"ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।"
ਸਿੱਖ ਧਰਮ ਦੇ ਅੱਠਵੇਂ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ “ਬਾਲ ਗੁਰੂ”,ਅਸ਼ਟਮ ਬਲਬੀਰ ਅਤੇ “ਬਾਲਾ ਪ੍ਰੀਤਮ” ਦੇ ਪਿਆਰ ਅਤੇ ਸਤਿਕਾਰ ਭਰੇ ਨਾਮਾਂ ਨਾਲ ਜਾਣਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੱਠਵੀਂ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ, 1656 ਈ: ਨੂੰ ਪਿਤਾ ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ। ਗੁਰੂ ਪਿਤਾ ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਬਾਲ ਹਰਿਕ੍ਰਿਸ਼ਨ ਜੀ ਲਈ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਸਿੱਖਿਆ ਲਈ ਵਿਸ਼ੇਸ਼ ਤੌਰ ਦੇ ਉੱਤੇ ਯਤਨ ਕੀਤੇ। ਗੁਰੂ ਸਾਹਿਬ ਦੇ ਇਨ੍ਹਾਂ ਯਤਨਾਂ ਸਦਕਾ ਹੀ ਬਾਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਚਾਰ ਸਾਲ ਦੀ ਉਮਰ ਵਿੱਚ ਸਾਰੀਆਂ ਬਾਣੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਅਨੇਕ ਸ਼ਬਦ ਜਬਾਨੀ ਯਾਦ ਹੋ ਗਏ।ਬਾਲ ਗੁਰੂ ਹਰਿਕ੍ਰਿਸ਼ਨ ਜੀ ਸਦਾ ਆਪਣੇ ਗੁਰੂ ਪਿਤਾ ਦੇ ਨਾਲ ਰਹਿੰਦੇ ਅਤੇ ਉਨਾਂ ਦੀ ਹਰ ਗੱਲ ਨੂੰ ਬੜੇ ਗੌਰ ਤੇ ਧਿਆਨ ਨਾਲ ਸੁਣਦੇ। ਬਾਲ ਗੁਰੂ ਹਰਿਕ੍ਰਿਸ਼ਨ ਜੀ ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਦਵਾਖਾਨੇ ਵਿੱਚ ਜਾ ਕੇ ਆਪਣੇ ਕੋਮਲ ਛੋਹ ਅਤੇ ਮਿੱਠੇ ਬੋਲਾਂ ਨਾਲ ਰੋਗੀਆਂ ਦੀ ਸੇਵਾ ਕਰਦੇ ਸਨ।ਗੁਰੂ ਹਰਿ ਰਾਇ ਸਾਹਿਬ ਤੇ ਹਰਿ ਕ੍ਰਿਸ਼ਨ ਸਾਹਿਬ ਦੀ ਸੇਵਾ , ਦਵਾਖਾਨੇ ਤੇ ਸ਼੍ਫਾਖਾਨੇ ਦੇ ਚਰਚੇ ਥਾਂ ਥਾਂ ਤੇ ਪਹੁੰਚ ਗਏ। ਇਕ ਸਮਾ ਆਇਆ ਜਦੋਂ ਦਿੱਲੀ ਦੇ ਹੁਕਮਰਾਨ ਸ਼ਾਹਜਹਾਨ ਦੇ ਪੁਤਰ ਦਾਰਾ ਸ਼ਿਕੋਹ ਜੋ ਔਰੰਗਜ਼ੇਬ ਦੀ ਮਕਾਰੀ ਕਰਕੇ ਸਖਤ ਬੀਮਾਰ ਪੈ ਗਿਆ ਸੀ ਜਿਸਦੀ ਦੀ ਸਲਾਮਤੀ ਵਾਸਤੇ ਮੁਗਲ ਹੁਕਮਰਾਨ ਸ਼ਾਹਜਹਾਂ ਨੇ ਕੋਈ ਹਕੀਮ, ਕੋਈ ਫਕੀਰ ਤੇ ਕੋਈ ਹੀਲਾ ਨਾ ਛਡਿਆ ਤਾਂ ਉਹ ਗੁਰੂ ਹਰਿ ਰਾਇ ਸਾਹਿਬ ਦੇ ਦਵਾਖਾਨੇ ਦੀਆਂ ਦਵਾਈਆਂ ਨਾਲ ਨੋ-ਬਰ-ਨੋ ਹੋ ਗਿਆ ਸੀ।
ਆਪ ਜੀ ਦੇ ਵੱਡੇ ਭਰਾ ਦਾ ਨਾਂ ਰਾਮਰਾਏ ਸੀ। ਜਦੋਂ ਔਰੰਗਜੇਬ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿਚ ਕਰਾਮਾਤਾਂ ਦਿਖਾਈਆਂ।
ਆਪ ਜੀ ਦੇ ਵੱਡੇ ਭਰਾ ਰਾਮ ਰਾਇ ਨੇ ਮੁਗਲ ਬਾਦਸ਼ਾਹ ਨੂੰ ਖੁਸ਼ ਕਰਨ ਦੀ ਖਾਤਰ ਗੁਰਬਾਣੀ ਦੀਆਂ ਤੁਕਾਂ
ਮਿਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ।
ਨੂੰ ਬਾਦਸ਼ਾਹ ਦੀ ਖੁਸ਼ੀ ਲੈਣ ਲਈ ਮਿਟੀ ਬੇਈਮਾਨ ਕੀ , ਕਹਿ
ਸੱਚ ਤੋਂ ਮੂੰਹ ਮੋੜ ਲਿਆ ਕਿਓਂਕਿ ਇਸ ਨਾਲ ਮੁਸਲਮਾਨਾ ਦੇ ਵਿਸ਼ਵਾਸ ਨੂੰ ਠੇਸ ਲਗਦੀ ਸੀ।ਜਦ ਇਹ ਘਟਨਾ ਕੀਰਤਪੁਰ ਸਾਹਿਬ ਪਹੁੰਚੀ ਤਾਂ ਗੁਰੂ ਸਾਹਿਬ ਨੇ ਉਸ ਨੂੰ ਕਦੇ ਨਾ ਮਥੇ ਲਗਣ ਦੀ ਹਿਦਾਇਤ ਕਰ ਦਿੱਤੀ। ਸੰਗਤ ਨੂੰ ਵੀ ਇਸ ਦੇ ਮੱਥੇ ਲੱਗਣ ਤੇ ਰੋਕ ਲਾ ਦਿੱਤੀ।
ਜਿਨ ਭੈ ਅਦਬ ਨ ਬਾਣੀ ਧਾਰਾ
ਜਾਨਹੁ ਸੋ ਸਿਖ ਨਹੀਂ ਹਮਾਰਾ ।।
ਗੁਰੂ ਹਰਿ ਰਾਇ ਜੀ ਨੇ ਸਿੱਖ ਧਰਮ ਦੇ ਸਿਧਾਂਤਾਂ ਦੀ ਰਾਖੀ ਕਰਦਿਆਂ ਛੋਟੀ ਉਮਰ ਦੇ ਹਰਿਕ੍ਰਿਸ਼ਨ ਜੀ ਨੂੰ ਗੁਰੂ ਬਣਾਇਆ।ਗੁਰੂ ਜੀ ਦੀ ਉਮਰ ਵਿੱਚ ਤਾਂ ਬਾਲਕ ਸਨ ਪਰ ਆਤਮਿਕ ਗਿਆਨ ਅਤੇ ਅਵਸਥਾ ਵੱਡੇ ਸੰਤਾਂ ਤੋਂ ਵੀ ਉੱਚੀ ਸੀ।
ਭਾਈ ਨੰਦ ਲਾਲ ਜੀ ਲਿਖਦੇ ਹਨ :
‘‘ਗੁਰੂ ਹਰਿ ਕ੍ਰਿਸ਼ਨ ਆਂ ਹਮਾ ਫ਼ਜ਼ਲੋ ਜੂਦ,
ਹੱਕਸ਼ ਅਜ਼ ਹਮਾ ਖ਼ਾਸਗਾਂ ਬ-ਸਤੂ॥’’।
ਭਾਵ, ‘ਗੁਰੂ ਹਰਿਕ੍ਰਿਸ਼ਨ ਸਾਹਿਬ ਮਿਹਰ ਤੇ ਬਖ਼ਸ਼ਿਸ਼ ਦਾ ਰੂਪ ਹਨ।
ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਬਾਲਾ ਦੇ ਨੇੜੇ ਪੰਜੋਖਰਾ ਸਾਹਿਬ ਪਿੰਡ ਵਿੱਚ ਗੁਰਬਾਣੀ ਦੇ ਪ੍ਰਚਾਰ ਲਈ ਪਹੁੰਚੇ ਤਾਂ ਉਥੇ ਪੇਸ਼ਾਵਰ, ਕਾਬੁਲ ਅਤੇ ਕਸ਼ਮੀਰ ਤੋਂ ਵੱਡੀ ਗਿਣਤੀ ਵਿਚ ਸੰਗਤ ਅੱਗਿਓਂ ਗੁਰੂ ਜੀ ਦੇ ਦਰਸ਼ਨਾਂ ਦੀ ਤਾਂਘ ਵਿਚ ਆਈ ਹੋਈ ਸੀ। ਸੰਗਤ ਨੇ ਗੁਰੂ ਜੀ ਨੂੰ ਇੱਕ ਰਾਤ ਇੱਥੇ ਹੀ ਰੁਕਣ ਲਈ ਬੇਨਤੀ ਕੀਤੀ ਤਾਂ ਬਾਲ ਗੁਰੂ ਸਾਹਿਬ ਨੇ ਇਹ ਬੇਨਤੀ ਕਬੂਲ ਕਰ ਲਈ। ਗੁਰੂ ਸਾਹਿਬ ਜੀ ਦਾ ਸ਼ਾਹੀ ਸਤਿਕਾਰ ਅਤੇ ਠਾਠ ਬਾਠ ਵੇਖ ਕੇ ਪੰਜੋਖਰੇ ਦਾ ਹੀ ਇਕ ਨਿਵਾਸੀ ਪੰਡਤ ਲਾਲ ਚੰਦ ਮਨ ਹੀ ਮਨ ਵਿਚ ਬਹੁਤ ਕ੍ਰੋਧਿਤ ਹੋਇਆ। ਉਹ ਈਰਖਾ ਦੀ ਅੱਗ ਵਿਚ ਸੜਨ ਲੱਗਾ।ਉਸ ਨੇਪੁੱਛਣ ਤੇ ਸੰਗਤਾਂ ਨੇ ਉਸ ਨੂੰ ਦੱਸਿਆ ਕਿ ਇਸ ਬਾਲ ਦਾ ਨਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ। ਇਹ ਸੁਣ ਕੇ ਪੰਡਤ ਲਾਲ ਚੰਦ ਗੁੱਸੇ ਵਿਚ ਅੱਗ ਬਬੂਲਾ ਹੋਇਆ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ। ਗੁਰੂ ਸਾਹਿਬ ਜੀ ਉਸ ਦੇ ਮਨ ਦੀ ਗੱਲ ਬੁੱਝ ਗਏ ਸਨ।
ਉਸ ਨੇ ਗੁਰੂ ਜੀ ਅੱਗੇ ਸ਼ੰਕਾ ਪ੍ਰਗਟ ਕੀਤੀ ਕਿ ਕੀ ਉਹ ਗੀਤਾ ਦੇ ਅਰਥ ਕਰਕੇ ਸੁਣਾ ਸਕਦੇ ਹਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੰਡਿਤ ਜੀ ਨੂੰ ਆਪਣੇ ਪਿੰਡ ਵਿੱਚੋਂ ਕਿਸੇ ਵਿਅਕਤੀ ਨੂੰ ਲੈ ਕੇ ਆਉਣ ਦੀ ਬੇਨਤੀ ਕੀਤੀ ਜਿਸ ਪਾਸੋਂ ਉਹ ਗੀਤਾ ਦੇ ਅਰਥ ਕਰਵਾ ਸਕਣ। ਪੰਡਿਤ ਨੇ ਗੁਰੂ ਜੀ ਦੀ ਪਰਖ ਕਰਨ ਲਈ ਪਿੰਡ ਦੇ ਇੱਕ ਗੂੰਗੇ ਬੋਲੇ ਛੱਜੂ ਨਾਮ ਦੇ ਵਿਅਕਤੀ ਨੂੰ ਗੁਰੂ ਜੀ ਦੇ ਕੋਲ ਲੈ ਆਏ। ਗੁਰੂ ਜੀ ਨੇ ਛੱਜੂ ਦੇ ਸਿਰ ਤੇ ਆਪਣੇ ਹੱਥ ਵਿਚ ਫੜੀ ਹੋਈ ਛੜੀ ਸਿਰ 'ਤੇ ਰੱਖ ਦਿੱਤੀ ਅਤੇ ਪੰਡਤ ਲਾਲ ਚੰਦ ਨੂੰ ਗੀਤਾ ਦਾ ਕੋਈ ਸ਼ਲੋਕ ਬੋਲਣ ਲਈ ਕਿਹਾ। ਇਸ ਵੇਲੇ ਤਕ ਆਸ ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਸੰਗਤ ਇੱਥੇ ਇਕੱਠੀ ਹੋ ਚੁੱਕੀ ਸੀ। ਜਦੋਂ ਪੰਡਤ ਲਾਲ ਚੰਦ ਨੇ ਸ਼ਲੋਕ ਉਚਾਰਨ ਕੀਤਾ ਤਾਂ ਉਸਨੇ ਸਲੋਕ ਹੀ ਗਲਤ ਪੜ੍ਹ ਦਿੱਤਾ। ਛੱਜੂ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਕਿਹਾ ਪੰਡਤ ਜੀ ਤੁਸੀਂ ਤਾਂ ਸਲੋਕ ਹੀ ਗ਼ਲਤ ਪੜ੍ਹ ਰਹੇ ਹੋ। ਅਸਲੀ ਸ਼ਲੋਕ ਇਹ ਹੈ ਅਤੇ ਇਸ ਦਾ ਅਰਥ ਇਹ ਹੈ। ਜਦੋਂ ਦੋ ਤਿੰਨ ਵਾਰ ਅਜਿਹਾ ਹੀ ਵਾਪਰਿਆ ਤਾਂ ਪੰਡਤ ਲਾਲ ਚੰਦ ਜੀ ਦਾ ਹੰਕਾਰ ਚਕਨਾਚੂਰ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ।
ਰਾਜਾ ਜੈ ਸਿੰਘ ਦੀ ਬੇਨਤੀ ਉਤੇ ਗੁਰੂ ਜੀ ਦਿੱਲੀ ਪਹੁੰਚੇ। ਉਸ ਸਮੇਂ ਦਿੱਲੀ ਵਿੱਚ ਚਮੜੀ ਤੇ ਹੈਜ਼ਾ ਦੀ ਭਿਆਨਕ ਮਹਾਂਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਗਰੀਬਾਂ ਤੇ ਬਿਮਾਰ ਲੋਕਾਂ ਦੀ ਸੇਵਾ ਕੀਤੀ। ਉਹ ਦਿਲੋਂ ਦਿਲੇ ਹਜ਼ਾਰਾਂ ਲੋਕਾਂ ਦੇ ਦੁੱਖ ਦਰਦ ਦੂਰ ਕਰਦੇ ਰਹੇ।
ਇਸ ਸਮੇ ਉਹਨਾਂ ਨੇ ਗੁਰੂ ਘਰਾਂ ਦੀ ਗੋਲਕ ਦੇ ਮੂੰਹ ਦੀਨ ਦੁੱਖੀਆਂ ਲਈ ਖੋਲ੍ਹ ਦਿੱਤੇ । ਆਪ ਜੀ ਦੇ ਦਰਸ਼ਨ ਕਰਕੇ ਲੋਕ ਮਨ ਅਤੇ ਤਨ ਤੋਂ ਨਿਰੋਗ ਹੋ ਜਾਂਦੇ । ਆਪ ਜੀ ਦੀ ਉਸਤਤ ਕਰਦੇ ਹੋਏ ਗੁਰੂ ਗੋਬਿੰਦ ਸਾਹਿਬ ਨੇ ਬਾਣੀ ਉਚਾਰਨ ਕੀਤੀ –
“ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਡਿਠੇ ਸਭ ਦੁਖ ਜਾਇ ।।”
ਰੋਗੀਆਂ ਦੀ ਦਿਨ ਰਾਤ ਅਣਥੱਕ ਸੇਵਾ ਨਿਭਾਉਂਦਿਆਂ ਆਪ ਨੂੰ ਇੱਕ ਦਿਨ ਤੇਜ ਬੁਖ਼ਾਰ ਹੋ ਗਿਆ । ਆਪ ਜੀ ਦੇ ਸਰੀਰ ਤੇ ਵੀ ਚੇਚਕ ਦੇ ਲੱਛਣ ਦਿਖਾਈ ਦੇਣ ਲੱਗੇ । ਇਸ ਸਮੇ ਗੁਰੂ ਜੀ ਨੂੰ ਆਪਣਾ ਅੰਤਿਮ ਸਮਾਂ ਨਜ਼ਦੀਕ ਆਇਆ ਦਿਖਾਈ ਦੇਣ ਲੱਗਾ । ਆਪ ਨੇ ਸੰਗਤ ਨੂੰ ਗੁਰਿਆਈ ਸੌਂਪਣ ਸਬੰਧੀ ‘ਬਾਬਾ ਬਕਾਲਾ’ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਗੁਰਗੱਦੀ ਦਾ ਵਾਰਿਸ ਬਾਬਾ ਬਕਾਲਾ ਵਿਖੇ ਹੈ।ਗੁਰੂ ਜੀ ਚੇਚਕ ਦੀ ਬੀਮਾਰੀ ਹੋਣ ਕਾਰਨ ਆਪਣੇ ਜੀਵਨ ਪੰਧ ਦੀ ਯਾਤਰਾ ਦੇ 7 ਸਾਲ, 8 ਮਹੀਨੇ, 19 ਦਿਨ, ਸੰਪੂਰਨ ਕਰਦੇ ਹੋਏ 30 ਮਾਰਚ 1664 ਈਸਵੀ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਰਾਜਮਾਨ ਹੋ ਗਏ ਸਨ।
ਭੁੱਲ ਚੁੱਕ ਦੀ ਖਿਮਾ
ਦਾਸ ਸੁਰਿੰਦਰਪਾਲ ਸਿੰਘ