ਇਹ ਇਤਿਹਾਸਿਕ ਸਚਾਈ ਹੈ ਕਿ ਪੰਜਾਬ ਨੂੰ ਕਦੇ ਵੀ ਸੁਖ ਚੈਨ ਨਾਲ ਰਹਿਣਾ ਨਸੀਬ ਨਹੀ ਹੋਇਆ। ਇਹਦਾ ਕਾਰਨ ਇੱਥੋਂ ਦੀ ਮਿੱਟੀ ਹੈ ਜਿਸ ਦੇ ਵਿੱਚੋਂ ਗੈਰਤ ਮਾਰਿਆਂ ਵੀ ਮੁੱਕਣ ਦਾ ਨਾਮ ਹੀ ਨਹੀ ਲੈਂਦੀ। ਇਹ ਪੰਜਾਬ ਦੇ ਜਾਏ ਹੀ ਹਨ ਜਿਹੜੇ ਹਰ ਹਕੂਮਤੀ ਜਬਰ ਦੇ ਖਿਲਾਫ ਅਵਾਜ ਬੁਲੰਦ ਰੱਖਦੇ ਹਨ। ਹਰ ਬੇ ਇਨਸਾਫੀ ਦਾ ਡਟ ਕੇ ਮੁਕਾਬਲਾ ਕਰਨ ਦਾ ਹੋਕਾ ਦਿੰਦੇ ਹਨ।ਆਪਣੇ ਹਿਤਾਂ ਦੀ ਲੜਾਈ ਵਿੱਚ ਮੋਹਰੀ ਹੋਕੇ ਲੜਦੇ ਹਨ। ਇੱਥੋਂ ਤੱਕ ਕਿ ਦੇਸ ਦੀਆਂ ਹੱਦਾਂ ਸਰਹੱਦਾਂ ਤੇ ਵੀ ਸਭ ਤੋ ਮੂਹਰੇ ਹੁੰਦੇ ਹਨ।ਇਹ ਸੱਚ ਹੈ ਕਿ ਭਾਵੇਂ ਪੁਲਿਸ ਵਾਲੇ ਨੌਜਵਾਨ ਹੋਣ ਜਾਂ ਅਪਰਾਧ ਦੀ ਦੁਨੀਆਂ ਦੇ ਨੌਜਵਾਨ ਪਰ ਹਨ ਤਾਂ ਸਾਰੇ ਇੱਕੋ ਮਿੱਟੀ ਦੀ ਉਪਜ। ਇਹੋ ਕਾਰਨ ਹੈ ਕਿ ਪੰਜਾਬ ਦੀ ਨਾਬਰੀ ਹਮੇਸਾਂ ਹੀ ਕੇਂਦਰੀ ਤਾਕਤਾਂ ਲਈ ਸਿਰਦਰਦੀ ਰਹੀ ਹੈ,ਜਿਸ ਦੇ ਫਲ ਸਰੂਪ ਪੰਜਾਬ ਨੂੰ ਵੱਡੇ ਮੁੱਲ ਵੀ ਤਾਰਨੇ ਪਏ ਹਨ,ਪਰ ਪੰਜਾਬ ਦਾ ਸਭ ਤੋ ਦੁਖਦਾਈ ਪਹਿਲੂ ਪੰਜਾਬ ਦੀ ਪੁਲਿਸ ਦਾ ਲੋਕ ਵਿਰੋਧੀ ਖਾਸਾ ਹੈ,ਜਿਸ ਨੇ ਜਬਰ ਜੁਲਮ ਕਰਨ ਵਿੱਚ ਪੂਰੇ ਭਾਰਤ ਦੀ ਪੁਲਿਸ ਨੂੰ ਬੌਨਾ ਕਰਕੇ ਰੱਖਿਆ ਹੈ।ਪੰਜਾਬ ਪੁਲਿਸ ਦਾ ਦੁਖਦਾਈ ਪਹਿਲੂ ਇਹ ਵੀ ਹੈ ਕਿ ਉਹਨਾਂ ਨੇ ਕਦੇ ਵੀ ਕੇਂਦਰ ਦੀ ਪੰਜਾਬ ਵਿਰੋਧੀ ਮਨਸਿਕਤਾ ਨੂੰ ਸਮਝਣ ਦਾ ਯਤਨ ਨਹੀ ਕੀਤਾ।ਭਾਂਵੇਂ ਬਾਕੀ ਸੂਬਿਆਂ ਦੀ ਪੁਲਿਸ ਵੀ ਅਜਿਹੇ ਮਾਮਲਿਆਂ ਵਿੱਚ ਘੱਟ ਨਹੀ ਕਰਦੀ,ਪਰ ਫਿਰ ਵੀ ਕਿਤੇ ਨਾ ਕਿਤੇ ਉਹ ਵੱਡੇ ਵੱਡੇ ਲੋਕ ਘੋਲਾਂ ਵਿੱਚ ਆਪਣੇ ਸੂਬੇ ਦੇ ਲੋਕਾਂ ਦੇ ਜੇਕਰ ਨਾਲ ਖੜੀ ਨਹੀ ਵੀ ਹੁੰਦੀ ਤਾਂ ਉਹਨਾਂ ਦੀ ਫਰਜਾਂ ਅਤੇ ਜਿੰਮੇਵਾਰੀ ਦੇ ਨਾਲ ਨਾਲ ਆਪਣੇ ਲੋਕਾਂ ਨਾਲ ਹਮਦਰਦੀ ਸਾਫ ਝਲਕਦੀ ਦਿਖਾਈ ਦਿੰਦੀ ਹੈ,ਪਰ ਇਸ ਦੇ ਮੁਕਾਬਲੇ ਪੰਜਾਬ ਦੀ ਪੁਲਿਸ ਅਜਿਹਾ ਨਹੀ ਕਰਦੀ,ਉਹ ਉਪਰੋ ਆਏ ਹੁਕਮਾਂ ਤੋ ਵੀ ਹਮੇਸਾਂ ਦੋ ਕਦਮ ਅੱਗੇ ਹੋਕੇ ਕੰਮ ਕਰਦੀ ਹੈ।
ਆਪਣੇ ਹੀ ਭਰਾਵਾਂ ਤੇ ਜਬਰ ਕਰਨ ਤੋ ਕਦੇ ਵੀ ਗੁਰੇਜ਼ ਨਹੀ ਕਰਦੀ। ਉੱਤਰੀ ਭਾਰਤ ਵਿੱਚ ਹੋਰ ਕਿੱਧਰੇ ਵੀ ਅਜਿਹਾ ਨਹੀ ਦੇਖਿਆ ਗਿਆ ਕਿ ਪੁਲਿਸ ਆਪਣੀ ਵਾਹਵਾ ਖੱਟਣ ਦੀ ਖਾਤਰ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਂਦੀ ਹੋਵੇ।ਪੰਜਾਬ ਦੇਸ ਦਾ ਇੱਕ ਅਜਿਹਾ ਅਭਾਗਾ ਸੂਬਾ ਹੈ ਜਿਸ ਦੇ ਜਾਇਆਂ ਨੂੰ ਬਿਨਾ ਕਸੂਰੋਂ ਵੀ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਲਗਾਤਾਰ ਹੋਣਾ ਪੈ ਰਿਹਾ ਹੈ। ਬੀਤੇ ਦਿਨੀ ਅਬੋਹਰ ਵਿੱਚ ਇੱਕ ਕੱਪੜਾ ਵਪਾਰੀ ਦੇ ਕਤਲ ਤੋ ਬਾਅਦ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਚਰਚਾ ਨੇ ਹਰ ਇਨਸਾਫ ਪਸੰਦ ਵਿਅਕਤੀ ਦਾ ਧਿਆਨ ਖਿੱਚਿਆ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਝੂਠੇ ਮੁਕਾਬਲਿਆਂ ਦੀ ਕਹਾਣੀ ਬਨਾਉਣ ਸਮੇ ਇਹ ਬਿਲਕੁਲ ਵੀ ਪ੍ਰਵਾਹ ਨਹੀ ਕਰਦੀ ਕਿ ਇਹ ਕਹਾਣੀ ਹੁਣ ਐਨੀ ਪੁਰਾਣੀ ਹੋ ਗਈ ਹੈ,ਲੋਕ ਪ੍ਰਵਾਨ ਕਿਵੇਂ ਕਰਨਗੇ।