ਸਿੱਖ ਕੌਮ ਦੇ ਮਾਣ ਮੱਤੇ ਸ਼ਹਾਦਤਾਂ ਦੇ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਜੀ ਦਾ ਨਾਮ ਸੁਨਹਿਰੀ ਸ਼ਬਦਾਂ ਵਿੱਚ ਪਰੋਇਆ ਹੋਇਆ ਹੈ। ਭਾਈ ਤਾਰੂ ਸਿੰਘ ਅਠਾਰ੍ਹਵੀਂ ਸਦੀ ਦੇ ਮਹਾਨ ਸ਼ਹੀਦਾਂ ਵਿਚੋਂ ਇਕ ਮਹਾਨ ਸਿੱਖ ਸ਼ਹੀਦ ਹਨ। ਆਪਣੀ ਕੌਮ ਦੀ ਆਨ,ਬਾਨ ਤੇ ਸ਼ਾਨ ਲਈ ਆਪ ਨੇ ਸਮੇਂ ਦੀ ਮੁਗਲੀਆ ਹਕੂਮਤ ਵੱਲੋਂ ਢਾਹੇ ਗਏ ਅਸਹਿ ਤੇ ਅਕਹਿ ਜ਼ੁਲਮ ਤੇ ਕਹਿਰ ਨੂੰ ਖਿੜੇ ਮੱਥੇ ਸਹਾਰਿਆ ਤੇ
'ਸਿਰ ਜਾਵੇ ਤਾਂ ਜਾਵੇ,
ਮੇਰਾ ਸਿੱਖੀ ਸਿਦਕ ਨਾ ਜਾਵੇ'
ਦੇ ਬੋਲਾਂ ਨੂੰ ਅਮਲੀ ਜਾਮਾ ਪਹਿਨਾ ਕੇ ਕੇਸਾਂ ਦੀ ਰਾਖੀ ਲਈ ਕੇਸਾਂ ਸਣੇ ਆਪਣੀ ਖੋਪਰੀ ਉਤਰਵਾ ਕੇ ਕੁਰਬਾਨੀ ਦੇ ਅਨੋਖੇ ਪੂਰਨੇ ਪਾਏ।
ਆਪ ਜੀ ਦਾ ਜਨਮ ਪੰਜਾਬ ਦੇ ਮਾਝੇ ਇਲਾਕੇ ਦੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਪੂਹਲਾ ਵਿਖੇ ਭਾਈ ਜੋਧ ਸਿੰਘ ਅਤੇ ਬੀਬੀ ਧਰਮ ਕੌਰ ਦੇ ਗ੍ਰਹਿ ਵਿਖੇ ੧੭੨੦ ਈ : ਨੂੰ ਹੋਇਆ। ਛੋਟੀ ਉਮਰ ਵਿੱਚ ਹੀ ਭਾਈ ਤਾਰੂ ਸਿੰਘ ਜੀ ਦੇ ਸਿਰ ਤੋਂ ਪਿਤਾ ਜੀ ਦਾ ਸਾਇਆ ਉੱਠ ਗਿਆ। ਗੁਰਸਿੱਖ ਪਰਿਵਾਰ ਵੱਲੋਂ ਆਪ ਜੀ ਦੀ ਪਾਲਣਾ ਗੁਰਬਾਣੀ ,ਗੁਰ ਇਤਿਹਾਸ ਅਤੇ ਗੁਰਸਿੱਖੀ ਦੇ ਨਾਲ ਮੋਹ ਪਿਆਰ ਵਾਲੇ ਵਾਤਾਵਰਨ ਦੇ ਵਿੱਚ ਹੋਈ ਜਿਸ ਦੇ ਸਿੱਟੇ ਵਜੋਂ ਆਪ ਜੀ ਦੀ ਬਚਪਨ ਤੋਂ ਹੀ ਗੁਰਸਿੱਖੀ ਪ੍ਰਤੀ ਅਟੁੱਟ ਸ਼ਰਧਾ ਅਤੇ ਗੁਰਸਿੱਖਾਂ ਪ੍ਰਤੀ ਪ੍ਰੇਮ ਪਿਆਰ ਦੀ ਭਾਵਨਾ ਹੁਲਾਰੇ ਮਾਰਦੀ ਸੀ। ਭਾਈ ਤਾਰੂ ਸਿੰਘ ਖੇਤੀਬਾੜੀ ਦੇ ਕੰਮ ਧੰਦੇ ਨਾਲ ਜੁੜੇ ਅਤੇ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਲਈ ਲੰਗਰ ਪਾਣੀ ਦੀ ਸੇਵਾ ਲਗਾਉਂਦੇ ਸਨ। ਭਾਈ ਸਾਹਿਬ ਦੁਆਰਾ ਕੀਤੀ ਜਾ ਰਹੀ ਨਿਰਸਵਾਰਥ ਸੇਵਾ ਦੀ ਚਰਚਾ ਸਾਰੇ ਇਲਾਕੇ ਵਿੱਚ ਦੂਰ ਦੂਰ ਤੱਕ ਪ੍ਰਸਿੱਧ ਹੋ ਗਈ ਸੀ। ਭਾਈ ਸਾਹਿਬ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ ਜੀ ਅਤੇ ਭੈਣ ਬੀਬੀ ਤਾਰੋ( ਜਿਸ ਦੇ ਪਤੀ ਗੁਜ਼ਰ ਗਏ ਸਨ) ਇਕੱਠੇ ਰਹਿੰਦੇ ਸਨ। ਭਾਈ ਸਾਹਿਬ ਦੇ ਮਾਤਾ ਜੀ ਅਤੇ ਭੈਣ ਜੀ ਭਾਈ ਸਾਹਿਬ ਨਾਲ ਲੰਗਰ ਪਾਣੀ ਦੀ ਸੇਵਾ ਵਿੱਚ ਖੁੱਲ ਕੇ ਹੱਥ ਵਟਾਉਂਦੇ ਸਨ।ਭਾਈ ਤਾਰੂ ਸਿੰਘ ਜੀ ਦੇ ਸੁਚੱਜੇ ਅਤੇ ਧਾਰਮਿਕ ਜੀਵਨ ਕਾਰਨ ਉਹਨਾਂ ਦੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਹਿੰਦੂ ਮੁਸਲਮਾਨ ਉਹਨਾਂ ਦੀਆਂ ਸਿਫਤਾਂ ਕਰਦੇ ਥੱਕਦੇ ਨਹੀਂ ਸਨ।
ਸ. ਰਤਨ ਸਿੰਘ ਭੰਗੂ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ ਕਿ:
ਤਾਰੂ ਸਿੰਘ ਤਹਿੰ ਖੇਤੀ ਕਰੈ,
ਸਾਥ ਪਿੰਡ ਵਹਿ ਹਾਲਾ ਭਰੈ।
ਦੇਹ ਹਾਕਮ ਕਛੂ ਥੋੜਾ ਖਾਵੈ,
ਬਚੈ ਸਿੰਘਨ ਕੇ ਪਾਸ ਪੁਚਾਵੈ।
ਹੈ ਉਸ ਕੇ ਇਕ ਭੈਣ ਅਰ ਮਾਈ,
ਪੀਸ ਕੂਟ ਵੈ ਕਰੈਂ ਕਮਾਈ।
ਆਪ ਖਾਇ ਵਹਿ ਰੂਖੀ ਮਿੱਸੀ,
ਮੋਟਾ ਪਹਿਰ ਆਪ ਰਹਿ ਲਿੱਸੀ।
ਜੋਊ ਬਚੇ ਸੋ ਸਿੰਘਨ ਦੇਵੈ,
ਉਇ ਬਿਨ ਸਿੰਘਨ ਔਰ ਨ ਸੇਵੈ।
(ਸਫਾ 269)
ਭਾਈ ਤਾਰੂ ਸਿੰਘ ਜੀ ਦਾ ਪਿੰਡ ਲਾਹੌਰ ਜਾਣ ਵਾਲੀ ਮੁੱਖ ਸੜਕ ’ਤੇ ਹੋਣ ਕਾਰਨ ਸਫ਼ਰ ਦੌਰਾਨ ਰਾਤ ਪੈ ਜਾਣ ਤੇ ਆਉਣ ਜਾਣ ਵਾਲੇ ਯਾਤਰੀ ਇਸੇ ਪਿੰਡ ਹੀ ਅਟਕ ਜਾਇਆ ਕਰਦੇ ਸੀ। ਭਾਈ ਤਾਰੂ ਸਿੰਘ ਜੀ ਆਪਣੀ ਸਾਧ ਵਿਰਤੀ ਅਤੇ ਸੇਵਾ ਭਾਵਨਾ ਕਾਰਨ ਯਾਤਰੀਆਂ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਲੰਗਰ ਪਾਣੀ ਦੀ ਸੇਵਾ ਕਰਦੇ ਅਤੇ ਰਾਤ ਕੱਟਣ ਲਈ ਬਿਸਤਰੇ ਮੰਜੇ ਦਾ ਪ੍ਰਬੰਧ ਕਰਦੇ ਸਨ। ਲਾਹੌਰ ਤੋਂ ਆਉਣ-ਜਾਣ ਵਾਲਿਆਂ ਤੋਂ ਉਸ ਨੂੰ ਲਾਹੌਰ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਵੀ ਪਤਾ ਲਗਦਾ ਰਹਿੰਦਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਪਿੱਛੋਂ ਲਹੌਰ ਦੇ ਸੂਬੇਦਾਰ ਜ਼ਕਰੀਆਂ ਖਾਨ ਨੇ ਸਿੰਘਾਂ ਦਾ ਖੁਰਾ ਖੋਜ ਮਿਟਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਅਤੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ।ਸਿੱਖ ਸੂਰਮੇ ਜੰਗਲਾਂ ਵਿੱਚ ਲੁੱਕ ਛਿਪ ਕੇ ਸਮੇਂ ਦੀ ਜ਼ਾਲਮ ਹਕੂਮਤ ਨਾਲ ਟੱਕਰ ਲੈਂਦੇ ਸਨ। ਕਿਸੇ ਵੱਲੋਂ ਇਨ੍ਹਾਂ ਦੀ ਸਹਾਇਤਾ ਕਰਨੀ ਸਰਕਾਰੀ ਹੁਕਮਾਂ ਦੀ ਅਦੂਲੀ ਸੀ ਅਤੇ ਜਿਸ ਦੀ ਸਜ਼ਾ ਮੌਤ ਰੂਪੀ ਮਿਲਦੀ ਸੀ। ਭਾਈ ਤਾਰੂ ਸਿੰਘ ਜੀ ਜੰਗਲਾਂ ਵਿਚ ਲੁੱਕ ਕੇ ਰਹਿ ਰਹੇ ਸਿੰਘਾਂ ਨੂੰ ਲੰਗਰ ਪਾਣੀ ਅਤੇ ਦੁਸ਼ਮਣ ਦੀ ਖ਼ਬਰ ਪਹੁੰਚਾ ਦਿੰਦੇ ਸਨ। ਵੇਲੇ ਸਿਰ ਦੁਸ਼ਮਣਾਂ ਦੀ ਚਾਲ ਦਾ ਪਤਾ ਲੱਗ ਜਾਣ ਕਾਰਨ ਬਹੁਤ ਵਾਰ ਉਨ੍ਹਾਂ ਦਾ ਬਚਾਅ ਹੋ ਜਾਇਆ ਕਰਦਾ ਸੀ।
ਮੱਸੇ ਰੰਘੜ ਨੂੰ ਸੋਧਣ ਵਾਲੇ ਸ਼ਹੀਦ ਭਾਈ ਮਹਿਤਾਬ ਸਿੰਘ ਮੀਰਾਂਕੋਟ ਦੇ ਪੋਤਰੇ ਅਤੇ ਜਥੇਦਾਰ ਸ਼ਾਮ ਸਿੰਘ ਕ੍ਰੋੜੀ ਮਿਸਲ ਦੇ ਦੋਹਤਰੇ ਭਾਈ ਰਤਨ ਸਿੰਘ ਭੰਗੂ ਆਪਣੀ ਕ੍ਰਿਤ ‘ਪ੍ਰਾਚੀਨ ਪੰਥ ਪ੍ਰਕਾਸ਼` ਵਿੱਚ ਲਿਖਦੇ ਹਨ:
ਜੋ ਸਿੰਘਨ ਕੌ ਕੋਊ ਲੁਕਾਵੈ।
ਸੋ ਵਹਿ ਅਪਣੀ ਜਾਨ ਗੁਵਾਵੈ।
ਆਏ ਸਿੰਘ, ਬਤਾਵੈ ਨਾਂਹੀ।
