Friday, January 28, 2022
24 Punjabi News World
Mobile No: + 31 6 39 55 2600
Email id: hssandhu8@gmail.com

Article

ਹਿੰਦੀ ਵਿਅੰਗ - ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ

December 29, 2021 11:47 PM
ਹਿੰਦੀ ਵਿਅੰਗ
 
ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ 
 
 
    ਜਿਵੇਂ ਅੰਬ ਦਾ ਫਲ ਹੁੰਦਾ ਹੈ, ਅਮਰੂਦ ਦਾ ਫਲ ਹੁੰਦਾ ਹੈ, ਕੇਲੇ, ਚੀਕੂ, ਅਨਾਰ ਅਤੇ ਖਜੂਰ ਦਾ ਫਲ ਹੁੰਦਾ ਹੈ; ਬਿਲਕੁਲ ਉਸੇ ਤਰ੍ਹਾਂ ਸਾਲ ਫਲ ਵੀ ਹੁੰਦਾ ਹੈ। ਜਿਵੇਂ ਕਈ ਫਲ ਸਾਲ ਵਿੱਚ ਕਈ ਵਾਰ ਲੱਗਦੇ ਹਨ, ਬਿਲਕੁਲ ਉਹਦੇ ਉਲਟ ਸਾਲ ਫ਼ਲ ਨਾਂ ਦਾ ਫਲ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਲੱਗਦਾ ਹੈ। ਇਸ ਫਲ ਦੀ ਤਰੀਕ ਸਦੀਆਂ ਤੋਂ ਨਿਸ਼ਚਿਤ ਹੈ ਅਤੇ ਲੋਕ ਇਸ ਫਲ ਅਤੇ ਦਿਨ ਦੀ ਉਡੀਕ ਬੜੀ ਬੇਚੈਨੀ ਨਾਲ ਕਰਦੇ ਹਨ। ਸੋ ਹਾਜ਼ਰ ਹੈ, ਬੇਚੈਨ ਲੋਕਾਂ ਲਈ ਇਸ ਸਾਲ ਦਾ ਫਲ। ਬਹੁਤ ਸਾਰੀਆਂ ਮੰਗਲ-ਕਾਮਨਾਵਾਂ ਦੇ ਭਾਵ ਲਈ ਮੇਰੇ ਦੇਸ਼ ਦੇ ਲੋਕ (ਦੋਸਤ ਘੱਟ, ਚਾਪਲੂਸ ਅਤੇ ਬਿਗਾਨੇ ਜ਼ਿਆਦਾ) ਦੀਵਾਲੀ ਤੋਂ ਹੀ ਇਸ ਕੋਸ਼ਿਸ਼ ਵਿਚ ਲੱਗ ਪੈਂਦੇ ਹਨ ਕਿ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇ ਹੀ ਦਿੱਤੀਆਂ ਜਾਣ! ਸ਼ੁਭਕਾਮਨਾ ਵੀ ਅਜਿਹੀ ਕਿ ਮੇਰੇ ਵਰਗਾ ਆਦਮੀ ਸਿਰ ਭੰਨ ਲਵੇ!  
