ਮੋਂਟਾਨਾ (ਅਮਰੀਕਾ), 12 ਅਗਸਤ — ਅਮਰੀਕਾ ਦੇ ਮੋਂਟਾਨਾ ਰਾਜ ਦੇ ਕੈਲੀਸਪੈਲ ਸਿਟੀ ਹਵਾਈ ਅੱਡੇ ’ਤੇ ਸੋਮਵਾਰ ਦੁਪਹਿਰ ਇੱਕ ਵੱਡਾ ਹਵਾਈ ਹਾਦਸਾ ਟਲ ਗਿਆ। ਲੈਂਡਿੰਗ ਕਰਦੇ ਸਮੇਂ ਇੱਕ ਛੋਟਾ ਨਿੱਜੀ ਜਹਾਜ਼ (ਸੋਕਾਟਾ ਟੀਬੀਐਮ 700) ਰਨਵੇਅ ’ਤੇ ਖੜ੍ਹੇ ਖਾਲੀ ਜਹਾਜ਼ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਅੱਗ ਲੱਗ ਗਈ।
ਜਹਾਜ਼ ਵਿੱਚ ਪਾਇਲਟ ਸਮੇਤ ਚਾਰ ਲੋਕ ਸਵਾਰ ਸਨ। ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ। ਦੋ ਯਾਤਰੀਆਂ ਨੂੰ ਮਾਮੂਲੀ ਸੱਟਾਂ ਆਈਆਂ, ਜਿਨ੍ਹਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ।
ਅੱਖੀਂ ਦੇਖੇ ਗਵਾਹਾਂ ਮੁਤਾਬਕ, ਜਹਾਜ਼ ਤੇਜ਼ ਰਫ਼ਤਾਰ ਨਾਲ ਲੈਂਡ ਕਰਦਾ ਹੋਇਆ ਸਿੱਧਾ ਖੜ੍ਹੇ ਜਹਾਜ਼ ਨਾਲ ਟਕਰਾਇਆ, ਜਿਸ ਤੋਂ ਬਾਅਦ ਧਮਾਕੇ ਨਾਲ ਅੱਗ ਲੱਗ ਗਈ। ਬਚਾਅ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ।
ਘਟਨਾ ਦੀ ਜਾਂਚ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੱਲੋਂ ਕੀਤੀ ਜਾ ਰਹੀ ਹੈ। ਪ੍ਰਾਰੰਭਿਕ ਅਨੁਮਾਨ ਹੈ ਕਿ ਲੈਂਡਿੰਗ ਦੌਰਾਨ ਤਕਨੀਕੀ ਖ਼ਰਾਬੀ ਜਾਂ ਪਾਇਲਟ ਦੇ ਗਲਤ ਅੰਦਾਜ਼ੇ ਕਾਰਨ ਇਹ ਹਾਦਸਾ ਵਾਪਰਿਆ।