ਵੈ ਭੀ ਆਪਣੀ ਜਿੰਦ ਗੁਵਾਹੀ।
ਜੋ ਸਿੰਘਨ ਕੋ ਦੇਵੈ ਨਾਜ।
ਮੁਸਲਮਾਨ ਕਰੈਂ, ਤਿਸ ਕਾਜ।
(ਪੰਨਾ ੨੬੯, ਐਡੀਸ਼ਨ ੧੯੯੩)
ਪਰ ਜਬਰ ਜ਼ੁਲਮ ਦੀ ਇਸ ਭਿਆਨਕ ਹਨੇਰੀ ਵਿੱਚ ਵੀ ਕਈ ਕਿਰਤੀ ਪਰਿਵਾਰਾਂ ਨੇ ਬੇਘਰ ਹੋਏ ਸਘੰਰਸ਼ੀ ਸਿੰਘ ਜੋਧਿਆਂ ਨੂੰ ਲੁੱਕ-ਛਿਪ ਕੇ ਰਸਦ ਪਾਣੀ ਤੇ ਕਪੜੇ ਵਗੈਰਾ ਪਹੁੰਚਾਇਆ ਅਤੇ ਆਪਣਾ ਸਿੱਖੀ ਧਰਮ ਨਿਭਾਇਆ ਸੀ। ਭਾਈ ਸਾਹਿਬ ਲਿਖਿਆ ਹੈ:
ਐਸੇ ਐਸੇ ਸਿੰਘ ਜਗ ਮਾਂਹੀ।
ਸਿੰਘ ਛਕਾਇ ਪੀਐਂ ਨਿਜ ਖਾਹੀਂ।
ਆਪ ਸਹੈਂ ਵੈ ਨੰਗ ਅਰ ਭੁੱਖ।
ਦੇਖ ਸਕੈਂ ਨਹਿਂ ਸਿੰਘਨ ਦੁੱਖ।
ਆਪ ਗੁਜ਼ਾਰੈਂ ਅਗਨੀ ਨਾਲ।
ਸਿੰਘਨ ਘਲੈਂ ਪੁਸ਼ਕ ਸਿਵਾਲ।
ਬਾਣ ਬੱਟ ਕਈ ਕਰੈਂ ਮਜ਼ੂਰੀ।
ਭੇਜੈਂ ਸਿੰਘਨ ਪਾਸ ਜ਼ਰੂਰੀ। (ਪੰਨਾ ੨੬੯)
ਭਾਈ ਤਾਰੂ ਸਿੰਘ ਜੀ ਦੀ ਸੇਵਾ ਤੋਂ ਗੁਰੂ ਘਰ ਦਾ ਦੋਖੀ ਅਤੇ ਅਕ੍ਰਿਤਘਣ ਹਰਭਗਤ ਨਿਰੰਜਨੀਆਂ ਬਹੁਤ ਖਾਰ ਰੱਖਦਾ ਸੀ। ਉਸ ਨੇ ਭਾਈ ਸਾਹਿਬ ਦੀ ਸੇਵਾ ਬਾਬਤ ਜ਼ਕਰੀਆ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਜਲਦੀ ਹੀ ਉਹ ਆਪਣੀ ਮੰਸ਼ਾ ਵਿੱਚ ਕਾਮਯਾਬ ਹੋ ਗਿਆ ਜਿਸ ਦੇ ਸਿੱਟੇ ਵਜੋਂ ਜਕਰੀਆ ਖਾਨ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ। ਭਾਈ ਤਾਰੂ ਸਿੰਘ ਉੱਪਰ ਬਾਗੀਆਂ ਨੂੰ ਸ਼ਰਨ ਦੇਣ ਅਤੇ ਉਨ੍ਹਾਂ ਲਈ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕਰ ਕੇ ਦੇਣ ਦੇ ਦੋਸ਼ ਲਾਏ ਗਏ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਅੱਗੇ ਦੋ ਸ਼ਰਤਾਂ ਰੱਖੀਆਂ ਕਿ ਜਾਂ ਤਾਂ ਇਸਲਾਮ ਕਬੂਲ ਕਰੋ ਜਾਂ ਨਹੀਂ ਤਾਂ ਮੌਤ। ਭਾਈ ਤਾਰੂ ਸਿੰਘ ਜੀ ਨੇ ਜ਼ਕਰੀਆ ਖਾਨ ਨੂੰ ਨਿਧੜਕ ਹੋ ਕੇ ਆਖਿਆ