    ਮਹਿੰਗਾਈ ਅਤੇ ਮੰਦੀ ਦੇ ਦੌਰ ਵਿੱਚ ਅਜਿਹੀਆਂ ਖੋਖਲੀਆਂ ਸ਼ੁਭਕਾਮਨਾਵਾਂ ਦਾ ਫ਼ਾਇਦਾ ਹੀ ਕੀ ਹੈ? ਸਭ ਕੁਝ ਆਪਣੇ ਕੋਲ ਅਤੇ ਸ਼ੁਭਕਾਮਨਾਵਾਂ ਦੂਜਿਆਂ ਲਈ। ਅਤੇ ਜਿਨ੍ਹਾਂ ਨੂੰ ਮਿਲਦੀਆਂ ਨੇ ਸ਼ੁਭਕਾਮਨਾਵਾਂ, ਉਹ ਪਲ-ਭਰ ਲਈ ਤਾਂ ਖ਼ੁਸ਼ੀ ਦੇ ਸਾਗਰ ਵਿੱਚ ਹਿਲੋਰੇ ਲੈਣ ਹੀ ਲੱਗਦੇ ਹਨ, ਜਿਵੇਂ ਇਸ ਵੇਲੇ ਤੁਸੀਂ ਲੈ ਰਹੇ ਹੋਵੋਗੇ।
    ਸੋ, ਹਮੇਸ਼ਾ ਵਾਂਗ ਫਿਰ ਆਇਆ ਹੈ ਨਵਾਂ ਸਾਲ। ਥੋਥੀਆਂ ਸ਼ੁਭਕਾਮਨਾਵਾਂ ਮੈਂ ਵੀ ਦੇ ਹੀ ਦਿਆਂ। ਮੈਂ ਜਾਣਦਾ ਹਾਂ ਕਿ ਨਵੇਂ ਸਾਲ ਵਿੱਚ ਕੁਝ ਵੀ ਨਵਾਂ ਨਹੀਂ ਹੋਵੇਗਾ। ਉਹੀ ਗ੍ਰਹਿ, ਉਹੀ ਨਛੱਤਰ ਤੇ ਉਹੀ ਰਾਸ਼ੀਆਂ। ਫਿਰ ਵੀ ਨਵੇਂ ਸਾਲ ਵਿੱਚ ਕੁਝ ਨਵਾਂ ਹੋਣ ਦੀ ਉਮੀਦ ਵਿੱਚ ਬੈਠੇ ਦੇਸ਼ ਦੇ ਭੁੱਖੇ, ਨੰਗੇ, ਲਾਚਾਰ ਅਤੇ ਬੇਕਾਰ ਲੋਕਾਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਢੇਰ ਸਾਰੀਆਂ ਵਧਾਈਆਂ! ਦੇਸ਼ ਦੇ ਉਨ੍ਹਾਂ ਸਾਰੇ ਕਿਊ-ਧਾਰੀਆਂ ਨੂੰ (ਜਿਨ੍ਹਾਂ ਨੂੰ ਰਾਸ਼ਨ ਕਾਰਡ ਅਤੇ ਖਾਲੀ ਥੈਲਾ ਜਾਂ ਮਿੱਟੀ ਦੇ ਤੇਲ ਦੀ ਕੇਨੀ ਫੜੀ ਕਈ-ਕਈ ਘੰਟੇ ਰਾਸ਼ਨ ਡਿਪੂ ਮਾਲਕ ਦੀਆਂ ਅੱਖਾਂ ਵਿੱਚ ਤੈਰਦੇ ਲਾਲ-ਲਾਲ ਖੂਨ ਨੂੰ ਬਰਦਾਸ਼ਤ ਕਰਨਾ ਪੈਂਦਾ ਹੈ) ਮੇਰੀ ਵਧਾਈ! ਮੇਰੀ ਕਾਮਨਾ ਹੈ ਕਿ ਇਸ ਸਾਲ ਤੁਹਾਨੂੰ ਰਾਸ਼ਨ ਦੀਆਂ ਸਰਕਾਰੀ ਦੁਕਾਨਾਂ ਤੋਂ ਇੰਨਾ ਸਸਤਾ ਰਾਸ਼ਨ ਜ਼ਰੂਰ ਮਿਲੇ ਕਿ ਤੁਸੀਂ ਢਿੱਡ ਭਰ ਕੇ ਖਾ ਸਕੋ! ਮਿੱਟੀ ਦੇ ਤੇਲ ਨਾਲ ਤੁਹਾਡੀ ਕੇਨੀ ਭਰਦੀ ਰਹੇ ਅਤੇ ਇਹਨੂੰ ਭਰਵਾਉਣ ਵਿਚ ਵਧੇਰੇ ਸਮਾਂ ਕਿਊ ਵਿਚ ਨਾ ਫਸੇ ਰਹਿਣਾ ਪਵੇ!  
    ਦੇਸ਼ ਦੇ ਉਨ੍ਹਾਂ ਭੋਲੇ-ਭਾਲੇ ਬੁੱਧੂਆਂ ਨੂੰ ਵੀ ਮੇਰੀਆਂ ਸ਼ੁਭਕਾਮਨਾਵਾਂ, ਜੋ ਪਹਿਲੀ ਜਨਵਰੀ ਤੋਂ ਹਫ਼ਤਾ ਪਿੱਛੋਂ ਤੱਕ ਦੀ ਇਸੇ ਖ਼ੁਸ਼ਫਹਿਮੀ ਵਿੱਚ ਫਿਰਦੇ ਰਹਿੰਦੇ ਹਨ ਕਿ ਨਵੇਂ ਸਾਲ ਵਿੱਚ ਕੁਝ ਨਾ ਕੁਝ ਮੰਗਲਮਈ ਜ਼ਰੂਰ ਹੋਵੇਗਾ। ਚਲੋ ਫਿਰਦੇ ਰਹੋ, ਲਕਸ਼ਮੀ ਅਜਿਹੇ ਬੁੱਧੂਆਂ ਤੇ ਮਿਹਰਬਾਨ ਹੋਵੇ!
      ਸ਼ੁਭਕਾਮਨਾਵਾਂ, ਦੇਸ਼ ਦੇ ਉਨ੍ਹਾਂ ਸਾਰੇ ਸਕੂਲੀ ਬੱਚਿਆਂ ਲਈ, ਜੋ ਹਰ ਰੋਜ਼ ਬੱਸਾਂ, ਟੈਂਪੂਆਂ, ਰਿਕਸ਼ਿਆਂ ਅਤੇ ਦੂਜੇ ਵਾਹਨਾਂ ਰਾਹੀਂ ਸਕੂਲ ਨਾਂ ਦੀਆਂ ਦੁਕਾਨਾਂ ਵਿੱਚ ਪੜ੍ਹਨ ਜਾਂਦੇ ਹਨ। ਉਹ ਨਵੇਂ ਸਾਲ ਵਿਚ ਰਾਜ਼ੀ-ਖ਼ੁਸ਼ੀ ਘਰ ਮੁਡ਼ਦੇ ਰਹਿਣ। ਉਨ੍ਹਾਂ ਦੇ ਵਾਹਨ ਦਾ ਚਾਲਕ ਓਵਰਟੇਕ ਨਾ ਕਰੇ। ਕਾਲਜ ਸਟੂਡੈਂਟਸ ਲਈ ਸ਼ੁਭਕਾਮਨਾਵਾਂ, ਕਿ ਉਨ੍ਹਾਂ ਦੇ ਟੀਚਰ ਇਸ ਸਾਲ ਹੜਤਾਲ ਨਾ ਕਰਨ ਅਤੇ ਨਵੇਂ ਸੈਸ਼ਨ ਵਿਚ ਐਡਮਿਸ਼ਨ ਵਿਚ ਸਹੂਲਤ ਰਹੇ। 
     ਬਿਨਾਂ ਮਕਾਨ ਦੇ ਕਿਰਾਏਦਾਰ ਭਰਾਵਾਂ ਲਈ ਮੇਰੀ ਮੰਗਲ ਕਾਮਨਾ ਹੈ ਕਿ ਇਸ ਸਾਲ ਤੁਸੀਂ ਲਗਾਤਾਰ ਕਿਰਾਇਆ ਦਿੰਦੇ ਰਹੋ ਤਾਂ ਕਿ ਮਕਾਨ-ਮਾਲਕ ਤੁਹਾਨੂੰ ਮਕਾਨ ਖਾਲੀ ਕਰਨ ਦਾ ਨੋਟਿਸ ਨਾ ਦੇ ਦੇਵੇ।
    ਟੈਲੀਫੋਨ ਕੁਨੈਕਸ਼ਨਧਾਰੀਆਂ ਨੂੰ ਭੀ ਬਹੁਤ ਸ਼ੁਭਕਾਮਨਾਵਾਂ! ਕਾਮਨਾ ਹੈ ਕਿ ਤੁਹਾਡੇ ਟੈਲੀਫ਼ੋਨ ਡੈੱਡ ਨਾ ਹੋਣ ਅਤੇ ਇਲਾਕੇ ਦੇ ਜੇ ਈ ਨਾਲ ਤੁਹਾਡੀ ਬਣੀ ਰਹੇ! ਬਿਜਲੀ ਘੱਟ ਜਾਵੇ ਅਤੇ ਡਾਕੀਆ ਤੁਹਾਡੀ ਡਾਕ ਤੁਹਾਡੇ ਤੱਕ ਪਹੁੰਚਾਉਂਦਾ ਰਹੇ। ਕਿਤੇ ਪਿਛਲੇ ਸਾਲ ਵਾਂਗ ਗੋਲ ਨਾ ਹੋ ਜਾਵੇ।  
