ਔਕਲੈਂਡ, 4 ਅਗਸਤ 2025 – ਵਲਿੰਗਟਨ ਪੁਲਿਸ ਕਾਲਜ ਵਿਖੇ ਹੋਈ ਵਿੰਗ ਨੰਬਰ 386 ਦੀ ਪਾਸਿੰਗ ਪ੍ਰੇਡ ਦੌਰਾਨ ਨਿਊਜ਼ੀਲੈਂਡ ਪੁਲਿਸ ਵਿੱਚ 87 ਨਵੇਂ ਕਾਂਸਟੇਬਲਾਂ ਦੀ ਭਰਤੀ ਹੋਈ। ਇਹ ਪਾਸਿੰਗ ਪ੍ਰੇਡ ਪੁਲਿਸ ਮੰਤਰੀ ਮਾਰਕ ਮਿਸ਼ੇਲ, ਐਕਟਿੰਗ ਡਿਪਟੀ ਕਮਿਸ਼ਨਰ ਜਿਲ ਰੌਜਰਸ, ਪੁਲਿਸ ਕਾਰਜਕਾਰੀ ਮੈਂਬਰਾਂ ਅਤੇ ਵਿੰਗ ਸਪਰਸਤ ਡੈਮ ਨੋਲਿਨ ਟੌਰੂਆ ਦੀ ਹਾਜ਼ਰੀ ਵਿੱਚ ਹੋਈ। ਨਵੇਂ ਅਫਸਰਾਂ ਨੂੰ ਵਧਾਈ ਦਿੰਦਿਆਂ ਅਧਿਕਾਰੀਆਂ ਨੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਨ੍ਹਾਂ 87 ਗ੍ਰੈਜੂਏਟਾਂ ਵਿੱਚੋਂ 8 ਅਫਸਰ ਭਾਰਤੀ ਮੂਲ ਦੇ ਹਨ, ਜਿਨ੍ਹਾਂ ਵਿੱਚ 7 ਪੰਜਾਬ ਵਿੱਚ ਜਨਮੇ ਹਨ। ਇਹ ਨੌਜਵਾਨ 11 ਅਗਸਤ ਤੋਂ ਨਿਊਜ਼ੀਲੈਂਡ ਦੇ ਵੱਖ ਵੱਖ ਇਲਾਕਿਆਂ ਵਿੱਚ ਆਪਣੀ ਡਿਊਟੀ ਸ਼ੁਰੂ ਕਰਨਗੇ। ਭਾਰਤ ਵਿੱਚ ਜਨਮੇ ਚਾਰ ਕਾਂਸਟੇਬਲਾਂ ਦੀ ਪਛਾਣ ਦੀ ਗਈ ਹੈ, ਜਿਨ੍ਹਾਂ ਵਿੱਚ ਦਿਲਸ਼ੇਰ ਸਿੰਘ ਤੌਮਾਰੁਨੁਈ ਵਿੱਚ, ਭਾਨੂ ਯਾਂਦਵ ਕੁਈਨਸਟਾਊਨ ਵਿੱਚ, ਪਵਨੀਤ ਸਿੰਘ ਪਾਮਰਸਟਨ ਨੌਰਥ ਵਿੱਚ ਅਤੇ ਸਹਿਜਪ੍ਰੀਤ ਸਿੱਧੂ ਕਾਊਂਟੀਜ਼ ਮਾਨੂਕਾਊ ਵਿੱਚ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿੱਚੋਂ ਭਾਨੂ ਯਾਂਦਵ ਤੋਂ ਇਲਾਵਾ ਸਾਰੇ ਪੰਜਾਬੀ ਨੌਜਵਾਨ ਹਨ।
