ਨਿਊਯਾਰਕ, 3 ਅਗਸਤ ( ਰਾਜ ਗੋਗਨਾ )-ਅਮਰੀਕਾ ਵਿੱਚ ਬਲਾਤਕਾਰ ਦੇ ਇੱਕ ਮਾਮਲੇ ਵਿੱਚ ਸਜ਼ਾ ਕੱਟ ਰਹੇ ਤੇਲੰਗਾਨਾ ਦੇ ਇੱਕ ਭਾਰਤੀ ਵਿਅਕਤੀ ਦੀ ਖੁਦਕੁਸ਼ੀ ਦਾ ਮਾਮਲਾ ਹਾਲ ਹੀ ਵਿੱਚ ਸਾਹਮਣੇ ਆਇਆ ਹੈ। ਜੰਗਾਓਂ ਜ਼ਿਲ੍ਹੇ ਦੇ ਲਿੰਗਲਾਘਨਾਪੁਰਮ ਮੰਡਲ ਦੇ ਨੇਲੂਤਲਾ ਦਾ ਰਹਿਣ ਵਾਲਾ ਕੁਰਰੇਮੁਲਾ ਸਾਈਕੁਮਾਰ (31) ਦਸ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਉੱਥੇ ਕੰਮ ਕਰਦਾ ਸੀ ਅਤੇ ਉਹ ਓਕਲਾਹੋਮਾ ਰਾਜ ਦੇ ਐਡਮੰਡ ਸ਼ਹਿਰ ਦੇ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਹਾਲਾਂਕਿ, ਉਸ ਨੇ 15 ਸਾਲ ਦੇ ਲੜਕੇ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਹੋ ਕੇ ਤਿੰਨ ਕੁੜੀਆਂ ਦੇ ਨਾਲ ਬਲਾਤਕਾਰ ਕੀਤਾ। ਉਸਨੇ 19 ਹੋਰ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ ਜੋ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਸਹਿਮਤ ਨਹੀਂ ਸਨ। ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਪੀੜਤਾਂ ਵੱਲੋਂ ਉੱਥੇ ਪੁਲਿਸ ਕੋਲ ਸ਼ਿਕਾਇਤ ਕਰਨ ਤੋਂ ਬਾਅਦ, ਐਫਬੀਆਈ ਦੇ ਅਧਿਕਾਰੀਆਂ ਨੇ ਅਕਤੂਬਰ 2023 ਵਿੱਚ ਸਾਈਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਿਸ ਦੀ ਜਾਂਚ ਦੇ ਦੌਰਾਨ ਪਤਾ ਲੱਗਾ ਕਿ ਉਸ ਨੇ ਨੋਜਵਾਨ ਮੁੰਡਾ ਬਣ ਕੇ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਕੀਤੀ ਸੀ। ਦੋਸ਼ੀ ਸਾਬਤ ਹੋਣ ਤੋਂ ਬਾਅਦ, ਇੱਕ ਅਮਰੀਕੀ ਅਦਾਲਤ ਨੇ ਉਸ ਨੂੰ ਲੰਘੀ 27 ਮਾਰਚ, 2025 ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਸ ਕਾਰਨ ਦੋਰਾਨ ਉਹ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਾਈਕੁਮਾਰ ਨੇ 26 ਜੁਲਾਈ ਨੂੰ ਜੇਲ੍ਹ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਸਾਈਕੁਮਾਰ ਦੇ ਪਿਤਾ ਉੱਪਲਈਆ ਅਤੇ ਉਸ ਦੇ ਪਰਿਵਾਰਕ ਮੈਂਬਰ ਅਮਰੀਕਾ ਗਏ ਅਤੇ ਉੱਥੇ ਹੀ ਉਹਨਾਂ ਨੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।