    ਮੇਰੇ ਦੇਸ਼ ਦੇ ਅਤਿਅੰਤ ਪਿਆਰੇ ਨੇਤਾ-ਜਨੋ! ਕਾਮਨਾ ਹੈ ਕਿ ਤੁਸੀਂ ਇਸ ਸਾਲ ਆਪਣੀ ਤਰੱਕੀ ਦੀ ਪੌੜੀ ਤੇ ਕਦਮ ਰੱਖ ਹੀ ਦਿਓ! ਤੁਹਾਡੀ ਖਾਲੀ ਤਿਜੌਰੀ ਤੇ ਕਿਸੇ ਦੀ ਨਜ਼ਰ ਨਾ ਪਵੇ। ਤੁਹਾਡਾ ਸਟੇਟੱਸ ਬਣਿਆ ਰਹੇ ਅਤੇ ਤੁਸੀਂ ਹਵਾ ਵਿੱਚ ਉੱਡਦੇ ਫਿਰੋ!
    ਮੰਗਲਕਾਮਨਾ ਉਨ੍ਹਾਂ ਲੋਕਾਂ ਲਈ ਵੀ, ਜਿਨ੍ਹਾਂ ਨੂੰ ਗੈਸ ਦਾ ਸਿਲੰਡਰ ਲੈਣ ਲਈ ਕਈ-ਕਈ ਦਿਨ ਗੈਸ-ਦਫ਼ਤਰਾਂ ਦੇ ਗੇੜੇ ਲਾਉਣੇ ਪੈਂਦੇ ਹਨ ਕਿ ਉਨ੍ਹਾਂ ਨੂੰ ਗੈਸ ਆਸਾਨੀ ਨਾਲ ਮਿਲਦੀ ਰਹੇ। ਸ਼ੁਭਕਾਮਨਾਵਾਂ ਕਰਮਚਾਰੀ ਭਰਾਵਾਂ ਨੂੰ, ਕਿ ਇਸ ਸਾਲ ਬੌਸ ਦੀ ਡਾਂਟ-ਝਿੜਕ ਘੱਟ ਖਾਣੀ ਪਵੇ। ਸ਼ੁਭਕਾਮਨਾਵਾਂ ਉਨ੍ਹਾਂ ਸਾਰੇ ਲੋਕਾਂ ਲਈ, ਜੋ ਨੌਕਰੀ ਲੈਣ ਦੀ ਇੱਛਾ ਲਈ ਆਫਿਸ- ਆਫ਼ਿਸ ਭਟਕਦੇ ਰਹਿੰਦੇ ਹਨ। ਇਸ ਵਾਰ ਤੁਹਾਡੀ ਅਰਜ਼ੀ ਕਿਤੇ ਨਾ ਕਿਤੇ ਮਨਜ਼ੂਰ ਹੋ ਹੀ ਜਾਵੇ। ਭ੍ਰਿਸ਼ਟ ਚੋਣ ਕਮੇਟੀ ਵਿੱਚ ਕੋਈ ਨਾ ਕੋਈ ਅਜਿਹਾ ਜ਼ਰੂਰ ਹੋਵੇ, ਜੋ ਤੁਹਾਡੀ ਪੀੜ ਨੂੰ ਸਮਝ ਸਕੇ। ਚੋਣ ਕਰਦੇ ਸਮੇਂ ਉਨ੍ਹਾਂ ਨੂੰ ਆਪਣਾ ਕੋਈ ਨਜ਼ਦੀਕੀ ਮਿੱਤਰ ਜਾਂ ਰਿਸ਼ਤੇਦਾਰ ਯਾਦ ਨਾ ਆਵੇ। ਤੁਹਾਡੀ ਡਿਗਰੀ ਦੀ ਕੀਮਤ ਪਵੇ ਅਤੇ ਕਿਸੇ ਨਾ ਕਿਸੇ ਕੁਰਸੀ ਤੇ ਤੁਸੀਂ ਵੀ ਚਿਪਕ ਜਾਓ! ਪਰ ਯਾਦ ਰਹੇ ਕਿ ਕੁਰਸੀ ਨਾਲ ਚਿਪਕ ਕੇ ਆਪਣਾ ਅਤੀਤ ਨਾ ਭੁੱਲੋ, ਨੇਤਾਵਾਂ ਵਾਂਗ। ਸ਼ੁਭਕਾਮਨਾ ਹੈ ਕਿ ਹਰ ਕੁਰਸੀਧਾਰੀ ਦੇਸ਼ ਨੂੰ ਸਮਰਪਿਤ ਹੋ ਜਾਵੇ!