ਇਹ ਨਵੇਂ ਕਾਂਸਟੇਬਲ, ਜਿਨ੍ਹਾਂ ਵਿੱਚ ਕੁਝ ਪਹਿਲਾਂ 111 ਐਮਰਜੈਂਸੀ ਕਾਲ ਟੇਕਰ ਵਜੋਂ ਕੰਮ ਕਰ ਚੁੱਕੇ ਹਨ, ਹੁਣ ਪ੍ਰੋਬੇਸ਼ਨਰੀ ਅਧਿਕਾਰੀ ਵਜੋਂ ਆਪਣੀ ਸੇਵਾ ਦੀ ਸ਼ੁਰੂਆਤ ਕਰਨਗੇ ਅਤੇ ਨੌਕਰੀ ਦੌਰਾਨ ਹੀ ਅੱਗੇ ਦੀ ਤਰਬੀਅਤ ਪ੍ਰਾਪਤ ਕਰਦੇ ਰਹਿਣਗੇ। ਵਿੰਗ 386 ਵਿੱਚ ਵਿਦੇਸ਼ ਜਨਮੇ 33 ਅਫਸਰਾਂ ਵਿੱਚੋਂ 7 ਭਾਰਤ ਵਿੱਚ ਜਨਮੇ ਹਨ।
ਪੂਰੇ ਦੇਸ਼ ਵਿੱਚ ਇਹ ਨਵੇਂ ਕਾਂਸਟੇਬਲ ਨੌਰਥਲੈਂਡ, ਔਕਲੈਂਡ ਸਿਟੀ, ਵਾਇਟੇਮਾਟਾ, ਕਾਊਂਟੀਜ਼ ਮਾਨੂਕਾਊ, ਵਾਈਕਾਟੋ, ਬੇਅ ਆਫ ਪਲੈਂਟੀ, ਈਸਟਰਨ, ਸੈਂਟਰਲ, ਵੈਲਿੰਗਟਨ, ਕੈਂਟਰਬਰੀ ਅਤੇ ਸਦਰਨ ਇਲਾਕਿਆਂ ਵਿੱਚ ਤਾਇਨਾਤ ਕੀਤੇ ਜਾਣਗੇ। ਇਸ ਤਰ੍ਹਾਂ, ਭਾਰਤੀ ਮੂਲ ਦੇ ਨੌਜਵਾਨਾਂ ਦੀ ਨਿਊਜ਼ੀਲੈਂਡ ਪੁਲਿਸ ਵਿੱਚ ਸ਼ਾਮਿਲੀਅਤ, ਇਥੇ ਵਸ ਰਹੇ ਭਾਰਤੀ ਭਾਈਚਾਰੇ ਲਈ ਇੱਕ ਮਾਣਯੋਗ ਅਤੇ ਭਰੋਸੇਯੋਗ ਅਹਿਸਾਸ ਬਣਦੀ ਹੈ।
ਨਿਊਜ਼ੀਲੈਂਡ ਪੁਲਿਸ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਵੇਲੇ ਇਸ ਫੋਰਸ ਵਿੱਚ 28.7 ਫੀਸਦੀ ਔਰਤਾਂ ਅਤੇ 71.3 ਫੀਸਦੀ ਮਰਦ ਸ਼ਾਮਿਲ ਹਨ। ਜਾਤੀਕ ਰਚਨਾ ਵਿੱਚ 67.8 ਫੀਸਦੀ ਨਿਊਜ਼ੀਲੈਂਡ ਯੂਰਪੀਅਨ, 11.5 ਫੀਸਦੀ ਮਾਓਰੀ, 6.8 ਫੀਸਦੀ ਪੈਸੀਫਿਕ ਟਾਪੂਆਂ ਦੇ ਲੋਕ, 12.6 ਫੀਸਦੀ ਏਸ਼ੀਆਈ ਅਤੇ 1.1 ਫੀਸਦੀ ਹੋਰ ਸਮੂਹ ਹਨ।
ਨੌਜਵਾਨ ਭਾਰਤੀ ਅਫਸਰਾਂ ਦੀ ਇਹ ਨਵੀਂ ਭੂਮਿਕਾ ਨਿਰੀ ਸੇਵਾ ਨਹੀਂ, ਸਗੋਂ ਨਿਊਜ਼ੀਲੈਂਡ ਦੇ ਬਹੁ-ਸੰਸਕ੍ਰਿਤਕ ਤਾਣੇਬਾਣੇ ਵਿੱਚ ਇਕ ਵਧੀਆ ਜੋੜ ਹੈ।