ਮੁਲਕ ਸਮੇਤ ਸੂਬੇ ਦੇ ਸਮੁੱਚੇ ਤੰਤਰ ਨੇ ਬਹੁਤ ਤਰੱਕੀ ਕੀਤੀ ਹੈ,ਪੰਜਾਬ ਪੁਲਿਸ ਕੋਲ ਵੀ ਸਮੇ ਦੇ ਹਾਣ ਦੇ ਹਥਿਆਰ,ਸੰਚਾਰ ਸਾਧਨ ਅਤੇ ਤਕਨਾਲੋਜੀ ਦਾ ਵੱਡਾ ਸਿਸਟਮ ਹੈ।ਪਰ ਇਸ ਦੇ ਬਾਵਜੂਦ ਵੀ ਝੂਠੇ ਮੁਕਾਬਲਿਆਂ ਦੀ ਕਹਾਣੀ 1970,71 ਤੋ ਅੱਗੇ ਨਹੀ ਵਧ ਸਕੀ ਜਾਂ ਪੁਲਿਸ ਜਰੂਰਤ ਹੀ ਮਹਿਸੂਸ ਨਹੀ ਕਰਦੀ,ਕਿਉਂਕਿ ਨਵੀਆਂ ਕਹਾਣੀਆਂ ਦੀ ਲੋੜ ਫਿਰ ਹੀ ਪੈ ਸਕਦੀ ਹੈ,ਜੇਕਰ ਸੂਬਾ ਅਤੇ ਕੇਂਦਰ ਸਰਕਾਰਾਂ ਲੋਕਾਂ ਦੇ ਹਿਤਾਂ ਨੂੰ ਪਹਿਲ ਦੇਣ ਲਈ ਸੁਹਿਰਦ ਹੋਣਗੀਆਂ,ਜਦੋ ਸੂਬਾ ਸਰਕਾਰਾਂ ਮਹਿਜ ਆਪਣੀ ਸੱਤਾ ਸਲਾਮਤੀ ਲਈ ਲੋਕ ਰੋਹ ਨੂੰ ਕਾਬੂ ਵਿੱਚ ਕਰਨ ਲਈ ਅਜਿਹੇ ਘਿਨਾਉਣੇ ਜੁਰਮ ਕਰਨ ਦੀ ਖੁੱਲ੍ਹ ਦੇਣਗੀਆਂ ਤਾਂ ਅਜਿਹੇ ਦਰਦਨਾਕ ਵਰਤਾਰੇ ਵਾਪਰਦੇ ਰਹਿਣਗੇ। 19770,71 ਤੋ ਲਗਾਤਾਰ ਹੁੰਦੇ ਆ ਰਹੇ ਝੂਠੇ ਮੁਕਾਬਲਿਆਂ ਦੀ ਤੁਲਨਾ ਜੇਕਰ ਮੌਜੂਦਾ ਸਮੇ ਨਾਲ ਕੀਤੀ ਜਾਵੇ ਤਾਂ ਇੰਜ ਜਾਪਦਾ ਹੈ ਜਿਵੇਂ ਪੰਜਾਬ 90 ਦੇ ਖੂੰਨੀ ਦਹਾਕੇ ਵਿੱਚੋਂ ਗੁਜਰ ਰਿਹਾ ਹੋਵੇ। ਸੂਬੇ ਦੀ ਮੌਜੂਦਾ ਸਰਕਾਰ ਦੇ ਕਾਰਜ ਕਾਲ ਦੌਰਾਨ ਅਜਿਹੇ ਕਾਰਨਾਮਿਆਂ ਦੀ ਗਿਣਤੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਵਿੱਚ ਵਧ ਗਈ ਹੈ। ਹੁਣ ਤਾਂ ਇੰਜ ਜਾਪਦਾ ਹੈ ਜਿਵੇ ਝੂਠਾ ਮੁਕਾਬਲਾ ਬਨਾਉਣਾ ਪੁਲਿਸ ਲਈ ਖੇਡ ਬਣ ਗਿਆ ਹੋਵੇ।