ਨਵਾਬ ਕਹੈ ਤੂੰ ਹੋ ਮੁਸਲਮਾਨ ।।
ਤਉ ਛਡਾਂਗਾ ਤੁਮਰੀ ਜਾਨ।।
ਸਿੰਘ ਕਹਯੋ ਹਮ ਡਰ ਕਯਾ ਯਾਨੋ ।।
ਹਮ ਹੋਵੈ ਕਿਮ ਮੁਸਲਮਾਨੋ ।।
ਭਾਈ ਸਾਹਿਬ ਦਾ ਦ੍ਰਿੜ ਇਰਾਦਾ ਅਤੇ ਚੜ੍ਹਦੀ ਕਲਾ ਵਾਲੀ ਭਾਵਨਾ ਵੇਖ ਕੇ ਨਵਾਬ ਜ਼ਕਰੀਆ ਖਾਨ ਨੇ ਗੁੱਸੇ ਵਿਚ ਆ ਕੇ ਭਾਈ ਤਾਰੂ ਸਿੰਘ ਜੀ ਨੂੰ ਚਰਖੜੀਆਂ ’ਤੇ ਚਾੜ੍ਹਣ ਦਾ ਫਤਵਾ ਦਿੱਤਾ ਗਿਆ। ਹਾਕਮ ਭਾਈ ਤਾਰੂ ਸਿੰਘ ਜੀ ਨੂੰ ਹਰ ਹੀਲੇ ਦੀਨ-ਏ-ਮੁਹੰਮਦੀ ਵਿਚ ਲਿਆਉਣਾ ਚਾਹੁੰਦਾ ਸੀ ਤਾਂ ਕਿ ਸਿੱਖਾਂ ਦੀ ਦ੍ਰਿੜ੍ਹਤਾ ਨੂੰ ਕਮਜ਼ੋਰ ਕੀਤਾ ਜਾ ਸਕੇ।
ਭਾਈ ਰਤਨ ਸਿੰਘ ਭੰਗੂ ਅਨੁਸਾਰ:
ਜਿਮ ਜਿਮ ਸਿੰਘ ਕੋ ਤੁਰਕ ਸਤਾਵੈ,
ਤਿਮ ਤਿਮ ਮੁਖ ਸਿੰਘ ਲਾਲੀ ਆਵੈ।
ਜਿਮ ਜਿਮ ਸਿੰਘ ਕਛੁ ਪੀਏ ਨਾ ਖਾਇ,
ਤਿਮ ਤਿਮ ਸਿੰਘ ਸੰਤੋਖ ਹੈਵ ਆਇ।
ਜੀਵਨ ਤੇ ਸਿੰਘ ਆਸ ਚੁਕਾਈ,
ਨਹਿੰ ਉਸ ਚਿੰਤ ਸੁ ਮਰਨੇ ਕਾਈ।
ਸਤ ਸੰਤੋਖ ਧੀਰ ਮਨ ਤਾਂਕੇ,
ਗੁਰ ਕਾ ਭਾਣਾ ਸਿਰ ਪਰ ਜਾਂਕੇ।
(ਪ੍ਰਾਚੀਨ ਪੰਥ ਪ੍ਰਕਾਸ਼, ਸਫ਼ਾ 287)
ਭਾਈ ਤਾਰੂ ਸਿੰਘ ਜੀ ਨੇ ਸਿੱਖੀ ਵਿੱਚ ਵਿਸ਼ਵਾਸ ਰੱਖਦਿਆਂ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਸਤਿਗੁਰੂ ਸੱਚੇ ਪਾਤਸ਼ਾਹ ਪਾਸ ਅਰਦਾਸ ਬੇਨਤੀ ਕੀਤੀ। ਭਾਈ ਤਾਰੂ ਸਿੰਘ ਜੀ ਦੀ ਭਾਵਨਾ ਵੇਖ ਕੇ ਜ਼ਕਰੀਆ ਖਾਨ ਲੋਹਾ ਲਾਖਾ ਹੋ ਗਿਆ ਅਤੇ ਉਸ ਨੇ ਗੁਰੂ ਦੇ ਸਿੰਘ ਦੇ ਕੇਸ ਕਤਲ ਕਰਨ ਦੇ ਫ਼ਰਮਾਨ ਜਾਰੀ ਕਰ ਦਿੱਤਾ। ਫ਼ਰਮਾਨ ਦੀ ਪਾਲਣਾ ਲਈ ਜੇਲ੍ਹ ਵਿਖੇ ਨਾਈਆਂ ਨੂੰ ਬੁਲਾਇਆ ਗਿਆ ਪਰ ਭਾਈ ਸਾਹਿਬ ਦੇ ਚਿਹਰੇ ਦਾ ਜਲਾਲ ਵੇਖ ਕੇ ਠਠੰਬਰ ਗਏ।
