ਵੈਸਟ ਵਰਜੀਨੀਆ, 3 ਅਗਸਤ 2025 – ਅਮਰੀਕਾ ਵਿੱਚ ਰੋਡ ਟ੍ਰਿਪ 'ਤੇ ਗਏ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਚਾਰ ਮੈਂਬਰ ਜੋ ਕਈ ਦਿਨਾਂ ਤੋਂ ਗੁਮਸ਼ੁਦਾ ਸਨ, ਉਹਨਾਂ ਦੀ ਮੌਤ ਇੱਕ ਭਿਆਨਕ ਕਾਰ ਹਾਦਸੇ ਵਿੱਚ ਹੋਣ ਦੀ ਪੁਸ਼ਟੀ ਹੋਈ ਹੈ। ਮਾਰਸ਼ਲ ਕਾਊਂਟੀ ਦੇ ਸ਼ੈਰੀਫ਼ ਮਾਈਕ ਡੌਹਰਟੀ ਅਨੁਸਾਰ, ਇੱਕ ਹਲਕੀ ਹਰੇ ਰੰਗ ਦੀ ਟੋਯੋਟਾ ਕੈਮਰੀ ਕਾਰ 2 ਅਗਸਤ ਨੂੰ ਰਾਤ ਕਰੀਬ 9:30 ਵਜੇ ਬਿਗ ਵੀਲਿੰਗ ਕ੍ਰੀਕ ਰੋਡ ਦੇ ਕੋਲ ਇੱਕ ਢਲਾਨ ਤੋਂ ਹੇਠਾਂ ਮਿਲੀ। ਕਾਰ ਵਿੱਚ ਆਸ਼ਾ ਦਿਵਾਨ, ਕਿਸ਼ੋਰ ਦਿਵਾਨ, ਸ਼ੈਲੇਸ਼ ਦਿਵਾਨ ਅਤੇ ਗੀਤਾ ਦਿਵਾਨ ਸਵਾਰ ਸਨ। ਇਹ ਪਰਿਵਾਰ ਪਿਟਸਬਰਗ ਤੋਂ ਮੌਂਡਜ਼ਵਿਲ ਵੱਲ ਜਾ ਰਿਹਾ ਸੀ, ਜਿੱਥੇ ਉਨ੍ਹਾਂ ਨੇ ਮੰਗਲਵਾਰ ਦੀ ਰਾਤ ਲਈ ਪ੍ਰਭੁਪਾਦਾ ਪੈਲੇਸ ਆਫ ਗੋਲਡ ਵਿਖੇ ਰਹਿਣ ਦਾ ਪਹਿਲਾਂ ਤੋਂ ਹੀ ਬੁਕਿੰਗ ਕਰਵਾਈ ਹੋਈ ਸੀ। ਪਰ ਉਹ ਉੱਥੇ ਕਦੇ ਪਹੁੰਚੇ ਨਹੀਂ। ਮਾਰਸ਼ਲ ਕਾਊਂਟੀ ਦੇ ਜਾਸੂਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਫੋਨ ਮੰਗਲਵਾਰ ਤੋਂ ਬਾਅਦ ਬੰਦ ਮਿਲ ਰਹੇ ਸਨ। ਆਖ਼ਰੀ ਵਾਰ ਇਹ ਪਰਿਵਾਰ ਮੰਗਲਵਾਰ ਨੂੰ ਪੈਨਸਿਲਵੇਨੀਆ ਦੇ ਈਰੀ ਸ਼ਹਿਰ ਵਿੱਚ ਇੱਕ ਬਰਗਰ ਕਿੰਗ ਰੈਸਟੋਰੈਂਟ ਵਿੱਚ ਦੇਖਿਆ ਗਿਆ ਸੀ। ਉੱਥੋਂ ਦੀ ਸੀਸੀਟੀਵੀ ਫੁੱਟੇਜ ਵਿੱਚ ਪਰਿਵਾਰ ਦੇ ਦੋ ਮੈਂਬਰ ਅੰਦਰ ਜਾਂਦੇ ਹੋਏ ਨਜ਼ਰ ਆਏ। ਉਥੇ ਹੀ ਉਨ੍ਹਾਂ ਦੀ ਆਖਰੀ ਕ੍ਰੈਡਿਟ ਕਾਰਡ ਟ੍ਰਾਂਜ਼ੈਕਸ਼ਨ ਵੀ ਹੋਈ ਸੀ। ਬੁੱਧਵਾਰ ਤੜਕੇ ਕਰੀਬ 3 ਵਜੇ ਉਨ੍ਹਾਂ ਦੇ ਫੋਨਾਂ ਦੇ ਸਿਗਨਲ ਮੌਂਡਜ਼ਵਿਲ ਅਤੇ ਵੀਲਿੰਗ ਇਲਾਕਿਆਂ ਵਿੱਚ ਰਿਕਾਰਡ ਹੋਏ ਸਨ। ਪਰਿਵਾਰ ਦੀ ਖੋਜ ਲਈ ਸ਼ੁੱਕਰਵਾਰ ਨੂੰ ਹਵਾਈ ਰਾਹੀਂ ਖੋਜ ਅਭਿਆਨ ਵੀ ਚਲਾਇਆ ਗਿਆ, ਪਰ ਹਾਦਸੇ ਵਾਲੀ ਥਾਂ ਸ਼ਨੀਵਾਰ ਰਾਤ ਨੂੰ ਹੀ ਮਿਲੀ। ਹਾਦਸੇ ਦੇ ਕਾਰਨ ਦੀ ਜਾਂਚ ਜਾਰੀ ਹੈ।