ਇਹ ਸਵਾਲ ਅਕਸਰ ਉੱਠਦੇ ਹਨ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਪੁਲਿਸ ਦੀ ਗ੍ਰਿਫਤ ਵਿੱਚ ਨੂੜਿਆ ਹੋਇਆ ਕੋਈ ਦੋਸੀ ਜਾਂ ਬੇਕਸੂਰ ਵਿਅਕਤੀ ਹਥਿਆਰਾਂ ਦੀ ਬਰਾਮਦਗੀ ਸਮੇ ਪੁਲਿਸ ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕਰੇ।ਇਹ ਕਿੰਨਾ ਹਾਸੋਹੀਣਾ ਨਾਟਕ ਹੈ ਕਿ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਵਿਅਕਤੀ ਨੇ ਦੱਬਿਆ ਹੋਇਆ ਅਸਲਾ ਕੱਢ ਕੇ ਉਸ ਅਸਲੇ ਨਾਲ ਹੀ ਪੁਲਿਸ ਤੇ ਹਮਲਾ ਕਰ ਦਿੱਤਾ ਅਤੇ ਜਵਾਬੀ ਫਾਇਰਿੰਗ ਵਿੱਚ ਉਹ ਮਾਰਿਆ ਗਿਆ।ਅਜਿਹਾ ਇੱਕ ਨਹੀ ਅਨੇਕਾਂ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ,ਕਿ ਕਿਸੇ ਦੇ ਲੱਤ ਵਿੱਚ ਗੋਲੀ,ਕਿਸੇ ਦੇ ਹਿੱਕ ਵਿੱਚ ਗੋਲੀ ਸਿਰਫ ਤੇ ਸਿਰਫ ਅਸਲੇ ਦੀ ਬਰਾਮਦਗੀ ਦਿਖਾ ਕੇ ਹੀ ਮਾਰੀ ਗਈ ਹੈ। ਇਸਦੇ ਬਾਵਜੂਦ ਜੁਰਮਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਅੰਦਰ ਫਿਰੌਤੀਆਂ,ਧਮਕੀਆਂ ਕਤਲੋ ਗਾਰਤ ਆਮ ਵਰਤਾਰਾ ਬਣ ਗਿਆ ਹੈ।ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਯੁੱਧ ਵਿੱਢੇ ਹੋਣ ਦੇ ਬਾਵਜੂਦ ਪੰਜਾਬ ਦਾ ਇੱਕ ਵੀ ਅਜਿਹਾ ਪਿੰਡ ਨਹੀ ਜਿਸ ਵਿੱਚੋ ਨਸ਼ਿਆਂ ਦਾ ਮੁਕੰਮਲ ਸਫਾਇਆ ਕਰਨ ਦਾ ਦਾਅਵਾ ਕੀਤਾ ਜਾ ਸਕੇ, ਬਲਕਿ ਨਸ਼ਿਆਂ ਦੀ ਤਾਦਾਦ ਹੋਰ ਵਧ ਗਈ ਪਰਤੀਤ ਹੁੰਦੀ ਹੈ। ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੀ ਦਰ ਵਿੱਚ ਕੋਈ ਕਮੀ ਨਹੀ ਆਈ ਸਗੋ ਵਧੀ ਹੈ,ਇਹ ਵੱਖਰੀ ਗੱਲ ਹੈ ਕਿ ਚਿੱਟੇ ਵਰਗੇ ਮਾਰੂ ਨਸ਼ਿਆਂ ਨਾਲ ਮਰਨ ਵਾਲੇ ਵਿਅਕਤੀਆਂ ਦੀ ਮੌਤ ਦੇ ਕਾਰਨ ਹੀ ਬਦਲ ਦਿੱਤੇ ਜਾ ਰਹੇ ਹਨ। ਗੈਂਗਵਾਰ ਦਾ ਖੌਫ ਸਰੀਫ ਲੋਕਾਂ ਦੀ ਨੀਦ ਹਰਾਮ ਕਰ ਰਿਹਾ ਹੈ। ਪਿਛਲੇ ਸਾਲਾਂ ਵਿੱਚ ਮਸਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਪੰਜਾਬ ਦੇ ਸਰਕਾਰੀ ਤੰਤਰ ਦੇ ਮੂੰਹ ਤੇ ਕਾਲਖ ਦਾ ਅਜਿਹਾ ਧੱਬਾ ਹੈ ਜਿਸ ਨੂੰ ਮਿਟਾਇਆ ਨਹੀ ਜਾ ਸਕੇਗਾ। ਕੀ ਪੁਲਿਸ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਅਜਿਹੇ ਗੁਨਾਹਾਂ ਨੂੰ ਅੰਜਾਮ ਦੇ ਦਿੰਦੀ ਹੈ,ਜਿਹੜੇ ਸਮਾਜਿਕ ਵਰਤਾਰੇ ਨੂੰ ਹੀ ਡਾਵਾਂਡੋਲ ਕਰ ਦਿੰਦੇ ਹਨ। ਕੀ ਕਨੂੰਨ ਦੀ ਪਾਲਣਾ ਪੁਲਿਸ ਦੇ ਮੁਢਲੇ ਫਰਜਾਂ ਵਿੱਚ ਸ਼ਾਮਲ ਨਹੀ ? ਕੀ ਕਨੂੰਨ ਦਾ ਪਾਲਣ ਕਰਨ ਦਾ ਪਾਠ ਸਿਰਫ ਲੋਕਾਂ ਨੂੰ ਪੜ੍ਹਾਉਂਣ ਵਾਸਤੇ ਹੀ ਹੁੰਦਾ ਹੈ ? ਇਨਸਾਨੀਅਤ ਦੇ ਨਜਰੀਏ ਤੋ ਕੋਈ ਵੀ ਵਿਅਕਤੀ ਐਨਾ ਵਹਿਸੀ ਕਿਵੇਂ ਹੋ ਸਕਦਾ ਹੈ,ਕਿ ਉਹਨਾਂ ਨੂੰ ਬੇ ਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਦਿਆਂ ਪਰਮਾਤਮਾ ਦਾ ਰੱਤੀ ਭਰ ਵੀ ਖ਼ੌਫ਼ ਨਹੀ ਸਤਾਉਂਦਾ। ਕੀ ਉਹਨਾਂ ਲਈ ਤਰੱਕੀਆਂ,ਇਨਾਮ ਅਤੇ ਉਪਰਲੇ ਅਧਿਕਾਰੀਆਂ ਦੀ ਸ਼ਾਬਾਸ਼ੀ ਪਰਮਾਤਮਾ ਦੀਆਂ ਅਨੇਕਾਂ ਬਖਸ਼ਿਸ਼ਾਂ ਤੋ ਵੀ ਉੱਪਰ ਹਨ।