ਸ. ਰਤਨ ਸਿੰਘ ਭੰਗੂ ਇਸ ਘਟਨਾ ਦਾ ਵਿਸਥਾਰ ਕਰਦੇ ਹੋਏ ‘ਪ੍ਰਾਚੀਨ ਪੰਥ ਪ੍ਰਕਾਸ਼’ ਵਿਚ ਲਿਖਦੇ ਹਨ:
ਤਬ ਨਵਾਬ ਨੇ ਨਊਏ ਲਗਾਏ,
ਉਨ ਕੇ ਸੰਦ ਖੁੰਢੇ ਹੋ ਆਏ।
ਜਿਮ ਜਿਮ ਨਊਏ ਫੇਰ ਲਗਾਵੈਂ,
ਤਿਮ ਤਿਮ ਉਨ ਹਥ ਭੈੜੇ ਪਾਵੈਂ।
ਜਿਮ ਜਿਮ ਨਊਅਨ ਨਵਾਬ ਡਰਾਵੈ,
ਤਿਮ ਤਿਮ ਨਊਅਨ ਹਥ ਕੰਪਾਵੈਂ।
ਕਲਾ ਖਾਲਸੇ ਤਬ ਐਸੀ ਕਈ,
ਨਊਅਨ ਦ੍ਰਿਸ਼ਟੀ ਮੰਦ ਤਬ ਭਈ।
ਨਵਾਬ ਕਹਯੋਂ ਇਨ ਜਾਦੂ ਚਲਾਯਾ,
ਕੈ ਨਊਅਨ ਕੁਛ ਲੱਬ ਦਿਵਾਯਾ।
ਅਬ ਲਯਾਵੋ ਮੋਚੀ ਦੋ ਚਾਰ,
ਖੋਪਰੀ ਸਾਥ ਦਿਹੁ ਬਾਲ ਉਤਾਰ।
(ਸਫਾ 290)
ਆਪਣੇ ਹੁਕਮ ਦੀ ਅਦੂਲੀ ਹੁੰਦੀ ਵੇਖ ਕੇ ਜ਼ਕਰੀਆ ਖਾਨ ਨੇ ਨਾਈਆਂ ਦੀ ਥਾਂ ਤੇ ਮੋਚੀਆਂ ਨੂੰ ਬੁਲਵਾ ਕੇ ਭਾਈ ਸਾਹਿਬ ਦੇ ਕੇਸ ਸਣੇ ਖੋਪੜ ਉਤਰਵਾ ਦਿੱਤੇ। ਜ਼ੁਲਮ ਦੀ ਇੰਤਿਹਾਂ ਉਪਰੰਤ ਜ਼ਕਰੀਆ ਖਾਨ ਪਿਸ਼ਾਬ ਦਾ ਬੰਨ੍ਹ ਪੈਣ ਕਾਰਨ ਮਰ ਗਿਆ। ਜ਼ਕਰੀਆ ਖਾਨ ਦਾ ਪੁੱਤਰ ਸ਼ਿਕਾਰ ਖੇਡਣ ਲਈ ਘੋੜੇ ਤੇ ਨਿਕਲਿਆ ਸੀ ਅਤੇ ਘੋੜੇ ਤੋਂ ਡਿੱਗਣ ਕਾਰਨ ਉਸ ਦੀ ਵੀ ਮੌਤ ਹੋ ਗਈ।
ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੇ ਜਾਣ ਤੋਂ ਬਾਅਦ ਵੀ ਉਹ 22 ਦਿਨਾਂ ਤਕ ਜ਼ਿੰਦਾ ਰਹੇ ਅਤੇ ਗੁਰੂਬਾਣੀ ਦਾ ਸਿਮਰਨ ਕਰਦੇ ਰਹੇ। ਆਖਿਰ ਭਾਈ ਤਾਰੂ ਸਿੰਘ ਜੀ 25 ਸਾਲ ਦੀ ਉਮਰ ਵਿਚ 1 ਜੁਲਾਈ ਸੰਨ 1745 ਈ. ਨੂੰ ਸ਼ਹੀਦੀ ਪਾ ਗਏ। ਸ. ਰਤਨ ਸਿੰਘ ਭੰਗੂ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ:
ਠਾਰਾਂ ਸੈ ਊਪਰ ਦੁਇ ਸਾਲ,
ਸਾਕਾ ਕੀਯੋ ਤਾਰੂ ਸਿੰਘ ਨਾਲ।
(ਪ੍ਰਾਚੀਨ ਪੰਥ ਪ੍ਰਕਾਸ਼, ਪੰਨਾ 291)
ਹਵਾਲੇ
(ਪ੍ਰਚੀਨ ਪੰਥ ਪ੍ਰਕਾਸ਼)