     ਡਿੱਕੋਡੋਲੇ ਖਾਂਦੀ ਰਾਜਨੀਤੀ ਲਈ ਮੰਗਲ-ਕਾਮਨਾ ਹੈ ਕਿ ਇਸ ਸਾਲ ਸਥਿਰਤਾ ਮਿਲੇ। ਇਸ ਕਿਸ਼ਤੀ ਵਿੱਚ ਸਵਾਰ ਦੇਸ਼ ਨੂੰ ਸਕੂਨ ਮਿਲੇ। ਨੇਤਾ ਲੋਕ ਸਮੇਂ ਦੀ ਨਜ਼ਾਕਤ ਨੂੰ ਪਹਿਚਾਨਣ, ਜੀਹਦੀ ਸੰਭਾਵਨਾ ਘੱਟ ਨਜ਼ਰ ਆਉਂਦੀ ਹੈ। ਅਤੇ ਦੇਸ਼ ਵਿਚ ਇਸ ਵਾਰ ਅਜਿਹੀਆਂ ਘਟਨਾਵਾਂ ਨਾ ਵਾਪਰਨ ਜਿਨ੍ਹਾਂ ਨਾਲ ਸ਼ਰਮਿੰਦਗੀ ਉਠਾਉਣੀ ਪਵੇ।
     ਮੇਰੇ ਦੇਸ਼ ਦੇ ਦੇਸ਼ਭਗਤ ਮਿੱਤਰੋ, ਮੈਂ ਤੁਹਾਡੇ ਵਰਗਾ ਹੀ ਇੱਕ ਜੀਵ ਹਾਂ। ਸਮੁੱਚੇ ਦੇਸ਼ ਲਈ ਕਾਮਨਾ ਕਰਦਾ ਹਾਂ ਕਿ ਨਵੇਂ ਸਾਲ ਵਿਚ ਪਿਆਰ, ਖ਼ੁਸ਼ਹਾਲੀ ਅਤੇ ਖ਼ੁਸ਼ੀ ਮਿਲੇ। ਦੇਸ਼ ਦੇ ਲੋਕਾਂ ਨੂੰ ਰੱਜਵੀਂ ਰੋਟੀ, ਆਨੰਦਮਈ ਜੀਵਨ ਅਤੇ ਸੁਖ ਮਿਲੇ! ਮੇਰੇ ਵਰਗਾ ਆਦਮੀ ਸ਼ੁਭਕਾਮਨਾ ਦੇਣ ਤੋਂ ਬਿਨਾਂ ਹੋਰ ਕਰ ਵੀ ਕੀ ਸਕਦਾ ਹੈ! ਕਿਉਂਕਿ ਨਵਾਂ ਸਾਲ ਮੈਂ ਵੀ ਉਸੇ ਤਰ੍ਹਾਂ ਸਹਾਂਗਾ, ਜਿਵੇਂ ਤੁਸੀਂ!
"""""""""""""""""""""""""""""""""""""
* ਮੂਲ : ਡਾ. ਜਵਾਹਰ ਧੀਰ
* ਅਨੁ : ਪ੍ਰੋ. ਨਵ ਸੰਗੀਤ ਸਿੰਘ

Have something to say? Post your comment