀ। ਜਿਸ ਨੂੰ ਲੱਭਣ ਤੇ ਉਸ ਦੀ ਲਾਸ਼ ਪਿੰਡ ਦੇ ਬੰਦ ਪਏ ਇਨਡੋਰ ਸਟੇਡੀਅਮ ਵਿੱਚੋ ਮਿਲੀ ਹੈ। ਉਸ ਨੇ ਆਖਿਆ ਕਿ ਪਿੰਡ ਦੇ ਹੀ ਕੁੱਝ ਲੋਕ ਜੋ ਨਸ਼ਾ ਵੇਚਦੇ ਹਨ, ਜਿੰਨਾਂ ਦੇ ਨਾਮ ਪੁਲਿਸ ਨੂੰ ਦੱਸੇ ਗਏ ਹਨ, ਉਹਨਾਂ ਦੇ ਚੁਗਲ ਵਿੱਚ ਮੇਰਾ ਪੁੱਤਰ ਫਸ ਗਿਆ ਸੀ। ਉਹਨਾਂ ਵੱਲੋਂ ਮੇਰੇ ਪੁੱਤਰ ਦਾ ਕਤਲ ਕਰਕੇ ਉਸ ਦੀ ਲਾਸ਼ ਸਟੇਡੀਅਮ। ਵਿੱਚ ਸੁੱਟ ਦਿੱਤੀ ਹੈ। ਉਹਨਾਂ ਕਿਹਾ ਕਿ ਥਾਣਾ ਜੋਧਾਂ ਵਿੱਚ ਸੂਚਨਾ ਦੇਣ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਦਰਵਾਜ਼ਾ ਪੂਰਨਦਾਸ ਦੇ ਸਾਹਮਣੇ ਬਣੇ ਬਾਬਾ ਹਰਨਾਮ ਸਿੰਘ ਕਾਮਾਗਾਟਾਮਾਰੂ ਦੀ ਯਾਦਗਾਰ ਤੇ ਧਰਨਾ ਮਾਰ ਦਿੱਤਾ। ਜਿਸ ਵਿੱਚ ਵੱਡੀ ਗਿਣਤੀ ‘ਚ ਔਰਤਾਂ ਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਨਗਰ ਨਿਵਾਸੀਆਂ ਨੇ ਫ਼ੈਸਲਾ ਕੀਤਾ ਕਿ ਧਰਨੇ ਤੋਂ ਲੈਕੇ ਮੇਨ ਸੜਕ ਤੱਕ ਡੈਡ ਬੋਡੀ ਲੈਕੇ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸਰਪੰਚ ਹਰਦੀਪ ਸਿੰਘ ਗੁੱਜਵਾਲ, ਪੰਚ ਬਲਤੇਜ ਸਿੰਘ, ਪੰਚ ਮਨਵੀਰ ਸਿੰਘ, ਪੰਚ ਕਰਮਜੀਤ ਕੌਰ, ਪੰਚ ਹਰਸਿਮਰਨ ਕੌਰ, ਬਲਦੀਪ ਸਿੰਘ ਬੱਲੀ, ਪੰਚ ਸਤਪਾਲ ਕੌਰ, ਰਣਜੀਤ ਸਿੰਘ ਕਾਕਾ, ਬਲਜੀਤ ਸਿੰਘ ਬੀਤਾ, ਸਾਬਕਾ ਪੰਚ ਉਪਿੰਦਰਜੀਤ ਸਿੰਘ ਵਿੱਕੀ, ਬਾਈ ਮਨਜੀਤ ਸਿੰਘ, ਅਮਰਪ੍ਰੀਤ ਸਿੰਘ ਗੁੱਜਰਵਾਲ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਸਾਬਕਾ ਸਰਪੰਚ ਕੁਲਦੀਪ ਸਿੰਘ, ਜਥੇਦਾਰ ਜਗਰੂਪ ਸਿੰਘ, ਤਾਰਾ ਸਿੰਘ ਗੁੱਜਰਵਾਲ, ਨਿਰਮਲ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਕੁਲਦੀਪ ਸਿੰਘ ਗੁੱਜਰਵਾਲ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਹਰਨੇਕ ਸਿੰਘ ਗੁੱਜਰਵਾਲ, ਕਮਲਜੀਤ ਸਿੰਘ, ਗੁਰਿੰਦਰ ਸਿੰਘ ਲੱਕੀ, ਜਸਵੰਤ ਸਿੰਘ ਆਦਿ ਹਾਜ਼ਰ ਸਨ।