ਇਹ ਹਮੇਸਾਂ ਯਾਦ ਰੱਖਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਕਚਹਿਰੀ ਵਿੱਚ ਸਭ ਨੂੰ ਹਿਸਾਬ ਦੇਣਾ ਪਵੇਗਾ।ਉਹਦਾ ਕਨੂੰਨ ਭਾਂਵੇਂ ਦੇਰ ਨਾਲ ਹੀ ਸਹੀ ਪਰ ਨਿਆ ਜਰੂਰ ਕਰਦਾ ਹੈ। ਇਸ ਲਈ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਇੱਕ ਵਿਅਕਤੀ ਭਾਵੇਂ ਉਹ ਅਪਰਾਧੀ ਹੋਵੇ ਜਾਂ ਪੁਲਿਸ ਅਧਿਕਾਰੀ ਜਾਂ ਕੋਈ ਹੋਰ,ਦੇਰ ਸਵੇਰ ਚੰਗੇ ਮਾੜੇ ਕਰਮਾਂ ਦਾ ਹਿਸਾਬ ਦੇਣਾ ਹੀ ਪਵੇਗਾ। ਉੱਧਰ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ,ਨੌਕਰਸਾਹਾਂ ਦੀ ਡੋਰ ਜਿੰਨੀ ਮੌਜੂਦਾ ਸਮੇ ਵਿੱਚ ਢਿੱਲੀ ਛੱਡੀ ਗਈ ਹੈ,ਸਾਇਦ ਪਹਿਲਾਂ ਕਦੇ ਵੀ ਨਹੀ,ਇਸ ਲਈ ਸ਼ਾਸ਼ਨ ਪ੍ਰਸ਼ਾਸ਼ਨ ਤੇ ਪਕੜ ਬਣਾਏ ਬਗੈਰ ਆਉਣ ਵਾਲਾ ਡੇਢ ਕੁ ਸਾਲ ਬਹੁਤ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ।ਇਹ ਨਾ ਹੋਵੇ ਕਿ ਕੁਰਸੀ ਛੱਡਣ ਤੋ ਬਾਅਦ ਲੋਕਾਂ ਵਿੱਚ ਜਾਣ ਤੋ ਝਿਜਕ ਮਹਿਸੂਸ ਹੋਵੇ,ਕਿਉਂਕਿ ਲੋਕਾਂ ਨੂੰ ਸਵਾਲ ਕਰਨ ਦਾ ਪਾਠ ਵੀ ਸ੍ਰ ਭਗਵੰਤ ਸਿੰਘ ਮਾਨ ਨੇ ਹੀ ਪੜ੍ਹਾਇਆ ਸੀ,ਇਸ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਰ ਸਵੇਰ ਉਹਨਾਂ ਨੂੰ ਵੀ ਦੇਣੇ ਪੈਣਗੇ।2027 ਦੀਆਂ ਚੋਣਾਂ ਦੌਰਾਨ ਲੋਕ ਕਚਹਿਰੀ ਵਿੱਚ ਤੁਹਾਡੀ ਹਾਜਰ ਜਵਾਬੀ ਦਾ ਵੀ ਇਮਤਿਹਾਨ ਹੋਵੇਗਾ।ਇੱਕ ਵਾਰੀ ਲੋਕ ਨਜਰਾਂ ਤੋ ਲਹਿ ਕੇ ਸਿਆਸਤ ਵਿੱਚ ਟਿਕ ਪਾਉਣਾ ਬੇਹੱਦ ਕਠਨ ਕੰਮ ਹੈ,ਇਸ ਲਈ ਚਿਰ ਸਥਾਈ ਟਿਕੇ ਰਹਿਣ ਲਈ ਦੂਰ ਅੰਦੇਸੀ ਨਾਲ ਚੱਲਣ ਦੀ ਲੋੜ ਹੈ।
ਬਘੇਲ ਸਿੰਘ ਧਾਲੀਵਾਲ
99142-58142